ਜਥੇਦਾਰ ਅਕਾਲ ਤਖਤ ਨੇ ਸਿਖਾਂ ਨੂੰ ਹਥਿਆਰ ਰਖਣ ਦੇ ਦਿਤੇ ਹੁਕਮ 

ਜਥੇਦਾਰ ਅਕਾਲ ਤਖਤ ਨੇ ਸਿਖਾਂ ਨੂੰ ਹਥਿਆਰ ਰਖਣ ਦੇ ਦਿਤੇ ਹੁਕਮ 

            ਕਿਹਾ ਕਿ ਹਾਲਾਤ ਨੂੰ ਦੇਖਦਿਆਂ ਹਰ ਸਿੱਖ ਲਾਇਸੈਂਸੀ ਆਧੁਨਿਕ ਹਥਿਆਰ ਰੱਖੇ

*ਸ੍ਰੋਮਣੀ ਕਮੇਟੀ ਜਥੇਦਾਰ ਦੇ ਹਕ ਵਿਚ ,ਕਾਂਗਰਸ  ,ਭਾਜਪਾ ਤੇ ਆਪ ਨੇ ਕੀਤਾ ਤਿਖਾ ਵਿਰੋਧ   

ਅੰਮ੍ਰਿਤਸਰ ਟਾਈਮਜ਼

 ਅੰਮਿ੍ਤਸਰ- ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ  ਹਰ੍ਰਪੀਤ ਸਿੰਘ ਨੇ ਸਮੂਹ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਹਰ ਸਿੱਖ ਜਿੱਥੇ ਬਾਣੀ ਪੜ੍ਹ ਕੇ ਬਲਵਾਨ ਹੋਵੇ, ਉਥੇ ਹਰ ਸਿੱਖ ਲਾਇਸੰਸੀ  ਹਥਿਆਰ ਕਾਨੂੰਨੀ ਤੌਰ 'ਤੇ ਰੱਖੇ । ਅਕਾਲ ਤਖ਼ਤ ਸਕੱਤਰੇਤ ਵਲੋਂ ਜਾਰੀ ਵੀਡੀਓ ਸੰਦੇਸ਼ ਵਿਚ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤਾਂ ਨੂੰ 6ਵੇਂ ਪਾਤਿਸ਼ਾਹ ਦੇ ਗੁਰਤਾ ਗੱਦੀ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਪੰਜ ਭੌਤਿਕ ਤਨ ਵਿਚ ਵਿਚਰਦਿਆਂ ਸਮੇਂ ਦੀ ਹਕੂਮਤ ਦੇ ਨਾਲ ਚਾਰ ਲੜਾਈਆਂ ਲੜੀਆਂ ਅਤੇ ਚਾਰਾਂ ਵਿਚ ਹੀ ਫ਼ਤਹਿ ਪ੍ਰਾਪਤ ਕੀਤੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ ਤੇ ਇਸ ਦੇ ਨਾਲ ਹੀ ਗ਼ੈਰ ਮੁਸਲਮਾਨ ਲੋਕਾਂ ਦੀ ਇਸ ਧਾਰਨਾ ਨੂੰ ਵੀ ਤੋੜਿਆ ਕਿ ਹਿੰਦੁਸਤਾਨ ਵਿਚ ਇਸ ਸ਼ਕਤੀਸ਼ਾਲੀ ਹਕੂਮਤ ਨੂੰ ਕੋਈ ਵੀ ਚੁਣੌਤੀ ਨਹੀਂ ਦੇ ਸਕਦਾ ।ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਹਰ ਸਿੱਖ ਜਿੱਥੇ ਬਾਣੀ ਪੜ੍ਹ ਕੇ ਆਪਣੇ ਆਪ ਨੂੰ ਬਲਵਾਨ ਬਣਾਏ ਤੇ ਨਸ਼ਿਆਂ ਤੋਂ ਦੂਰ ਰਹੇ, ਉਥੇ ਗੁਰੂ ਸਾਹਿਬ ਦੇ ਆਦੇਸ਼ ਅਨੁਸਾਰ ਸ਼ਸਤਰਧਾਰੀ ਵੀ ਜ਼ਰੂਰ ਹੋਵੇ । ਉਨ੍ਹਾਂ ਸਿੱਖ ਬੱਚੇ-ਬੱਚੀਆਂ ਨੂੰ ਕਿਹਾ ਕਿ ਉਹ ਗਤਕੇਬਾਜ਼ੀ, ਤਲਵਾਰਬਾਜ਼ੀ, ਨਿਸ਼ਾਨੇਬਾਜ਼ੀ ਆਦਿ ਕਲਾਵਾਂ ਵਿਚ ਨਿਪੁੰਨ ਹੋਣ ਅਤੇ ਹਾਲਾਤ ਨੂੰ ਦੇਖਦਿਆਂ ਹਰ ਸਿੱਖ ਲਾਇਸੰਸੀ ਆਧੁਨਿਕ ਹਥਿਆਰ ਕਾਨੂੰਨੀ ਤੌਰ 'ਤੇ ਰੱਖਣ ਦਾ ਯਤਨ ਜ਼ਰੂਰ ਕਰੇ ।ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ  ਗਿਆਨੀ ਹਰਪ੍ਰੀਤ ਸਿੰਘ ਦੀ ਹਮਾਇਤ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਕੌਮ ਦੇ ਸੁਪਰੀਮ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜੋ ਵੀ ਬਿਆਨ ਦਿੱਤਾ ਹੈ ਸੋਚ ਸਮਝ ਕੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਦਿ ਕਾਲ ਗੁਰੂ ਕਾਲ ਤੋਂ ਹੀ ਸਿੱਖ ਪ੍ਰੰਪਰਾਵਾਂ ਅਨੁਸਾਰ ਸਿੱਖ ਸਮੇਂ ਦੇ ਹਾਣੀ ਹੁੰਦੇ ਹੋਏ ਹਥਿਆਰ ਆਪਣੇ ਨਾਲ ਰੱਖਦੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਜਥੇਦਾਰ ਤੇ ਕਿੰਤੂ ਕਰ ਰਹੇ ਹਨ ਉਹਨਾਂ ਨੂੰ ਜਥੇਦਾਰ ਤੇ ਕਿੰਤੂ ਕਰਨ ਦਾ ਕੋਈ ਅਧਿਕਾਰ ਨਹੀਂ। ਸਿੱਖ ਕੌਮ ਜਥੇਦਾਰ ਵੱਲੋਂ ਦਿੱਤੇ ਬਿਆਨ ਨੂੰ ਹੁਕਮ ਮੰਨਦੀ ਹੈ। ਧਾਮੀ ਨੇ ਕਿਹਾ ਕਿ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜਥੇਦਾਰ ਨੂੰ ਹਟਾਉਣ ਦੀ ਗੱਲ ਕਰਦੇ ਹਨ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਨੂੰ ਜਥੇਦਾਰ ਦੇ ਅਹੁਦੇ ਦਾ ਗਿਆਨ ਨਹੀੰ ਹੈ। ਉਨ੍ਹਾਂ ਕਿਹਾ ਕਿ ਇਹ ਸਤਿਕਾਰਤ ਅਹੁਦਾ ਹੈ ਅਤੇ ਜਥੇਦਾਰ ਸਿੱਖ ਕੌਮ ਦਾ ਸੁਪਰੀਮ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਵੱਲੋਂ ਦਿੱਤਾ ਬਿਆਨ ਵਾਜਬ ਹੈ ਅਤੇ ਸਿੱਖ ਧਰਮ ਦੀਆਂ ਪਰੰਪਰਾਵਾਂ ਅਨੁਸਾਰ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸੂਬੇ ਦੀ ਸਥਿਤੀ ਬਾਰੇ ਧਿਆਨ ਦੇਣ ਦੀ ਲੋੜ ਹੈ, ਸੂਬੇ ਹਲਾਤ ਬਦ ਤੋਂ ਬਦਤਰ ਹੋ ਰਹੇ ਹਨ ਅਤੇ ਸਿੱਖਾਂ ਨੂੰ ਸਵੈ ਰੱਖਿਆ ਕਰਨ ਲਈ ਹਥਿਆਰਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਨੇ ਲਾਇਸੈਂਸੀ ਹਥਿਆਰ ਰੱਖਣ ਦੀ ਮੰਗ ਕੀਤੀ ਹੈ ਜੋ ਕਿ ਸਰਕਾਰ ਨੇ ਦੇਖਣਾ ਹੁੰਦਾ ਹੈ ਕਿ ਕਿਸ ਨੂੰ ਹਥਿਆਰ ਦਾ ਲਾਇਸੰਸ ਦਿੱਤਾ ਜਾ ਸਕਦਾ ਹੈ ਕਿਸ ਨੂੰ ਨਹੀਂ। ਉਨ੍ਹਾਂ ਕਿਹਾ ਜਿਸ ਲਈ ਕਿਸੇ ਦਾ ਵੀ ਇਸ ਬਿਆਨ ਤੇ ਕਿੰਤੂ ਕਰਨਾ ਨਹੀਂ ਬਣਦਾ।

