ਸਿੱਖਾਂ ਦੇ ਅੰਦਰੂਨੀ ਮਸਲਿਆਂ ਵਿੱਚ ਪੰਜਾਬ ਸਰਕਾਰ ਦੇ ਦਖ਼ਲ ਬਾਬਤ ਕੇਂਦਰੀ ਗ੍ਰਹਿ ਰਾਜ ਮੰਤਰੀ ਨਾਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਵੱਲੋਂ ਮੁਲਕਾਤ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ, 27 ਜੁਲਾਈ (ਮਨਪ੍ਰੀਤ ਸਿੰਘ ਖਾਲਸਾ): ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਹੇਠ ਇੱਕ ਵਫ਼ਦ ਵੱਲੋਂ ਕੇਂਦਰੀ ਗ੍ਰਹਿ ਰਾਜ ਮੰਤਰੀ ਸ੍ਰੀ ਨਿਤਿਆਨੰਦ ਰਾਏ ਨਾਲ ਮੁਲਾਕਾਤ ਕੀਤੀ ਅਤੇ ਮੰਗ ਪੱਤਰ ਸੌਂਪਿਆ।
ਮੁਲਾਕਾਤ ਮਗਰੋਂ ਜਾਣਕਾਰੀ ਦਿੰਦਿਆਂ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਦੱਸਿਆ ਕਿ ਅਕਾਲੀ ਆਗੂਆਂ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਜਾਣੂ ਕਰਵਾਇਆ ਕਿ ਕਿਸ ਤਰ੍ਹਾਂ ਪੰਜਾਬ ਸਰਕਾਰ ਮਨਮਾਨੇ ਢੰਗ ਨਾਲ ਕੰਮ ਕਰ ਰਹੀ ਹੈ। ਬੀਤੇ ਦਿਨੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਹੁੰਦੇ ਗੁਰਬਾਣੀ ਦੇ ਪ੍ਰਸਾਰਨ ਨੂੰ ਆਪਣੇ ਸਿੱਧੇ ਅਧਿਕਾਰ ਵਿੱਚ ਕਰਨ ਲਈ ਮਤਾ ਪਾਸ ਕੀਤਾ ਹੈ ਜੋ ਕਿ ਸਿੱਧੇ ਤੌਰ ’ਤੇ ਸਿੱਖਾਂ ਦੇ ਅੰਦਰੂਨੀ ਮਸਲਿਆਂ ਵਿੱਚ ਦਖ਼ਲ ਹੈ।
ਸਰਦਾਰ ਸਰਨਾ ਨੇ ਦੱਸਿਆ ਕਿ ਮੰਗ ਪੱਤਰ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਗ਼ਬਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸ਼੍ਰੋਮਣੀ ਕਮੇਟੀ ਦੇ ਕੁਝ ਸੇਵਾਦਾਰਾਂ ਵੱਲੋਂ ਆਪਣੀ ਇੱਕ ਯੂਨੀਅਨ ਬਣਾਉਣ ਤੇ ਪੰਜਾਬ ਸਰਕਾਰ ਦੇ ਲੇਬਰ ਵਿਭਾਗ ਵਲੋਂ ਉਸਨੂੰਇੰਡੀਅਨ ਟਰੇਡ ਯੂਨੀਅਨ ਐਕਟ 1926 ਦੇ ਤਹਿਤ ਰਜਿਸਟਡ ਕੀਤਾ ਹੈ । ਜੋ ਕਿ ਇੱਕ ਚਿੰਤਾਜਨਕ ਗੱਲ ਹੈ । ਕਿਉਂਕਿ ਸ਼੍ਰੋਮਣੀ ਕਮੇਟੀ ਗੁਰਧਾਮਾਂ ਦੀ ਸੰਭਾਲ ਕਰਨ ਵਾਲੀ ਇੱਕ ਸਿਰਮੌਰ ਸਿੱਖ ਸੰਸਥਾ ਹੈ ਨਾ ਕਿ ਕੋਈ ਵਪਾਰਕ ਅਦਾਰਾ ਜਾਂ ਕਾਰਖਾਨਾ ਹੈ ਜਿਸ ਵਿੱਚ ਇਸ ਤਰ੍ਹਾਂ ਲੇਬਰ ਕਾਨੂੰਨਾਂ ਤਹਿਤ ਯੂਨੀਅਨਾਂ ਬਣਾਈਆਂ ਜਾਣ ।
ਅਜਿਹੀ ਯੂਨੀਅਨ ਨੂੰ ਰਜਿਸਟਰ ਕਰਕੇ ਪੰਜਾਬ ਸਰਕਾਰ ਨੇ ਆਪਣੇ ਅਸਲ ਇਰਾਦਿਆਂ ਦਾ ਪਰਦਾਫਾਸ਼ ਕਰ ਦਿੱਤਾ ਹੈ, ਕਿ ਉਹ ਸਿੱਖਾਂ ਦੇ ਗੁਰਧਾਮਾਂ ਦੇ ਕਾਬਜ਼ ਹੋਣਾ ਚਾਹੁੰਦੀ ਹੈ । ਲੇਕਿਨ ਅਜਿਹੇ ਯਤਨ ਕਰਨ ਨਾਲ ਨਿਕਲਣ ਵਾਲੇ ਸਿੱਟਿਆਂ ਪ੍ਰਤੀ ਪੰਜਾਬ ਸਰਕਾਰ ਬਿਲਕੁਲ ਵੀ ਗੰਭੀਰ ਨਹੀਂ । ਵਫ਼ਦ ਨੇ ਗ੍ਰਹਿ ਰਾਜ ਮੰਤਰੀ ਨੂੰ ਪੰਜਾਬ ਸਰਕਾਰ ਨੂੰ ਇਹਨਾਂ ਆਪਹੁਦਰੀਆਂ ਕਾਰਵਾਈਆਂ ਤੋਂ ਵਰਜਣ ਲਈ ਅਪੀਲ ਕੀਤੀ ਤਾਂ ਜੋ ਭਵਿੱਖ ਵਿਚ ਭਿਆਨਕ ਨਤੀਜਿਆਂ ਤੋਂ ਬਚਿਆ ਜਾ ਸਕੇ ।
ਇਸ ਮੌਕੇ ਸ. ਪਰਮਜੀਤ ਸਿੰਘ ਸਰਨਾ ਨਾਲ ਹੋਰਨਾਂ ਤੋਂ ਇਲਾਵਾ ਦਿੱਲੀ ਦੇ ਸੀਨੀਅਰ ਅਕਾਲੀ ਆਗੂ ਸ. ਜਤਿੰਦਰ ਸਿੰਘ ਸਾਹਨੀ, ਜਥੇਦਾਰ ਬਲਦੇਵ ਸਿੰਘ ਰਾਣੀ ਬਾਗ, ਸ. ਤਜਿੰਦਰ ਸਿੰਘ ਗੋਪਾ, ਸ. ਜਤਿੰਦਰ ਸਿੰਘ ਸੋਨੂੰ, ਬੀਬੀ ਰਣਜੀਤ ਕੌਰ, ਸੁਰਿੰਦਰ ਸਿੰਘ ਦਾਰਾ, ਸ.ਕੁਲਤਰਨ ਸਿੰਘ ਕੋਚਰ (ਸਾਰੇ ਮੈਂਬਰ ਦਿੱਲੀ ਕਮੇਟੀ), ਸ. ਰਵਿੰਦਰ ਸਿੰਘ ਖੁਰਾਣਾ, ਸ. ਸੁਖਦੇਵ ਸਿੰਘ ਰਿਆਤ, ਜਥੇਦਾਰ ਕੁਲਦੀਪ ਸਿੰਘ ਭੋਗਲ, ਸ. ਮਨਜੀਤ ਸਿੰਘ ਸਰਨਾ, ਸ. ਚੰਨਮੀਤ ਸਿੰਘ ਕੋਚਰ, ਸ. ਹਰਜਪ ਸਿੰਘ ਢੀਂਗਰਾ ਤੇ ਸ. ਭੁਪਿੰਦਰ ਸਿੰਘ ਆਦਿ ਹਾਜ਼ਰ ਸਨ।
Comments (0)