ਸਿੱਧੂ-ਚੰਨੀ ਵਿਵਾਦ ਸੜਕਾਂ ’ਤੇ ਪਹੁੰਚਿਆ , ਸਰਕਾਰੀ ਹੋਰਡਿੰਗ ਦੇ ਸਲੋਗਨਾਂ ਤੋਂ ਹਟਾਇਆ ਗਿਆ ਸੀਐੱਮ ਚੰਨੀ ਦਾ ਨਾਂ
*ਚੰਨੀ ਸਿਧੂ ਵਿਚਾਲੇ ਸਰਵਉਚ ਹੋਣ ਦੀ ਲਗੀ ਦੌੜ
*ਸਿਧੂ ਪੰਜਾਬ ਮਸਲੇ ਉਠਾਕੇ ਚੰਨੀ ਉਪਰ ਪੈਣ ਲਗੇ ਭਾਰੂ
ਅੰਮ੍ਰਿਤਸਰ ਟਾਈਮਜ਼
ਜਲੰਧਰ : ਪੰਜਾਬ ਵਿਚ ਕਾਂਗਰਸ ਦੀ ਸਿਆਸਤ ਵਿਚ ਹੁਣ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਵਿਵਾਦ ਸੜਕਾਂ ਤਕ ਪਹੁੰਚ ਗਿਆ ਹੈ। ਸਿੱਧੂ ਦੇ ਇਕ ਬਾਅਦ ਟਵੀਟ ਅਟੈਕ ਦੇ ਜਵਾਬ ਵਿਚ ਸੀਐੱਮ ਚੰਨੀ ਨੇ ਰਾਜ ਭਰ ਵਿਚ ਆਪਣੇ ਕੰਮਾਂ ਤੇ ਪ੍ਰਾਪਤੀਆਂ ਨੂੰ ਦਰਸਾਉਣ ਵਾਲੇ ਹੋਰਡਿੰਗ ਲਗਵਾਏ ਸਨ।ਇਨ੍ਹਾਂ ਵਿਚ ਚੰਨੀ ਨੂੰ ਲੈ ਕੇ ਸਲੋਗਨ ਲਿਖੇ ਗਏ ਅਤੇ ਮੋਟੇ ਅੱਖਰਾਂ ਵਿਚ ਸੀਐੱਮ ਚਰਨਜੀਤ ਸਿੰਘ ਚੰਨੀ ਦਾ ਨਾਂ ਲਿਖਿਆ ਸੀ ਅਤੇ ਤਸਵੀਰ ਲੱਗੀ ਸੀ। ਇਸ ਸਬੰਧ ’ਚ ਕਈ ਸਰਕਾਰੀ ਹੋਰਡਿੰਗਜ਼ ਵੀ ਲੱਗੇ ਸਨ। ਪਰ, ਹੁਣ ਅਚਾਨਕ ਇਨ੍ਹਾਂ ਵਿਚ ਬਦਲਾਅ ਕੀਤਾ ਜਾ ਰਿਹਾ ਹੈ। ਚੰਨੀ ਦੀ ਤਸਵੀਰ ਤਾਂ ਲੱਗੀ ਹੋਈ ਹੈ, ਪਰ ਉਸ ਦਾ ਨਾਂ ਹਟਾ ਦਿੱਤਾ ਗਿਆ ਹੈ। ਜਾਂ ਛੋਟੇ ਅੱਖਰਾਂ ਵਿਚ ਕਰ ਦਿੱਤਾ ਗਿਆ ਹੈ। ਇਸ ਦੀ ਜਗ੍ਹਾ ਪੰਜਾਬ ਸਰਕਾਰ ਕਰ ਦਿੱਤਾ ਗਿਆ ਹੈ।