ਉਲੰਪਿਕ ਵਿਚ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਣ ਵਾਲਾ ਪਹਿਲਵਾਨ ਰਵੀ ਕੁਮਾਰ ਦਹੀਆ

ਉਲੰਪਿਕ ਵਿਚ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਣ ਵਾਲਾ ਪਹਿਲਵਾਨ ਰਵੀ ਕੁਮਾਰ ਦਹੀਆ

ਖੇਡ ਸੰਸਾਰ

ਟੋਕੀਓ ਉਲੰਪਿਕ-2021 ਵਿਚ 57 ਕਿਲੋਗਰਾਮ ਫਰੀ ਸਟਾਇਲ ਕੁਸ਼ਤੀ ਮੁਕਾਬਲੇ ਵਿਚ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਣ ਵਾਲੇ ਰਵੀ ਕੁਮਾਰ ਦਹੀਆ ਦਾ ਜਨਮ 12 ਦਸੰਬਰ 1997 ਨੂੰ ਪਿੰਡ ਨਾਹਰੀ ਜ਼ਿਲ੍ਹਾ ਸੋਨੀਪਤ ( ਹਰਿਆਣਾ ) ਵਿਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂਅ ਰਾਕੇਸ਼ ਦਹੀਆ ਹੈ। ਰਵੀ ਦਹੀਆ ਨੂੰ ਕੁਸ਼ਤੀ ਦੇ ਖੇਤਰ ਵਿਚ ਅੱਗੇ ਵਧਾਉਣ ਲਈ ਉਸ ਦੇ ਪਿਤਾ ਰਾਕੇਸ਼ ਦਹੀਆ ਦਾ ਵੱਡਾ ਹੱਥ ਹੈ। ਰਵੀ ਦਹੀਆ ਦੇ ਘਰ ਦੇ ਆਰਥਿਕ ਹਾਲਾਤ ਖ਼ਰਾਬ ਸਨ। ਉਸਦੇ ਪਿਤਾ ਕੋਲ ਆਪਣੀ ਜ਼ਮੀਨ ਵੀ ਨਹੀਂ ਸੀ ਪਰ ਫਿਰ ਵੀ ਉਸਨੇ ਆਪਣੀ ਮਿਹਨਤ ਦੇ ਬਲਬੂਤੇ ਰਵੀ ਦਹੀਆ ਨੂੰ ਭਾਰਤੀ ਕੁਸ਼ਤੀ ਵਿਚ ਚਮਕਦਾ ਸਿਤਾਰਾ ਬਣਾ ਦਿੱਤਾ ਹੈ।

ਗੁਰਬਤ ਭਰੀ ਜ਼ਿੰਦਗੀ ਦਾ ਸਾਹਮਣਾ ਕਰਦਿਆਂ ਵੀ ਰਵੀ ਦਹੀਆ ਦੇ ਪਿਤਾ ਨੇ ਕੇਵਲ 10 ਸਾਲ ਦੀ ਉਮਰ ਵਿਚ ਹੀ ਉਸ ਨੂੰ ਕੁਸ਼ਤੀ ਦੀ ਸਿਖਲਾਈ ਲਈ ਦਿੱਲੀ ਦੇ ਛਤਰਮੱਲ ਸਟੇਡੀਅਮ ਵਿਚ ਭੇਜਿਆ ਜਿੱਥੇ ਕੋਚ ਸਤਪਾਲ ਸਿੰਘ ਦੀ ਦੇਖ-ਰੇਖ ਵਿਚ ਉਸ ਨੇ ਕੁਸ਼ਤੀ ਦੇ ਦਾਅ-ਪੇਚ ਸਿੱਖੇ। ਰਵੀ ਦੇ ਪਿਤਾ ਆਪਣੇ ਬੇਟੇ ਦੇ ਸੁਪਨਿਆਂ ਨੂੰ ਸੱਚ ਕਰਨ ਲਈ ਰੋਜ਼ਾਨਾ 40 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਦਿੱਲੀ ਵਿਖੇ ਰਵੀ ਨੂੰ ਫ਼ਲ ਅਤੇ ਦੁੱਧ ਦੇਣ ਲਈ ਆਉਂਦੇ ਸਨ।

