76 ਸਾਲਾਂ ਬਾਅਦ ਕੀ ਪਾਕਿਸਤਾਨ ਭਾਰਤ ਬਾਰੇ ਨੀਤੀ ਬਦਲੇਗਾ !

76 ਸਾਲਾਂ ਬਾਅਦ ਕੀ ਪਾਕਿਸਤਾਨ ਭਾਰਤ ਬਾਰੇ  ਨੀਤੀ ਬਦਲੇਗਾ  !

ਪਾਕਿ ਮਾਹਿਰਾਂ ਦਾ ਕਹਿਣਾ ਹੈ ਕਿ ਮੁਸਲਿਮ ਦੇਸ਼ ਦੋਸਤੀ ਲਈ ਕਰਨਗੇ ਮਜਬੂਰ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਇਸਲਾਮਾਬਾਦ: ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਲਗਾਤਾਰ ਤਣਾਅਪੂਰਨ ਬਣੇ ਹੋਏ ਹਨ। ਪਾਕਿਸਤਾਨ ਦੇ ਸਾਬਕਾ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਭਾਰਤ ਨਾਲ ਦੋਸਤੀ ਦੀ ਕੋਸ਼ਿਸ਼ ਕੀਤੀ ਸੀ ਪਰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਸਿਰੇ ਨਹੀਂ ਚੜ੍ਹਨ ਦਿੱਤਾ। ਪਾਕਿਸਤਾਨ ਕਸ਼ਮੀਰ 'ਤੇ ਅੜਿਆ ਹੋਇਆ ਹੈ ਅਤੇ ਕਿਹਾ ਹੈ ਕਿ ਅਸੀਂ ਉਦੋਂ ਤੱਕ ਗੱਲਬਾਤ ਨਹੀਂ ਕਰਾਂਗੇ ਜਦੋਂ ਤੱਕ ਭਾਰਤ ਧਾਰਾ 370 ਨੂੰ ਬਹਾਲ ਨਹੀਂ ਕਰਦਾ। ਹੁਣ ਪਾਕਿਸਤਾਨੀ ਮਾਹਿਰਾਂ ਦਾ ਕਹਿਣਾ ਹੈ ਕਿ ਦੇਸ਼ ਵਿਚ ਚੋਣਾਂ ਤੋਂ ਬਾਅਦ ਪਾਕਿਸਤਾਨ ਆਪਣੀ ਭਾਰਤ ਨੀਤੀ ਨੂੰ ਬਦਲਣ ਲਈ ਮਜਬੂਰ ਹੋ ਸਕਦਾ ਹੈ, ਜੋ ਲਗਭਗ 76 ਸਾਲਾਂ ਤੋਂ ਚਲੀ ਆ ਰਹੀ ਹੈ। ਸਾਊਦੀ ਅਰਬ ਅਤੇ ਯੂਏਈ ਪਾਕਿਸਤਾਨ ਨੂੰ ਅਜਿਹਾ ਕਰਨ ਲਈ ਮਜਬੂਰ ਕਰ ਸਕਦੇ ਹਨ। 

ਪਾਕਿਸਤਾਨੀ ਅਖਬਾਰ ਐਕਸਪ੍ਰੈਸ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਕਾਮਰਾਨ ਯੂਸਫ ਦਾ ਕਹਿਣਾ ਹੈ ਕਿ ਪਾਕਿਸਤਾਨ ਨੇ ਅਜਿਹੇ ਸੰਕੇਤ ਦਿੱਤੇ ਹਨ ਕਿ ਉਹ ਭਾਰਤ ਪ੍ਰਤੀ ਆਪਣੀ 76 ਸਾਲ ਪੁਰਾਣੀ ਅੜੀਅਲ ਨੀਤੀ ਛੱਡ ਸਕਦਾ ਹੈ। ਉਨ੍ਹਾਂ ਕਿਹਾ ਕਿ ਅਰਬ ਦੇਸ਼ ਪਾਕਿਸਤਾਨ ਨੂੰ ਅਜਿਹਾ ਕਰਨ ਲਈ ਮਜਬੂਰ ਕਰ ਸਕਦੇ ਹਨ, ਜੋ ਹੁਣ ਪਾਕਿਸਤਾਨ ਦੇ ਅੰਦਰ ਅਰਬਾਂ ਡਾਲਰ ਨਿਵੇਸ਼ ਕਰਨ ਦੀ ਤਿਆਰੀ ਕਰ ਰਹੇ ਹਨ। ਕਾਮਰਾਨ ਨੇ ਕਿਹਾ ਕਿ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਦੋਵਾਂ ਨਾਲ ਭਾਰਤ ਦੀ ਦੋਸਤੀ ਹਾਲ ਹੀ ਦੇ ਸਾਲਾਂ ਵਿੱਚ ਮਜ਼ਬੂਤ ਹੋਈ ਹੈ। ਪਹਿਲਾਂ ਇਹ ਦੋਵੇਂ ਦੇਸ਼ ਭਾਰਤ ਦੇ ਖਿਲਾਫ ਹਰ ਫਰੰਟ 'ਤੇ ਪਾਕਿਸਤਾਨ ਦੀ ਮਦਦ ਕਰਦੇ ਸਨ ਪਰ ਹੁਣ ਸਥਿਤੀ ਬਦਲ ਗਈ ਹੈ।

