ਪੰਥ ਸੇਵਕਾਂ ਨੇ ਕਿਰਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਹਸਪਤਾਲ ਵਿਚ ਮੁਲਾਕਾਤ ਕੀਤੀ

ਪੰਥ ਸੇਵਕਾਂ ਨੇ ਕਿਰਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਹਸਪਤਾਲ ਵਿਚ ਮੁਲਾਕਾਤ ਕੀਤੀ

ਲੋਕਾਈ ਦੇ ਹਿਤਾਂ ਲਈ ਸੰਘਰਸ਼ ਕਰ ਰਹੇ ਕਿਰਸਾਨਾਂ ਦਾ ਸਾਥ ਦਿੱਤਾ ਜਾਵੇ: ਭਾਈ ਦਲਜੀਤ ਸਿੰਘ ਬਿੱਟੂ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਪਟਿਆਲਾ : ਜੁਝਾਰੂ ਸੰਘਰਸ਼ ਦੀਆਂ ਆਗੂ ਸਫਾ ਵਿਚ ਰਹੇ ਪੰਥ ਸੇਵਕ ਭਾਈ ਦਲਜੀਤ ਸਿੰਘ ਬਿੱਟੂ ਵੱਲੋਂ ਅੱਜ ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਵਿਖੇ ਪੁਲਿਸ ਹਿਰਾਸਤ ਵਿਚ ਰੱਖੇ ਜਾ ਰਹੇ ਕਿਰਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ ਗਈ। 

ਸ. ਡੱਲੇਵਾਲ ਨੂੰ ਮਿਲਣ ਪਹੁੰਚੇ ਭਾਈ ਦਲਜੀਤ ਸਿੰਘ ਤੇ ਸਾਥੀਆਂ ਨੂੰ ਪੰਜਾਬ ਪੁਲਿਸ ਵੱਲੋਂ ਹਸਪਤਾਲ ਦੇ ਬਾਹਰ ਨਾਕੇ ਉੱਤੇ ਰੋਕ ਲਿਆ ਗਿਆ ਜਿਸ ਤੋਂ ਬਾਅਦ ਭਾਈ ਦਲਜੀਤ ਸਿੰਘ ਨੇ ਹਸਪਤਾਲ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਅਤੇ ਹਰਿਆਣੇ ਦੀਆਂ ਆਪ ਤੇ ਭਾਜਪਾ ਸਰਕਾਰਾਂ ਵੱਲੋਂ ਕਿਰਸਾਨਾਂ ਦੇ ਸ਼ਾਂਤਮਈ ਸੰਘਰਸ਼ ਉੱਪਰ ਕੀਤੇ ਗਏ ਜ਼ਬਰ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ। ਉਹਨਾ ਕਿਹਾ ਕਿ ਸੂਬਾ ਤੇ ਕੇਂਦਰ ਸਰਕਾਰਾਂ ਦਿੱਲੀ ਦਰਬਾਰ ਦੀ ਕਿਰਤ ਦੀ ਲੁੱਟ ਅਤੇ ਲੋਕਾਂ ਉੱਤੇ ਜ਼ਬਰ ਦੀ ਨੀਤੀ ਉੱਤੇ ਚੱਲ ਰਹੀਆਂ ਹਨ।

ਕਿਰਸਾਨ ਆਗੂਆਂ ਨਾਲ ਤਾਲਮੇਲ ਕਰਕੇ ਭਾਈ ਦਲਜੀਤ ਸਿੰਘ ਨੇ ਦੁਪਹਿਰ ਬਾਅਦ ਸ. ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕਰਕੇ ਉਹਨਾ ਦਾ ਹਾਲ ਪੁੱਛਿਆ ਅਤੇ ਕਿਰਸਾਨ ਸੰਘਰਸ਼ ਦੀ ਹਿਮਾਇਤ ਕੀਤੀ। ਜ਼ਿਕਰਯੋਗ ਹੈ ਕਿ ਸ. ਜਗਜੀਤ ਸਿੰਘ ਡੱਲੇਵਾਲ ਨੇ ਕਿਰਸਾਨੀ ਮੁੱਦਿਆਂ ਉੱਤੇ ਮਰਨ ਵਰਤ ਸ਼ੁਰੂ ਕੀਤਾ ਹੈ ਅਤੇ ਪੁਲਿਸ ਉਹਨਾ ਨੂੰ ਜ਼ਬਰੀ ਹਸਪਤਾਲ ਵਿਚ ਦਾਖਲ ਕੀਤਾ ਗਿਆ ਹੈ।

ਉਹਨਾ ਕਿਹਾ ਕਿ ਦਿੱਲੀ ਦਰਬਾਰ ਨੇ ਕਿਰਸਾਨ ਸੰਘਰਸ਼ ਦੌਰਾਨ ਕਿਰਸਾਨ ਧਿਰਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਜਿਸ ਕਾਰਨ ਕਿਰਸਾਨ ਮੁੜ ਸੰਘਰਸ਼ ਦੇ ਰਾਹ ਪਏ ਹਨ। ਉਹਨਾ ਕਿਹਾ ਕਿ ਇਸ ਵੇਲੇ ਕਿਰਤੀ ਕਿਰਸਾਨ ਮਜਲੂਮ ਧਿਰ ਹਨ ਤੇ ਸਰਕਾਰ ਜ਼ਾਬਰ ਧਿਰ ਹੈ। ਖਾਲਸਾ ਪੰਥ ਨੂੰ ਗੁਰੂ ਸਾਹਿਬ ਵੱਲੋਂ ਬਖਸ਼ੇ “ਮਜਲੂਮ ਦੀ ਰੱਖਿਆ ਤੇ ਜਰਵਾਣੇ ਦੀ ਭੱਖਿਆ” ਦੇ ਆਦੇਸ਼ ਅਨੁਸਾਰ ਕਿਰਸਾਨਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ।

ਉਹਨਾ ਕਿਹਾ ਕਿ ਅਸੀਂ ਇਸੇ ਫਰਜ਼ ਦੀ ਪੂਰਤੀ ਲਈ ਅੱਜ ਸ. ਜਗਜੀਤ ਸਿੰਘ ਡੱਲੇਵਾਲ ਸਮੇਤ ਨਜ਼ਰਬੰਦ ਕਿਰਸਾਨ ਆਗੂਆਂ ਨਾਲ ਮੁਲਾਕਾਤ ਕੀਤੀ ਹੈ ਅਤੇ ਲੋਕਾਈ ਦੇ ਭਲੇ ਹਿਤ ਉਹਨਾ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੀ ਹਿਮਾਇਤ ਕੀਤੀ ਹੈ।

ਇਸ ਮੌਕੇ ਭਾਈ ਦਲਜੀਤ ਸਿੰਘ ਨਾਲ ਬਾਬਾ ਇੰਦਰ ਸਿੰਘ ਕਾਰਸੇਵਾ, ਬਾਬਾ ਬਖਸ਼ੀਸ਼ ਸਿੰਘ, ਸ. ਜਗਦੀਸ਼ ਸਿੰਘ ਪਟਿਆਲਾ, ਬਾਬਾ ਦਿਲਬਾਗ ਸਿੰਘ, ਗੁਰਿੰਦਰ ਸਿੰਘ ਘੋਨਾ, ਰਵਿੰਦਰਪਾਲ ਸਿੰਘ (ਗੋਸਟਿ ਸਭਾ ਪੰਜਾਬੀ ਯੂਨੀਵਰਸਿਟੀ), ਮਨਪ੍ਰੀਤ ਸਿੰਘ, ਪਰਮਜੀਤ ਸਿੰਘ ਗਾਜ਼ੀ, ਸਹਿਜ ਸਿੰਘ ਅਤੇ ਬਲਜੀਤ ਸਿੰਘ ਮਹਿਤਾ ਵੀ ਹਾਜ਼ਰ ਸਨ।