ਪਾਕਿਸਤਾਨੀ ਪੰਜਾਬ ਦੀ ਨਾਮਵਰ ਪੰਜਾਬੀ ਵਿਦਵਾਨ ਡਾ. ਨਬੀਲਾ ਰਹਿਮਾਨ ਯੂਨੀਵਰਸਿਟੀ ਆਫ਼ ਝੰਗ ਦੀ ਵਾਈਸ ਚਾਂਸਲਰ ਬਣੀ।

ਪਾਕਿਸਤਾਨੀ ਪੰਜਾਬ ਦੀ ਨਾਮਵਰ ਪੰਜਾਬੀ ਵਿਦਵਾਨ ਡਾ. ਨਬੀਲਾ ਰਹਿਮਾਨ ਯੂਨੀਵਰਸਿਟੀ ਆਫ਼ ਝੰਗ ਦੀ ਵਾਈਸ ਚਾਂਸਲਰ ਬਣੀ।
ਡਾ. ਨਬੀਲਾ ਰਹਿਮਾਨ

ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਮੁਬਾਰਕਾਂ

ਅੰਮ੍ਰਿਤਸਰ ਟਾਈਮਜ਼

ਲੁਧਿਆਣਾਃ 4ਅਗਸਤ: ਪੰਜਾਬ ਯੂਨੀਵਰਸਿਟੀ ਲਾਹੌਰ ਦੇ ਪੰਜਾਬੀ ਵਿਭਾਗ ਦੀ ਡਾਇਰੈਕਟਰ ਤੇ ਉੱਘੀ ਪੰਜਾਬੀ ਕਵਿੱਤਰੀ ਤੇ ਵਿਦਵਾਨ ਡਾਃ ਨਬੀਲਾ ਰਹਿਮਾਨ ਨੂੰ ਯੂਨੀਵਰਸਿਟੀ ਆਫ਼ ਝੰਗ ਦੀ ਵਾਈਸ ਚਾਂਸਲਰ ਦੀ ਜ਼ੁੰਮੇਵਾਰੀ ਸੌਂਪੀ ਗਈ ਹੈ। ਇਹ ਖ਼ੁਸ਼ਖਬਰੀ ਡਾਃ ਜਸਬੀਰ ਕੌਰ ਪ੍ਰਿੰਸੀਪਲ ਗੁਰਮਤਿ ਕਾਲਿਜ ਪਟਿਆਲਾ ਰਾਹੀਂ ਅੱਜ ਸਵੇਰੇ ਹੀ ਹਾਸਲ ਹੋਈ ਹੈ। ਡਾਃ ਜਸਬੀਰ ਕੌਰ ਇਸੇ ਹਫ਼ਤੇ ਪੰਜਾਬ ਦੀ ਰਬਾਬੀ ਪਰੰਪਰਾ ਬਾਰੇ ਖੋਜ ਕਰਨ ਤੇ ਵਾਰਿਸ ਸ਼ਾਹ ਤ੍ਰੈਸ਼ਤਾਬਦੀ ਸਿਲਸਿਲੇ ਚ ਡਾਃ ਸੁਰਜੀਤ ਕੌਰ ਸੰਧੂ ਸਮੇਤ ਪਾਕਿਸਤਾਨ ਜਾ ਕੇ ਪਰਤੇ ਹਨ। ਉਹ ਡਾਃ ਨਬੀਲਾ ਰਹਿਮਾਨ ਦੇ ਨਿਕਟਵਰਤੀ ਖੋਜ ਸਾਥਣ ਵੀ ਹਨ। 
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾਃ ਸ ਪ ਸਿੰਘ, ਵਿਸ਼ਵ ਪੰਜਾਬੀ ਕਾਂਗਰਸ ਦੇ ਭਾਰਤੀ ਪ੍ਰਧਾਨ ਡਾਃ ਦੀਪਕ ਮਨਮੋਹਨ ਸਿੰਘ, ਕਨਵੀਨਰ ਸਹਿਜਪ੍ਰੀਤ ਸਿੰਘ ਮਾਂਗਟ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ  ਦਰਸ਼ਨ ਬੁੱਟਰ ਤੇ ਪੰਜਾਬੀ ਸਾਹਿੱਤ ਅਕਾਡਮੀ ਦੀ ਕਾਰਜਕਾਰਨੀ ਦੇ ਮੈਂਬਰ ਸੁਖਜੀਤ, ਤ੍ਰੈਲੋਚਨ ਲੋਚੀ ਤੇ ਪੰਜਾਬੀ ਕਵੀ ਮਨਜਿੰਦਰ ਧਨੋਆ ਨੇ ਵੀ ਡਾਃ ਨਬੀਲਾ ਰਹਿਮਾਨ ਦੀ ਇਸ ਪਦ ਉੱਨਤੀ ਤੇ ਮੁਬਾਰਕ ਦਿੱਤੀ ਹੈ। 
ਪ੍ਰੋਃ ਗੁਰਭਜਨ ਸਿੰਘ ਗਿੱਲ ਨਾਲ ਗੱਲਬਾਤ ਕਰਦਿਆਂ ਡਾਃ ਨਬੀਲਾ ਰਹਿਮਾਨ ਨੇ ਸਭ ਸ਼ੁਭਚਿੰਤਕਾਂ ਦਾ ਧੰਨਵਾਦ ਕਰਨ ਦੇ ਨਾਲ ਨਾਲ ਭਰਪੂਰ ਸਹਿਯੋਗ ਦੀ ਵੀ ਮੰਗ ਕੀਤੀ ਹੈ ਤਾਂ ਜੋ ਪੰਜਾਬੀ ਅਦਬ ਦੇ ਹਵਾਲੇ ਨਾਲ ਸਾਂਝੇ ਯਤਨ ਕਰਕੇ ਇਸ ਧਰਤੀ ਦੇ ਵੱਡੇ ਸਿਰਜਕਾਂ ਦੀ ਬਾਤ ਅੱਗੇ ਤੋਰੀ ਜਾ ਸਕੇ। 

