ਐੱਸਐੱਚਓ ਵੱਲੋਂ ਕਿਸਾਨਾਂ ਨੂੰ ਕਢੀਆਂ ਗਾਲਾਂ  ,ਵੀਡੀਓ ਵਾਇਰਲ 

ਐੱਸਐੱਚਓ ਵੱਲੋਂ ਕਿਸਾਨਾਂ ਨੂੰ ਕਢੀਆਂ ਗਾਲਾਂ  ,ਵੀਡੀਓ ਵਾਇਰਲ 

*ਕਿਸਾਨ ਜਥੇਬੰਦੀਆਂ ਦੀ ਚਿਤਾਵਨੀ ; ਜੇ 16 ਤਕ ਥਾਣੇਦਾਰ ਨੂੰ ਮੁਅੱਤਲ ਨਾ ਕੀਤਾ ਤਾਂ ਕਰਾਂਗੇ ਸੜਕਾਂ ਜਾਮ

ਅੰਮ੍ਰਿਤਸਰ ਟਾਈਮਜ਼ ਬਿਉਰੋ

ਬਨੂੜ : ਥਾਣਾ ਬਨੂੜ ਦੇ ਐੱਸਐੱਚਓ ਬਲਵਿੰਦਰ ਸਿੰਘ ਵੱਲੋਂ ਕਿਸਾਨਾਂ ਨੂੰ ਵਰਤੀ ਜਾ ਰਹੀ ਗਾਲਨੁਮਾ ਭੱਦੀ ਸ਼ਬਦਾਵਲੀ ਦੀ ਇੱਕ ਵੀਡੀਓ ਕਲਿੱਪ ਵਾਇਰਲ ਹੋਈ ਹੈ। ਵੱਖ-ਵੱਖ ਕਿਸਾਨ ਆਗੂਆਂ ਨੇ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਮੁੱਖ ਮੰਤਰੀ ਤੇ ਪੁਲੀਸ ਅਧਿਕਾਰੀਆਂ ਕੋਲੋਂ ਸਬੰਧਿਤ ਅਧਿਕਾਰੀ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ।  ਐਤਵਾਰ ਨੂੰ ਸਵੇਰੇ ਪੰਜ ਦਰਜਨ ਤੋਂ ਵੱਧ ਕਿਸਾਨ ਬਨੂੜ ਦੇ ਖੇਡ ਸਟੇਡੀਅਮ ਵਿਖੇ ਆ ਰਹੇ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੇ ਵਿਰੋਧ ਪ੍ਰਦਰਸ਼ਨ ਲਈ ਇਕੱਤਰ ਹੋਏ ਸਨ। ਇਹ ਕਿਸਾਨ ਪੁਰਅਮਨ ਤੇ ਸਾਂਤਮਈ ਤਰੀਕੇ ਨਾਲ ਸਟੇਡੀਅਮ ਦੇ ਬਾਹਰਵਾਰ ਸੜਕ ਦੇ ਡਿਵਾਈਡਰ ਉੱਤੇ ਖੜ੍ਹਕੇ ਨਾਅਰੇਬਾਜ਼ੀ ਕਰ ਰਹੇ ਸਨ। ਥਾਣਾ ਮੁਖੀ ਇਨ੍ਹਾਂ ਧਰਨਾਕਾਰੀਆਂ ਨੂੰ ਸੜਕ ਦੇ ਦੂਜੀ ਪਾਰ ਜਾਕੇ ਮੁਜ਼ਾਹਰਾ ਕਰਨ ਲਈ ਦਬਾਅ ਪਾ ਰਹੇ ਸਨ।ਥਾਣਾ ਮੁਖੀ ਦੀ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ-ਏਕਤਾ ਗਰੁੱਪ ਦੇ ਜ਼ਿਲ੍ਹਾ ਮੀਤ ਪ੍ਰਧਾਨ ਕਿਰਪਾਲ ਸਿੰਘ ਸਿਆਊ ਨਾਲ ਬਹਿਸ ਹੋਈ ਤੇ ਇਸ ਮਗਰੋਂ ਉਨ੍ਹਾਂ ਦਾ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਨਾਲ ਤਕਰਾਰ ਹੋਇਆ। ਇਸ ਸਮੇਂ ਥਾਣਾ ਮੁਖੀ ਨੇ ਗਾਲਨੁਮਾ ਸ਼ਬਦਾਵਲੀ ਦੀ ਵਰਤੋਂ ਕੀਤੀ, ਜਦੋਂ ਕਿ ਕਿਸਾਨ ਆਗੂ ਪੂਰੇ ਜ਼ਾਬਤੇ ਵਿੱਚ ਰਹੇ।ਥਾਣਾ ਮੁਖੀ ਵੀਡੀਓ ਕਲਿੱਪ ਵਿੱਚ ਕਿਸਾਨਾਂ ਆਗੂਆਂ ਨੂੰ ਇੱਥੋਂ ਤੱਕ ਕਹਿੰਦੇ ਨਜ਼ਰ ਆ ਰਹੇ ਹਨ ਕਿ ਜੇਕਰ ਉਨ੍ਹਾਂ ਨੇ ਸੜਕ ਕਰਾਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਉਨ੍ਹਾਂ ਦੀ ਜੀਭ ਖਿਚ ਲਵੇਗਾ ਅਤੇ ਜਾਨ ਕੱਢ ਦੇਵੇਗਾ। ਉਹ ਕਿਸਾਨਾਂ ਦੇ ਮੁਜਾਹਰੇ ਨੂੰ ਵੀ ਕਲੇਸ਼ ਦੱਸ ਰਿਹਾ ਸੀ।