ਪੰਜਾ ਸਾਹਿਬ ਦਾ ਸਾਕਾ ਸੰਬੰਧੀ ਇਤਿਹਾਸ 

ਪੰਜਾ ਸਾਹਿਬ ਦਾ ਸਾਕਾ  ਸੰਬੰਧੀ ਇਤਿਹਾਸ 

  ਸਾਕਾ ਪੰਜਾ ਸਾਹਿਬ ਦੀ ਕਹਾਣੀ

ਸਾਕਾ ਪੰਜਾ ਸਾਹਿਬ ਦੀ ਕਹਾਣੀ ਅਸਲ ਵਿਚ ਅਮ੍ਰਿੰਤਸਰ ਵਿਚ ਗੁਰੂ ਕੇ ਬਾਗ ਮੋਰਚੇ ਲਈ ਲੜੇ ਗਏ ਸੰਘਰਸ਼ ਦੀ ਅਗਲੀ ਕੜੀ ਸੀ।ਸ਼੍ਰੋਮਣੀ ਕਮੇਟੀ ਨੇ ਮਹੰਤਾਂ ਕੋਲੋ ਗੁਰੂ ਕੇ ਬਾਗ ਮੋਰਚੇ ਦਾ ਕਬਜਾ ਲੈ ਲਿਆ ਸੀ। ਪਰ ਇਸ ਗੁਰਦੁਆਰੇ ਦੇ ਨਾਂ ਲੱਗੀ ਜ਼ਮੀਨ ਵਿਚੋਂ ਲੰਗਰ ਲਈ ਲੱਕੜ ਵੱਢਣ ਨਹੀਂ ਦਿੱਤੀ ਜਾ ਰਹੀ ਸੀ।ਇਸ ਦੇ ਵਿਰੋਧ ਵਿਚ 8 ਅਗਸਤ 1922 ਨੂੰ ਮੁੜ ਸ਼ਾਂਤਮਈ ਅਹਿੰਸਕ ਅੰਦੋਲਨ ਸ਼ੁਰੂ ਹੋ ਗਿਆ।ਪੁਲਿਸ ਜਥੇ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲੈਂਦੀ ਅਤੇ ਨਾਜਾਇਜ਼ ਦਖ਼ਲ ਦਾ ਮੁਕੱਦਮਾ ਚਲਾਉਦੀ ਅਤੇ ਹਿਰਾਸਤ ਵਿਚ ਅੰਨ੍ਹੇਵਾਹ ਜ਼ਬਰ ਕਰਦੀ ਸੀ। ਇਹ ਸਭ ਕੁਝ 13 ਸਤੰਬਰ ਤੱਕ ਚੱਲਦਾ ਰਿਹਾ।ਤਤਕਾਲੀ ਗਵਰਨਰ ਪੰਜਾਬ ਦੇ ਦਖ਼ਲ ਨਾਲ ਪੁਲਿਸ ਜ਼ਬਰ ਤਾਂ ਬੰਦ ਹੋ ਗਿਆ ਪਰ ਗ੍ਰਿਫ਼ਤਾਰੀਆਂ ਮੁੜ ਸ਼ੁਰੂ ਹੋ ਗਈਆਂ।ਗ੍ਰਿਫ਼ਤਾਰ ਸਿੱਖ ਕਾਰਕੁਨਾਂ ਉੱਤੇ ਅੰਮ੍ਰਿਤਸਰ ਵਿਚ ਰਸਮੀ ਅਦਾਲਤੀ ਕਾਰਵਾਈ ਤੋਂ ਬਾਅਦ ਰੇਲ੍ਹ ਗੱਡੀਆਂ ਵਿਚ ਭਰਕੇ ਦੂਰ ਦੂਰਾਡੇ ਦੀਆਂ ਜੇਲ੍ਹਾਂ ਵਿਚ ਭੇਜਿਆ ਜਾਣ ਲੱਗਾ।