ਡਾਃ ਨਬੀਲਾ ਰਹਿਮਾਨ ਟੋਭਾ ਟੇਕ ਸਿੰਘ (ਲਾਇਲਪੁਰ)ਦੀ ਜੰਮਪਲ ਹੈ। 
ਡਾ. ਨਬੀਲਾ ਰਹਿਮਾਨ ਇਸ ਵਕਤ ਪੰਜਾਬ ਯੂਨੀਵਰਸਿਟੀ ਲਾਹੌਰ ਵਿਚ ਇੰਸਟੀਚਿਊਟ ਆਫ਼ ਪੰਜਾਬੀ ਐਂਡ ਕਲਚਰ ਦੇ ਡਾਇਰੈਕਟਰ ਹਨ।
ਪੰਜਾਬੀ ਭਾਸ਼ਾ ਦੇ ਕਿਸੇ ਵਿਦਵਾਨ ਨੂੰ ਪਹਿਲੀ ਵਾਰ ਇਸ ਵਡੇਰੀ ਜ਼ੁੰਮੇਵਾਰੀ ਲਈ ਚੁਣਿਆ ਗਿਆ ਹੈ। 
ਡਾਃ ਨਬੀਲਾ ਰਹਿਮਾਨ ਨੇ 1990 ਵਿੱਚ ਐੱਮ ਏ ਪੰਜਾਬੀ ਤੇ 1992 ਵਿੱਚ ਐੱਮ ਏ ਉਰਦੂ ਪਾਸ ਕੀਤੀ। 
ਸਾਲ  2002 ਵਿਚ ਉਨ੍ਹਾਂ ਪੰਜਾਬ ਯੂਨੀਵਰਸਿਟੀ ਲਾਹੌਰ (ਪਾਕਿਸਤਾਨ) ਤੋਂ “ਕਾਦਰੀ ਸੂਫ਼ੀ ਆਰਡਰ” ਵਿਸ਼ੇ ਤੇ ਪੀ.ਐਚ.ਡੀ. ਕੀਤੀ। ਹੁਣ ਤੱਕ ਲਹਿੰਦੇ ਪੰਜਾਬ ਵਿਚ ਸਭ ਤੋਂ ਵੱਧ ਪੀ.ਐਚ.ਡੀ. ਡਾ. ਨਬੀਲਾ ਰਹਿਮਾਨ ਦੀ ਨਿਗਰਾਨੀ ਹੇਠ ਹੀ ਮੁਕੰਮਲ ਹੋਈਆਂ ਹਨ। ਡਾਃ ਨਬੀਲਾ ਹਿੰਦੀ, ਸਿੰਧੀ ਅਤੇ ਫਾਰਸੀ ਵਿੱਚ ਵੀ ਡਿਪਲੋਮਾ ਪਾਸ ਮੁਹਾਰਤ ਵਾਲੇ ਹਨ। ਡਾਃ ਨਬੀਲਾ ਆਧੁਨਿਕ ਪੰਜਾਬੀ ਸਾਹਿੱਤ, ਸੂਫ਼ੀਵਾਦ, ਸੂਫ਼ੀਆਂ ਦੇ ਚਿਸ਼ਤੀ ਤੇ ਕਾਦਰੀ ਅੰਗ, ਦੱਖਣੀ ਏਸ਼ੀਆ ਦੇ ਸਰਬ ਸਾਂਝੇ ਸੱਭਿਆਚਾਰ, ਸਮਾਜ ਸ਼ਾਸਤਰੀ ਅਧਿਐਨ, ਨਾਰੀ ਚੇਤਨਾ, ਵਿਸ਼ਵਕੋਸ਼ ਤੇ ਡਿਕਸ਼ਨਰੀ ਅਧਿਐਨ ਤੋਂ ਇਲਾਵਾ ਸਾਹਿੱਤਕ ਅਨੁਵਾਦ ਤੇ ਲਿਪੀਅੰਤਰਣ ਵਿੱਚ ਵਿਸ਼ੇਸ਼ ਮੁਹਾਰਤ ਰੱਖਦੇ ਹਨ। 