ਇਸ ਕਲਿੱਪ ਵਿੱਚ ਵਰਤੀ ਸ਼ਬਦਾਵਲੀ ਦਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ,ਸਿੱਧੂਪੁਰ ਏਕਤਾ ਗਰੁੱਪ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਤੇ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ  ਪੰਜਾਬ ਦੇ ਮੁੱਖ ਮੰਤਰੀ, ਪੰਜਾਬ ਦੇ ਡੀਜੀਪੀ ਅਤੇ ਜ਼ਿਲ੍ਹਾ ਪੁਲਿਸ ਮੁਖੀ ਪਟਿਆਲਾ ਤੋਂ ਕਿਸਾਨਾਂ ਨੂੰ ਮੰਦੀ ਭਾਸ਼ਾ ਬੋਲਣ ਵਾਲੇ ਐੱਸਐੱਚਓ ਨੂੰ ਬਿਨਾਂ ਕਿਸੇ ਦੇਰੀ ਤੋਂ ਮੁਅੱਤਲ ਕਰਨ ਦੀ ਮੰਗ ਕੀਤੀ। ਉਨ੍ਹਾਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ 16 ਅਗਸਤ ਸੋਮਵਾਰ ਤੱਕ ਸਬੰਧਿਤ ਥਾਣੇਦਾਰ ਨੂੰ ਮੁਅੱਤਲ ਨਾ ਕੀਤਾ ਗਿਆ ਤਾਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਆਪਣੀ ਅਗਵਾਈ ਹੇਠ ਇੱਥੇ ਸੜਕਾਂ ਜਾਮ ਕਰਨਗੇ।।   ਉੱਧਰ ਥਾਣਾ ਮੁਖੀ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਪਟਵਾਰੀ ਦੀ ਅਸਾਮੀ ਲਈ ਪੇਪਰ ਕਾਰਨ ਸੜਕ ਉੱਤੇ ਕਾਫ਼ੀ ਭੀੜ ਸੀ ਤੇ ਕਿਸਾਨ ਸੜਕ ਜਾਮ ਕਰਨਾ ਚਾਹੁੰਦੇ ਸਨ। ਉਹ ਕਿਸਾਨਾਂ ਨੂੰ ਸੜਕ ਉੱਤੇ ਆਉਣ ਤੋਂ ਰੋਕ ਰਹੇ ਸਨ। ਉਨ੍ਹਾਂ ਕਿਸਾਨਾਂ ਨੂੰ ਕੋਈ ਵੀ ਭੱਦੀ ਸ਼ਬਦਾਵਲੀ ਨਾ ਬੋਲੇ ਜਾਣ ਦੀ ਗੱਲ ਆਖੀ ਹੈ। ਇਸ ਮੌਕੇ ਕਿਸਾਨ ਆਗੂਆਂ ਨੇ ਥਾਣਾ ਮੁਖੀ ਦੇ ਉਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ, ਜਿਸ ਵਿੱਚ ਉਨ੍ਹਾਂ ਕਿਸਾਨਾਂ ਉੱਤੇ ਰੋਡ ਜਾਮ ਕਰਨ ਦਾ ਦੋਸ਼ ਲਾਇਆ ਸੀ। ਉਨ੍ਹਾਂ ਕਿਹਾ ਕਿ ਕਿਸਾਨ ਸਿਰਫ਼ ਡਿਵਾਈਡਰ ਤੇ ਖੜ੍ਹਕੇ ਵਿਧਾਇਕ ਖ਼ਿਲਾਫ਼ ਰੋਸ ਪ੍ਰਗਟ ਕਰ ਰਹੇ ਸਨ, ਜਦੋਂ ਥਾਣਾ ਮੁਖੀ ਨੇ ਉਨ੍ਹਾਂ ਨਾਲ ਵਧੀਕੀ ਕੀਤੀ। ਉਨ੍ਹਾਂ ਕਿਹਾ ਕਿ ਨਾ ਕੋਈ ਜਾਮ ਲਾਇਆ ਗਿਆ ਤੇ ਨਾ ਹੀ ਜਾਮ ਲਾਉਣ ਦਾ ਕੋਈ ਪ੍ਰੋਗਰਾਮ ਸੀ। ਇਸ ਮੌਕੇ ਵੱਖ-ਵੱਖ ਮਤੇ ਵੀ ਪਾਸ ਕੀਤੇ ਗਏ ਅਤੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲਕੇ ਮੰਗ ਪੱਤਰ ਦੇਣ ਦਾ ਵੀ ਫੈਸਲਾ ਕੀਤਾ ਗਿਆ। 

