ਕੁਲਬੀਰ ਸਿੰਘ ਬੜਾ ਪਿੰਡ ਸਮੇਤ 9 ਨੂੰ ਉਮਰ ਕੈਦ
ਮਾਮਲਾ ਸਲਾਰਪੁਰ ਗੋਲੀ ਕਾਂਡ ਦਾ
ਅੰਮ੍ਰਿਤਸਰ ਟਾਈਮਜ਼
ਜਲੰਧਰ-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ ਦੀ ਅਦਾਲਤ ਨੇ ਸਾਲ 2015 'ਚ ਸਲਾਰਪੁਰ 'ਚ ਹੋਏ ਗੋਲੀ ਕਾਂਡ ਮਾਮਲੇ ਵਿਚ ਕਿਸਾਨ ਸਿੰਗਾਰਾ ਚੰਦ ਦੇ ਕਤਲ ਮਾਮਲੇ ਵਿਚ ਦੋਸ਼ੀ ਕਰਾਰ ਦਿੰਦੇ ਹੋਏ ਕੁਲਬੀਰ ਸਿੰਘ ਬੜਾ ਪਿੰਡ, ਪਾਲ ਰਾਮ, ਗੁਰਮੇਲ ਸਿੰਘ, ਮਨੋਹਰ ਸਿੰਘ, ਕਮਲਜੀਤ ਸਿੰਘ, ਮੋਤੀ ਲਾਲ, ਸੁਰਿੰਦਰ ਸਿੰਘ, ਹਰੀ ਰਾਮ ਉਰਫ ਬਿਸ਼ਨ ਦਾਸ, ਸੁਖਵਿੰਦਰ ਸਿੰਘ ਨੂੰ ਉਮਰ ਕੈਦ ਅਤੇ ਵੱਖ-ਵੱਖ ਧਾਰਾਵਾਂ ਹੇਠ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ । ਇਸ ਮਾਮਲੇ ਵਿਚ ਕੁਲਬੀਰ ਸਿੰਘ ਬੜਾ ਪਿੰਡ ਨੂੰ ਵੱਖ-ਵੱਖ ਧਾਰਾਵਾਂ ਹੇਠ 60 ਹਜ਼ਾਰ ਰੁਪਏ ਅਤੇ ਬਾਕੀਆਂ ਨੂੰ 20-20 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ ।ਜੁਰਮਾਨਾ ਨਾ ਦੇਣ 'ਤੇ ਦੋਸ਼ੀਆਂ ਨੂੰ 1 ਸਾਲ ਹੋਰ ਸਜ਼ਾ ਭੁਗਤਣੀ ਪਵੇਗੀ | ਦੋਸ਼ੀਆਂ ਖਿਲਾਫ਼ ਮਿਤੀ 5 ਨਵੰਬਰ 2015 ਨੂੰ ਥਾਣਾ ਸਦਰ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ ।ਸ਼ਿਕਾਇਤ ਕਰਤਾ ਲਕਸ਼ਮਣ ਦਾਸ ਪੁੱਤਰ ਮੋਤੀ ਰਾਮ ਵਾਸੀ ਸਲਾਰਪੁਰ ਨੇ ਸ਼ਿਕਾਇਤ ਵਿਚ ਕਿਹਾ ਸੀ ਕਿ ਉਸ ਦੀ ਪਤਨੀ ਊਸ਼ਾ ਰਾਣੀ ਪਿੰਡ ਦੀ ਸਰਪੰਚ ਹੈ ਤੇ ਉਕਤ ਦੋਸ਼ੀ ਉਨ੍ਹਾਂ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਆਏ ਸਨ ਤੇ ਘਟਨਾ ਵਾਲੇ ਦਿਨ ਇਹ ਸਾਰੇ ਉਨ੍ਹਾਂ ਦੇ ਘਰ ਆ ਕੇ ਝਗੜਾ ਕਰਨ ਲੱਗੇ । ਇਸ ਦੌਰਾਨ ਮਨੋਹਰ ਸਿੰਘ ਦੇ ਲਾਇਸੰਸ ਵਾਲੇ ਰਿਵਾਲਵਰ ਨਾਲ ਕੁਲਬੀਰ ਸਿੰਘ ਬੜਾ ਪਿੰਡ ਨੇ ਗੋਲੀ ਚਲਾ ਦਿੱਤੀ ਜੋ ਕਿ ਸ਼ਿੰਗਾਰਾ ਚੰਦ ਦੇ ਲੱਗੀ ਤੇ ਉਸ ਦੀ ਮੌਤ ਹੋ ਗਈ। ਇਸ ਦੌਰਾਨ ਥਾਣਾ ਸਦਰ ਦੀ ਪੁਲਿਸ ਵਲੋਂ ਬੜਾ ਪਿੰਡ ਸਮੇਤ ਕੁੱਲ 12 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ।ਇਸ ਕੇਸ 'ਚ ਦੋ ਵਿਅਕਤੀਆਂ ਮਹਿੰਦਰ ਪਾਲ ਅਤੇ ਠਾਕੁਰ ਦਾਸ ਦੀ ਕੇਸ ਚਲਦੇ ਵਿਚਕਾਰ ਹੀ ਮੌਤ ਹੋ ਚੁੱਕੀ ਹੈ ਤੇ ਰੇਸ਼ਮ ਚੰਦ ਅਦਾਲਤ ਵਲੋਂ ਭਗੌੜਾ ਕਰਾਰ ਦਿੱਤਾ ਗਿਆ ਹੈ । ਇਸੇ ਮਾਮਲੇ 'ਚ ਹੀ ਦੂਜੀ ਧਿਰ ਦੇ ਵੀ ਵਿਅਕਤੀਆਂ ਖ਼ਿਲਾਫ਼ ਧਾਰਾ 326 ਦੇ ਤਹਿਤ ਕਰਾਸ ਮਾਮਲਾ ਦਰਜ ਕੀਤਾ ਗਿਆ ਸੀ ਤੇ ਉਨ੍ਹਾਂ ਦੇ ਪੰਜ ਵਿਅਕਤੀਆਂ ਲਕਸ਼ਮਨ, ਹਰਬਿਲਾਸ, ਨਰੇਸ਼, ਸੰਦੀਪ ਕਲੇਰ ਅਤੇ ਸੰਦੀਪ ਰਾਣੀ ਨੂੰ ਬੀਤੇ ਦਿਨੀਂ ਅਦਾਲਤ ਨੇ ਦੋਸ਼ ਸਾਬਤ ਨਾ ਹੋਣ 'ਤੇ ਬਰੀ ਕਰ ਦਿੱਤਾ ਗਿਆ ਸੀ । ਇਸ ਮਾਮਲੇ ਦੇ ਦੋਸ਼ੀ ਕੁਲਬੀਰ ਸਿੰਘ ਪਹਿਲਾਂ ਹੀ ਜੇਲ੍ਹ 'ਵਿਚ ਹਨ ।
Comments (0)