ਕਿਸਾਨ ਆਗੂ ਡੱਲੇਵਾਲ ਨੇ ਪ੍ਰਸ਼ਾਸਨ ਦੀਆਂ ਪੇਸ਼ਕਸ਼ਾਂ ਨੂੰ ਠੁਕਰਾਇਆ, ਮਰਨ ਵਰਤ ਜਾਰੀ

ਕਿਸਾਨ ਆਗੂ ਡੱਲੇਵਾਲ ਨੇ ਪ੍ਰਸ਼ਾਸਨ ਦੀਆਂ ਪੇਸ਼ਕਸ਼ਾਂ ਨੂੰ ਠੁਕਰਾਇਆ, ਮਰਨ ਵਰਤ ਜਾਰੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਫਰੀਦਕੋਟ : ਬੀਕੇਯੂ ਏਕਤਾ ਸਿੱੱਧੂਪੁਰ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤਾ ਸੰਘਰਸ਼ ਪੰਜਾਬ ਭਰ ਵਿਚ ਜਾਰੀ ਹੈ ਜਿਸ ਤਹਿਤ ਕਿਸਾਨ ਯੂਨੀਅਨ ਨੇ ਨੈਸ਼ਨਲ ਹਾਈਵੇਅ ’ਤੇ ਟਹਿਣਾ ਟੀ ਪੁਆਇੰਟ ’ਤੇ ਜਾਮ ਲਗਾ ਦਿੱਤਾ ਹੈ। ਇਸ ਹੜਤਾਲ ਨੂੰ ਹਫਤੇ  ਤੋਂ ਵਧ ਸਮਾਂ ਹੋ ਗਿਆ ਹੈ। ਜਦੋਂ ਕਿ ਇਸ ਸੰਘਰਸ਼ ਦੌਰਾਨ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਸ਼ੁਰੂ ਕੀਤਾ ਗਿਆ ਮਰਨ ਵਰਤ  ਹਫਤਾ ਹੋਣ ਵਾਲਾ ਹੈ।

ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਮੇਤ ਫਿਰੋਜ਼ਪੁਰ ਰੇਂਜ ਦੇ ਆਈਜੀ ਜਸਕਰਨ ਸਿੰਘ, ਐੱਸਐੱਸਪੀ ਰਾਜਪਾਲ ਸਿੰਘ ਸੰਧੂ, ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਸਮੇਤ ਅਨੇਕਾਂ ਉੱਚ ਪੁਲਿਸ ਅਧਿਕਾਰੀਆਂ ਵੱਲੋਂ ਮਰਨ ਵਰਤ ਖ਼ਤਮ ਕਰਨ ਜਾਂ ਡਾਕਟਰੀ ਸਲਾਹ ਅਨੁਸਾਰ ਹੀ ਸੰਘਰਸ਼ ਕਰਨ ਦੀਆਂ ਦਿੱਤੀਆਂ ਪੇਸ਼ਕਸ਼ਾਂ ਨੂੰ ਜਗਜੀਤ ਸਿੰਘ ਡੱਲੇਵਾਲ ਨੇ ਠੁਕਰਾ ਦਿੱਤਾ, ਜਦਕਿ ਕਿਸਾਨ ਆਗੂਆਂ ਨੇ ਕੁਝ ਵੀ ਖਾਣ-ਪੀਣ ਅਤੇ ਹਸਪਤਾਲ ਜਾਣ ਤੋਂ ਸਾਫ ਇਨਕਾਰ ਕਰਦਿਆਂ ਦੁਹਰਾਇਆ ਕਿ ਮੰਗਾਂ ਲਾਗੂ ਹੋਣ ਤੋਂ ਬਾਅਦ ਹੀ ਉਹ ਆਪਣਾ ਮਰਨ ਵਰਤ ਖਤਮ ਕਰਨਗੇ।

ਇਕ ਪਾਸੇ ਸੱਤਾਧਾਰੀ ਧਿਰ ਅਤੇ ਅਫਸਰਸ਼ਾਹੀ ਵਲੋਂ ਡੱਲੇਵਾਲ ਤੇ ਉਸ ਦੇ ਸਾਥੀਆਂ ਨੂੰ ਮਨਾਉਣ ਦਾ ਸਿਲਸਿਲਾ ਜਾਰੀ ਹੈ ਤੇ ਦੂਜੇ ਪਾਸੇ ਕੁਝ ਸਿਆਸੀ, ਗ਼ੈਰ ਰਾਜਨੀਤਿਕ ਅਤੇ ਧਾਰਮਿਕ ਸ਼ਖਸੀਅਤਾਂ ਵਲੋਂ ਡੱਲੇਵਾਲ ਦੇ ਧਰਨੇ ਨੂੰ ਸਮਰਥਨ ਵੀ ਦਿੱਤਾ ਜਾ ਰਿਹਾ ਹੈ। ਡੱਲੇਵਾਲ ਦੀ ਸਿਹਤ ਇਸ ਸਮੇਂ ਵਿਗੜੀ ਹੋਈ ਹੈ, ਜਿਸ ਤੋਂ ਸਰਕਾਰ ਅਤੇ ਅਫਸਰਸ਼ਾਹੀ ਦਾ ਚਿੰਤਤ ਹੈ। ਕੁਲਤਾਰ ਸਿੰਘ ਸੰਧਵਾਂ ਨੇ ਆਖਿਆ ਕਿ ਡੱਲੇਵਾਲ ਦੀ ਪੰਜਾਬ ਨੂੰ ਬਹੁਤ ਲੋੜ ਹੈ ਤੇ ਉਹ ਕਿਸਾਨੀ ਮੰਗਾਂ ਸਬੰਧੀ ਮੁੱਖ ਮੰਤਰੀ ਪੰਜਾਬ ਦੇ ਧਿਆਨ ਵਿਚ ਲਿਆਉਣਗੇ।