ਕਾਮਰਾਨ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਪਾਕਿਸਤਾਨ ਗਰੀਬ ਤੇ ਕਰਜ਼ਾਈ ਹੋ ਗਿਆ ਹੈ ਅਤੇ ਉਸ ਦੇ ਵਿਦੇਸ਼ੀ ਦੋਸਤਾਂ ਨੇ ਦੇਸ਼ ਨੂੰ ਕਰਜ਼ਾ ਦੇਣ ਤੋਂ ਕਿਨਾਰਾ ਕਰ ਲਿਆ ਹੈ। ਪਾਕਿਸਤਾਨ ਨੂੰ ਸਾਲਾਂ ਤੋਂ ਯੂਏਈ ਅਤੇ ਸਾਊਦੀ ਅਰਬ ਤੋਂ ਕਰਜ਼ਾ ਮਿਲ ਰਿਹਾ ਸੀ ਪਰ ਹੁਣ ਇਹ ਬੰਦ ਹੋ ਗਿਆ ਹੈ। ਸਾਊਦੀ ਅਤੇ ਯੂਏਈ ਦੋਵਾਂ ਦੇਸ਼ਾਂ ਨੇ ਸਪੱਸ਼ਟ ਕਿਹਾ ਹੈ ਕਿ ਉਹ ਹੁਣ ਪਾਕਿਸਤਾਨ ਦੀਆਂ ਸਰਕਾਰੀ ਜਾਇਦਾਦਾਂ ਨੂੰ ਖਰੀਦਣਗੇ ਅਤੇ ਬਦਲੇ ਵਿੱਚ ਪੈਸਾ ਦੇਣਗੇ। ਯੂਏਈ ਨੇ ਕਰਾਚੀ ਬੰਦਰਗਾਹ ਵਿੱਚ 25 ਸਾਲਾਂ ਲਈ ਹਿੱਸੇਦਾਰੀ ਖਰੀਦੀ ਹੈ ਅਤੇ ਸਾਊਦੀ ਅਰਬ ਗਵਾਦਰ ਵਿੱਚ ਇੱਕ ਰਿਫਾਇਨਰੀ ਸਥਾਪਤ ਕਰਨ ਲਈ 3 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਜਾ ਰਿਹਾ ਹੈ।