ਅੰਮਿ੍ਤਸਰ ਟਾਈਮਜ ਅਨੁਸਾਰ ਕਿਸਾਨਾਂ ਦਾ ਪਖ ਠੀਕ ਹੈ।ਜੇਕਰ ਕਿਸਾਨ ਸ਼ਾਂਤਮਈ ਮੁਜਾਹਰਾ ਕਰ ਰਹੇ ਹਨ ਤਾਂ ਪੁਲੀਸ ਅਫਸਰ ਨੂੰ ਵਰਦੀ ਦਾ ਰੋਅਬ ਝਾੜਕੇ ਗਾਲਾਂ ਨਹੀਂ ਕਢਣੀਆਂ ਚਾਹੀਦੀਆਂ ਸਨ। ਪੰਜਾਬ ਪੁਲੀਸ ਆਪਣੀ ਘਟੀਆ ਬੋਲਬਾਣੀ ਤੇ ਤਸ਼ਤਦ ਕਾਰਣ ਅਗੇ ਹੀ ਬਦਨਾਮ ਹੈ। ਉਚ ਪੁਲੀਸ ਅਫਸਰਾਂ ਨੂੰ ਇਸ ਸਬੰਧੀ ਥਾਣੇਦਾਰ ਵਿਰੁੱਧ ਅਐਕਸ਼ਨ ਲੈਣਾ ਚਾਹੀਦਾ ਹੈ।