29 ਅਕਤੂਬਰ 1922 ਨੂੰ ਸਿੱਖ ਕੈਦੀਆਂ ਨੂੰ ਲੈ ਕੇ ਇੱਕ ਰੇਲ ਗੱਡੀ ਨੂੰ ਅਟਕ ਭੇਜਿਆ ਗਿਆ, ਜੋ ਵਾਇਆ ਹਸਨ ਅਬਦਾਲ ਜਾਣੀ ਸੀ।ਇਸ ਮੋਰਚੇ ਦੌਰਾਨ ਗ੍ਰਿਫਤਾਰੀਆਂ ਦੇਣ ਵਾਲੇ ਅਕਾਲੀ ਸਿੱਖਾਂ ਨੂੰ ਬਰਤਾਨਵੀ ਅਫ਼ਸਰਾਂ ਵਲੋਂ ਭੁੱਖੇ-ਭਾਣੇ ਕੈਦ ਕਰਕੇ ਰੇਲ ਗੱਡੀਆਂ ਰਾਹੀਂ ਅਟਕ ਦੀ ਜੇਲ੍ਹ ਲਿਜਾਇਆ ਜਾ ਰਿਹਾ ਸੀ।ਇਹ ਘਟਨਾ 30 ਅਕਤੂਬਰ,1922 ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਸਿੱਖ ਸੰਗਤ ਨੇ ਹਸਨ ਅਬਦਾਲ ਰੇਲਵੇ ਸਟੇਸ਼ਨ ਉੱਤੇ ਗੱਡੀ ਰੁਕਵਾ ਕੇ ਭੁੱਖੇ ਕੈਦੀਆਂ ਨੂੰ ਲੰਗਰ ਛਕਾਉਣ ਦਾ ਪ੍ਰਬੰਧ ਕੀਤਾ।ਪੰਜਾ ਸਾਹਿਬ ਗੁਰਦੁਆਰੇ ਦੀ ਸੰਗਤ ਅਤੇ ਖਜ਼ਾਨਚੀ ਭਾਈ ਪ੍ਰਤਾਪ ਸਿੰਘ ਨੂੰ ਭੁੱਖੇ ਕੈਦੀ ਸਿੱਖਾਂ ਨੂੰ ਲੰਗਰ ਛਕਾਉਣ ਲਈ ਹਸਨ ਅਬਦਾਲ ਰੇਲਵੇ ਸਟੇਸ਼ਨ ਦੇ ਮਾਸਟਰ ਨੂੰ ਰੇਲ ਗੱਡੀ ਨੂੰ ਰੋਕਣ ਲਈ ਕਿਹਾ।ਉਨ੍ਹਾਂ ਦਾ ਮੰਤਵ ਭੁੱਖੇ ਸਿੱਖ ਕੈਦੀਆਂ ਨੂੰ ਲੰਗਰ ਪਾਣੀ ਛਕਾਉਣਾ ਸੀ, ਪਰ ਸਟੇਸ਼ਨ ਮਾਸਟਰ ਨੇ ਰੇਲ ਗੱਡੀ ਰੋਕਣ ਤੋਂ ਇਨਕਾਰ ਕਰ ਦਿੱਤਾ।

ਚੱਲਦੀ ਗੱਡੀ ਨੂੰ ਜ਼ਬਰਦਸਤੀ ਰੋਕਣ ਲਈ ਭਾਈ ਪ੍ਰਤਾਪ ਸਿੰਘ ਖ਼ਜ਼ਾਨਚੀ ਅਤੇ ਆਨੰਦਪੁਰ ਸਾਹਿਬ ਤੋਂ ਆਏ ਇੱਕ ਸ਼ਰਧਾਲੂ ਕਰਮ ਸਿੰਘ ਆਪਣੇ ਸ਼ੀਸ਼ ਰੇਲ ਗੱਡੀ ਦੀ ਪੱਟੜੀ 'ਤੇ ਰੱਖ ਕੇ ਲੇਟ ਗਏ।