                             ਕਾਂਗਰਸ ,ਭਾਜਪਾ ਤੇ ਆਪ ਨੇ ਜਤਾਇਆ ਇਤਰਾਜ਼

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਥੇਦਾਰ ਅਕਾਲ ਤਖ਼ਤ ਦੇ ਇਸ ਬਿਆਨ ਉੱਤੇ ਟਵੀਟ ਕਰਦਿਆਂ ਆਖਿਆ ਹੈ ਕਿ ਉਨ੍ਹਾਂ ਨੂੰ ਸਰਬੱਤ ਦਾ ਭਲਾ ਮੰਗਣ ਵਾਲੇ ਗੁਰਬਾਣੀ ਦੇ ਸੰਦੇਸ਼ ਨੂੰ ਘਰ ਘਰ ਪਹੁੰਚਾਉਣ ਬਾਰੇ ਆਖਣਾ ਚਾਹੀਦਾ ਹੈ ਨਾ ਕਿ ਹਥਿਆਰਾਂ ਬਾਰੇ।ਭਗਵੰਤ ਮਾਨ ਨੇ ਲਿਖਿਆ ਹੈ,"ਮਾਣਯੋਗ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ, ਤੁਹਾਡਾ ਹਥਿਆਰਾਂ ਵਾਲਾ ਬਿਆਨ ਸੁਣਿਆ। ਜਥੇਦਾਰ ਸਾਹਿਬ ਜੀ ਤੁਸੀਂ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਨੂੰ ਘਰ-ਘਰ ਪਹੁੰਚਾਉਣ ਦਾ ਸੰਦੇਸ਼ ਦਿਓ ਨਾ ਕਿ ਹਥਿਆਰ ਰੱਖਣ ਦਾ।ਜਥੇਦਾਰ ਸਾਹਿਬ, ਆਪਾਂ ਪੰਜਾਬ ਵਿੱਚ ਸ਼ਾਂਤੀ, ਭਾਈਚਾਰੇ ਅਤੇ ਮਾਡਰਨ ਤਰੱਕੀ ਦੇ ਸੁਨੇਹੇ ਦੇਣੇ ਨੇ ਨਾ ਕਿ ਮਾਡਰਨ ਹਥਿਆਰਾਂ ਦੇ।'   

 'ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਇਹ ਦੱਸਣ ਦੀ ਅਪੀਲ ਕੀਤੀ ਹੈ ਕਿ ਕਿਉਂ ਸਿੱਖਾਂ ਨੂੰ ਲਾਇਸੈਂਸੀ ਆਧੁਨਿਕ ਹਥਿਆਰ ਰੱਖਣੇ ਚਾਹੀਦੇ ਹਨ ।ਵੜਿੰਗ ਨੇ ਕਿਹਾ ਕਿ ਸਿੱਖਾਂ ਤੇ ਹਿੰਦੂਆਂ ਨੂੰ ਹਥਿਆਰ ਰੱਖਣ ਦੀਆਂ ਗੱਲਾਂ ਕਰਕੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਥੇਦਾਰ ਵਲੋਂ ਸਿਰਫ਼ ਨੌਜਵਾਨਾਂ ਨੂੰ ਲਾਇਸੈਂਸੀ ਆਧੁਨਿਕ ਹਥਿਆਰ ਰੱਖਣ ਸਬੰਧੀ ਸੰਦੇਸ਼ 'ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ, ਵੜਿੰਗ ਨੇ ਕਿਹਾ ਕਿ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਗੁਰਤਾਗੱਦੀ ਦਿਵਸ ਮੌਕੇ ਇਹ ਸੱਦਾ ਦਿੱਤਾ ਹੈ |

ਗਿਆਨੀ ਹਰਪ੍ਰੀਤ ਸਿੰਘ ਵਲੋਂ ਦਿੱਤੇ ਗਏ ਬਿਆਨ 'ਤੇ ਪ੍ਰਤੀਕਰਮ ਦਿੰਦਿਆਂ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜਿਸ ਸੰਸਥਾ ਦੇ ਉੱਚ ਅਹੁਦੇ 'ਤੇ ਜਥੇਦਾਰ ਸਾਹਿਬ ਬੈਠੇ ਹਨ, ਉਹ ਸਿੱਖ ਜਗਤ ਲਈ ਨਹੀਂ, ਸਗੋਂ ਸਮੂਹ ਨਾਨਕ ਨਾਮ ਲੇਵਾ ਸੰਗਤ ਲਈ ਡੂੰਘੀ ਆਸਥਾ ਦਾ ਕੇਂਦਰ ਹੈ । ਇਸ ਉੱਚ ਸੰਸਥਾ ਦੇ ਅਹੁਦੇ 'ਤੇ ਬੈਠ ਕੇ ਸ਼ਾਂਤੀ ਦੀ ਗੱਲ ਕਰਨੀ ਚਾਹੀਦੀ ਹੈ । ਅਜਿਹੇ ਬਿਆਨ ਨਾਲ ਲੋਕਾਂ 'ਚ ਗਲਤ ਸੰਦੇਸ਼ ਜਾ ਸਕਦਾ ਹੈ ।ਆਲ ਇੰਡੀਆ ਐਂਟੀ ਟੈਰਰਿਸਟ ਫਰੰਟ ਦੇ ਚੇਅਰਮੈਨ ਮਨਿੰਦਰਜੀਤ ਸਿੰਘ ਬਿੱਟਾ ਦੇ ਇਸ ਬਿਆਨ ਨੂੰ ਲੋਕ ਹਿੱਤਾਂ ਦੇ ਖ਼ਿਲਾਫ਼ ਕਰਾਰ ਦਿੱਤਾ ਹੈ।