ਕੋਧਰੇ ਦੀ ਖੇਤੀ ਕਰਕੇ ਗੁਰਦਾਸਪੁਰ ਦੇ  ਕਿਸਾਨ ਗੁਰਮੁਖ ਸਿੰਘ ਆਪਣੀ ਆਰਥਿਕਤਾ ਕੀਤੀ ਮਜਬੂਤ

ਕੋਧਰੇ ਦੀ ਖੇਤੀ ਕਰਕੇ ਗੁਰਦਾਸਪੁਰ ਦੇ  ਕਿਸਾਨ ਗੁਰਮੁਖ ਸਿੰਘ ਆਪਣੀ ਆਰਥਿਕਤਾ ਕੀਤੀ ਮਜਬੂਤ

*ਫ਼ਸਲਾਂ ਨੂੰ ਖੁਦ ਪ੍ਰੋਸੈਸ ਕਰਕੇ ਉਸਦਾ ਮੰਡੀਕਰਨ ਵੀ ਆਪ ਹੀ ਕਰਦੇ ਨੇ

ਗੁਰਮੁਖ ਸਿੰਘ ਕਲਸੀ ਪੁੱਤਰ ਭੋਲਾ ਸਿੰਘ ਵਾਸੀ ਪਿੰਡ ਰੰਗੀਲਪੁਰ ਬਲਾਕ ਬਟਾਲਾ ਗੁਰਦਾਸਪੁਰ ਅਨੁਸਾਰ ਉਸਦੀ ਪਤਨੀ ਅਤੇ ਦੋ ਬੱਚੇ ਅਤੇ ਇਕ ਭਰਾ ਦਾ ਪਰਿਵਾਰ ਕੁਦਰਤੀ ਖੇਤੀ ਕਰ ਰਿਹਾ ਹੈ ਤੇ ਛੋਟੀ ਉਮਰ ਵਿੱਚ ਮਾਤਾ ਪਿਤਾ ਦੇ ਦਿਹਾਂਤ ਤੋਂ ਬਾਅਦ ਬਚਪਨ ਵਿੱਚ ਹੀ ਘਰ ਦੀ ਜ਼ਿੰਮੇਵਾਰੀ ਸੰਭਾਲਦਿਆਂ ਆਪਣੇ ਪਿਤਾ ਪੁਰਖੀ ਕਾਰਜ ਖੇਤੀ ਨੂੰ ਅੱਗੇ ਵਧਾਇਆ। ਮੂਲ ਅਨਾਜ ਦੀ ਖੇਤੀ ਵੱਲ ਆਉਣ ਦਾ ਕਾਰਨ ਦੱਸਦਿਆਂ ਗੁਰਮੁਖ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਸਾਹਿਬ  ਜਦ ਭਾਈ ਲਾਲੋ ਦੇ ਘਰ ਗਏ ਸਨ ਤਾਂ ਉਨ੍ਹਾਂ ਨੇ ਕੋਧਰੇ ਦੀ ਰੋਟੀ ਖਾਧੀ ਸੀ। ਇਸ ਗੱਲ ਤੋਂ ਉਹ ਬਹੁਤ ਪ੍ਰਭਾਵਿਤ ਸਨ, ਜਿਸ ਲਈ ਉਹ ਵੀ ਕੋਧਰੇ ਤੇ ਹੋਰ ਮੂਲ ਅਨਾਜਾਂ ਦੀ ਖੇਤੀ ਕਰਨ ਵੱਲ ਆਏ। ਉਹ ਦਸਦੇ ਹਨ ਕਿ ਕਰੀਬ 9 ਸਾਲ ਪਹਿਲਾਂ  ਉਹ ਮਹਾਰਾਸ਼ਟਰ ਵਿੱਚ ਕਿਸਾਨੀ ਨਾਲ ਜੁੜੇ ਇੱਕ ਸੈਮੀਨਾਰ ਵਿਚ ਹਿਸਾ ਲੈਣ ਗਏ ਸਨ। ਉਥੇ ਗੁਰਮੁਖ ਦੀ ਮੁਲਾਕਾਤ ਮੂਲ ਅਨਾਜਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਨਾਲ ਹੋਈ ਅਤੇ ਕੁਝ ਗਿਆਨ ਮਿਲਿਆ।