ਪ੍ਰੋ. ਨਬੀਲਾ ਰਹਿਮਾਨ ਨੇ ਹੁਣ ਤਕ ਦਸ ਪੁਸਤਕਾਂ ਪੰਜਾਬੀ ਪਾਠਕਾਂ ਲਈ ਲਿਖੀਆਂ ਹਨ। ਜਿੰਨ੍ਹਾਂ ਵਿੱਚੋਂ  ਮਸਲੇ ਸ਼ੇਖ਼ ਫ਼ਰੀਦ ਜੀ ਕੇ, ਪਾਕਿਸਤਾਨੀ ਪੰਜਾਬੀ ਹਾਸ ਰਸ ਸ਼ਾਇਰੀ, ਪੰਜਾਬੀ ਅਦਬੀ ਤੇ ਤਨਕੀਦੀ ਸ਼ਬਦਾਵਲੀ, ਰਮਜ਼ ਵਜੂਦ ਵੰਝਾਵਣ ਦੀ,  ਕਲਾਮ ਪੀਰ ਫ਼ਜ਼ਲ ਗੁਜਰਾਤੀ, ਗੁਰਮੁਖੀ/ਸ਼ਾਹਮੁਖੀ, ਹੁਸਨ ਜਮਾਲ ਗ਼ਜ਼ਲ ਦਾ, ਅਤੇ ਤਿਆਰੀ ਅਧੀਨ ਤਿੰਨ ਕਿਤਾਬਾਂ ਦੀਵਾਨ ਏ ਇਮਾਮ ਬਖ਼ਸ਼, ਕਲਾਮ ਮੀਰਾਂ ਭੀਖ ਚਿਸ਼ਤੀ,  ਤਲਾਸ਼ ਏ ਫ਼ਰੀਦ ਗੁਰੂ ਗਰੰਥ ਸਾਹਿਬ ਮੇਂ ਸੇ  ਆਦਿ ਪ੍ਰਮੁੱਖ ਹਨ। ਉੱਘੇ ਪੰਜਾਬੀ ਲੇਖਕ ਸੁਰਗਵਾਸੀ  ਜੋਗਿੰਦਰ ਸ਼ਮਸ਼ੇਰ ਦੀ ਪੁਸਤਕ “1919 ਦਾ ਪੰਜਾਬ” ਨੂੰ ਡਾ. ਨਬੀਲਾ ਰਹਿਮਾਨ ਨੇ ਹੀ ਸ਼ਾਹਮੁਖੀ ਵਿਚ “ਲਹੂ ਲਹੂ ਪੰਜਾਬ” ਦੇ ਸਿਰਲੇਖ ਹੇਠ ਲਿਪੀਆਂਤਰ ਕੀਤਾ ਸੀ। ਗਿਆਨ ਸਿੰਘ ਸੰਧੂ ਦੀ ਅੰਗਰੇਜ਼ੀ ਵਿੱਚ ਲਿਖੀ ਪੁਸਤਕ  ਟਵੰਟੀ ਮਿੰਨਟਸ ਗਾਈਡ ਟੂ ਸਿੱਖ ਫੇਥ ਨੂੰ ਬੜੀ ਸ਼ਿੱਦਤ ਤੇ ਸੋਹਣੇ ਢੰਗ ਨਾਲ “ਸਿੱਖ ਧਰਮ ਬਾਰੇ ਵੀਹ ਮਿੰਟ ਦੀ ਜਾਣਕਾਰੀ” ਦੇ ਨਾਮ  ਹੇਠ ਸ਼ਾਹਮੁਖੀ ਵਿਚ ਕੀਤਾ ਹੈ।