ਕੇਵਲ 18 ਸਾਲ ਦੀ ਉਮਰ ਵਿਚ ਸਾਲ 2015 ਦੌਰਾਨ ਜੂਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ 55 ਕਿਲੋਗਰਾਮ ਭਾਰ ਵਰਗ ਵਿਚ ਉਸ ਨੇ ਚਾਂਦੀ ਦਾ ਤਗਮਾ ਜਿੱਤ ਕੇ ਆਪਣੀ ਪਹਿਚਾਣ ਸਥਾਪਿਤ ਕੀਤੀ।

ਸਖ਼ਤ ਮਿਹਨਤ ਤੋਂ ਬਾਅਦ ਜਦੋਂ ਰਵੀ ਦਹੀਆ ਨੇ 22 ਸਾਲ ਦੀ ਉਮਰ ਵਿਚ ਆਪਣਾ ਪਹਿਲਾ ਵਿਸ਼ਵ ਚੈਂਪੀਅਨਸ਼ਿਪ ਮੈਚ ਖੇਡਿਆ ਤਾਂ ਇਸ ਵਿਚ ਉਸ ਨੇ ਈਰਾਨ ਦੇ ਖਿਡਾਰੀ ਅਤੇ ਏਸ਼ੀਅਨ ਚੈਂਪੀਅਨ ਰੀਜਾ ਨੂੰ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ।

2018 ਦੌਰਾਨ ਅੰਡਰ-23 ਕੁਸ਼ਤੀ ਚੈਂਪੀਅਨਸ਼ਿਪ ਵਿਚ ਰਵੀ ਦਹੀਆ ਨੇ 57 ਕਿਲੋਗਰਾਮ ਭਾਰ ਵਰਗ ਵਿਚ ਚਾਂਦੀ ਦਾ ਤਗਮਾ ਜਿੱਤਿਆ। ਸਾਲ 2019 ਵਿਚ ਰਵੀ ਕੁਮਾਰ ਦਹੀਆ ਨੇ 57 ਕਿਲੋਗਰਾਮ ਭਾਰ ਵਰਗ ਵਿਚ ਵਿਸ਼ਵ ਚੈਂਪੀਅਨਸ਼ਿਪ ਈਵੈਂਟ ਵਿਚ ਕਾਂਸੀ ਦਾ ਤਗਮਾ ਜਿੱਤਿਆ। ਸਾਲ 2020 ਦੌਰਾਨ ਦਿੱਲੀ ਵਿਖੇ ਕੁਸ਼ਤੀ ਚੈਂਪੀਅਨਸ਼ਿਪ ਵਿਚ ਉਸ ਨੇ ਸੋਨੇ ਦਾ ਤਗਮਾ ਜਿੱਤ ਕੇ ਆਪਣੀ ਖੇਡ ਦਾ ਲੋਹਾ ਮੰਨਵਾਇਆ। ਇਸ ਤੋਂ ਬਾਅਦ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿਚ ਰਵੀ ਦਹੀਆ ਨੇ ਦੂਸਰਾ ਸਥਾਨ ਹਾਸਲ ਕਰਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ। ਆਪਣੀ ਬਿਹਤਰੀਨ ਖੇਡ ਦੇ ਦਮ 'ਤੇ ਹੀ ਉਸ ਦੀ ਚੋਣ ਟੋਕੀਓ ਉਲੰਪਿਕ ਲਈ ਹੋਈ ਸੀ ਜਿੱਥੇ ਉਸ ਨੇ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਿਆ। ਇਸ ਤੋਂ ਇਲਾਵਾ ਸਾਲ 2021 ਵਿਚ ਅਲਮਾਟੀ ਵਿਖੇ ਹੋਈ ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਵਿਚ ਵੀ ਰਵੀ ਦਹੀਆ ਨੇ ਸੋਨੇ ਦਾ ਤਗਮਾ ਜਿੱਤਿਆ। ਇਸ ਤਰ੍ਹਾਂ ਉਹ ਨੌਜਵਾਨਾਂ ਲਈ ਇਕ ਪ੍ਰੇਰਨਾਸਰੋਤ ਬਣਿਆ।

 

ਜਗਤਾਰ ਸਮਾਲਸਰ