ਪੀਐੱਚਡੀ ਪ੍ਰੋਫੈਸਰ ਬੇਰੁਜ਼ਗਾਰੀ ਕਾਰਣ ਸਬਜ਼ੀ ਦੀ ਰੇਹੜੀ ਲਗਾਉਣ ਲਗਾ

ਪੀਐੱਚਡੀ ਪ੍ਰੋਫੈਸਰ ਬੇਰੁਜ਼ਗਾਰੀ ਕਾਰਣ ਸਬਜ਼ੀ ਦੀ ਰੇਹੜੀ ਲਗਾਉਣ ਲਗਾ

ਪੰਜਾਬੀਯੂਨੀਵਰਸਿਟੀ, ਪਟਿਆਲਾ ਵਿੱਚ ਮਹਿਮਾਨ ਅਧਿਆਪਕ ਵਜੋਂ ਲੈਕਚਰਾਰ ਰਹਿ ਚੁਕਾ ਹੈ

ਵਜੀਫ਼ਾ ਹਾਸਲ ਕਰਕੇ ਪੀਐੱਚਡੀ ਲਾਅ ਤੱਕ ਦੀ ਪੜ੍ਹਾਈ ਪੂਰੀ ਕਰਨ ਵਾਲੇ ਸੰਦੀਪ ਸਿੰਘ ਕਿਸੇ ਵੇਲੇ ਸਰਕਾਰੀ ਯੂਨੀਵਰਸਿਟੀ ਵਿੱਚ ਮਹਿਮਾਨ ਅਧਿਆਪਕ ਵਜੋਂ ਪੜ੍ਹਾਉਂਦੇ ਰਹੇ ਹਨ।

ਪਰ ਹੁਣ ਉਹ ਰੇਹੜੀ ਉੱਤੇ ਸਬਜ਼ੀ ਵੇਚਣ ਲਈ ਮਜਬੂਰ ਹਨ।ਉਨ੍ਹਾਂ ਨੇ ਆਪਣੇ ਇਸ ਨਵੇਂ ਰੁਜ਼ਗਾਰ ਦਾ ਨਾਮ ‘ਪੀਐੱਚਡੀ ਸਬਜ਼ੀ’ ਵਾਲਾ ਰੱਖਿਆ ਹੈ।ਸੰਦੀਪ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੇ ਆਪਣੀ ਪੀਐੱਚਡੀ 2017 ਵਿੱਚ ਪੂਰੀ ਕਰ ਲਈ ਸੀ।ਉਨ੍ਹਾਂ ਦੱਸਿਆ, “ਇਸ ਤੋਂ ਬਾਅਦ ਮੈਂ ਐੱਮਏ ਪੰਜਾਬੀ, ਐੱਮਏ ਜਰਨਲਿਜ਼ਮ, ਐੱਮਏ ਵੁਮੈੱਨ ਸਟੱਡੀਜ਼, ਐੱਮਏ ਰਾਜਨੀਤੀ ਸ਼ਾਸਤਰ ਅਤੇ ਇਸ ਵੇਲੇ ਮੈਂ ਬੀ ਲਿਬ(ਬੈਚਲਰਜ਼ ਇੰਨ ਲਾਇਬ੍ਰੇਰੀ ਸਾਇੰਸਸ) ਕਰ ਰਿਹਾ ਹਾਂ। ਉਨ੍ਹਾਂ ਨੇ ‘ਯੂਨੀਵਰਸਿਟੀ ਗਰਾਂਟਸ ਕਮੀਸ਼ਨ’(ਯੂਜੀਸੀ) ਵੱਲੋਂ ਲਿਆ ਜਾਂਦਾ ‘ਜੂਨੀਅਰ ਰਿਸਰਚ ਫੈਲੋਸ਼ਿਪ’(ਜੇਆਰਐੱਫ) ਦਾ ਇਮਤਿਹਾਨ ਵੀ ਪਾਸ ਕੀਤਾ ਹੋਇਆ ਹੈ।ਬੀਤੇ ਸਾਲ ਜੂਨ ਮਹੀਨੇ ਤੱਕ ਉਹ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਮਹਿਮਾਨ ਅਧਿਆਪਕ ਵਜੋਂ ਲੈਕਚਰਾਰ ਸਨ।ਉਹ ਦੱਸਦੇ ਹਨ, “ਮੈਂ ਲਗਭਗ 11 ਸਾਲ ਪੜ੍ਹਾਇਆ ਹੈ, ਪਹਿਲੇ 5 ਸਾਲ ਮੈਂ ਜੇਆਰਐੱਫ ਵਜੋਂ ਪੜ੍ਹਾਇਆ ਅਤੇ 2016 ਤੋਂ ਅਗਲੇ ਸੱਤ ਸਾਲ ਤੱਕ ਮੈਂ ਗੈਸਟ ਫੈਕੁਲਟੀ ਵਜੋਂ ਪੜ੍ਹਾਇਆ।”

