ਇਮਰਾਨ ਖ਼ਾਨ ਚੋਣ ਕਮਿਸ਼ਨ ਵੱਲਂ ਅਯੋਗ ਕਰਾਰ

ਇਮਰਾਨ ਖ਼ਾਨ ਚੋਣ ਕਮਿਸ਼ਨ ਵੱਲਂ ਅਯੋਗ ਕਰਾਰ

ਸਾਬਕਾ ਪ੍ਰਧਾਨ ਮੰਤਰੀ ’ਤੇ ਸੀ ਤੋਹਫ਼ਿਆਂ ਦੀ ਵਿਕਰੀ ਤੋਂ ਆਮਦਨ ਲੁਕਾਉਣ ਦਾ ਲੱਗਾ ਦੋਸ਼

*ਪੰਜ ਸਾਲ ਤੱਕ ਨਹੀਂ ਬਣ ਸਕਣਗੇ ਸੰਸਦ ਮੈਂਬਰ

ਅੰਮ੍ਰਿਤਸਰ ਟਾਈਮਜ਼

ਇਸਲਾਮਬਾਦ: ਪਾਕਿਸਤਾਨ ਚੋਣ ਕਮਿਸ਼ਨ ਨੇ  ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ‘ਤੋਸ਼ਾਖਾਨਾ ਕੇਸ’ ਵਿੱਚ ਪੰਜ ਸਾਲਾਂ ਲਈ ਅਯੋਗ ਕਰਾਰ ਦਿੱਤਾ ਹੈ। ਉਨ੍ਹਾਂ ’ਤੇ ਵਿਦੇਸ਼ੀ ਨੇਤਾਵਾਂ ਤੋਂ ਪ੍ਰਾਪਤ ਤੋਹਫ਼ਿਆਂ ਦੀ ਵਿਕਰੀ ਤੋਂ ਪ੍ਰਾਪਤ ਆਮਦਨ ਲੁਕਾਉਣ ਦਾ ਦੋਸ਼ ਸੀ। ਮੁੱਖ ਚੋਣ ਕਮਿਸ਼ਨਰ ਸਿਕੰਦਰ ਸੁਲਤਾਨ ਰਾਜਾ ਦੀ ਅਗਵਾਈ ਵਾਲੇ ਚਾਰ ਮੈਂਬਰੀ ਬੈਂਚ ਦੇ ਇਸ ਫ਼ੈਸਲੇ ਮਗਰੋਂ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ (ਪੀਟੀਆਈ) ਮੁਖੀ ਇਮਰਾਨ ਖ਼ਾਨ ਪੰਜ ਸਾਲਾਂ ਤੱਕ ਸੰਸਦ ਮੈਂਬਰ ਨਹੀਂ ਬਣ ਸਕਦੇ। ਇਹ ਫ਼ੈਸਲਾ ਪੰਜ ਮੈਂਬਰੀ ਬੈਂਚ ਵੱਲੋਂ ਸਰਬਸੰਮਤੀ ਨਾਲ ਲਿਆ ਗਿਆ। ਹਾਲਾਂਕਿ ਫ਼ੈਸਲੇ ਦੇ ਐਲਾਨ ਸਮੇਂ ਬੈਂਚ ਦੇ ਪੰਜਾਬ ਤੋਂ ਮੈਂਬਰ ਹਾਜ਼ਰ ਨਹੀਂ ਸਨ।