ਗੱਡੀ ਨਾ ਰੁਕੀ ਤੇ ਉਹ ਦੋਵੇਂ ਉਸੇ ਥਾਂ ਸ਼ਹੀਦ ਹੋ ਗਏ। ਉਨ੍ਹਾਂ ਦੇ ਨਾਲ ਛੇ ਹੋਰ ਸਿੰਘ ਵੀ ਇਸ ਦੌਰਾਨ ਜ਼ਖ਼ਮੀ ਹੋ ਗਏ ਸਨ।ਗੱਡੀ ਉਸੇ ਸਥਾਨ 'ਤੇ ਡੇਢ ਘੰਟੇ ਲਈ ਰੁਕੀ ਰਹੀ, ਜਿਸ ਨਾਲ ਉਸ 'ਵਿਚ ਸਵਾਰ ਸਿੱਖ ਕੈਦੀਆਂ, ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਸਨ, ਨੂੰ ਲੰਗਰ ਵਰਤਾਇਆ ਗਿਆ ਅਤੇ ਹੋਰ ਜ਼ਰੂਰੀ ਵਸਤਾਂ ਵੰਡੀਆਂ ਗਈਆਂ।ਇਨਸਾਈਕਲੋਪੀਡੀਆ ਆਫ਼ ਸਿੱਖਇਜ਼ਮ ਦੇ ਅਨੁਸਾਰ, ਪੰਜਾ ਸਾਹਿਬ ਸਾਕੇ ਦੀ ਯਾਦ ਵਿੱਚ 14 ਅਕਤੂਬਰ, 1932 ਈਸਵੀ ਨੂੰ ਪਟਿਆਲਾ ਸ਼ਾਹੀ ਰਿਆਸਤ ਦੇ ਉਸ ਸਮੇਂ ਟਿੱਕਾ ਯਾਦਵਿੰਦਰ ਦੀ ਪ੍ਰਧਾਨਗੀ ਅਧੀਨ ਨਵੇਂ ਸਰੋਵਰ ਦਾ ਨਿਰਮਾਣ ਸ਼ੁਰੂ ਕਰਵਾਇਆ ਗਿਆ।ਪੰਜ ਪਿਆਰਿਆਂ ਭਾਈ ਰਣਧੀਰ ਸਿੰਘ, ਬਾਬਾ ਵਿਸਾਖਾ ਸਿੰਘ, ਬਾਬਾ ਨਿਧਾਨ ਸਿੰਘ, ਭਾਈ ਜੋਧ ਸਿੰਗ ਅਤੇ ਸੰਤ ਬੁੱਧ ਸਿੰਘ ਦੁਆਰਾ ਅਰਦਾਸ ਕਰਕੇ ਇਸ ਦਾ ਕਾਰਜ ਸ਼ੁਰੂ ਕਰਵਾਇਆ ਗਿਆ ਸੀ।ਭਾਰਤ ਦੀ ਆਜ਼ਾਦੀ ਅਤੇ ਵੰਡ ਦੇ ਨਾਲ ਹੀ ਇਹ ਗੁਰਦੁਆਰਾ ਕਈ ਹੋਰ ਸਿੱਖ ਗੁਰਦੁਆਰਿਆਂ ਅਤੇ ਸਿੱਖ ਧਾਮਾਂ ਵਾਂਗ ਪਾਕਿਸਤਾਨ ਵਾਲੇ ਪਾਸੇ ਰਹਿ ਗਿਆ।ਹਸਨ ਅਬਦਾਲ ਰੇਲਵੇ ਸਟੇਸ਼ਨ ਤੋਂ ਕਰੀਬ ਇੱਕ ਕਿਲੋਮੀਟਰ ਦੂਰੀ ਉੱਪਰ ਹੀ ਪੰਜਾ ਸਾਹਿਬ ਗੁਰਦੁਆਰਾ ਸਥਿਤ ਹੈ।ਗੁਰੂ ਨਾਨਕ ਦੇਵ ਜੀ ਪੱਛਮੀ ਉਦਾਸੀ ਤੋਂ ਵਾਪਸ ਆਉਂਦੇ ਸਮੇਂ ਇਸ ਸਥਾਨ ਉੱਪਰ ਕੁਝ ਸਮਾਂ ਰੁਕੇ ਸਨ।ਇਸ ਸਮੇਂ ਗੁਰੂ ਨਾਨਕ ਦੇਵ ਨਾਲ ਉਨ੍ਹਾਂ ਦੇ ਮੁਸਲਮਾਨ ਸ਼ਰਧਾਲੂ ਭਾਈ ਮਰਦਾਨਾ ਵੀ ਸਨ।ਕਲੀ ਕੰਧਾਰੀ ਵਾਲੀ ਘਟਨਾ