ਗੁਰਮੁਖ ਸਿੰਘ ਦੱਸਦੇ ਹਨ ਕਿ  ਉਨ੍ਹਾਂ ਦਾ ਕਹਿਣਾ ਹੈ ਕਿ ਉਸ ਨੂੰ ਕਿਸਾਨੀ ਵਿਰਾਸਤ ਵਿੱਚੋਂ ਮਿਲੀ ਹੈ ਭਾਵੇਂ ਕਿ ਉਨ੍ਹਾਂ ਨੇ ਗ੍ਰੈਜੁਏਸ਼ਨ ਤੱਕ ਪੜ੍ਹਾਈ ਕੀਤੀ ਪਰ ਜਦੋਂ ਖੇਤੀ ਨੂੰ ਆਪਣਾ ਕਿੱਤਾ ਬਣਾਇਆ ਅਤੇ ਕਈ ਸਾਲ ਪਹਿਲਾਂ ਉਨ੍ਹਾਂ ਨੇ ਹੋਰ ਕਿਸਾਨਾਂ ਨਾਲੋਂ ਵੱਖਰੇ ਤਰੀਕੇ ਨਾਲ ਖੇਤੀ ਕਰਨ ਦਾ ਫੈਸਲਾ ਲਿਆ।ਉਹ ਦੱਸਦੇ ਹਨ ਕਿ ਸਾਲ 2015 ਵਿੱਚ ਮੂਲ ਅਨਾਜਾਂ ਦੀ ਖੇਤੀ ਕਰਨੀ ਸ਼ੁਰੂ ਕਰਨ ਦਾ ਫੈਸਲਾ ਲਿਆ ।ਉਨ੍ਹਾਂ ਕੋਲ ਖੇਤੀਬਾੜੀ ਜ਼ਮੀਨ ਦਾ ਕੁਲ ਰਕਬਾ 22 ਏਕੜ ਹੈ ਅਤੇ 8 ਏਕੜ ਮੂਲ ਅਨਾਜ ਤੋਂ ਇਲਾਵਾ ਉਹ ਛੋਲੇ, ਸਰੋਂ, ਦੇਸੀ ਕਣਕ, ਦੇਸੀ ਬਾਸਮਤੀ, ਹਲਦੀ, ਅਲਸੀ ਅਤੇ ਦਾਲਾਂ ਦੀ ਖੇਤੀ ਕਰਦੇ ਹਨ । ਪਹਿਲੇ ਸਾਲ ਫਸਲ ਵਿੱਚ ਪਾਣੀ ਖੜ੍ਹਨ ਨਾਲ ਨੁਕਸਾਨ ਵੀ ਹੋਇਆ, ਪਰ ਹੁਣ ਉਹ ਇਨ੍ਹਾਂ ਫਸਲਾਂ ਦੀ ਬੀਜਾਈ ਆਦਿ ਕਰਨ ਵਿੱਚ ਕਾਫੀ ਕੁਝ ਸਿੱਖ ਚੁੱਕੇ ਹਨ।  ਇਹ ਸਿਲਸਿਲਾ ਅੱਗੇ-ਅੱਗੇ ਵਧਦਾ ਗਿਆ ਅਤੇ ਰਕਬਾ ਵੀ ਵਧਾ ਦਿੱਤਾ ਅਤੇ ਹੁਣ ਕਰੀਬ 8 ਏਕੜ ਵਿੱਚ ਮੂਲ ਅਨਾਜਾਂ ਦੀ ਖੇਤੀ ਕਰ ਰਿਹਾ ਹਾਂ।

