ਬਾਦਲ ਦਲ ਦੀ ਮੋਗਾ ਰੈਲੀ ਵਿਚ ਅਨੰਦਪੁਰ ਦਾ ਮਤਾ ਵੀ ਯਾਦ  ਕੀਤਾ 

ਬਾਦਲ ਦਲ ਦੀ ਮੋਗਾ ਰੈਲੀ ਵਿਚ ਅਨੰਦਪੁਰ ਦਾ ਮਤਾ ਵੀ ਯਾਦ  ਕੀਤਾ 

 * ਅਕਾਲੀ ਦਲ ਦਾ ਮੁਕਾਬਲਾ ਤਿੰਨ ਸਰਕਾਰਾਂ  ਮੋਦੀ ਸਰਕਾਰ, ਦਿੱਲੀ ਦੀ ਆਪ ਪਾਰਟੀ ਦੀ ਸਰਕਾਰ ਅਤੇ ਰਾਜ ਦੀ ਮੌਜੂਦਾ ਕਾਂਗਰਸ ਸਰਕਾਰ ਨਾਲ- ਬਾਦਲ

*ਰਾਜਾਂ ਦੇ ਖੋਹੇ ਜਾ ਰਹੇ ਅਧਿਕਾਰਾਂ ਲਈ ਖੇਤਰੀ ਪਾਰਟੀਆਂ ਇਕਜੁੱਟ ਹੋਣ-ਸੁਖਬੀਰ 

*ਅਕਾਲੀ-ਬਸਪਾ ਗੱਠਜੋੜ ਤੋਂ ਕਾਂਗਰਸ ਡਰੀ-ਗੜ੍ਹੀ

*ਦਿੱਲੀ ਦੇ ਧਾੜਵੀਆਂ ਤੋਂ ਸੁਚੇਤ ਰਹੇ ਸੰਗਤ-ਧਾਮੀ

ਅੰਮ੍ਰਿਤਸਰ ਟਾਈਮਜ਼

ਕਿੱਲੀ ਚਾਹਲਾਂ (ਮੋਗਾ) -ਸ਼੍ਰੋਮਣੀ ਅਕਾਲੀ ਦਲ ਦੇ 100ਵੇਂ ਸਥਾਪਨਾ ਦਿਵਸ ਮੌਕੇ ਪਾਰਟੀ ਵਲੋਂ ਮੋਗਾ ਦੇ ਪਿੰਡ ਕਿੱਲੀ ਚਾਹਲਾਂ ਦੇ ਖੁੱਲ੍ਹੇ ਪੰਡਾਲ ਵਿਚ ਮਹਾਂ ਰੈਲੀ ਕਰਵਾਈ ਗਈ ,ਜਿਸ ਵਿਚ ਅਨੰਦਪੁਰ ਦੇ ਮਤੇ ਨੂੰ ਚੇਤੇ ਕੀਤਾ ਗਿਆ। ਇਕੱਠ ਦੇ ਪੱਖ ਤੋਂ  ਰੈਲੀ ਪ੍ਰਭਾਵਸ਼ਾਲੀ ਰਹੀ  । ਸਟੇਜ 'ਤੇ ਸੰਸਦ ਮੈਂਬਰ ਨਰੇਸ਼ ਗੁਜਰਾਲ, ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਜਥੇਦਾਰ ਤੋਤਾ ਸਿੰਘ ਸਾਬਕਾ ਮੰਤਰੀ ਸਮੇਤ ਪਾਰਟੀ ਆਗੂਆਂ ਤੋਂ ਇਲਾਵਾ ਅਕਾਲੀ-ਬਸਪਾ ਦੇ ਹੁਣ ਤੱਕ ਵੱਖ-ਵੱਖ ਹਲਕਿਆਂ ਤੋਂ ਐਲਾਨੇ ਉਮੀਦਵਾਰ ਤੇ ਸ਼੍ਰੋਮਣੀ ਕਮੇਟੀ ਮੈਂਬਰ ਵੀ ਬੈਠੇ ਹੋਏ ਸਨ ।ਸਟੇਜ 'ਤੇ ਇਕੋ-ਇਕ ਔਰਤ ਆਗੂ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਮੌਜੂਦ ਸਨ । ਰੈਲੀ ਦੌਰਾਨ ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ ਇੰਦਰ ਸਿੰਘ ਗਰੇਵਾਲ ਅਤੇ ਡਾ. ਦਲਜੀਤ ਸਿੰਘ ਚੀਮਾ ਵਲੋਂ ਪੇਸ਼ ਕੀਤੇ ਗਏ ਮਤਿਆਂ ਨੂੰ ਪਾਰਟੀ ਵਰਕਰਾਂ ਵਲੋਂ ਜੈਕਾਰਿਆਂ ਦੀ ਗੂੰਜ ਵਿਚ ਪਾਸ ਕੀਤਾ ਗਿਆ । ਰੈਲੀ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਅਕਾਲੀ-ਬਸਪਾ ਆਗੂਆਂ ਨੇ ਜਿੱਥੇ ਰਾਜ ਦੀ ਸੱਤਾਧਾਰੀ ਕਾਂਗਰਸ, ਕੇਂਦਰ ਦੀ ਭਾਜਪਾ ਸਰਕਾਰ ਅਤੇ ਆਪ ਪਾਰਟੀ 'ਤੇ ਤਿੱਖੇ ਹਮਲੇ ਕੀਤੇ, ਉੱਥੇ ਵਰਕਰਾਂ ਨੂੰ ਰਾਜ ਦੀ ਮੌਜੂਦਾ ਕਾਂਗਰਸ ਸਰਕਾਰ ਨੂੰ ਉਖਾੜ ਸੁੱਟਣ ਦਾ ਸੱਦਾ ਵੀ ਦਿੱਤਾ । ਇਸ ਮੌਕੇ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਗੁਰਧਾਮਾਂ ਦੀ ਸੇਵਾ ਸੰਭਾਲ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤੀ ਹੈ ਪਰ ਸਮੇਂ ਦੀਆਂ ਸਰਕਾਰਾਂ ਵਲੋਂ ਗੁਰਧਾਮਾਂ 'ਤੇ ਕਬਜ਼ੇ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਸਿੱਖ ਕੌਮ ਨੇ ਨਕਾਰ ਦਿੱਤਾ ਹੈ । ਉਨ੍ਹਾਂ ਕਿਹਾ ਕਿ ਹੁਣ ਸਾਡੇ ਸਾਹਮਣੇ ਵਿਧਾਨ ਸਭਾ ਦੀਆਂ ਚੋਣਾਂ ਹਨ ਤੇ ਇਨ੍ਹਾਂ ਚੋਣਾਂ ਵਿਚ ਵੀ ਪੰਜਾਬ ਦੇ ਲੋਕਾਂ ਨੇ ਸੂਬੇ ਦੀ ਕਿਸਮਤ ਦਾ ਫ਼ੈਸਲਾ ਕਰਨਾ ਹੈ । ਉਨ੍ਹਾਂ ਨੂੰ ਉਹ ਸਰਕਾਰ ਚੁਣਨੀ ਚਾਹੀਦੀ ਹੈ, ਜਿਹੜੀ ਪੰਜਾਬ ਦਾ ਭਲਾ ਕਰ ਸਕੇ । ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਮੁਕਾਬਲਾ ਤਿੰਨ ਸਰਕਾਰਾਂ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਸਰਕਾਰ, ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਰਾਜ ਦੀ ਮੌਜੂਦਾ ਕਾਂਗਰਸ ਸਰਕਾਰ ਨਾਲ ਹੈ ਤੇ ਪੰਜਾਬ ਦੇ ਲੋਕਾਂ ਨੂੰ ਤਕੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਦਾ ਸਾਥ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ ।

