ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਗੁਰਦੁਆਰਾ  ਨਨਕਾਣਾ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ  ਮਨਾਇਆ

ਲਹਿੰਦੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ 10 ਹਜ਼ਾਰ ਦੇ ਕਰੀਬ ਸੰਗਤ ਨੇ ਗੁਰਦੁਆਰਾ ਜਨਮ ਅਸਥਾਨ ਵਿਖੇ ਮੱਥਾ ਟੇਕਿਆ।

*ਪਾਕਿਸਤਾਨ ਦੇ ਸੰਘੀ ਮੰਤਰੀ ਪਲਾਨਿੰਗ ਡਿਵੈਲਪਮੈਂਟ ਡਾ: ਅਹਿਸਾਨ ਇਕਬਾਲ ਚੌਧਰੀ ਨੇ ਸੰਗਤਾਂ ਨੂੰ ਦਿਤੀਆਂ ਮੁਬਾਰਕਾਂ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਅੰਮਿ੍ਤਸਰ-ਪਾਕਿਸਤਾਨ ਸਥਿਤ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੀਤੇ ਦਿਨੀ ਂਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਵਿਸ਼ਾਲ ਤੇ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ । ਨਗਰ ਕੀਰਤਨ ਆਰੰਭ ਕੀਤੇ ਜਾਣ ਤੋਂ ਪਹਿਲਾਂ ਗੁਰੂ ਘਰ ਦੇ ਸ਼ਰਧਾਲੂ ਸਈਦ ਜ਼ਮੀਲ ਅੱਬਾਸ ਸ਼ਾਹ ਵਲੋਂ ਗੁਰਦੁਆਰਾ ਜਨਮ ਅਸਥਾਨ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਸਵਾਰੀ ਲਈ ਰੈੱਡ ਕਾਰਪੇਟ ਵਿਛਾਏ ਗਏ । ਇਸ ਦੇ ਇਲਾਵਾ ਗੁਰੂ ਨਾਨਕ ਜੀ ਸੇਵਕ ਜਥਾ ਸ੍ਰੀ ਨਨਕਾਣਾ ਸਾਹਿਬ ਵਲੋਂ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਸਮੇਤ ਵੱਖ-ਵੱਖ ਭਵਨਾਂ 'ਵਿਚ ਰੰਗ-ਬਿਰੰਗੇ ਖ਼ੂਬਸੂਰਤ ਫੁੱਲਾਂ ਦੀ ਸਜਾਵਟ ਕੀਤੀ ਗਈ ਤੇ ਸਮੁੱਚੇ ਨਗਰ ਕੀਰਤਨ ਦੇ ਰਸਤੇ ਸੰਗਤ ਵਾਸਤੇ ਕੋਲਡ ਡਰਿੰਕ ਅਤੇ ਮਿਨਰਲ ਵਾਟਰ ਦਾ ਵੀ ਪ੍ਰਬੰਧ ਕੀਤਾ ਗਿਆ।ਇਸ ਮੌਕੇ ਅਤੁੱਟ ਲੰਗਰ ਵਰਤਾਏ ਗਏ ਤੇ 300 ਦੇ ਕਰੀਬ ਪ੍ਰਾਣੀਆਂ ਨੂੰ ਅੰਮਿ੍ਤਪਾਨ ਵੀ ਕਰਵਾਇਆ ਗਿਆ । ਸਜਾਏ ਗਏ ਧਾਰਮਿਕ ਦੀਵਾਨ ਵਿਚ ਭਾਈ ਨਾਨਕ ਰਾਮ, ਬਲਦੇਵ ਸਿੰਘ ਮਲੇਸ਼ੀਆ ਵਾਲੇ, ਪ੍ਰੋ. ਗੁਰਚਰਨ ਸਿੰਘ, ਸੰਤੋਖ ਸਿੰਘ, ਭਾਈ ਗੁਰਪ੍ਰੀਤ ਸਿੰਘ, ਬੀਬੀ ਮਨਬੀਰ ਕੌਰ ਅਤੇ ਅਖੰਡ ਕੀਰਤਨੀ ਜਥਿਆਂ ਸਮੇਤ ਹੋਰਨਾਂ ਨੇ ਗੁਰਬਾਣੀ ਦੇ ਰਸਭਿੰਨੇ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ।