ਭਾਈ ਸੰਤੋਖ ਸਿੰਘ ਦੀ ਲਿਖਤ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਅਤੇ ਪ੍ਰਚਲਿਤ ਸਿੱਖ ਪਰੰਪਰਾਵਾਂ ਅਨੁਸਾਰ ਇਸ ਸਥਾਨ ਉੱਪਰ ਭਾਈ ਮਰਦਾਨਾ ਨੂੰ ਪਾਣੀ ਦੀ ਪਿਆਸ ਲੱਗੀ ਸੀ।ਪਾਣੀ ਪੀਣ ਲਈ ਉਹ ਪਹਾੜ 'ਤੇ ਇਕਾਂਤ ਵਿੱਚ ਰਹਿੰਦੇ ਵਲੀ ਕੰਧਾਰੀ ਨਾਮੀ ਸੂਫੀ ਕੋਲ ਗਏ, ਪਰ ਵਲੀ ਕੰਧਾਰੀ ਵੱਲੋਂ ਭਾਈ ਮਰਦਾਨਾ ਨੂੰ ਤਿੰਨ ਵਾਰ ਪਾਣੀ ਮੰਗਣ ਉੱਤੇ ਵੀ ਪਾਣੀ ਨਾ ਦਿੱਤਾ ਗਿਆ। ਗੁਰੂ ਨਾਨਕ ਸਾਹਿਬ ਨੇ "ਸਤਿ ਕਰਤਾਰ ਕਹਿ" ਕੇ "ਪ੍ਰਭੂ ਦਾਸ ਕਾ ਦੁਖ ਖਵਿ ਸਕੇ" ਦੇ ਭਾਵ ਅਨੁਸਾਰ ਭਾਈ ਮਰਦਾਨਾ ਨੂੰ ਕੋਲ ਪਿਆ ਪੱਥਰ ਚੁੱਕਣ ਲਈ ਕਿਹਾ।ਜਦੋਂ ਮਰਦਾਨਾ ਨੇ ਪੱਥਰ ਚੁੱਕਿਆ ਤਾਂ ਉਸ ਹੇਠੋਂ ਪਾਣੀ ਦਾ ਚਸ਼ਮਾ ਫੁੱਟ ਗਿਆ।ਉੱਧਰ ਵਲੀ ਕੰਧਾਰੀ ਦੇ ਚਸ਼ਮੇ ਦਾ ਪਾਣੀ ਖਤਮ ਹੋਣ ਲੱਗਾ ਤੇ ਕੰਧਾਰੀ ਨੇ ਕ੍ਰੋਧ ਵਿੱਚ ਆ ਕੇ ਆਪਣੀ ਸ਼ਕਤੀ ਨਾਲ ਇੱਕ ਪੱਥਰ ਗੁਰੂ ਜੀ ਵੱਲ ਧੱਕ ਦਿੱਤਾ।ਅੱਗੇ ਗੁਰੂ ਜੀ ਨੇ ਆਪਣੇ ਪੰਜੇ ਨਾਲ ਪੱਥਰ ਨੂੰ  ਰੋਕ ਲਿਆ। ਇਸੇ ਕਾਰਨ ਬਾਅਦ ਵਿੱਚ ਇਸ ਇਤਿਹਾਸਕ ਸਥਾਨ ਦਾ ਨਾਮ ਪੰਜਾ ਸਾਹਿਬ ਪੈ ਗਿਆ।