ਕੈਨੇਡਾ, ਆਸਟ੍ਰੇਲੀਆ ਤੇ ਅਮਰੀਕਾ ਲਈ ਚੰਡੀਗੜ੍ਹ ਤੋਂ ਸਿੱਧੀ ਫਲਾਈਟ ਹਾਲੇ ਵੀ ਸੁਪਨਾ 

ਕੈਨੇਡਾ, ਆਸਟ੍ਰੇਲੀਆ ਤੇ ਅਮਰੀਕਾ ਲਈ ਚੰਡੀਗੜ੍ਹ ਤੋਂ ਸਿੱਧੀ ਫਲਾਈਟ ਹਾਲੇ ਵੀ ਸੁਪਨਾ 

  ਕੇਂਦਰ ਪ੍ਰਵਾਸੀ ਪੰਜਾਬੀਆਂ ਦੀ ਸਹੂਲਤ ਵਲ ਨਹੀਂ ਦੇ ਰਿਹਾ ਧਿਆਨ   

 ਅੰਮ੍ਰਿਤਸਰ ਟਾਈਮਜ਼                                 

ਚੰਡੀਗੜ੍ਹ : ਭਾਰਤ ਵਿਚ ਜਿਹੜੇ ਏਅਰਪੋਰਟਸ 'ਤੇ ਤੇਜ਼ੀ ਨਾਲ ਯਾਤਰੀਆਂ ਦੀ ਗਿਣਤੀ ਵਿਚ ਇਜ਼ਾਫ਼ਾ ਹੋ ਰਿਹਾ ਹੈ, ਉਨ੍ਹਾਂ ਵਿਚ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦਾ ਨੰਬਰ ਮੋਹਰੀ ਹੈ। ਕੋਰੋਨਾ ਕਾਲ ਤੋਂ ਪਹਿਲਾਂ ਏਅਰਪੋਰਟ ਤੋਂ ਹਰ ਸਾਲ ਡੇਢ ਲੱਖ ਯਾਤਰੀਆਂ ਦਾ ਇਜ਼ਾਫ਼ਾ ਹੋ ਰਿਹਾ ਸੀ। ਸਾਲ 2003 ਵਿਚ ਜਿੱਥੇ ਚੰਡੀਗੜ੍ਹ ਇੰਟਰਨੈਸ਼ਨਲ ਫਲਾਈਟ 'ਤੇ ਯਾਤਰੀ ਗਿਣਤੀ ਤਿੰਨ ਲੱਖ ਦੇ ਕਰੀਬ ਸੀ, ਉੱਥੇ ਹੀ ਸਾਲ 2018 ਵਿਚ ਇਹ ਗਿਣਤੀ 20 ਲੱਖ ਪਹੁੰਚ ਗਈ ਸੀ। ਬਾਵਜੂਦ ਕੈਨੇਡਾ, ਯੂਰਪ, ਅਮਰੀਕਾ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਲਈ ਹੁਣ ਤਕ ਇੰਟਰਨੈਸ਼ਨਲ ਫਲਾਈਟ ਸ਼ੁਰੂ ਨਹੀਂ ਹੋਈ ਹੈ। ਪਹਿਲਾਂ ਜਿੱਥੇ ਏਅਰਪੋਰਟ ਅਥਾਰਟੀ ਇਨ੍ਹਾਂ ਦੇਸ਼ਾਂ ਲਈ ਫਲਾਈਟਸ ਸ਼ੁਰੂ ਨਾ ਹੋਣ ਪਿੱਛੇ ਛੋਟੇ ਰਨਵੇ ਨੂੰ ਵਜ੍ਹਾ ਦੱਸਦਾ ਸੀ, ਉੱਥੇ ਹੀ ਸਾਲ 2019 ਵਿਚ ਹੀ ਰਨਵੇ ਦੀ ਲੰਬਾਈ ਨੂੰ 12,500 ਕਰ ਦਿੱਤਾ ਸੀ, ਪਰ ਅਜੇ ਤਕ ਇਨ੍ਹਾਂ ਦੇਸ਼ਾਂ ਲਈ ਕੋਈ ਸਿੱਧੀ ਫਲਾਈਟ ਏਅਰਪੋਰਟ ਤੋਂ ਸ਼ੁਰੂ ਨਹੀਂ ਹੋਈ ਹੈ. ਜਾਬ ਅਤੇ ਹਰਿਆਣਾ ਦਾ ਰਾਜਧਾਨੀ ਚੰਡੀਗੜ੍ਹ ਤੋਂ ਉਕਤ ਦੇਸ਼ਾਂ ਲਈ ਸਿੱਧੀ ਫਲਾਈਟ ਨਾ ਹੋਣਾ ਹੈਰਾਨੀ ਦੀ ਗੱਲ ਹੈ। ਕਿਉਂਕਿ ਪੰਜਾਬ ਦੇ ਜ਼ਿਆਦਾਤਰ ਲੋਕ ਉਕਤ ਦੇਸ਼ਾਂ ਵਿਚ ਰਹਿੰਦੇ ਹਨ। ਅਜਿਹੇ ਵਿਚ ਜੇਕਰ ਚੰਡੀਗੜ੍ਹ ਤੋਂ ਸਿੱਧੀ ਫਲਾਈਟ ਦੀ ਸਹੂਲਤ ਦਿੱਤੀ ਜਾਵੇ ਤਾਂ ਏਅਰਪੋਰਟ 'ਤੇ ਯਾਤਰੀਆਂ ਦੀ ਗਿਣਤੀ ਵਿਚ ਕਈ ਗੁਣਾ ਇਜ਼ਾਫ਼ਾ ਹੋ ਜਾਵੇਗਾ।

