ਸਿੱਧੂ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦੂਰਬੀਨ ਰਾਹੀਂ ਕੀਤੇ ਦਰਸ਼ਨ

ਸਿੱਧੂ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦੂਰਬੀਨ ਰਾਹੀਂ ਕੀਤੇ ਦਰਸ਼ਨ

ਦਰਸ਼ਨ ਸਥਲ ਬਾਰੇ ਕੇਂਦਰ ਨੂੰ ਪੱਤਰ ਲਿਖਣਗੇ ਸਿੱਧੂ

ਅੰਮ੍ਰਿਤਸਰ ਟਾਈਮਜ਼

ਬਟਾਲਾ:  ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ   ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ’ਤੇ ਪੁੱਜੇ ਅਤੇ ਧੁੱਸੀ ਬੰਨ੍ਹ ’ਤੇ ਖੜ੍ਹੇ ਹੋ ਕੇ ਦੂਰਬੀਨ ਰਾਹੀਂ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ। ਇਸ ਮੌਕੇ ਉਨ੍ਹਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਅਤੇ ਕਿਸਾਨਾਂ ਦੀ ਜਿੱਤ ਲਈ ਅਰਦਾਸ ਵੀ ਕੀਤੀ। ਇਸ ਮੌਕੇ ਸ੍ਰੀ ਸਿੱਧੂ ਨੇ ਕਿਹਾ ਕਿ 9 ਨਵੰਬਰ 2019 ਨੂੰ ਦੋਵਾਂ ਦੇਸ਼ਾਂ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਗਿਆ ਸੀ ਪਰ ਕਰੋਨਾ ਮਹਾਮਾਰੀ ਕਾਰਨ ਇਹ ਬੰਦ ਕਰ ਕਰ ਦਿੱਤਾ ਗਿਆ। ਇਸ ਸਮੇਂ ਦੌਰਾਨ ਲਗਪਗ 70 ਹਜ਼ਾਰ ਸ਼ਰਧਾਲੂਆਂ ਨੇ ਪਾਕਿਸਤਾਨ ਜਾ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਸਨ। ਉਨ੍ਹਾਂ ਆਸ ਪ੍ਰਗਟਾਈ ਕਿ ਸ਼ਰਧਾਲੂਆਂ ਨੂੰ ਇੱਕ ਵਾਰ ਫਿਰ ਜਲਦ ਹੀ ਕਰਤਾਰਪੁਰ ਸਾਹਿਬ ਦੇ ਨੇੜਿਓਂ ਦਰਸ਼ਨ ਹੋ ਸਕਣਗੇ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਨੇ ਲੋਕਾਂ ਨੂੰ ਕਿਰਤ ਸੱਭਿਆਚਾਰ ਨਾਲ ਜੋੜਿਆ ਸੀ, ਪਰ ਅੱਜ 60 ਫ਼ੀਸਦੀ ਲੋਕ ਸੜਕਾਂ ’ਤੇ ਰੁਲ਼ ਰਹੇ ਹਨ। ਉਨ੍ਹਾਂ ਦਿੱਲੀ ਦੀਆਂ ਬਰੂਹਾਂ ’ਤੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਜਿੱਤ ਲਈ ਵੀ ਅਰਦਾਸ ਕੀਤੀ ਹੈ।

ਇਸ ਮੌਕੇ ਨਵਜੋਤ ਸਿੱਧੂ ਨੇ ਕਿਹਾ ਕਿ ਲਾਂਘਾ ਬਣਾਉਣ ਸਮੇਂ ਲੈਂਡ ਪੋਰਟ ਅਥਾਰਟੀ ਨੇ ਵਾਅਦਾ ਕੀਤਾ ਸੀ ਕਿ ਦੂਰਬੀਨ ਨਾਲ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਲਈ ਇਸ ਸਰਹੱਦ ਦੇ ਧੁੱਸੀ ਬੰਨ੍ਹ ’ਤੇ 100 ਮੀਟਰ ਚੌੜਾ ਅਤੇ 60 ਫੁੱਟ ਉੱਚਾ ਦਰਸ਼ਨ ਸਥਲ ਬਣਾਇਆ ਜਾਵੇਗਾ ਪਰ ਇਸ ਸਬੰਧੀ ਹਾਲੇ ਕੁਝ ਨਹੀਂ ਹੋਇਆ ਹੈ, ਜਿਸ ਬਾਰੇ ਉਹ ਕੇਂਦਰ ਸਰਕਾਰ ਨੂੰ ਚਿੱਠੀ ਲਿਖਣਗੇ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਨੂੰ ਕੋਈ ਦਿੱਕਤ ਹੈ ਤਾਂ ਪੰਜਾਬ ਸਰਕਾਰ ਨੂੰ ਦਰਸ਼ਨ ਸਥਲ ਬਣਾਉਣ ਦੀ ਜ਼ਿੰਮੇਵਾਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਅੱਜ ਵੀ 75 ਫ਼ੀਸਦੀ ਲੋਕਾਂ ਕੋਲ ਪਾਸਪੋਰਟ ਨਹੀਂ ਹੈ, ਜਿਸ ਕਰਕੇ ਇੱਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਦੂਰਬੀਨ ਰਾਹੀਂ ਹੀ ਦਰਸ਼ਨ ਕਰਨੇ ਪੈਂਦੇ ਹਨ। ਇਸ ਲਈ ਕੇਂਦਰ ਸਰਕਾਰ ਨੂੰ ਇਸ ਪਾਸੇ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।