ਇਸ ਦੇ ਨਾਲ ਹੀ ਸਾਊਦੀ ਅਰਬ ਦੀ ਯੋਜਨਾ ਪਾਕਿਸਤਾਨ ਦੀ ਰੇਕੋ ਡਿਕ ਖਾਨ ਵਿਚ ਹਿੱਸੇਦਾਰੀ ਖਰੀਦਣ ਦੀ ਹੈ । ਇਹ ਸਾਰਾ ਸੌਦਾ ਦਸੰਬਰ ਤੱਕ ਕੀਤਾ ਜਾਣਾ ਹੈ ਜੋ ਕਿ ਕੇਅਰਟੇਕਰ ਸਰਕਾਰ ਵੱਲੋਂ ਕੀਤਾ ਜਾਵੇਗਾ। ਕਾਮਰਾਨ ਨੇ ਦੱਸਿਆ ਕਿ ਇਨ੍ਹਾਂ ਅਰਬਾਂ ਡਾਲਰਾਂ ਦੇ ਨਿਵੇਸ਼ ਨਾਲ ਪਾਕਿਸਤਾਨ ਦੀ ਵਿਦੇਸ਼ ਨੀਤੀ ਵਿਚ ਇਨ੍ਹਾਂ ਦੋਵਾਂ ਦੇਸ਼ਾਂ ਦਾ ਪ੍ਰਭਾਵ ਕਾਫੀ ਵਧ ਜਾਵੇਗਾ। ਵੱਡੀ ਗਿਣਤੀ ਵਿੱਚ ਭਾਰਤੀ ਯੂਏਈ ਦੀਆਂ ਕੰਪਨੀਆਂ ਵਿੱਚ ਕੰਮ ਕਰਦੇ ਹਨ ਅਤੇ ਹੁਣ ਉਨ੍ਹਾਂ ਨੂੰ ਯੂਏਈ ਦੇ ਦਬਾਅ ਵਿੱਚ ਪਾਕਿਸਤਾਨ ਨੂੰ ਵੀਜ਼ਾ ਦੇਣਾ ਪਵੇਗਾ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਸੁਰੱਖਿਆ ਕਾਰਨਾਂ ਕਰਕੇ ਅਜਿਹੇ ਮਾਮਲਿਆਂ ਵਿੱਚ ਭਾਰਤ ਦੇ ਕਿਸੇ ਵੀ ਨਾਗਰਿਕ ਨੂੰ ਵੀਜ਼ਾ ਦੇਣ ਤੋਂ ਗੁਰੇਜ਼ ਕੀਤਾ ਹੈ। ਕਾਮਰਾਨ ਨੇ ਕਿਹਾ ਕਿ ਸਾਊਦੀ ਅਰਬ ਅਤੇ ਯੂਏਈ ਨਾਲ ਭਾਰਤ ਦੀ ਦੋਸਤੀ ਇਸ ਹੱਦ ਤੱਕ ਵਧ ਗਈ ਹੈ ਕਿ ਪਾਕਿਸਤਾਨ ਵੱਲੋਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਓਆਈਸੀ ਦੀ ਮੀਟਿੰਗ ਨਹੀਂ ਬੁਲਾਈ ਗਈ।

ਯੂਏਈ ਕਸ਼ਮੀਰ ਵਿੱਚ ਨਿਵੇਸ਼ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਾਜਵਾ ਦੇ ਸਮੇਂ ਭਾਰਤ ਨਾਲ ਵਪਾਰ ਸ਼ੁਰੂ ਕਰਨ ਦੀ ਯੋਜਨਾ ਸੀ ਪਰ ਇਮਰਾਨ ਖਾਨ ਦੇ ਕਾਰਨ ਇਹ ਸੰਭਵ ਨਹੀਂ ਹੋ ਸਕਿਆ। ਯੂਏਈ ਅਤੇ ਸਾਊਦੀ ਅਰਬ ਚਾਹੁੰਦੇ ਹਨ ਕਿ ਪਾਕਿਸਤਾਨ ਅਤੇ ਭਾਰਤ ਦੇ ਰਿਸ਼ਤੇ ਆਮ ਵਾਂਗ ਰਹਿਣ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਯੂਏਈ ਅਤੇ ਸਾਊਦੀ ਅਰਬ ਦਾ ਨਿਵੇਸ਼ ਵਧੇਗਾ, ਉਵੇਂ ਹੀ ਭਾਰਤ ਨਾਲ ਸਬੰਧ ਵੀ ਵਧਣਗੇ। ਪਾਕਿਸਤਾਨ ਦੇ ਮੌਜੂਦਾ ਆਰਮੀ ਚੀਫ ਜਨਰਲ ਮੁਨੀਰ ਨੇ ਵੀ ਅਜਿਹਾ ਕੋਈ ਕਦਮ ਨਹੀਂ ਚੁੱਕਿਆ ਹੈ, ਜਿਸ ਨਾਲ ਭਾਰਤ ਨਾਲ ਸਬੰਧ ਵਿਗੜਨ । ਪਾਕਿਸਤਾਨ ਦੀ ਕ੍ਰਿਕਟ ਟੀਮ ਵੀ ਆ ਰਹੀ ਹੈ, ਜਿਸ ਨੂੰ ਫੌਜ ਨੇ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਨਾਲ ਸਬੰਧ ਸੁਧਾਰਨ ਦੀ ਜਨਰਲ ਬਾਜਵਾ ਦੀ ਯੋਜਨਾ ਹੁਣ ਲਾਗੂ ਹੋ ਸਕਦੀ ਹੈ।