ਗੁਰਮੁਖ ਸਿੰਘ ਨੇ ਮੂਲ ਅਨਾਜਾਂ ਦੀ ਕੁਦਰਤੀ ਖੇਤੀ ਕਰਕੇ  ਆਪਣੇ ਤਜਰਬੇ ਨਾਲ ਸਿੱਧ ਕੀਤਾ ਹੈ ਕਿ ਰਵਾਇਤੀ ਫਸਲਾਂ ਦੇ ਮੁਕਾਬਲੇ ਮੂਲ ਅਨਾਜ ਦੀ ਖੇਤੀ ਆਰਥਿਕ ਤੇ ਸਿਹਤ ਪੱਖੋਂ ਬਹੁਤ ਲਾਹੇਵੰਦ ਹੈ।ਜਿੱਥੇ ਉਹ ਖੇਤੀ ਕਰਦੇ ਹਨ ਉੱਥੇ ਨਾਲ ਹੀ ਆਪਣੇ ਅਨਾਜ ਤੇ ਫ਼ਸਲਾਂ ਨੂੰ ਖੁਦ ਪ੍ਰੋਸੈਸ ਕਰਕੇ ਉਸਦਾ ਮੰਡੀਕਰਨ ਵੀ ਆਪ ਹੀ ਕਰਦੇ ਹਨ।ਉਨ੍ਹਾਂ ਵਲੋਂ ਬਟਾਲਾ ਸ਼ਹਿਰ ਵਿੱਚ ਇੱਕ ਸਟੋਰ ਬਣਾਇਆ  ਗਿਆ ਹੈ ਜਿੱਥੇ ਉਹ ਆਪਣੇ ਖੇਤੀ ਵਾਲੇ ਅਨਾਜ ਤੇ ਖੇਤੀ ਨਾਲ ਜੁੜੇ ਹੋਰ ਆਰਗੈਨਿਕ ਸਮਾਨ ਵੀ ਸਟੋਰ ਵਿੱਚ ਵੇਚਦੇ ਹਨ।ਉਨ੍ਹਾਂ ਨੂੰ ਸਰਕਾਰ ਤੇ ਖੇਤੀ ਵਿਭਾਗ ਵਲੋਂ ਵੀ ਸਨਮਾਨਿਤ ਕੀਤਾ ਗਿਆ ਹੈ ।

ਗੁਰਮੁਖ ਸਿੰਘ ਦੱਸਦੇ ਸਨ ਕਿ ਉਨ੍ਹਾਂ ਨੂੰ ਕਣਕ-ਝੋਨੇ ਵਾਂਂਗ ਇਹ ਅਨਾਜ ਖੇਤਾਂ ਵਿੱਚੋਂ ਸਿੱਧੇ ਤੌਰ 'ਤੇ ਵੇਚਣ ਦਾ ਕੋਈ ਲਾਭ ਨਹੀਂ ਸੀ ਮਿਲ ਰਿਹਾ। ਅਜਿਹੇ ਵਿੱਚ ਉਨ੍ਹਾਂ ਨੂੰ ਇੱਕ ਗੈਰ-ਸਰਕਾਰੀ ਸੰਸਥਾ ਦਾ ਸਹਿਯੋਗ ਮਿਲਿਆ।ਉਸਦੀ ਮਦਦ ਨਾਲ ਗੁਰਮੁਖ ਸਿੰਘ ਨੂੰ ਅਨਾਜ ਨੂੰ ਪ੍ਰੋਸੈਸ ਕਰਨ ਲਈ ਮਸ਼ੀਨਾਂ ਮਿਲ ਗਈਆਂ ਅਤੇ ਬਾਕੀ ਥਾਂ 'ਤੇ ਸ਼ੈਡ ਉਨ੍ਹਾਂ ਨੇ ਆਪ ਖੜਾ ਕੀਤਾ। ਉਨ੍ਹਾਂ ਨੇ ਮੂਲ ਅਨਾਜ ਦਾ ਪ੍ਰੋਸੈਸਿੰਗ ਯੂਨਿਟ ਲਾਇਆ ਅਤੇ ਪ੍ਰੋਸੈਸ ਕੀਤੀ ਫ਼ਸਲ ਨੂੰ ਬਾਜ਼ਾਰ ਵਿੱਚ ਆਪਣਾ ਸਟੋਰ ਬਣਾ ਕੇ ਵੇਚਣਾ ਸ਼ੁਰੂ ਕੀਤਾ। ਉਹ ਸੋਸ਼ਲ ਮੀਡਿਆ ਰਾਹੀਂ ਵੀ ਗਾਹਕ ਜੋੜਨ ਵਿੱਚ ਸਫਲ ਰਹੇ। ਹੁਣ ਉਨ੍ਹਾਂ ਨੂੰ ਇਸ ਕੰਮ ਤੋਂ ਚੰਗੀ ਆਮਦਨ ਹੈ ।