ਬੀਤੇ ਦਿਨੀਂ ਸਿੱਧੂ ਤੇ ਚੰਨੀ ਵਿਚਕਾਰ ਸੋਸ਼ਲ ਮੀਡੀਆ ’ਤੇ ਸਰਕਾਰ ਦੇ ਕੰਮਾਂ ਨੂੰ ਲੈ ਕੇ ਹੋਈ ਬਿਆਨਬਾਜ਼ੀ ਦੇ ਜਵਾਬ ਵਿਚ ਚੰਨੀ ਦੇ ਖੇਮੇ ਨੇ ਸਰਕਾਰ ਵੱਲੋਂ ਪੰਜਾਬ ਭਰ ਵਿਚ ਸੜਕਾਂ ਦੇ ਕਿਨਾਰੇ ਲਗਵਾਏ ਗਏ ਹੋਰਡਿੰਗ ’ਤੇ ਸਲੋਗਨ ਬਦਲ ਕੇ ਦਿੱਤਾ ਸੀ। ਸਲੋਗਨ ’ਚ ‘ਘਰ-ਘਰ ਵਿਚ ਚੱਲੀ ਗੱਲ, ਮੁੱਖ ਮੰਤਰੀ ਚੰਨੀ ਕਰਦਾ ਮਸਲੇ ਹੱਲ...’ ਲਿਖ ਕੇ ਚੰਨੀ ਨੂੰ ਚੁਣਾਵੀ ਚਿਹਰੇ ਦੇ ਰੂਪ ਵਿਚ ਪੇਸ਼ ਕੀਤਾ ਗਿਆ ਸੀ।
ਨਵਜੋਤ ਸਿੰਘ ਸਿੱਧੂ ਤੇ ਚੰਨੀ ਵਿਚਕਾਰ ਡੀਜੀਪੀ ਤੇ ਏਜੀ ਬਦਲਣ ਸਮੇਤ ਨਸ਼ਾ ਤੇ ਹੋਰ ਮੁੱਦਿਆਂ ਨੂੰ ਲੈ ਕੇ ਹੋਈ ਬੈਠਕ ਵਿਚ ਕਈ ਮਾਮਲਿਆਂ ਨੂੰ ਚੰਨੀ ਨੇ ਮੰਨ ਕੇ ਸਿੱਧੂ ਨੂੰ ਮਨਾ ਲਿਆ ਸੀ। ਉਸ ਤੋਂ ਬਾਅਦ ਦੋਵੇਂ ਨੇਤਾਵਾਂ ਨੇ ਇਕੱਠੇ ਪ੍ਰੈਸ ਕਾਨਫਰੰਸ ਕਰਕੇ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਇਕ ਹਾਂ, ਪਰ ਇਸ ਦੇ ਨਾਲ ਹੀ ਸਿੱਧੂ ਨੇ ਫਿਰ ਤੋਂ ਚੰਨੀ ਨੂੰ ਚੁਣਾਵੀ ਚਿਹਰਾ ਬਣਾਏ ਜਾਣ ਦਾ ਅੰਦਰਖਾਤੇ ਵਿਰੋਧ ਸ਼ੁਰੂ ਕਰ ਦਿੱਤਾ ਸੀ।ਸਿੱਧੂ ਖੇਮੇ ਨੂੰ ਡਰ ਸੀ ਕਿ ਜਿਸ ਤਰ੍ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚਿਹਰੇ ਨੂੰ ਬੀਤੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਕਾਫ਼ੀ ਵਿਦ ਕੈਪਟਨ ਤੇ ਪੰਜਾਬ ਦ ਸ਼ੇਰ’ ਵਰਗੇ ਸਲੋਗਨ ਦੇ ਕੇ ਸਿਆਸੀ ਬੁਲੰਦੀਆਂ ’ਤੇ ਪਹੁੰਚਾਇਆ ਗਿਆ ਸੀ, ਉਸੇ ਤਰਜ ’ਤੇ ਹੁਣ ਚੰਨੀ ਨੂੰ ਪ੍ਰਾਜੈਕਟ ਕੀਤਾ ਜਾ ਰਿਹਾ ਹੈ। ਸਿੱਧੂ ਖੇਮੇ ਦਾ ਕਹਿਣਾ ਸੀ ਕਿ ਇਹ ਗਲਤ ਹੈ ਕਿ ਕੰਮ ਤਾਂ ਸਰਕਾਰ ਕਰ ਰਹੀ ਹੈ ਨਾ ਕਿ ਚੰਨੀ, ਪਰ ਸਲੋਗਨ ਚੰਨੀ ਨੂੰ ਲੈ ਕੇ ਲਿਖਿਆ ਜਾ ਰਿਹਾ ਹੈ, ਇਸ ਲਈ ਲੋਕਾਂ ’ਚ ਕਾਂਗਰਸ ਸਰਕਾਰ ਦਾ ਸੰਦੇਸ਼ ਜਾਣਾ ਚਾਹੀਦਾ ਹੈ। ਚੰਨੀ ਇਸ ਤੋਂ ਬਾਅਦ ਸਿੱਧੂ ਦੀ ਕੂਟਨੀਤੀ ਵਿਚ ਫਸ ਗਏ ਅਤੇ ਹੁਣ ਉਨ੍ਹਾਂ ਦਾ ਨਾਂ ਹਟਾਇਆ ਜਾ ਰਿਹਾ ਹੈ।ਸਿੱਧੂ ਦੀ ਕੂਟਨੀਤੀ ਤੋਂ ਬਾਅਦ ਇਕ ਵਾਰ ਫਿਰ ਚੰਨੀ ਤੇ ਸਿੱਧੂ ਦਾ ਵਿਵਾਦ ਸੜਕਾਂ ਤਕ ਪਹੁੰਚ ਗਿਆ ਹੈ। ਹੁਣ ਸਰਕਾਰ ਨੇ ਹੋਰਡਿੰਗ ਤੋਂ ‘ਘਰ-ਘਰ ਵਿੱਚ ਚੱਲੀ ਗੱਲ, ਮੁੱਖ ਮੰਤਰੀ ਚੰਨੀ ਕਰਦਾ ਮਸਲੇ ਹੱਲ’ ਸਲੋਗਨ ’ਚ ਸੋਧ ਕਰਵਾ ਕੇ ਚੰਨੀ ਦੇ ਨਾਂਅ ’ਤੇ ਸਰਕਾਰ ਲਿਖਵਾ ਦਿੱਤਾ ਹੈ।ਸੱਤਾ ਦੇ ਗਲਿਆਰਿਆਂ ’ਚ ਸਰਕਾਰ ਦੇ ਇਸ ਫ਼ੈਸਲੇ ਨੇ ਨਵੀਂ ਬਹਿਸ ਛੇੜ ਦਿੱਤੀ ਹੈ ਕਿ ਕੀ ਸਿੱਧੂ ਦੀ ਕੂਟਨੀਤੀ ਚੰਨੀ ’ਤੇ ਭਾਰੀ ਪੈਣ ਲੱਗੀ ਹੈ ਜਾਂ ਫਿਰ ਚੰਨੀ ਸਰਕਾਰ ਖ਼ੁਦ ਨੂੰ ਚੋਣਾਵੀ ਮਾਹੌਲ ਵਿਚ ਪਾਰਟੀ ਦੇ ਰੂਪ ਵਿਚ ਪੇਸ਼ ਕਰ ਰਹੀ ਹੈ। ਫਿਲਹਾਲ ਖੁੱਲ੍ਹੇਆਮ ਹੋਰਡਿੰਗ ਤੇ ਚੰਨੀ ਦਾ ਨਾਂ ਹਟਾਉਣ ਨੂੰ ਲੈ ਕੇ ਵਿਰੋਧੀਆਂ ਨੇ ਵੀ ਹਮਲਾ ਤੇਜ਼ ਕਰ ਦਿੱਤਾ ਹੈ ਅਤੇ ਆਉਣ ਵਾਲੇ ਦਿਨਾਂ ’ ਇਕ ਵਾਰ ਫਿਰ ਸਿੱਧੂ ਤੇ ਚੰਨੀ ਵਿਵਾਦ ਵਧਣ ਦੇ ਆਸਾਰ ਬਣਦੇ ਜਾ ਰਹੇ ਹਨ।ਹਾਲ ਦੀ ਘੜੀ ਪੰਜਾਬ ਮਸਲੇ ਉਠਾਕੇ ਸਿਧੂ ਚੰਨੀ ਉਪਰ ਭਾਰੂ ਪਏ ਹਨ।
Comments (0)