ਡੇਰਾ ਸਿਰਸਾ ਦੀ ਪਰਕਰਮਾ ਕਰਨ ਲਗੇ ਸਿਆਸੀ ਆਗੂ

ਡੇਰਾ ਸਿਰਸਾ ਦੀ ਪਰਕਰਮਾ ਕਰਨ ਲਗੇ ਸਿਆਸੀ ਆਗੂ

ਬਾਦਲਕੇ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫ਼ਰ ਪਹੁੰਚੇ

ਅੰਮ੍ਰਿਤਸਰ ਟਾਈਮਜ਼  

ਮਾਨਸਾਮਾਨਸਾ ਵਿੱਚ ਡੇਰਾ ਸਿਰਸਾ ਦੇ ਸੰਸਥਾਪਕ ਸ਼ਾਹ ਮਸਤਾਨ ਦਾ ਜਨਮ-ਮਹੀਨਾ ਸੰਗਤ ਨੇ ਇੱਥੇ ਅਮਨਪੁਰਾ ਧਾਮ ਵਿਚ ਨਾਮ ਚਰਚਾ ਕਰਕੇ ਮਨਾਇਆ, ਜਿਸ ਵਿੱਚ ਸੰਗਤ ਤੋਂ ਇਲਾਵਾ ਸਿਆਸੀ ਧਿਰਾਂ ਦੇ ਆਗੂਆਂ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ। ਵਿਧਾਨ ਸਭਾ ਚੋਣਾਂ ਨੇੜੇ ਹੋਣ ਕਾਰਨ ਸਿਆਸੀ ਆਗੂਆਂ ਨੇ ਵੱਧ ਤੋਂ ਵੱਧ ਸੰਗਤ ਨੂੰ ਮਿਲਣ ਦਾ ਯਤਨ ਕੀਤਾ। ਸਖ਼ਤ ਪੁਲੀਸ ਪ੍ਰਬੰਧਾਂ ਹੇਠ ਹੋਈ ਇਸ ਨਾਮ ਚਰਚਾ ਵਿੱਚ ਮਾਨਸਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਕੁਮਾਰ ਅਰੋੜਾ, ਸਰਦੂਲਗੜ੍ਹ ਤੋਂ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫ਼ਰ, ਮਾਨਸਾ ਤੋਂ ‘ਆਪ’ ਦੇ ਵਿਧਾਨ ਸਭਾ ਹਲਕਾ ਇੰਚਾਰਜ ਡਾ. ਵਿਜੈ ਕੁਮਾਰ ਸਿੰਗਲਾ ਤੇ ਜ਼ਿਲ੍ਹਾ ਯੂਥ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਵਿੱਕੀ ਵੀ ਪੁੱਜੇ ਹੋਏ ਸਨ।ਇਸ ਮੌਕੇ ਸਾਧ ਸੰਗਤ ਸਿਆਸੀ ਵਿੰਗ ਦੇ ਮੈਂਬਰ ਪਰਮਜੀਤ ਸਿੰਘ ਇੰਸਾਂ ਨੰਗਲ, ਮੇਜਰ ਸਿੰਘ ਖਿਆਲਾ ਤੇ 45 ਮੈਂਬਰ ਨਿੰਦਰ ਕੌਰ ਇੰਸਾਂ ਨੇ ਡੇਰਾ ਸਿਰਸਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 135 ਕਾਰਜਾਂ ’ਚ ਵਧ-ਚੜ੍ਹ ਕੇ ਹਿੱਸਾ ਲੈਣ ਤੇ ਆਪਸੀ ਏਕਤਾ ਤੇ ਭਾਈਚਾਰਾ ਬਣਾਈ ਰੱਖਣ ਲਈ ਕਿਹਾ। ਨਾਮ ਚਰਚਾ ਦੌਰਾਨ ਸਾਧ ਸੰਗਤ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਅਰੋੜਾ ਤੇ ਕਾਂਗਰਸ ਦੇ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫ਼ਰ ਹੱਥੋਂ ਲੋੜਵੰਦਾਂ ਨੂੰ ਕੰਬਲ ਵੀ ਵੰਡਵਾਏ ਗਏ।