ਸਾਬਕਾ ਨਾਗਰਿਕ ਅਤੇ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਆਪਣੇ ਚੰਡੀਗੜ੍ਹ ਦੌਰਿਆਂ ਦੌਰਾਨ ਹਮੇਸ਼ਾ ਇਸ ਗੱਲ ਦਾ ਭਰੋਸਾ ਦਿੱਤਾ ਕਿ ਜਲਦ ਤੋਂ ਜਲਦ ਉਹ ਜਹਾਜ਼ ਕੰਪਨੀਆਂ ਨਾਲ ਗੱਲਬਾਤ ਕਰ ਕੇ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਕੈਨੇਡਾ, ਯੂਰਪ, ਅਮਰੀਕਾ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਲਈ ਫਲਾਈਟ ਸ਼ੁਰੂ ਕਰਵਾਉਣਗੇ। ਬਾਵਜੂਦ ਇਨ੍ਹਾਂ ਦੇਸ਼ਾਂ ਲਈ ਕੋਈ ਇੰਟਰਨੈਸ਼ਨਲ ਫਲਾਈਟ ਸ਼ੁਰੂ ਨਹੀਂ ਹੋ ਸਕੀ। ਕਾਂਗਰਸੀ ਆਗੂ ਰਾਹੁਲ ਗਾਂਧੀ ਸਾਲ 2019 ਵਿਚ ਜਦੋਂ ਪਵਨ ਬਾਂਸਲ ਲਈ ਵੋਟਾੰ ਮੰਗਣ ਆਏ ਸਨ, ਉਦੋਂ ਉਨ੍ਹਾਂ ਨੇ ਵੀ ਇਸ ਨੂੰ ਮੁੱਦਾ ਬਣਾ ਕੇ ਮੋਦੀ ਸਰਕਾਰ ਉੱਪਰ ਨਿਸ਼ਾਨਾ ਵਿੰਨ੍ਹਿਆ ਸੀ। ਉਨ੍ਹਾਂ ਕਿਹਾ ਸੀ ਕਿ ਚੰਡੀਗੜ੍ਹ ਤੋਂ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਨੂੰ ਫਲਾਈਟ ਸ਼ੁਰੂ ਨਾ ਹੋਣ ਪਿੱਛੇ ਉਨ੍ਹਾਂ ਨੂੰ ਕੋਈ ਸਾਜ਼ਿਸ਼ ਲਗਦੀ ਹੈ।

