ਦਸਤਾਰਨੁਮਾ ਟੋਪੀ ਨੂੰ ਵੇਚਣ ਦੇ ਮਾਮਲੇ 'ਚ ਅਮਰੀਕੀ ਕੰਪਨੀ ਨੇ ਸਿੱਖਾਂ ਤੋਂ ਮੁਆਫੀ ਮੰਗੀ

ਦਸਤਾਰਨੁਮਾ ਟੋਪੀ ਨੂੰ ਵੇਚਣ ਦੇ ਮਾਮਲੇ 'ਚ ਅਮਰੀਕੀ ਕੰਪਨੀ ਨੇ ਸਿੱਖਾਂ ਤੋਂ ਮੁਆਫੀ ਮੰਗੀ

ਨਿਊਯਾਰਕ: ਨੌਰਡਸਟ੍ਰੌਮ ਨਾਮੀਂ ਅਮਰੀਕੀ ਕੰਪਨੀ ਨੇ ਦਸਤਾਰ ਨਾਲ ਜੁੜੇ ਆਪਣੇ ਇਸ਼ਤਿਹਾਰ 'ਤੇ ਇਤਰਾਜ਼ ਉੱਠਣ ਮਗਰੋਂ ਸਿੱਖਾਂ ਤੋਂ ਮੁਆਫ਼ੀ ਮੰਗੀ ਹੈ ਤੇ ਇਸ ਦਸਤਾਰਨੁਮਾ ਟੋਪੀ ਨੂੰ ਵੇਚਣਾ ਬੰਦ ਕਰਦਿਆਂ ਇਸ ਨੂੰ ਆਪਣੀ ਵੈੱਬਸਾਈਟ ਤੋਂ ਹਟਾ ਲਿਆ ਹੈ। ਪਰ ਇਸ ਮਾਮਲੇ ਵਿੱਚ ਇੱਕ ਹੋਰ ਧਿਰ ਨਾਮੀਂ ਬਰੈਂਡ ਗੁੱਚੀ ਵੱਲੋਂ ਫਿਲਹਾਲ ਕਿਸੇ ਤਰ੍ਹਾਂ ਦੀ ਮੁਆਫੀ ਨਹੀਂ ਮੰਗੀ ਗਈ ਹੈ। 

ਅਮਰੀਕਾ ’ਚ ਸਿੱਖ ਹੱਕਾਂ ਲਈ ਯਤਨਸ਼ੀਲ ਸੰਸਥਾ ‘ਸਿੱਖ ਕੁਲੀਸ਼ਨ’ ਦੇ ਅਹੁਦੇਦਾਰ ਸਿਮਰਨਜੀਤ ਸਿੰਘ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਦੁਨੀਆ ਭਰ ’ਚ ਕੰਪਨੀਆਂ ਪੈਸੇ ਬਣਾਉਣ ਲਈ ਪਵਿੱਤਰ ਵਸਤੂਆਂ ਦੀ ਵਰਤੋਂ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦਸਤਾਰ ਸਿੱਖਾਂ ਲਈ ਧਾਰਮਿਕ ਮਹੱਤਤਾ ਦਾ ਵਿਸ਼ਾ ਹੈ। ਉਹਨਾਂ ਕਿਹਾ ਕਿ ਉਹ ਇਸ ਦਸਤਾਰ ਨੂੰ ਡਿਜ਼ਾਈਨ ਕਰਨ ਵਾਲੀ ਕੰਪਨੀ ਗੁੱਚੀ ਵੱਲੋਂ ਮੁਆਫੀ ਮੰਗੇ ਜਾਣ ਦੀ ਉਡੀਕ ਕਰ ਰਹੇ ਹਨ। 

ਦੱਸਣਯੋਗ ਹੈ ਕਿ ਗੁੱਚੀ ਕੰਪਨੀ ਵੱਲੋਂ ਇੱਕ ਫੈਸ਼ਨ ਸ਼ੋਅ ਵਿੱਚ ਇੱਕ ਮੋਡਲ ਦੇ ਸਿਰ 'ਤੇ ਇਸ ਦਸਤਾਰਨੁਮਾ ਟੋਪੀ ਨੂੰ ਰੱਖ ਕੇ ਪੇਸ਼ ਕੀਤਾ ਗਿਆ ਸੀ, ਜਿਸ ਦਾ ਸਿੱਖ ਸੰਸਥਾ ਵੱਲੋਂ ਵਿਰੋਧ ਕੀਤਾ ਗਿਆ ਸੀ। ਸਿੱਖ ਦੀ ਦਸਤਾਰ ਅਤੇ ਟੋਪੀ ਵਿੱਚ ਬਹੁਤ ਅੰਤਰ ਹੈ ਪਰ ਵਪਾਰਕ ਲਾਭ ਖਾਤਰ ਗੁੱਚੀ ਵਰਗੀਆਂ ਕੰਪਨੀਆਂ ਸਿੱਖਾਂ ਦੇ ਧਾਰਮਿਕ ਵਿਸ਼ਵਾਸ ਦੇ ਇਸ ਅਹਿਮ ਅੰਗ ਨੂੰ ਵਰਤਣ ਦੀ ਕੋਸ਼ਿਸ਼ ਕਰ ਰਹੀਆਂ ਹਨ।