ਉਨ੍ਹਾਂ ਦੱਸਿਆ ਕਿ ਸਬਜ਼ੀ ਦੀ ਰੇਹੜੀ ਲਾਉਣ ਦਾ ਕੰਮ ਉਨ੍ਹਾਂ ਨੂੰ ਆਪਣੀ ਕਮਜ਼ੋਰ ਆਰਥਿਕਤਾ ਦੇ ਚਲਦਿਆਂ ਆਪਣੇ ਪਰਿਵਾਰ ਦੇ ਗੁਜ਼ਾਰੇ ਦੇ ਲਈ ਕਰਨਾ ਪਿਆ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਤਨਖ਼ਾਹ ਬਹੁਤ ਘੱਟ ਸੀ ਅਤੇ ਉਨ੍ਹਾਂ ਨੂੰ ਨੌਕਰੀ ਵਿੱਚ ਰੈਗੂਲਰ(ਪੱਕਾ) ਵੀ ਨਹੀਂ ਹੋਏ ਸਨ।ਉਹ ਕਹਿੰਦੇ ਹਨ ਕਿ ਇੱਕ ਮਹਿਮਾਨ ਅਧਿਆਪਕ ਵਜੋਂ ਉਹ ਸਾਲ ਦੇ ਛੇ ਤੋਂ ਸੱਤ ਮਹੀਨਿਆਂ ਵਿੱਚ 35000 ਹਜ਼ਾਰ ਕਮਾਉਂਦੇ ਸਨ। ਉਹ ਕਹਿੰਦੇ ਸਨ ਕਿ ਉਹ ਬਹੁਤੀ ਵਾਰੀ ਸਬਜ਼ੀ ਵੇਚਣ ਦੇ ਕਿੱਤੇ ਤੋਂ ਪਹਿਲਾਂ ਨਾਲੋਂ ਵੱਧ ਕਮਾਈ ਕਰ ਲੈਂਦੇ ਹਨ।ਸੰਦੀਪ ਵਿਆਹੇ ਹੋਏ ਹਨ, ਉਨ੍ਹਾਂ ਦਾ ਇੱਕ ਪੁੱਤਰ ਵੀ ਹੈ।ਉਨ੍ਹਾਂ ਦੀ ਉਮਰ 39 ਸਾਲ ਦੇ ਕਰੀਬ ਹੈ।ਉਹ ਅੰਮ੍ਰਿਤਸਰ ਦੀ ਫਤਿਹ ਸਿੰਘ ਕਲੋਨੀ ਵਿੱਚ ਇੱਕ ਕਿਰਾਏ ਦੇ ਘਰ ਵਿੱਚ ਰਹਿੰਦੇ ਹਨ।ਉਨ੍ਹਾਂ ਦਾ ਸੁਪਨਾ ਹੈ ਕਿ ਉਹ ਇੱਕ ਕੋਚਿੰਗ ਅਕੈਡਮੀ ਖੋਲ੍ਹਣ।

'ਸੰਦੀਪ ਸਿੰਘ ਆਖਦੇ ਹਨ ਕਿ ਮੇਰਾ ਬੱਚਾ ਮੈਨੂੰ ਵਾਰ-ਵਾਰ ਪੁੱਛਦਾ ਹੈ ਕਿ ਪਾਪਾ ਤੁਸੀਂ ਪਹਿਲਾਂ ਯੂਨੀਵਰਸਿਟੀ ਜਾਂਦੇ ਸੀ ਹੁਣ ਕਿਉਂ ਨਹੀਂ ਜਾਂਦੇ? ਕਦੋਂ ਜਾਣਾ ਹੈ?

