ਬਠਿੰਡਾ ਬੇਅਦਬੀ ਮਾਮਲੇ ਵਿਚ ਡੇਰਾ ਮੁਖੀ ਸਮੇਤ 2 ਗ੍ਰਿਫ਼ਤਾਰ

ਬਠਿੰਡਾ ਬੇਅਦਬੀ ਮਾਮਲੇ ਵਿਚ ਡੇਰਾ ਮੁਖੀ ਸਮੇਤ 2 ਗ੍ਰਿਫ਼ਤਾਰ

ਸੰਗਤਾਂ ਨੇ ਸਾਧ ਤੇ ਉਸਦੇ ਸਾਥੀਆ ਦੀ ਕੀਤੀ ਕੁਟਮਾਰ ਤੇ ਸੜਕ ਉਪਰ ਘੜੀਸਿਆ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਬਠਿੰਡਾ-ਬਠਿੰਡਾ ਦੇ ਦਾਨ ਸਿੰਘ ਵਾਲਾ ਪਿੰਡ ਦੇ ਇੱਕ ਡੇਰੇ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਦੇ ਮਾਮਲੇ ਡੇਰਾ ਸੰਚਾਲਕ ਸਮੇਤ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਭੜਕੇ ਲੋਕਾਂ ਨੇ ਸਾਧ ਤੇ ਉਸਦੇ ਸਾਥੀਆਂ ਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਸੜਕ ਉਪਰ ਘੜੀਸਿਆ। ਪੁਲਿਸ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਆਰੋਪੀਆਂ ਨੂੰ ਲੋਕਾਂ ਤੋਂ ਛੁਡਵਾਇਆ। ਡੇਰੇ ਵਿਚ ਗੁਟਕਾ ਸਾਹਿਬ ਦੇ ਅੰਗ ਫਟੇ ਹੋਏ ਮਿਲੇ। ਟਰੰਕ ਵਿਚ ਗੁਟਕਾ ਸਾਹਿਬ ਦੇ ਅੰਗ ਫਟੇ ਹੋਏ ਰੱਖੇ ਸਨ।

ਦੱਸ ਦੇਈਏ ਕਿ ਦੀਵਾਲੀ ਵਾਲੇ ਦਿਨ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਵਿਖੇ ਇਕ ਡੇਰੇ ਵਿਚ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਨੇਹੀਆਂ ਵਾਲਾ ਦੀ ਪੁਲਿਸ ਨੇ 3 ਵਿਅਕਤੀਆਂ ‘ਤੇ ਮਾਮਲਾ ਦਰਜ ਕੀਤਾ ਸੀ। ਜਾਣਕਾਰੀ ਮੁਤਾਬਕ ਪਿੰਡ ਦਾਨ ਸਿੰਘ ਵਾਲਾ ਵਿਚ ਭਾਈ ਬਖਤੌਰ ਦਾਸ ਦੇ ਡੇਰੇ ਵਿਚ, ਪਿੰਡ ਦੇ ਸੰਧੂ ਪਰਿਵਾਰ ਵੱਲੋਂ ਸ੍ਰੀ ਅਖੰਡ ਪਾਠ ਕਰਵਾਏ ਜਾ ਰਹੇ ਸਨ। ਮਹੰਤ ਬਖਤੌਰ ਦਾਸ ਵੱਲੋਂ ਡੇਰੇ ਵਿਚ ਪਾਠ ਮੌਕੇ ਦਾਰੂ ਪੀ ਕੇ ਬੈਠਣ ਦਾ ਮਾਮਲਾ ਸਾਹਮਣੇ ਆਉਣ ‘ਤੇ ਮਾਹੌਲ ਤਣਾਅਪੂਰਨ ਬਣ ਗਿਆ।

ਜਦੋਂ ਉਕਤ ਪਰਿਵਾਰ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਆਏ 5 ਪਿਆਰਿਆਂ ਦੀ ਹਾਜ਼ਰੀ ਵਿਚ ਡੇਰੇ ਦੀ ਤਲਾਸ਼ੀ ਲਈ ਗਈ ਤਾਂ ਡੇਰੇ ਦੇ ਕਮਰੇ ਵਿਚ ਪਏ ਇਕ ਟਰੰਕ ਵਿਚੋਂ ਫਟੇ ਹੋਏ ਗੁਟਕਾ ਸਾਹਿਬ ਮਿਲੇ, ਜਿਨ੍ਹਾਂ ਉਪਰ ਜੁੱਤੀਆਂ ਰੱਖੀਆਂ ਹੋਈਆਂ ਸਨ। 3 ਮੁਲਜ਼ਮਾਂ ਚੋਂ 2 ਕਾਬੂ, ਇੱਕ ਫ਼ਰਾਰ ਸੀ।

ਇਸ ਉੱਤੇ ਥਾਣਾ ਨੇਹੀਆਂ ਵਾਲਾ ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਡੇਰੇ ਦੇ ਮਹੰਤ ਬਖਤੌਰ ਦਾਸ, ਪਾਠੀ ਬਿੱਟੂ ਸਿੰਘ ਅਬਲੂ ਅਤੇ ਇੱਕ ਹੋਰ ਪਾਠੀ ਜੋ ਧੂਰੀ ਦਾ ਰਹਿਣ ਵਾਲਾ ਹੈ, ਉੱਤੇ ਗੁਟਕਾ ਸਾਹਿਬ ਦੀ ਬੇਅਦਬੀ ਸਬੰਧੀ ਬਣਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਇਨ੍ਹਾਂ ਤਿੰਨਾਂ ਮੁਲਜ਼ਮਾਂ ਚੋਂ ਦੋ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਇੱਕ ਫ਼ਰਾਰ ਸੀ।