ਦੱਸਣਯੋਗ ਹੈ ਕਿ ਸੱਤਾਧਾਰੀ ਗੱਠਜੋੜ ਸਰਕਾਰ ਦੇ ਸੰਸਦ ਮੈਂਬਰਾਂ ਨੇ ਅਗਸਤ ਮਹੀਨੇ ਇਮਰਾਨ ਖ਼ਾਨ ਖ਼ਿਲਾਫ਼ ਪਾਕਿਸਤਾਨ ਚੋਣ ਕਮਿਸ਼ਨ (ਈਸੀਪੀ) ਨੂੰ ਸ਼ਿਕਾਇਤ ਦਿੱਤੀ ਸੀ। ਇਸ ਸ਼ਿਕਾਇਤ ਵਿੱਚ ਤੋਸ਼ਾਖਾਨਾ ਵਿੱਚੋਂ ਰਿਆਇਤੀ ਭਾਅ ’ਤੇ ਖਰੀਦੇ ਗਏ ਤੋਹਫਿਆਂ ਦੀ ਵਿਕਰੀ ਤੋਂ ਹੋਈ ਆਮਦਨ ਦਾ ਖੁਲਾਸਾ ਨਾ ਕਰਨ ਨੂੰ ਲੈ ਕੇ ਇਮਰਾਨ ਖ਼ਾਨ ਨੂੰ ਅਯੋਗ ਕਰਾਰ ਦੇਣ ਦੀ ਮੰਗ ਕੀਤੀ ਗਈ ਸੀ। ਮਾਮਲੇ ਦੀ ਸੁਣਵਾਈ ਮਗਰੋਂ ਚੋਣ ਕਮਿਸ਼ਨ ਨੇ 19 ਸਤੰਬਰ ਨੂੰ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਸੀ। ਚੋਣ ਕਮਿਸ਼ਨ ਦੇ ਬੈਂਚ ਨੇ ਹੁਣ ਸਰਬਸੰਮਤੀ ਨਾਲ ਫ਼ੈਸਲਾ ਸੁਣਾਇਆ ਕਿ ਇਮਰਾਨ ਖ਼ਾਨ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਸਨ ਅਤੇ ਉਨ੍ਹਾਂ ਨੂੰ ਸੰਸਦ ਦੇ ਮੈਂਬਰ ਵਜੋਂ ਅਯੋਗ ਕਰਾਰ ਦੇ ਦਿੱਤਾ। ਬੈਂਚ ਨੇ ਇਹ ਵੀ ਕਿਹਾ ਕਿ ਉਨ੍ਹਾਂ ਖ਼ਿਲਾਫ਼ ਭ੍ਰਿਸ਼ਟਾਚਾਰ ਕਾਨੂੰਨ ਤਹਿਤ ਕਾਰਵਾਈ ਵੀ ਕੀਤੀ ਜਾਵੇਗੀ।

ਦੱਸਣਯੋਗ ਹੈ ਕਿ ਸਾਲ 2018 ’ਵਿਚ ਸੱਤਾ ਵਿੱਚ ਇਮਰਾਨ ਖ਼ਾਨ ਨੂੰ ਅਧਿਕਾਰਤ ਦੌਰਿਆਂ ਦੌਰਾਨ ਅਰਬ ਸ਼ਾਸਕਾਂ ਤੋਂ ਮਹਿੰਗੇ ਤੋਹਫ਼ੇ ਮਿਲੇ ਸਨ ਜਿਹੜੇ ਤੋਸ਼ਾਖਾਨਾ ਵਿੱਚ ਜਮ੍ਹਾਂ ਕੀਤੇ ਗਏ ਸਨ। ਬਾਅਦ ਵਿੱਚ ਖ਼ਾਨ ਨੇ ਸਬੰਧਿਤ ਕਾਨੂੰਨ ਮੁਤਾਬਕ ਤੋਹਫ਼ਿਆਂ ਨੂੰ ਰਿਆਇਤੀ ਮੁੱਲ ’ਤੇ ਖਰੀਦਿਆ ਅਤੇ ਵੱਧ ਮੁਨਾਫ਼ੇ ’ਤੇ ਵੇਚ ਦਿੱਤਾ। ਸਾਬਕਾ ਪ੍ਰਧਾਨ ਮੰਤਰੀ ਨੇ ਸੁਣਵਾਈ ਦੌਰਾਨ ਚੋਣ ਕਮਿਸ਼ਨ ਨੂੰ ਦੱਸਿਆ ਸੀ ਕਿ ਤੋਸ਼ਾਖਾਨਾ ਤੋਂ ਲਗਪਗ 2.1 ਕਰੋੜ ਰੁਪਏ ਵਿੱਚ ਖਰੀਦੇ ਤੋਹਫ਼ਿਆਂ ਦੀ ਵਿਕਰੀ ਤੋਂ ਉਨ੍ਹਾਂ ਨੂੰ 5.8 ਕਰੋੜ ਰੁਪਏ ਮਿਲੇ ਸਨ। ਇਮਰਾਨ ਖ਼ਾਨ ਵੱਲੋਂ ਖਰੀਦੇ ਤੋਹਫ਼ਿਆਂ ਵਿੱਚ ਗਰਾਫ ਕੰਪਨੀ ਦੀ ਘੜੀ, ਇੱਕ ਮਹਿੰਗਾ ਪੈੱਨ, ਮੁੰਦਰੀ ਅਤੇ ਰੋਲੈਕਸ ਕੰਪਨੀਆਂ ਚਾਰ ਘੜੀਆਂ ਸਣੇ ਹੋਰ ਸਾਮਾਨ ਸ਼ਾਮਲ ਸੀ। ਆਪਣੇ ਵਿਰੋਧੀਆਂ ਮੁਤਾਬਕ ਇਮਰਾਨ ਆਮਦਨ ਕਰ ਰਿਟਰਨ ਵਿੱਚ ਇਨ੍ਹਾਂ ਤੋਹਫ਼ਿਆਂ ਦੀ ਵਿਕਰੀ ਦੱਸਣ ’ਚ ਅਸਫਲ ਰਹੇ ਸਨ। ਇਸੇ ਦੌਰਾਨ ਸਥਾਨਕ ਜੀਓ ਨਿਊਜ਼ ਟੀਵੀ ’ਤੇ ਪ੍ਰਸਾਰਿਤ (ਲੰਡਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਿਕਾਰਡ ਕੀਤੀ) ਟਿੱਪਣੀ ’ਚ ਇਮਰਾਨ ਖ਼ਾਨ ਦੀ ਵਿਰੋਧੀ ਅਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਨੇਤਾ ਮਰੀਅਮ ਨਵਾਜ਼ ਨੇ ਕਿਹਾ, ‘‘ਹੁਣ ਇਹ ਸਾਬਤ ਹੋ ਗਿਆ ਹੈ ਉਹ ਇੱਕ ‘ਸਰਟੀਫਾਈਡ ਚੋਰ’ ਹਨ।’’