ਉਹ ਦੱਸਦੇ ਹਨ, “ਮੇਰੇ ਕੋਲ ਬੱਸ ਫਿਰ ਇੱਕੋ ਜਵਾਬ ਹੁੰਦਾ ਹੈ ਕਿ ਚਾਰ ਕੁ ਦਿਨਾਂ ਤੱਕ ਜਾਵਾਂਗਾ, ਉਹ ਚਾਰ ਦਿਨ ਪਿਛਲੇ 6 ਮਹੀਨਿਆਂ ਵਿੱਚ ਤਾਂ ਖ਼ਤਮ ਨਹੀਂ ਹੋਏ ਪਤਾ ਨਹੀਂ ਕਦੋਂ ਖ਼ਤਮ ਹੋਣਗੇ।ਇਹ ਮੇਰੇ ਲਈ ਬਹੁਤ ਦਰਦ ਭਰਿਆ ਹੈ।ਉਹ ਆਪਣੇ ਟੀਚੇ ਬਾਰੇ ਦੱਸਦੇ ਹਨ “ਜਿਹੜਾ ਕੰਮ ਮੈਨੂੰ ਰੋਟੀ ਦੇ ਰਿਹਾ ਹੈ ਮੈਂ ਉਸ ਨੂੰ ਮਾੜਾ ਨਹੀਂ ਆਖ ਸਕਦਾ, ਮੈਂ ਜਲਦੀ ਹੀ ਆਪਣੇ ਪੜ੍ਹਾਉਣ ਦੇ ਕਿੱਤੇ ਵਿੱਚ ਵਾਪਸ ਜਾਵਾਂਗਾ।ਉਹ ਕਹਿੰਦੇ ਹਨ, “ਮੇਰੇ ਕੋਲ ਕੋਈ ਸਿਫ਼ਾਰਿਸ਼ ਨਹੀਂ ਹੈਂ, ਪੈਸੇ ਨਹੀਂ ਹਨ ਜਾਂ ਕੋਈ ਲਿੰਕ ਨਹੀਂ ਹਨ ਸ਼ਾਇਦ ਇਸੇ ਘਾਟ ਕਾਰਣ ਮੈਂ ਬੇਰੁਜਗਾਰ ਹਾਂ।ਉਹ ਕਹਿੰਦੇ ਹਨ, “ਜਦੋਂ ਆਲੇ ਦੁਆਲੇ ਦੇ ਲੋਕ ਜਾਂ ਮੇਰੇ ਬੱਚੇ ਜਦੋਂ ਵੇਖਦੇ ਹਨ ਕਿ ਉਨ੍ਹਾਂ ਦਾ ਪਿਤਾ ਹੁਣ ਪੜ੍ਹਾਉਣ ਦੀ ਥਾਂ ਰੇਹੜੀ ਲਗਾਉਂਦਾ ਹੈ ਤਾਂ ਤਣਾਅ ਹੁੰਦਾ ਹੈ।ਉਹ ਕਹਿੰਦੇ ਹਨ, “ਕੀ ਸਰਕਾਰ ਕੋਲ ਇੰਨੇ ਸਾਧਨ ਨਹੀਂ ਹਨ ਕਿ ਉਨ੍ਹਾਂ ਵਰਗੇ ਪੜ੍ਹੇ ਲਿਖੇ ਲੋਕਾਂ ਨੂੰ ਨੌਕਰੀ ਦੇ ਸਕੇ।ਉਨ੍ਹਾਂ ਕਿਹਾ ਕਿ ਉਹ ਸਰਕਾਰ ਕੋਲੋਂ ਕੁਝ ਨਹੀਂ ਮੰਗਦੇ, ਉਹ ਕਹਿੰਦੇ ਹਨ “ਲੋਕ ਸਰਕਾਰ ਨੂੰ ਵੋਟਾਂ ਪਾਉਂਦੇ ਹਨ ਇਨ੍ਹਾਂ ਦੀ ਇਹ ਡਿਊਟੀ ਬਣਦੀ ਹੈ ਕਿ ਹਰੇਕ ਨੂੰ ਬਣਦਾ ਰੁਜ਼ਗਾਰ ਮਿਲੇ।”