ਕੋਲੋਰਾਡੋ 'ਚ ਇਕ ਚਰਚ ਵਿੱਚ ਔਰਤ ਦੀ ਗੋਲੀਆਂ ਮਾਰ ਕੇ ਹੱਤਿਆ

ਕੋਲੋਰਾਡੋ 'ਚ ਇਕ ਚਰਚ ਵਿੱਚ ਔਰਤ ਦੀ ਗੋਲੀਆਂ ਮਾਰ ਕੇ ਹੱਤਿਆ

 ਦੋ ਹੋਰ ਜਖਮੀ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਔਰੋਰਾ, ਕੋਲੋਰਾਡੋ ਦੇ ਇਕ ਚਰਚ ਵਿਚ ਇਕ ਸ਼ੱਕੀ ਹਮਲਾਵਰ ਨੇ ਗੋਲੀਆਂ ਮਾਰ ਕੇ ਇਕ ਔਰਤ ਦੀ ਹੱਤਿਆ ਕਰ ਦਿੱਤੀ ਤੇ ਦੋ ਹੋਰਨਾਂ ਨੂੰ ਜਖਮੀ ਕਰ ਦਿੱਤਾ। ਔਰੋਰਾ ਪੁਲਿਸ ਦੇ ਬੁਲਾਰੇ ਮੈਥੀਊ ਲਾਂਗਸ਼ੋਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼ੱਕੀ ਹਮਲਾਵਰ ਪੀੜਤਾਂ ਵਿਚੋਂ ਇਕ ਨੂੰ ਜਾਣਦਾ ਸੀ ਤੇ ਇਹ ਕੋਈ ਅਚਾਨਕ ਵਾਪਰੀ ਘਟਨਾ ਨਹੀਂ ਹੈ। ਔਰੋਰਾ ਪੁਲਿਸ ਵਿਭਾਗ ਨੇ ਇਕ ਟਵੀਟ ਵਿਚ ਕਿਹਾ ਹੈ ਕਿ ਗੋਲੀਬਾਰੀ ਦੀ ਘਟਨਾ ਗਲੇਸੀਆ ਫਰੋ ਡੇ ਲੂਜ਼ ਚਰਚ ਵਿਚ ਸਥਾਨਕ ਸਮੇ ਅਨੁਸਾਰ ਸ਼ਾਮ 8 ਵਜੇ ਦੇ ਆਸ ਪਾਸ ਵਾਪਰੀ। ਉਸ ਸਮੇ ਚਰਚ ਵਿਚ ਇਕ ਸਮਾਗਮ ਚਲ ਰਿਹਾ ਸੀ ਜਿਸ ਵਿਚ 20 ਦੇ ਕਰੀਬ ਵਿਅਕਤੀ ਸ਼ਾਮਿਲ ਸਨ। ਜਦੋਂ ਪੁਲਿਸ ਘਟਨਾ ਸਥਾਨ 'ਤੇ ਪੁੱਜੀ ਤਾਂ ਇਕ 36 ਸਾਲ ਦੀ  ਔਰਤ ਤੇ ਦੋ ਹੋਰ ਵਿਅਕਤੀ ਜਿਨਾਂ ਦੀ ਉਮਰ 40 ਸਾਲ ਦੇ ਕਰੀਬ ਸੀ, ਜਖਮੀ ਹਾਲਤ ਵਿਚ ਮਿਲੇ ਜਿਨਾਂ ਦੇ ਗੋਲੀਆਂ ਵੱਜੀਆਂ ਹੋਈਆਂ ਸਨ। ਇਨਾਂ ਵਿਚੋਂ ਔਰਤ ਦੀ ਮੌਕੇ 'ਤੇ ਹੀ ਮੌਤ  ਹੋ ਗਈ ਜਦ ਕਿ ਬਾਕੀ ਦੋਨਾਂ ਵਿਅਕਤੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਸ਼ੱਕੀ ਦੀ ਪਛਾਣ ਕਰ ਰਹੀ ਹੈ ਜੋ ਗੋਲੀਬਾਰੀ ਉਪਰੰਤ ਮੌਕੇ ਤੋਂ ਫਰਾਰ ਹੋ ਗਿਆ।