ਫ਼ੈਸਲੇ ਨੂੰ ਹਾਈ ਕੋਰਟ ’ਚ ਚੁਣੌਤੀ ਦੇਵੇਗੀ ਤਹਿਰੀਕ-ਏ-ਇਨਸਾਫ਼ ਪਾਰਟੀ 

ਤਹਿਰੀਕ-ਏ-ਇਨਸਾਫ਼ ਪਾਰਟੀ ਨੇ ਇਮਰਾਨ ਖ਼ਾਨ ਨੂੰ ਅਯੋਗ ਠਹਿਰਾਏ ਜਾਣ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਦਾ ਫ਼ੈਸਲਾ ਕੀਤਾ ਹੈ ਅਤੇ ਇਸ ਗੱਲ ਨੂੰ ਖਾਰਜ ਕੀਤਾ ਕਿ ਉਹ (ਇਮਰਾਨ) ਹੁਣ ਕੌਮੀ ਅਸੈਂਬਲੀ ਦੇ ਮੈਂਬਰ ਨਹੀਂ ਹਨ। ਹਾਲਾਂਕਿ ਖ਼ਾਨ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਪੀਟੀਆਈ ਦੇ ਜਨਰਲ ਸਕੱਤਰ ਅਸਦ ਉਮਰ ਨੇ ਕਿਹਾ ਕਿ ਪਾਰਟੀ ਮੁਖੀ ਇਮਰਾਨ ਖ਼ਾਨ ਨੂੰ ਅਯੋਗ ਠਹਿਰਾਏ ਜਾਣ ਦੇ ਫ਼ੈਸਲੇ ਨੂੰ ਇਸਲਾਮਾਬਾਦ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਜਾਵੇਗੀ। ਵਕੀਲ ਫ਼ੈਸਲ ਚੌਧਰੀ ਨੇ ਕਿਹਾ ਚੋਣ ਕਮਿਸ਼ਨ ਦੇ ਟ੍ਰਿਬਿਊਨਲ ਕੋਲ ਮਾਮਲੇ ਦੇ ਸੁਣਵਾਈ ਦਾ ਕੋਈ ਅਧਿਕਾਰ ਨਹੀਂ ਹੈ ਅਤੇ ਇਸ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ, ‘‘ਇਹ ਇੱਕ ਗ਼ੈਰਕਾਨੂੰਨੀ ਅਤੇ ਗ਼ੈਰ-ਸੰਵਿਧਾਨਕ ਹੁਕਮ ਹੈ।’’ ਇਸੇ ਦੌਰਾਨ ਪਾਰਟੀ ਦੇ ਸੀਨੀਅਰ ਨੇਤਾ ਫਵਾਦ ਚੌਧਰੀ ਨੇ ਫ਼ੈਸਲੇ ਨੂੰ ਖਾਰਜ ਕਰਦਿਆਂ ਖ਼ਾਨ ਦੇ ਸਮਰਥਕਾਂ ਨੂੰ ਵਿਰੋਧ ਪ੍ਰਦਰਸ਼ਨ ਕਰਨ ਅਤੇ ਸਰਕਾਰ ਦਾ ‘ਤਖਤਾ ਪਲਟਣ’ ਦੀ ਅਪੀਲ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਹਾਲਾਂਕਿ ਵੱਖ-ਵੱਖ ਸ਼ਹਿਰਾਂ ਵਿੱਚ ਉਨ੍ਹਾਂ ਦੇ ਸਮਰਥਕ ਇਕੱਠੇ ਹੋਏ ਜਿਨ੍ਹਾਂ ਨੇ ਰਸਤੇ ਅਤੇ ਸੜਕਾਂ ਰੋਕੀਆਂ ਪਰ ਕਿਤੇ ਵੀ ਕਿਸੇ ਕੋਈ ਹਿੰਸਕ ਘਟਨਾ ਹੋਣ ਦੀ ਰਿਪੋਰਟ ਨਹੀਂ ਹੈ। -