ਇਸ ਤੋਂ ਇਲਾਵਾ ਵੀ ਉਨ੍ਹਾਂ ਵਲੋਂ ਆਪਣੇ ਤੌਰ 'ਤੇ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਉਹ ਬਿਨਾਂ ਕਿਸੇ ਪੈਸੇ ਦੇ ਮੋਟੇ ਅਨਾਜਾਂ ਦਾ ਬੀਜ ਕਿਸਾਨਾਂ ਨੂੰ ਮੁਹਈਆ ਕਰਦੇ ਹਨ।ਜੇ ਕੋਈ ਕਿਸਾਨ ਇਸ ਬਾਰੇ ਜਾਣਕਾਰੀ ਵੀ ਲੈਣਾ ਚਾਹੰਦਾ ਹੈ ਤਾਂ ਉਹ ਆਪਣੇ ਖੇਤਾਂ ਵਿੱਚ ਇੱਕ ਤਰ੍ਹਾਂ ਨਾਲ ਫਾਰਮ ਸਕੂਲ ਵੀ ਚਲਾਉਂਦੇ ਹਨ ਅਤੇ ਕਿਸਾਨਾਂ ਨੂੰ ਟ੍ਰੇਨਿੰਗ ਦਿੰਦੇ ਹਨ।ਗੁਰਮੁਖ ਸਿੰਘ ਦੱਸਦੇ ਹਨ ਕਿ ਉਨ੍ਹਾਂ ਨਾਲ ਕੁਝ ਕਿਸਾਨ ਜੁੜੇ ਵੀ ਹੋਏ ਹਨ ਪਰ ਫਿਲਹਾਲ ਉਹ ਬਹੁਤ ਘੱਟ ਰਕਬੇ ਵਿੱਚ ਮੋਟੇ ਅਨਾਜਾਂ ਦੀ ਖੇਤੀ ਕਰ ਰਹੇ ਹਨ। ਅੱਗੇ ਜਾ ਕੇ ਉਹ ਉਨ੍ਹਾਂ ਕਿਸਾਨਾਂ ਵੱਲੋਂ ਫ਼ਸਲ ਦੇ ਝਾੜ ਤੋਂ ਬਾਅਦ ਉਨ੍ਹਾਂ ਦੇ ਇਸ ਪ੍ਰੋਸੈਸਿੰਗ ਯੂਨਿਟ ਵਿੱਚ ਹੀ ਫ਼ਸਲ ਪ੍ਰੋਸੈਸ ਕਰਨ ਵਿੱਚ ਵੀ ਮਦਦ ਕਰਦੇ ਹਨ।

ਕਿਸਾਨ ਗੁਰਮੁਖ ਸਿੰਘ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਇਸ ਖੇਤੀ ਨਾਲ ਜੁੜੇ ਕਿਸਾਨਾਂ ਨੂੰ ਵਿਸ਼ੇਸ ਸਬਸਿਡੀ ਦੇਵੇ ਜਾ ਫਿਰ ਇਨ੍ਹਾਂ ਫ਼ਸਲਾਂ ਦੀ ਐਮਐਸਪੀ ਤੈਅ ਹੋਵੇ ਤਾਂ ਹੋਰ ਕਿਸਾਨ ਵੀ ਇਸ ਪਾਸੇ ਮੂੰਹ ਕਰ ਸਕਦੇ ਹਨ ।ਉਨ੍ਹਾਂ ਦਾ ਕਹਿਣਾ ਹੈ ਮੂਲ ਅਨਾਜ ਬੀਜਣ ਦੌਰਾਨ ਹੀ ਪਾਣੀ ਲੱਗਦਾ ਹੈ। ਇਹ ਬਿਨਾਂ ਦਵਾਈ ਦੀ ਫ਼ਸਲ ਹੈ। ਝਾੜ ਤੋਂ ਬਾਅਦ ਵੀ ਇਨ੍ਹਾਂ ਫ਼ਸਲਾਂ ਦੀ ਸਾਂਭ ਸੰਭਾਲ ਵਿੱਚ ਵੀ ਕੋਈ ਦਿੱਕਤ ਨਹੀਂ ਹੈ ਕਿਉਂਕਿ ਇਹਨਾਂ ਨੂੰ ਕੋਈ ਕੀੜਾ ਨਹੀਂ ਲੱਗਦਾ।ਇਨ੍ਹਾਂ ਫ਼ਸਲਾਂ ਨਾਲ ਪਾਣੀ ਦੀ ਵੀ ਵੱਡੀ ਬਚਤ ਹੁੰਦੀ ਹੈ। ਇਹ ਸਿਹਤ, ਪਾਣੀ, ਵਾਤਾਵਰਣ ਤੇ ਮਿੱਟੀ ਦੀ ਸਿਹਤ ਲਈ ਵੀ ਵਰਦਾਨ ਹੈ।