 ਅਕਾਲੀ ਦਲ ਦਾ 100 ਸਾਲਾ ਇਤਿਹਾਸ ਸ਼ਾਨਾਮੱਤਾ-ਸੁਖਬੀਰ

ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਨੁਮਾਇੰਦਗੀ ਕਰਨ ਵਾਲੇ ਆਗੂਆਂ ਵਲੋਂ ਪਾਰਟੀ ਦੀ ਮਜ਼ਬੂਤੀ ਲਈ ਕੀਤੇ ਗਏ ਕੰਮਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਪਾਰਟੀ ਦਾ 100 ਸਾਲਾ ਇਤਿਹਾਸ ਸ਼ਾਨਾਮੱਤਾ ਹੈ । ਇਸ ਮੌਕੇ ਉਨ੍ਹਾਂ ਪਾਰਟੀ ਵਰਕਰਾਂ ਨੂੰ ਚੋਣਾਂ ਲਈ ਕਮਰਕੱਸੇ ਕਰਨ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਇਸ ਵਾਰ ਦੀ ਲੜਾਈ ਚਾਰ ਫਰੰਟਾਂ 'ਤੇ ਲੜੀ ਜਾਣੀ ਹੈ ।  ਉਨ੍ਹਾਂ ਸੂਬਿਆਂ ਦੇ ਖੋਹੇ ਜਾ ਰਹੇ ਅਧਿਕਾਰਾਂ ਲਈ ਆਵਾਜ਼ ਉਠਾਉਂਦੇ ਹੋਏ ਜਿੱਥੇ ਖੇਤਰੀ ਪਾਰਟੀਆਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ, ਉੱਥੇ ਪੰਜਾਬ ਦੀਆਂ ਹੱਕੀ ਮੰਗਾਂ ਲਈ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਇਕ ਵਾਰ ਫਿਰ ਦੁਹਰਾਇਆ । ਇਸ ਮੌਕੇ ਉਨ੍ਹਾਂ ਜਿੱਥੇ ਪਾਰਟੀ ਵਲੋਂ ਪਹਿਲਾਂ ਐਲਾਨੇ 13 ਨੁਕਾਤੀ ਏਜੰਡੇ ਨੂੰ ਲਾਗੂ ਕਰਨ ਦੀ ਗੱਲ ਦੁਹਰਾਈ, ਉੱਥੇ ਉਨ੍ਹਾਂ 5 ਹੋਰ ਅਹਿਮ ਐਲਾਨ ਵੀ ਕੀਤੇ ।ਉਨ੍ਹਾਂ ਕਿਸਾਨਾਂ ਲਈ ਫ਼ਸਲ ਬੀਮਾ ਯੋਜਨਾ ਦਾ ਐਲਾਨ ਕਰਦਿਆਂ ਕਿਹਾ ਕਿ ਫ਼ਸਲ ਦੇ ਨੁਕਸਾਨ 'ਤੇ ਕਿਸਾਨਾਂ ਨੂੰ ਇਸ ਸਕੀਮ ਤਹਿਤ ਪ੍ਰਤੀ ਏਕੜ 50 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ । ਇਸ ਦੇ ਨਾਲ ਹੀ ਉਨ੍ਹਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ (2004 ਤੋਂ ਬਾਅਦ ਦੇ ਮੁਲਾਜ਼ਮਾਂ ਲਈ ਪੈਨਸ਼ਨ) ਨੂੰ ਬਹਾਲ ਕਰਨ ਦਾ ਭਰੋਸਾ ਦਿੱਤਾ ।ਇਸ ਮੌਕੇ ਉਨ੍ਹਾਂ ਰਾਜ ਦੇ ਸਾਰੇ ਧਾਰਮਿਕ ਅਸਥਾਨਾਂ (ਗੁਰਦੁਆਰਿਆਂ, ਮੰਦਰਾਂ, ਮਸਜਿਦਾਂ ਅਤੇ ਗਿਰਜਾਘਰਾਂ) ਲਈ ਮੁਫਤ ਬਿਜਲੀ ਦੇਣ ਦਾ ਵੀ ਐਲਾਨ ਕੀਤਾ।ਇਸ ਤੋਂ ਇਲਾਵਾ ਉਨ੍ਹਾਂ ਸ਼ਰਾਬ ਅਤੇ ਮਾਈਨਿੰਗ ਮਾਫੀਏ ਨੂੰ ਖਤਮ ਕਰਨ ਲਈ ਨਵੀਂ ਸ਼ਰਾਬ ਅਤੇ ਮਾਈਨਿੰਗ ਨੀਤੀ (ਸ਼ਰਾਬ ਤੇ ਮਾਈਨਿੰਗ ਕਾਰਪੋਰੇਸ਼ਨ) ਬਣਾਉਣ ਦਾ ਵੀ ਭਰੋਸਾ ਦਿੱਤਾ ।