ਪੰਜਾ ਸਾਹਿਬ ਸਥਾਨ 'ਤੇ ਗੁਰਦੁਆਰੇ ਦੀ ਸੇਵਾ ਸਭ ਤੋਂ ਪਹਿਲਾਂ ਜਰਨੈਲ ਹਰੀ ਸਿੰਘ ਨਲਵਾ ਦੁਆਰਾ ਕਰਵਾਈ ਗਈ ਸੀ। ਹਰਬੰਸ ਸਿੰਘ ਦੇ ਇਨਸਾਈਕਲੋਪੀਡੀਆ ਆਫ਼ ਸਿੱਖਇਜ਼ਮ ਅਨੁਸਾਰ, ਮਹਾਰਾਜਾ ਰਣਜੀਤ ਸਿੰਘ ਦੁਆਰਾ ਗੁਰਦੁਆਰਾ ਪੰਜਾ ਸਾਹਿਬ ਨੂੰ ਕੁਝ ਜ਼ਮੀਨ ਦਿੱਤੀ ਗਈ ਸੀ ਅਤੇ ਆਪਣੇ ਜੀਵਨ ਦੌਰਾਨ ਉਹ ਇੱਕ ਵਾਰ ਇੱਥੇ ਆਏ ਵੀ ਸਨ।ਕੁਝ ਹੋਰ ਸਰੋਤਾਂ ਅਨੁਸਾਰ ਪੰਜ ਸੌ ਰੁਪਏ ਸਲਾਨਾ ਜਾਗੀਰ ਅਤੇ ਕੁਝ ਸਥਾਨਕ ਪਣਚੱਕੀਆਂ ਤੋਂ ਹੋਣ ਵਾਲੀ ਆਮਦਨ ਵੀ ਪੰਜਾ ਸਾਹਿਬ ਗੁਰੂਦੁਆਰੇ ਦੇ ਨਾਮ ਲਗਾਈ ਸੀ।1920 ਈਸਵੀ ਤੱਕ ਬਰਤਾਨਵੀ ਰਾਜ ਦੌਰਾਨ ਹੋਰ ਗੁਰਦੁਆਰਿਆਂ ਵਾਂਗ ਪੰਜਾ ਸਾਹਿਬ ਉੱਤੇ ਵੀ ਮਹੰਤਾਂ ਦਾ ਕਬਜ਼ਾ ਸੀ।17-18 ਨਵੰਬਰ, 1920 ਈਸਵੀ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਜਥੇਦਾਰ ਕਰਤਾਰ ਸਿੰਘ ਝੱਬਰ ਦੀ ਅਗਵਾਈ ਅਧੀਨ 25 ਸਿੰਘਾਂ ਦੇ ਜੱਥੇ ਦੁਆਰਾ ਗੁਰਦੁਆਰਾ ਪੰਜਾ ਸਾਹਿਬ ਨੂੰ ਵੀ ਮਹੰਤਾਂ ਦੇ ਕਬਜ਼ੇ ਤੋਂ ਆਜਾਦ ਕਰਵਾ ਕੇ ਸ਼੍ਰੋਮਣੀ ਕਮੇਟੀ ਦੇ ਅਧੀਨ ਲਿਆਂਦਾ ਗਿਆ ਸੀ।ਧਾਰਮਿਕ ਮਹੱਤਵ

1947 ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਅਪ੍ਰੈਲ ਖਾਲਸਾ ਸਾਜਨਾ 'ਤੇ ਅਤੇ ਹੋਰ ਮਹੱਤਵਪੂਰਨ ਦਿਹਾੜਿਆਂ 'ਤੇ ਪਾਕਿਸਤਾਨ ਵਿਖੇ ਜਥੇ ਭੇਜੇ ਜਾਂਦੇ ਹਨ।