ਅਕਾਲੀ ਦਲ ਦੇ ਸ਼ਿਵ ਸੈਨਾ ਨਾਲ ਸਮਝੌਤੇ ਤੋਂ ਸਿੱਖ ਜਥੇਬੰਦੀਆਂ ਨਰਾਜ਼

ਅਕਾਲੀ ਦਲ ਦੇ ਸ਼ਿਵ ਸੈਨਾ ਨਾਲ ਸਮਝੌਤੇ ਤੋਂ ਸਿੱਖ ਜਥੇਬੰਦੀਆਂ ਨਰਾਜ਼

ਬਾਦਲਾਂ ਦਾ ਪੁਤਲਾ ਫੂਕਿਆ ਤੇ ਕੀਤੀ ਨਾਅਰੇਬਾਜ਼ੀ; ਚੋਣਾਂ ਦੌਰਾਨ ਅਕਾਲੀ ਦਲ ਦੇ ਬਾਈਕਾਟ ਦਾ ਸੱਦਾ

ਅੰਮ੍ਰਿਤਸਰ ਟਾਈਮਜ਼

ਅੰਮ੍ਰਿਤਸਰ:ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਸ਼ਿਵ ਸੈਨਾ ਨਾਲ ਚੋਣਾਂ ਦੌਰਾਨ ਸਮਝੌਤਾ ਕੀਤੇ ਜਾਣ ’ਤੇ ਸਿੱਖ ਜਥੇਬੰਦੀਆਂ ਨੇ ਸਖ਼ਤ ਨਾਰਾਜ਼ਗੀ ਦਾ ਪ੍ਰਗਟਾਵਾ ਕਰਦਿਆਂ ਇੱਥੇ ਗੋਲਡਨ ਗੇਟ ਵਿੱਚ ਬਾਦਲਾਂ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ।ਇਸ ਮੌਕੇ ਸਿੱਖ ਪ੍ਰਦਰਸ਼ਨਕਾਰੀਆਂ ਨੇ ਬਾਦਲਾਂ ਤੇ ਮਜੀਠੀਆ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਦੋਵਾਂ ਬਾਦਲਾਂ ਦਾ ਪੁਤਲਾ ਵੀ ਸਾੜਿਆ। ਸਿੱਖ ਆਗੂਆਂ ਨੇ ਆਖਿਆ ਕਿ ਸ਼ਿਵ ਸੈਨਾ ਤੇ ਹਿੰਦੂ ਪਰਿਸ਼ਦ ਨਾਲ ਸਮਝੌਤਾ ਕਰਕੇ ਅਕਾਲੀ ਦਲ ਨੇ ਇਕ ਵਾਰ ਮੁੜ ਪੰਥ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਬਾਦਲਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਵਰਤਣ ਦਾ ਹੱਕ ਨਹੀਂ ਹੈ ਤੇ ਪੰਥ ਨੂੰ ਇਨ੍ਹਾਂ ਕੋਲੋਂ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਵਾਪਸ ਲੈਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਅਕਾਲੀ ਆਗੂ ਸ਼੍ਰੋਮਣੀ ਕਮੇਟੀ ਤੇ ਸਿੱਖ ਜਥੇਬੰਦੀਆਂ ਦਾ ਘਾਣ ਕਰਨ ਵਾਲੇ ਹਨ। ਇਹ ਜਥੇਬੰਦੀਆਂ ਸਿੱਖਾਂ ਦੀਆਂ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਹੋਂਦ ਵਿੱਚ ਆਈਆਂ ਸਨ, ਪਰ ਇਨ੍ਹਾਂ ਜਥੇਬੰਦੀਆਂ ਨੂੰ ਇਨ੍ਹਾਂ ਆਗੂਆਂ ਨੇ ਆਪਣੇ ਸਿਆਸੀ ਹਿੱਤਾਂ ਲਈ ਵਰਤਿਆ ਹੈ।ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਆਗੂਆਂ ਵੱਲੋਂ ਹਮੇਸ਼ਾ ਹੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੇ ਅਕਾਲ ਤਖ਼ਤ ਦਾ ਵਿਰੋਧ ਕੀਤਾ ਗਿਆ ਹੈ। ਸਿੱਖ ਆਗੂਆਂ ਨੇ ਚੋਣਾਂ ਦੌਰਾਨ ਸਿੱਖਾਂ ਨੂੰ ਬਾਦਲਾਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ। ਇਸ ਮੌਕੇ ਪ੍ਰਦਰਸ਼ਨਕਾਰੀਆਂ ਵਿੱਚ ਸੁਖਦੇਵ ਸਿੰਘ, ਕੁਲਦੀਪ ਸਿੰਘ ਬਿੱਟੂ, ਗੁਰਚਰਨ ਸਿੰਘ ਛੰਨਾ, ਜਸਕਰਨ ਸਿੰਘ ਪੰਡੋਰੀ, ਰਸ਼ਪਾਲ ਸਿੰਘ ਖਾਲਸਾ, ਹਰਿੰਦਰ ਸਿੰਘ, ਜਸਵੰਤ ਸਿੰਘ ਖਾਲਸਾ, ਹਰਨਾਮ ਸਿੰਘ ਤੇ ਹੋਰ ਹਾਜ਼ਰ ਸਨ। ਰੋਸ ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਸਿੱਖ ਯੂਥ ਫੈੱਡਰੇਸ਼ਨ ਭਿੰਡਰਾਂਵਾਲਾ ਦੇ ਆਗੂ ਰਣਜੀਤ ਸਿੰਘ ਦਮਦਮੀ ਟਕਸਾਲ, ਜਥਾ ਸਿਰਲੱਥ ਖਾਲਸਾ ਦੇ ਦਿਲਬਾਗ ਸਿੰਘ ਸੁਲਤਾਨਵਿੰਡ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਆਗੂ ਬਲਬੀਰ ਸਿੰਘ ਮੁੱਛਲ ਤੇ ਭੁਪਿੰਦਰ ਸਿੰਘ ਸਣੇ ਇਨ੍ਹਾਂ ਜਥੇਬੰਦੀਆਂ ਦੇ ਕਾਰਕੁਨ ਹਾਜ਼ਰ ਸਨ।