ਜਥੇਦਾਰ ਨੂੰ ਕੀਤੀ ਇਹ  ਸ਼ਿਕਾਇਤ

 ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਡੇਰਾ ਸਿਰਸਾ ਵੱਲੋਂ ਕਈ ਥਾਈਂ ਕਰਵਾਈ 'ਨਾਮ ਚਰਚਾ' ਪੋ੍ਗਰਾਮਾਂ ਵਿਚ ਸ਼ਮੂਲੀਅਤ ਕਰਨ ਵਾਲੇ ਸਿਆਸੀ ਆਗੂਆਂ ਦੇ ਖ਼ਿਲਾਫ਼ ਸਿੱਖ ਰਵਾਇਤਾਂ ਮੁਤਾਬਕ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਨੇ ਹੁਕਮਨਾਮਾ ਜਾਰੀ ਕੀਤਾ ਹੋਇਆ ਹੈ ਕਿ ਸਿੱਖ ਸ਼ਰਧਾਲੂ ਡੇਰਾ ਸੱਚਾ ਸੌਦਾ ਜਾਂ ਇਸ ਦੇ ਸ਼ਰਧਾਲੂਆਂ ਨਾਲ ਕੋਈ ਵਾਸਤਾ ਨਹੀਂ ਰੱਖੇਗਾ ਪਰ ਇਸ ਦੇ ਬਾਵਜੂਦ ਫਿਰੋਜ਼ਪੁਰ ਤੋਂ ਪਰਮਿੰਦਰ ਸਿੰਘ ਪਿੰਕੀ, ਫਾਜ਼ਿਲਕਾ ਤੋਂ ਦਵਿੰਦਰ ਸਿੰਘ ਘੁਬਾਇਆ ਤੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਡੇਰੇ ਵੱਲੋ ਕਰਵਾਏ 'ਨਾਮ ਚਰਚਾ' ਪੋ੍ਗਰਾਮਾਂ ਵਿਚ ਸ਼ਮੂਲੀਅਤ ਕੀਤੀ ਸੀ। ਉਨ੍ਹਾਂ ਨੇ ਜਥੇਦਾਰ ਨੂੰ ਕਾਂਗਰਸੀ ਆਗੂਆਂ ਦੇ ਖਿਲਾਫ ਸਿੱਖਾਂ ਦੇ ਸਰਬਉੱਚ ਅਸਥਾਨ ਤੋਂ ਜਾਰੀ ਹੁਕਮਨਾਮੇ ਦੀ ਅਵੱਗਿਆ ਦੇ ਦੋਸ਼ਾਂ ਤਹਿਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਵਲਟੋਹਾ ਨੇ ਕਿਹਾ ਕਿ ਕੈਬਨਿਟ ਮੰਤਰੀ ਸਿੰਗਲਾ ਨੇ ਤਾਂ ਡੇਰੇ ਦੇ ਕੰਮਾਂ ਦੀ ਤਾਰੀਫ਼ ਵੀ ਕੀਤੀ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਕਾਂਗਰਸ ਪਾਰਟੀ ਡੇਰੇ ਨਾਲ ਰਲੀ ਹੋਈ ਹੈ।ਵਲਟੋਹਾ ਨੇ ਰਾਹੁਲ ਗਾਂਧੀ ਸਮੇਤ ਕਾਂਗਰਸ ਹਾਈ ਕਮਾਂਡ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਸਵਾਲ ਕੀਤਾ ਹੈ ਕਿ ਇਹ ਕਾਂਗਰਸੀ ਆਗੂ ਉਨ੍ਹਾਂ ਦੀ ਹਦਾਇਤ 'ਤੇ 'ਨਾਮ ਚਰਚਾ' ਪੋ੍ਗਰਾਮਾਂ ਵਿਚ ਸ਼ਾਮਲ ਹੋਏ ਸਨ? ਜੇ ਅਜਿਹਾ ਨਹੀਂ ਹੈ ਤਾਂ ਫਿਰ ਇਨ੍ਹਾਂ ਸਾਰੇ ਕਾਂਗਰਸੀ ਆਗੂਆਂ ਨੂੰ ਜਿਹਨਾਂ ਨੇ ਇਹਨਾਂ ਪੋ੍ਗਰਾਮਾਂ ਵਿਚ ਸ਼ਮੂਲੀਅਤ ਕੀਤੀ, ਤੁਰੰਤ ਪਾਰਟੀ ਵਿੱਚੋਂ ਕੱਢ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਮੁੱਖ ਮੰਤਰੀ, ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤਿ੍ਪਤ ਬਾਜਵਾ ਤੇ ਸੁਨੀਲ ਜਾਖੜ ਨੂੰ ਆਖਿਆ ਕਿ ਉਹ ਆਪਣਾ ਸਟੈਂਡ ਸਪੱਸ਼ਟ ਕਰਨ।