ਗੁਰਮੁਖ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜੋ ਜਾਣਕਾਰੀ ਮਿਲੀ ਹੈ ਉਸ ਮੁਤਾਬਕ ਮੂਲ ਅਨਾਜ, ਸ਼ੂਗਰ, ਬਲੱਡ ਪਰੈਸ਼ਰ, ਆਦਿ ਦੇ ਮਰੀਜ਼ਾਂ ਲਈ ਵਰਦਾਨ ਹਨ ਅਤੇ ਮੋਟਾਪਾ ਘੱਟ ਕਰਨ ਵਿੱਚ ਲਾਭਦਾਇਕ ਹਨ।

ਖੇਤੀਬਾੜੀ ਮਾਹਿਰ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਭਾਰਤ ਵਿੱਚ ਮੂਲ ਅਨਾਜ ਮਹਾਰਾਸ਼ਟਰ, ਕਰਨਾਟਕ, ਗੁਜਰਾਤ ਅਤੇ ਰਾਜਸਥਾਨ ਸੂਬਿਆਂ ਵਿੱਚ ਬੀਜੇ ਜਾਂਦੇ ਹਨ। ਉਹ  ਦੱਸਦੇ ਹਨ ਕਿ ਹੁਣ ਕਿਉਂਕਿ ਇਨ੍ਹਾਂ ਫ਼ਸਲਾਂ ਨੂੰ ਘੱਟ ਪਾਣੀ ਦੀ ਲੋੜ ਹੁੰਦੀ ਹੈ ਅਤੇ ਜਿੱਥੇ ਵੀ ਕੰਡੀ ਜਾ ਨੀਮ ਪਹਾੜੀ ਇਲਾਕੇ ਹਨ ਉਥੇ ਵੀ ਇਹ ਫ਼ਸਲ ਬੀਜੀ ਜਾ ਸਕਦੀ ਹੈ। ਪੰਜਾਬ ਵਿੱਚ ਤਾਂ ਹਰ ਥਾਂ ਹੀ ਇਹ ਬੀਜੇ ਜਾ ਸਕਦੇ ਹਨ।ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਮੁਖ ਤੌਰ 'ਤੇ ਮਿਲੇਟਸ ਵਿੱਚ ਕੁਝ ਅਨਾਜ ਕੋਧਰਾ ਜਾਂ ਉਸ ਵਰਗੀਆਂ ਹੋਰ ਫ਼ਸਲਾਂ ਦੇ ਪੰਜਾਬ ਵਿੱਚ ਪ੍ਰੋਸੈਸਿੰਗ ਯੂਨਿਟ ਵੀ ਘੱਟ ਹਨ ਅਤੇ ਖਰੀਦਦਾਰ ਵੀ ਘੱਟ ਹਨ। ਇਸ ਲਈ ਭਾਵੇਂ ਕਿ ਪੰਜਾਬ ਦੇ ਕੁਝ ਕਿਸਾਨ ਮੂਲ ਅਨਾਜ ਦੀ ਖੇਤੀ ਜਰੂਰ ਕਰ ਰਹੇ ਹਨ ਪਰ ਵੱਡੇ ਪੱਧਰ ਉੱਤੇ ਇਹ ਖੇਤੀ ਨਹੀਂ ਹੈ।