ਨਗਰ ਕੀਰਤਨ 'ਇਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਲਈ ਇੰਗਲੈਂਡ ਦੀ ਸੰਗਤ ਵਲੋਂ ਭੇਟ ਕੀਤੀ ਗਈ ਪਾਲਕੀ ਬੱਸ ਨੂੰ ਖ਼ੂਬਸੂਰਤ ਫੁੱਲਾਂ ਅਤੇ ਹਾਰਾਂ ਨਾਲ ਸਜਾਇਆ ਗਿਆ।ਇਹ ਮਹਾਨ ਨਗਰ ਕੀਰਤਨ ਖ਼ਾਲਸਾਈ ਸ਼ਾਨੋ-ਸ਼ੌਕਤ ਤੇ 'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਨਾਲ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੋਂ ਰਵਾਨਾ ਹੋ ਕੇ ਗੁਰਦੁਆਰਾ ਪੱਟੀ , ਗੁਰਦੁਆਰਾ ਤੰਬੂ ਸਾਹਿਬ, ਗੁਰਦੁਆਰਾ ਪੰਜਵੀਂ-ਛੇਵੀਂ ਪਾਤਸ਼ਾਹੀ ਅਤੇ ਗੁਰਦੁਆਰਾ ਮਾਲ ਜੀ ਸਾਹਿਬ ਤੋਂ ਹੁੰਦਾ ਹੋਇਆ ਗੁਰਦੁਆਰਾ ਕਿਆਰਾ ਸਾਹਿਬ ਵਿਖੇ ਸਮਾਪਤ ਹੋਇਆ ।ਨਗਰ ਕੀਰਤਨ 'ਚ ਸ੍ਰੀ ਨਨਕਾਣਾ ਸਾਹਿਬ ਦੇ ਸਿੱਖ ਵਿਦਿਆਰਥੀ ਕੇਸਰੀ ਦਸਤਾਰਾਂ ਸਜਾ ਕੇ ਖ਼ਾਲਸਈ ਬਾਣੇ 'ਵਿਚ ਸ਼ਾਮਿਲ ਹੋਏ ਅਤੇ ਵਿਦਿਆਰਥੀਆਂ ਦੇ ਬੈਂਡ ਤੇ ਗਤਕਾ ਪਾਰਟੀਆਂ ਨੇ ਕਲਾ ਦੇ ਜੌਹਰ ਦਿਖਾਏ ।ਨਨਕਾਣਾ ਸਾਹਿਬ ਤੋਂ ਬਾਬਰ ਜਲੰਧਰੀ ਅਤੇ ਮੁਨੀਰ ਹੁਸ਼ਿਆਰਪੁਰੀ ਨੇ 'ਅਜੀਤ' ਨਾਲ ਉਕਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪ੍ਰਕਾਸ਼ ਪੁਰਬ ਮੌਕੇ ਭਾਰਤ ਸਮੇਤ ਪਾਕਿਸਤਾਨ ਦੇ ਸੂਬਾ ਸਿੰਧ, ਖ਼ੈਬਰ ਪਖਤੂਨਖਵਾ, ਬਲੋਚਿਸਤਾਨ ਅਤੇ ਲਹਿੰਦੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ 10 ਹਜ਼ਾਰ ਦੇ ਕਰੀਬ ਸੰਗਤ ਨੇ ਗੁਰਦੁਆਰਾ ਜਨਮ ਅਸਥਾਨ ਵਿਖੇ ਮੱਥਾ ਟੇਕਿਆ ਤੇ ਗੁਰੂ ਘਰ ਦਾ ਅਸ਼ੀਰਵਾਦ ਪ੍ਰਾਪਤ ਕੀਤਾ।ਇਸ ਮੌਕੇ ਸਮਾਗਮ ਵਿ'ਚ ਪਾਕਿਸਤਾਨ ਦੇ ਸੰਘੀ ਮੰਤਰੀ ਪਲਾਨਿੰਗ ਡਿਵੈਲਪਮੈਂਟ ਡਾ: ਅਹਿਸਾਨ ਇਕਬਾਲ ਚੌਧਰੀ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋਏ ।ਡਾ: ਸ਼ਿਜ਼ਰਾ ਮਨਸਬ, ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਮੇਲਾ ਰਾਮ, ਪਾਕਿਸਤਾਨ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਚੇਅਰਮੈਨ ਡਾ. ਹਬੀਬ ਓਰ ਰਹਿਮਾਨ ਗਿਲਾਨੀ, ਵਧੀਕ ਸਕੱਤਰ (ਸ਼ਰਾਈਨਜ਼) ਰਾਣਾ ਸ਼ਾਹਿਦ ਸਲੀਮ, ਡਿਪਟੀ ਸਕੱਤਰ ਸੈਫੁੱਲਾ, ਫ਼ਰਾਜ਼ ਅੱਬਾਸ, ਮੀਡੀਆ ਸਕੱਤਰ ਅਮੀਰ ਹਾਸ਼ਮੀ, ਸੁਹੈਲ ਰਜ਼ਾ ਅਹਿਮਦ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮੀਰ ਸਿੰਘ, ਸਾਬਕਾ ਪ੍ਰਧਾਨ ਸਤਵੰਤ ਸਿੰਘ, ਬਿਸ਼ਨ ਸਿੰਘ, ਤਾਰਾ ਸਿੰਘ, ਐਮ. ਪੀ. ਏ. ਰਮੇਸ਼ ਸਿੰਘ ਅਰੋੜਾ, ਗੋਪਾਲ ਸਿੰਘ ਚਾਵਲਾ, ਡਾ. ਮਿਮਪਾਲ ਸਿੰਘ, ਇੰਦਰਜੀਤ ਸਿੰਘ ਅਰੋੜਾ, ਸੰਤੋਖ ਸਿੰਘ, ਰਵਿੰਦਰ ਸਿੰਘ, ਮਨਿੰਦਰ ਸਿੰਘ ਮਿੰਨੀ ਆਦਿ ਸਮੇਤ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਹਰਿਆਣਾ ਕਮੇਟੀ ਆਦਿ ਦੇ ਦਲਜੀਤ ਸਿੰਘ, ਸੁੱਚਾ ਸਿੰਘ, ਇਕਬਾਲ ਸਿੰਘ, ਗੁਰਦਿਆਲ ਸਿੰਘ ਆਜ਼ਾਦ, ਸ਼ਮਸ਼ੇਰ ਸਿੰਘ, ਸ਼ਰਨਜੀਤ ਸਿੰਘ, ਡਿਪਟੀ ਕਮਿਸ਼ਨਰ ਸ੍ਰੀ ਨਨਕਾਣਾ ਸਾਹਿਬ, ਡੀ. ਪੀ. ਓ. ਆਦਿ ਉੱਚ ਅਧਿਕਾਰੀ ਤੇ ਆਗੂ ਹਾਜ਼ਰ ਹੋਏ। ਇਸ ਮੌਕੇ ਮੁੱਖ ਮਹਿਮਾਨ ਡਾ: ਅਹਿਸਾਨ ਇਕਬਾਲ ਚੌਧਰੀ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਮੌਕੇ ਪਾਕਿਸਤਾਨ ਪਹੁੰਚੀ ਸੰਗਤ ਨੂੰ ਵਧਾਈ ਦਿੰਦਿਆਂ ਗੁਰੂ ਸਾਹਿਬ ਦੇ ਸ਼ਾਂਤੀ ਤੇ ਭਾਈਚਾਰੇ ਦੇ ਸੰਦੇਸ਼ ਨੂੰ ਅਮਲ 'ਚ ਲਿਆਉਣ ਦੀ ਅਪੀਲ ਕੀਤੀ। ਚੇਅਰਮੈਨ ਚੇਲਾ ਰਾਮ ਨੇ ਪਾਕਿ ਹਿੰਦੂਆਂ ਲਈ ਹਰਿਦੁਆਰ ਅਤੇ ਹੋਰ ਤੀਰਥਾਂ ਦੇ ਵੀਜ਼ੇ ਜਾਰੀ ਕਰਨ ਦੀ ਅਪੀਲ ਕੀਤੀ |

ਚੇਅਰਮੈਨ ਹਬੀਬ ਓਰ ਰਹਿਮਾਨ ਗਿਲਾਨੀ ਨੇ ਕਿਹਾ ਕਿ ਪਾਕਿ ਸਰਕਾਰ ਵਲੋਂ ਘੱਟ ਗਿਣਤੀਆਂ ਦੇ ਧਾਰਮਿਕ ਸਮਾਗਮ ਹਰ ਸਾਲ ਅਤੇ ਹਰ ਸਥਿਤੀ ਵਿਚ ਪੂਰੇ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਯਾਤਰੂਆਂ ਦੀ ਰਿਹਾਇਸ਼ ਦੀ ਸਮੱਸਿਆ ਦੇ ਹੱਲ ਲਈ ਬਹੁਤ ਜਲਦੀ ਗੁਰਦੁਆਰਾ ਸਾਹਿਬ ਵਿਖੇ ਇਕ ਵਿਸ਼ਾਲ ਸਰਾਂ ਦੀ ਉਸਾਰੀ ਕਰਵਾਈ ਜਾ ਰਹੀ ਹੈ। ਇਸ ਮੌਕੇ ਅਮੀਰ ਸਿੰਘ ਨੇ ਪ੍ਰਕਾਸ਼ ਪੁਰਬ ਮੌਕੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ 'ਚ ਪਹੁੰਚੀ ਸੰਗਤ ਨੂੰ ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ ਰਿਹਾਇਸ਼ ਜਾਂ ਆਵਾਜਾਈ ਦੌਰਾਨ ਆਈਆਂ ਮੁਸ਼ਕਿਲਾਂ ਬਾਰੇ ਮੁਆਫ਼ੀ ਮੰਗੀ। ਉਨ੍ਹਾਂ ਇਸ ਮੌਕੇ ਨਾਨਕਸ਼ਾਹੀ ਕੈਲੰਡਰ ਅਤੇ ਪਾਕਿਸਤਾਨ ਵਿਚ ਚੱਲ ਰਹੀਆਂ ਉਸਾਰੀਆਂ ਬਾਰੇ ਵੀ ਗੱਲਬਾਤ ਕੀਤੀ ਤੇ ਨਾਲ ਹੀ ਉਨ੍ਹਾਂ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਪਕਿਸਤਾਨ ਆਉਣ ਵਾਲੇ ਸ਼ਰਧਾਲੂਆਂ ਤੋਂ ਵਸੂਲੀ ਜਾ ਰਹੀ 20 ਡਾਲਰ ਦੀ ਫ਼ੀਸ ਅਤੇ ਪਾਸਪੋਰਟ ਦੀ ਸ਼ਰਤ ਖ਼ਤਮ ਕਰਨ ਦੀ ਵੀ ਮੰਗ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਥਾ ਆਗੂਆਂ ਪ੍ਰੀਤ ਸਿੰਘ ਬਿਰਲਾਸ, ਵਰਿੰਦਰ ਸਿੰਘ ਠਰੂ ਤੇ ਹਰਪਾਲ ਸਿੰਘ ਨੇ ਕਿਹਾ ਕਿ ਭਾਵੇਂ ਪੂਰੀ ਦੁਨੀਆ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮ ਸਜਾਏ ਜਾਂਦੇ ਹਨ, ਪ੍ਰੰਤੂ ਗੁਰੂ ਸਾਹਿਬ ਦੇ ਪ੍ਰਕਾਸ਼ ਅਸਥਾਨ 'ਤੇ ਗੁਰਪੁਰਬ ਸਮਾਗਮਾਂ ਦਾ ਹਿੱਸਾ ਬਣਨਾ ਸ਼ਰਧਾਲੂਆਂ ਲਈ ਸੁਭਾਗੇ ਪਲ ਹਨ । ਉਨ੍ਹਾਂ ਆਖਿਆ ਕਿ ਪਾਕਿ ਸਰਕਾਰ ਨੂੰ ਸ਼ਰਧਾਲੂਆਂ ਦੇ ਵੀਜ਼ੇ ਕੱਟਣੇ ਨਹੀਂ ਚਾਹੀਦੇ ।ਉਨ੍ਹਾਂ ਕਿਹਾ ਕਿ ਇਸ ਵਾਰ ਸ਼੍ਰੋਮਣੀ ਕਮੇਟੀ ਵਲੋਂ ਭੇਜੇ 1496 ਸ਼ਰਧਾਲੂਆਂ 'ਚੋਂ 586 ਸ਼ਰਧਾਲੂਆਂ ਨੂੰ ਪਾਕਿਸਤਾਨ ਹਾਈ ਕਮਿਸ਼ਨ ਵਲੋਂ ਵੀਜ਼ਾ ਨਹੀਂ ਦਿੱਤਾ ਗਿਆ, ਜਿਸ ਕਾਰਨ ਸ਼ਰਧਾਲੂਆਂ ਦੇ ਮਨਾਂ 'ਚ ਰੋਸ ਹੈ । ਇਹ ਅਤਿ ਅਹਿਮ ਮਾਮਲਾ ਹੈ, ਜਿਸ ਵੱਲ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਉਚੇਚਾ ਧਿਆਨ ਦੇਣਾ ਚਾਹੀਦਾ ਹੈ । ਸਮਾਗਮ ਦੌਰਾਨ ਉਕਤ ਆਗੂਆਂ ਵਲੋਂ ਮੁੱਖ ਮਹਿਮਾਨ ਸਮੇਤ ਪੀ. ਐਸ. ਜੀ. ਪੀ. ਸੀ. ਅਤੇ ਈ. ਟੀ. ਪੀ. ਬੀ. ਦੇ ਅਹੁਦੇਦਾਰਾਂ ਤੇ ਅਧੀਕਰੀਆਂ ਨੂੰ ਸਿਰੋਪਾਓ ਭੇਟ ਕੀਤੇ ਗਏ ।

ਸ੍ਰੀ ਨਨਕਾਣਾ ਸਾਹਿਬ 'ਚ ਰਹੀ ਸਰਕਾਰੀ ਛੁੱਟੀ

ਇਸ ਵਾਰ ਇਹ ਪਹਿਲਾ ਮੌਕਾ ਸੀ ਜਦੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਵਿਚ ਸਰਕਾਰੀ ਛੁੱਟੀ ਐਲਾਨੀ ਗਈ | ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਇਸ ਬਾਰੇ ਲਿਖਤੀ ਹੁਕਮ ਜਾਰੀ ਕਰਦਿਆਂ ਜ਼ਿਲ੍ਹੇ ਦੇ ਘੱਟ ਗਿਣਤੀਆਂ ਨੂੰ ਵਧਾਈ ਵੀ ਦਿੱਤੀ