ਮਾਮਲਾ ਬੰਦੀ ਸਿੰਘਾਂ ਦੀ ਰਿਹਾਈ ਦਾ

ਮਾਮਲਾ ਬੰਦੀ ਸਿੰਘਾਂ ਦੀ ਰਿਹਾਈ ਦਾ

ਟੈਂਕੀ ’ਤੇ ਚੜ੍ਹੇ ਮੋਰਚੇ ਦੇ  ਸਿੰਘ

*ਮੰਗ ਮੰਨੇ ਜਾਣ ਤੱਕ ਟੈਂਕੀ ਤੋਂ ਹੇਠਾਂ ਨਾ ਉਤਰਨ ਦੀ ਚਿਤਾਵਨੀ

ਅੰਮ੍ਰਿਤਸਰ ਟਾਈਮਜ਼ ਬਿਊਰੋ

 ਧਨੌਲਾ: ਸਜ਼ਾਵਾਂ ਪੂਰੀਆਂ ਕਰਨ ਮਗਰੋਂ ਵੀ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਦੀ ਮੰਗ ਕਰਦੇ ਹੋਏ  ਇੱਥੋਂ ਦੇ ਕੁੱਝ ਸਿੰਘ ਪਸ਼ੂ ਮੰਡੀ ਸਥਿਤ ਵਾਲੀ ਪਾਣੀ ਟੈਂਕੀ ’ਤੇ ਚੜ੍ਹ ਗਏ।ਟੈਂਕੀ ’ਤੇ ਚੜ੍ਹੇ ਬੰਦੀ ਸਿੰਘ ਰਿਹਾਈ ਮੋਰਚੇ ਦੇ ਆਗੂ ਜਗਦੀਪ ਸਿੰਘ ਚੀਮਾ, ਜਸਪ੍ਰੀਤ ਸਿੰਘ, ਪ੍ਰਗਟ ਸਿੰਘ ਤੇ ਗੁਰਜੰਟ ਸਿੰਘ ਭਾਊ ਨੇ ਕਿਹਾ ਕਿ ਉਨ੍ਹਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਢਾਈ ਮਹੀਨਿਆਂ ਤੋਂ ਪੱਕਾ ਮੋਰਚਾ ਲਗਾਇਆ ਹੋਇਆ ਹੈ, ਪਰ ਹੁਣ ਤੱਕ ਕਿਸੇ ਵੀ ਅਧਿਕਾਰੀ ਵੱਲੋਂ ਉਨ੍ਹਾਂ ਦੀ ਇਸ ਮੰਗ ਵੱਲ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਸਾਲ 2019 ਵਿੱਚ ਗੁਰੂ ਨਾਨਕ ਦੇਵ ਦੇ 550ਵੇਂ ਜਨਮ ਦਿਵਸ ਮੌਕੇ ਵਾਅਦਾ ਕੀਤਾ ਸੀ ਕਿ ਅੱਠ ਸਿੰਘਾਂ ਦੀ ਰਿਹਾਈ ਕੀਤੀ ਜਾਵੇਗੀ ਅਤੇ ਇੱਕ ਸਿੰਘ ਦੀ ਸਜ਼ਾ ਫਾਂਸੀ ਤੋਂ ਉਮਰ ਕੈਦ ਵਿੱਚ ਤਬਦੀਲ ਕੀਤੀ ਜਾਵੇਗੀ। ਉਨ੍ਹਾਂ ਰੋਸ ਜਤਾਉਂਦਿਆਂ ਕਿਹਾ ਕਿ ਸਿੱਖ ਸੰਗਤ ਵੱਲੋਂ ਵਾਰ-ਵਾਰ ਇਹ ਮਾਮਲਾ ਸਰਕਾਰਾਂ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਪ੍ਰੋ. ਦਵਿੰਦਰਪਾਲ ਭੁੱਲਰ ਸਮੇਤ ਬਾਕੀ ਸਿੰਘਾਂ ਦੀ ਰਿਹਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਸੂਬਾ ਸਰਕਾਰ ਤੋਂ ਇਸ ਪਾਸੇ ਫੌਰੀ ਧਿਆਨ ਦੇਣ ਦੀ ਮੰਗ ਕੀਤੀ। ਇਸ ਮੌਕੇ ਪਹੁੰਚੇ ਨਾਇਬ ਤਹਿਸੀਲਦਾਰ ਗੁਰਬੰਤ ਸਿੰਘ ਨੇ ਕਿਹਾ ਕਿ ਟੈਂਕੀ ’ਤੇ ਚੜ੍ਹੇ ਸਿੰਘਾਂ ਦੀ ਮੰਗ ਉੱਚ ਅਧਿਕਾਰੀਆਂ ਰਾਹੀਂ ਸਰਕਾਰ ਤੱਕ ਪਹੁੰਚਾਈ ਜਾ ਰਹੀ ਹੈ। ਦੂਜੇ ਪਾਸੇ ਸਿੰਘਾਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਰਿਹਾਈ ਸਬੰਧੀ ਪੱਕਾ ਭਰੋਸਾ ਨਹੀਂ ਮਿਲਦਾ, ਉਹ ਟੈਂਕੀ ਤੋਂ ਹੇਠਾਂ ਨਹੀਂ ਉਤਰਨਗੇ।