ਪਾਸ ਕੀਤੇ ਗਏ ਮਤੇ

ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਅਕਾਲੀ-ਬਸਪਾ ਆਗੂਆਂ 'ਤੇ ਝੂਠੇ ਕੇਸ ਬਣਾਏ ਜਾਣ ਸੰਬੰਧੀ ਰਚੀਆਂ ਜਾ ਰਹੀਆਂ ਸਾਜਿਸ਼ਾਂ ਖਿਲਾਫ ਮਤਾ ਪਾਸ ਕਰਦਿਆਂ ਕਾਂਗਰਸ ਸਰਕਾਰ ਨੂੰ ਇਸ ਦੇ ਗੰਭੀਰ ਸਿੱਟੇ ਭੁਗਤਣ ਦੀ ਚਿਤਾਵਨੀ ਦਿੱਤੀ । ਇਸੇ ਤਰ੍ਹਾਂ ਇਕ ਹੋਰ ਮਤੇ ਰਾਹੀਂ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 'ਤੇ ਰਾਜ ਸਰਕਾਰ ਦੇ ਹੀ ਇਕ ਮੰਤਰੀ ਵਲੋਂ ਰਿਸ਼ਵਤ ਲੈ ਕੇ ਐਸ. ਐਸ. ਪੀ. ਲਗਾਉਣ ਦੇ ਲਗਾਏ ਗਏ ਦੋਸ਼ਾਂ ਨੂੰ ਗੰਭੀਰ ਦੱਸਦੇ ਹੋਏ ਇਨ੍ਹਾਂ ਦੀ ਜੁਡੀਸ਼ੀਅਲ ਜਾਂਚ ਕਰਵਾਉਣ ਦੀ ਮੰਗ ਕੀਤੀ ।ਜਦਕਿ ਕੌਮੀ ਪੱਧਰ 'ਤੇ ਸੰਘੀ ਢਾਂਚਾ ਮਜ਼ਬੂਤ ਕਰਨ ਲਈ ਸਾਂਝਾ ਮੋਰਚਾ ਬਣਾਉਣ ਲਈ ਵੀ ਮਤਾ ਪਾਸ ਕੀਤਾ ਗਿਆ ।ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸੰਸਦ ਮੈਂਬਰ ਸਤੀਸ਼ ਚੰਦਰ ਮਿਸ਼ਰਾ ਨੇ ਕਿਹਾ ਕਿ ਅਕਾਲੀ-ਬਸਪਾ ਗੱਠਜੋੜ ਪੰਜਾਬ ਵਿਚ ਸ਼ਾਨਦਾਰ ਜਿੱਤ ਹਾਸਿਲ ਕਰਕੇ ਆਪਣੀ ਸਰਕਾਰ ਬਣਾਏਗਾ ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨ ਦੀਆਂ ਸਾਜਿਸ਼ਾਂ ਤੋਂ ਪੰਥ ਨੂੰ ਸੁਚੇਤ ਰਹਿਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਦਿੱਲੀ ਦੇ ਧਾੜਵੀ ਸ਼੍ਰੋਮਣੀ ਕਮੇਟੀ 'ਤੇ ਕਬਜ਼ੇ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਪਰ ਉਹ ਆਪਣੇ ਮਕਸਦ 'ਚ ਸਫਲ ਨਹੀਂ ਹੋਣਗੇ ।ਉਨ੍ਹਾਂ ਕਿਹਾ ਕਿ ਅਗਲੇ ਸਾਲ ਵਿਧਾਨ ਸਭਾ ਚੋਣਾਂ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀਆਂ ਵੀ ਚੋਣਾਂ ਹੋਣ ਜਾ ਰਹੀਆਂ ਹਨ ਤੇ ਪੰਥ ਵਿਰੋਧੀ ਤਾਕਤਾਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਹੁਣ ਤੋਂ ਹੀ ਤਿਆਰੀ ਆਰੰਭ ਦੇਣੀ ਚਾਹੀਦੀ ਹੈ ।ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਅਕਾਲੀ-ਬਸਪਾ ਗਠਜੋੜ ਤੋਂ ਕਾਂਗਰਸ ਬੁਰੀ ਤਰ੍ਹਾਂ ਡਰ ਗਈ ਹੈ । ਉਨ੍ਹਾਂ ਕਿਹਾ ਕਿ ਕਾਂਗਰਸ ਦੀ 74 ਸਾਲ ਬਾਅਦ ਅੱਖ ਖੁੱਲ੍ਹੀ ਤੇ ਇਕ ਦਲਿਤ ਨੂੰ ਮੁੱਖ ਮੰਤਰੀ ਬਣਾ ਕੇ ਆਉਂਦੀਆਂ ਚੋਣਾਂ ਵਿਚ ਦਲਿਤ ਭਾਈਚਾਰੇ ਨੂੰ ਖੁਸ਼ ਕਰਨ ਦਾ ਪੱਤਾ ਖੇਡਿਆ ਹੈ, ਜਦਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕੋਈ ਤਾਕਤ ਨਹੀਂ ਦਿੱਤੀ ਗਈ ਤੇ ਉਹ ਇਕ ਤਰ੍ਹਾਂ ਨਾਲ ਹਵਾ-ਹਵਾਈ ਮੁੱਖ ਮੰਤਰੀ ਹੀ ਸਾਬਤ ਹੋ ਰਹੇ ਹਨ ।