ਜਲਾਲਾਬਾਦ ਬੰਬ ਬਲਾਸਟ 'ਚ ਫ਼ਰਾਰ ਦੋਸ਼ੀ ਦੇ ਦੋ ਸਾਥੀ ਗ੍ਰਿਫ਼ਤਾਰ

ਜਲਾਲਾਬਾਦ ਬੰਬ ਬਲਾਸਟ 'ਚ ਫ਼ਰਾਰ ਦੋਸ਼ੀ ਦੇ ਦੋ ਸਾਥੀ ਗ੍ਰਿਫ਼ਤਾਰ

*15 ਸਤੰਬਰ ਨੂੰ ਮੋਟਰਸਾਈਕਲ ਵਿਚ ਹੋਇਆ ਸੀ ਬਲਾਸਟ

ਅੰਮ੍ਰਿਤਸਰ ਟਾਈਮਜ਼

ਜਗਰਾਉਂ : ਜਗਰਾਉਂ ਪੁਲਿਸ ਨੇ 15 ਸਤੰਬਰ ਨੂੰ ਫਾਜ਼ਿਲਕਾ ਦੇ ਜਲਾਲਾਬਾਦ ਵਿਚ ਮੋਟਰਸਾਈਕਲ ਵਿਚ ਹੋਏ ਬੰਬ ਧਮਾਕੇ ਦੇ ਭਗੌਡ਼ੇ ਦੋਸ਼ੀ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲੀਸ ਟੀਮਾਂ ਬੰਬ ਬਲਾਸਟ ਦੇ ਦੋਸ਼ੀ ਅਤੇ ਉਸ ਦੇ ਇੱਕ ਹੋਰ ਸਾਥੀ ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਵਰਨਣਯੋਗ ਹੈ ਕਿ ਬੀਤੀ 15 ਸਤੰਬਰ ਨੂੰ ਫ਼ਾਜ਼ਿਲਕਾ ਦੇ ਜਲਾਲਾਬਾਦ ਵਿਖੇ ਇਕ ਮੋਟਰਸਾਈਕਲ ਵਿਚ ਬੰਬ ਧਮਾਕਾ ਹੋਇਆ ਸੀ । ਇਸ ਘਟਨਾ ਵਿਚ ਜਲਾਲਾਬਾਦ ਦੇ ਥਾਣਾ ਸਿਟੀ ਵਿਖੇ ਪੁਲੀਸ ਨੇ ਜਾਂਚ ਉਪਰੰਤ ਰਣਜੀਤ ਸਿੰਘ ਉਰਫ ਗੋਰਾ ਪੁੱਤਰ ਜਸਵੰਤ ਸਿੰਘ ਵਾਸੀ ਨਿੱਜੀਹੰਗਾਂ ਦੇ ਝੁੱਗੇ (ਫਿਰੋਜ਼ਪੁਰ ) ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਸੀ , ਉਦੋਂ ਤੋਂ ਹੀ ਰਣਜੀਤ ਸਿੰਘ ਉਰਫ ਗੋਰਾ ਫ਼ਰਾਰ ਚੱਲਿਆ ਆ ਰਿਹਾ ਹੈ। ਪੁਲੀਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਅਧੀਨ ਪੈਂਦੇ ਥਾਣਾ ਸਿੱਧਵਾਂ ਬੇਟ ਦੇ ਮੁਖੀ ਇੰਸਪੈਕਟਰ ਬਿਕਰਮਜੀਤ ਸਿੰਘ ਨੂੰ ਬੀਤੀ ਦੇਰ ਰਾਤ ਰਣਜੀਤ ਸਿੰਘ ਉਰਫ ਗੋਰਾ ਦੇ ਬੇਟ ਇਲਾਕੇ ਚ ਆਪਣੇ ਰਿਸ਼ਤੇਦਾਰਾਂ ਅਤੇ ਸਾਥੀਆਂ ਦੇ ਘਰ ਲੁਕੇ ਹੋਣ ਦੀ ਸੂਚਨਾ ਮਿਲੀ । ਇਸ ਸੂਚਨਾ ਵਿੱਚ ਇਹ ਵੀ ਖੁਲਾਸਾ ਹੋਇਆ ਕਿ ਗੋਰਾ ਆਪਣੇ ਸਾਥੀਆਂ ਨਾਲ ਅਸਲਾ ਤੇ ਧਮਾਕਾਖੇਜ਼ ਸਮੱਗਰੀ ਲੈ ਕੇ ਦੀਵਾਲੀ ਦੇ ਤਿਉਹਾਰ ਵਿਚ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਲਈ ਕਿਸੇ ਵੱਡੀ ਵਾਰਦਾਤ ਦੇ ਫਿਰਾਕ ਵਿਚ ਹੈ । ਜਿਸ ਤੇ ਥਾਣਾ ਮੁਖੀ ਨੇ ਵੱਡੀ ਪੁਲਸ ਟੀਮ ਨਾਲ ਤੁਰੰਤ ਕਾਰਵਾਈ ਕਰਦਿਆਂ ਬੇਟ ਇਲਾਕੇ ਦੇ ਪਿੰਡ ਖੁਰਸ਼ੈਦਪੁਰਾ ਵਿਖੇ ਘੇਰਾਬੰਦੀ ਕਰਕੇ ਛਾਪਾਮਾਰੀ ਕੀਤੀ। ਇਸ ਛਾਪਾਮਾਰੀ ਦੌਰਾਨ ਪੁਲਸ ਦੇ ਗੋਰਾ ਤਾ ਹੱਥ ਨਹੀਂ ਲੱਗਾ ਪਰ ਇਸ ਛਾਪਾਮਾਰੀ ਦੌਰਾਨ ਗੋਰਾ ਨੂੰ ਪਨਾਹ ਦੇਣ ਅਤੇ ਉਸ ਦੇ ਨਾਲ ਮਿਲ ਕੇ ਵੱਡੀ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਸਾਥ ਦੇਣ ਨੂੰ ਤਿਆਰ ਹੋਏ ਤਰਲੋਕ ਸਿੰਘ ਪੁੱਤਰ ਜੀਤ ਸਿੰਘ ਵਾਸੀ ਖੁਰਸ਼ੈਦਪੁਰਾ ਅਤੇ ਬਲਵੰਤ ਸਿੰਘ ਪੁੱਤਰ ਗੁਰਿੰਦਰ ਸਿੰਘ ਵਾਸੀ ਬਲੀਪੁਰ ਖੁਰਦ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਹੋਈ। ਪੁਲਿਸ ਦੀ ਹੁਣ ਤੱਕ ਦੀ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਗੋਰਾ ਆਪਣੇ ਹੀ ਪਿੰਡ ਦੇ ਰਹਿਣ ਵਾਲੇ ਸਾਥੀ ਜਸਵੰਤ ਸਿੰਘ ਪੁੱਤਰ ਜੀਵਨ ਸਿੰਘ ਨਾਲ ਗ੍ਰਿਫ਼ਤਾਰ ਕੀਤੇ ਗਏ ਉਕਤ ਦੋਵਾਂ ਦੇ ਘਰਾਂ ਤੋਂ ਇਲਾਵਾ ਵੇਟ ਇਲਾਕੇ ਵਿਚ ਰਹਿੰਦਾ ਰਿਹਾ ਹੈ , ਹੁਣ ਉਸ ਵੱਲੋਂ ਇਨ੍ਹਾਂ ਦੋਵਾਂ ਨੂੰ ਆਪਣੇ ਨਾਲ ਸ਼ਾਮਲ ਕਰ ਕੇ ਅਸਲਾ ਅਤੇ ਧਮਾਕੇਦਾਰ ਸਮੱਗਰੀ ਇਕੱਠੀ ਕਰਕੇ ਦੀਵਾਲੀ ਤੇ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਦੀ ਸਾਜ਼ਿਸ਼ ਰਚ ਰਹੇ ਸਨ। ਜਿਸ ਨੂੰ ਫਿਲਹਾਲ ਜਗਰਾਉਂ ਪੁਲੀਸ ਨੇ ਅਸਫ਼ਲ ਬਣਾ ਦਿੱਤਾ ਹੈ ।                 ਐਨ.ਆਈ.ਏ. ਨੇ ਪੰਜਾਬ 'ਚ ਮਾਰੇ ਛਾਪੇ  ਐਨ.ਆਈ.ਏ. ਨੇ ਜਲਾਲਾਬਾਦ ਮੋਟਰਸਾਈਕਲ ਆਈ.ਈ.ਡੀ. ਧਮਾਕੇ ਮਾਮਲੇ ਦੇ ਸੰਬੰਧ ਵਿਚ ਪੰਜਾਬ ਵਿਚ ਕਈ ਥਾਂਵਾਂ 'ਤੇ ਛਾਪੇ ਮਾਰੇ ਹਨ। ਐਨ.ਆਈ.ਏ. ਦੇ ਸੂਤਰਾਂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਮਾਮਲੇ ਦੇ ਦੋਸ਼ੀ ਪਾਕਿਸਤਾਨ ਆਧਾਰਿਤ ਖਾੜਕੂਆਂ ਦੇ ਸੰਪਰਕ 'ਚ ਸਨ। ਐਨ.ਆਈ.ਏ. ਦੀਆਂ ਟੀਮਾਂ ਵਲੋਂ ਅੱਜ ਪੰਜਾਬ ਦੇ ਫਾਜ਼ਿਲਕਾ ਤੇ ਫਿਰੋਜ਼ਪੁਰ ਜ਼ਿਲ੍ਹਿਆਂ 'ਚ 4 ਥਾਵਾਂ 'ਤੇ ਛਾਪੇ ਮਾਰੇ ਗਏ। ਦੱਸਣਯੋਗ ਹੈ ਕਿ ਐਨ.ਆਈ.ਏ. ਵਲੋਂ ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਕਸਬੇ ਵਿਚ ਪੰਜਾਬ ਨੈਸ਼ਨਲ ਬੈਂਕ ਨੇੜੇ ਇਕ ਬਾਈਕ 'ਚ ਹੋਏ ਆਈ.ਈ.ਡੀ. ਧਮਾਕੇ ਦੇ ਸੰਬੰਧ 'ਚ 1 ਅਕਤੂਬਰ ਨੂੰ ਮਾਮਲਾ ਰਜਿਸਟਰਡ ਕਰਨ ਉਪਰੰਤ ਇਸ ਦੀ ਜਾਂਚ ਸ਼ੁਰੂ ਕੀਤੀ ਗਈ ਸੀ ਅਤੇ ਇਸ ਮਾਮਲੇ 'ਚ ਹੁਣ ਤੱਕ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।