ਫਿਲਹਾਲ ਸਿਰਫ਼ ਦੁਬਈ ਤੇ ਸ਼ਾਰਜਾਹ ਲਈ ਸਿੱਧੀ ਫਲਾਈਟ

ਮੌਜੂਦਾ ਸਮੇਂ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਸਿਰਫ਼ ਦੋ ਫਲਾਈਟਸ ਹਨ। ਇਹ ਫਲਾਈਟ ਦੁਬਈ ਤੇ ਸ਼ਾਰਜਾਹ ਲਈ ਹਨ। ਇਸ ਤੋਂ ਇਲਾਵਾ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ 20 ਹੋਰ ਸ਼ਹਿਰਾਂ ਲਈ ਸਿੱਧੀ ਫਲਾਈਟ ਹੈ। ਅਹਿਮਦਾਬਾਦ, ਦਿੱਲੀ, ਮੁੰਬਈ, ਕੋਲਕਾਤਾ, ਲਖਨਊ, ਸ੍ਰੀਨਗਰ, ਅਹਿਮਦਾਬਾਦ, ਗੋਆ, ਬੈਂਗਲੁਰੂ, ਹੈਦਰਾਬਾਦ, ਕੁੱਲੂ, ਪੁਣੇ ਤੇ ਸ਼ਿਮਲਾ ਵਰਗੇ ਸ਼ਹਿਰਾਂ ਲਈ ਏਅਰਪੋਰਟ ਤੋਂ ਸਿੱਧੀ ਫਲਾਈਟ ਹੈ। ਖਾਸ ਗੱਲ ਇਹ ਹੈ ਕਿ ਇਸ ਵਿਚ 17 ਫਲਾਈਟਸ ਇਕੱਲੀਆਂ ਦਿੱਲੀ ਲਈ ਹਨ, ਕਿਉਂਕਿ ਦਿੱਲੀ ਏਅਰਪੋਰਟ ਤੋਂ ਰੀਜਨ ਦੇ ਲੋਕ ਹੋਰਨਾਂ ਦੇਸ਼ਾਂ ਲਈ ਫਲਾਈਟ ਫੜਦੇ ਹਨ।

ਲੱਖ ਲੋਕ ਕਰਦੇ ਹਨ ਹਰ ਸਾਲ ਇਨ੍ਹਾਂ ਦੇਸ਼ਾਂ ਦੀ ਯਾਤਰਾ

ਉੱਥੇ ਹੀ ਟੂਰ ਐਂਡ ਟਰੈਵਲਜ਼ ਕੰਪਨੀਆਂ ਦਾ ਕਹਿਣਾ ਹੈ ਕਿ ਕੈਨੇਡਾ, ਅਮਰੀਕਾ, ਯੂਰਪ, ਆਸਟ੍ਰੇਲੀਆ-ਨਿਊਜ਼ੀਲੈਂਡ, ਦੁਬਈ, ਸਿੰਗਾਪੁਰ ਤੇ ਥਾਈਲੈਂਡ ਵਰਗੇ ਦੇਸ਼ਾਂ ਵਿਚ ਸੀਜਨ ਦੇ ਲੱਖਾਂ ਲੋਕ ਕੰਮ ਕਰਦੇ ਹਨ। ਲੱਖਾਂ ਵਿਦਿਆਰਥੀ ਪੜ੍ਹਾਈ ਕਰਨ ਵਿਦੇਸ਼ ਜਾ ਰਹੇ ਹਨ। ਰੀਜਨ ਦੇ ਲੋਕਾਂ ਦੀ ਖਰਚ ਕਰਨ ਦੀ ਸਮਰੱਥਾ ਹੈ, ਜਹਾਜ਼ ਕੰਪਨੀਆਂ ਨੂੰ ਗ੍ਰੋਥ ਲਈ ਅਪਾਰ ਸੰਭਾਵਨਾ ਹਨ। ਉਨ੍ਹਾਂ ਨੂੰ ਚੰਡੀਗੜ੍ਹ ਏਅਰਪੋਰਟ ਤੋਂ ਕੌਮਾਂਤਰੀ ਫਲਾਈਟਸ ਸ਼ੁਰੂ ਕਰਨੀਆਂ ਚਾਹੀਦੀਆਂ ਹਨ।ਏਅਰਪੋਰਟ ਤੋਂ ਵੱਧ ਤੋਂ ਵੱਧ ਫਲਾਈਟਸ ਸ਼ੁਰੂ ਹੋਣ, ਇਸ ਦੇ ਲਈਏਅਰਪੋਰਟ ਅਥਾਰਟੀ ਵੱਲੋਂ ਜਹਾਜ਼ ਕੰਪਨੀਆਂ ਨੂੰ ਕਈ ਵਾਰ ਸੱਦਾ ਦਿੱਤਾ ਗਿਆ। ਫਲਾਈਟਸ ਸ਼ੁਰੂ ਕਰਨਾ ਇਕ ਕਮਰਸ਼ੀਅਲ ਫ਼ੈਸਲਾ ਹੈ, ਜਹਾਜ਼ ਕੰਪਨੀਆਂ ਕਈ ਤਰ੍ਹਾਂ ਦੀ ਖੋਜ ਤੋਂ ਬਾਅਦ ਇਹ ਫ਼ੈਸਲਾ ਲੈਂਦੀਆਂ ਹਨ। ਇਸ ਲਈ ਇਨ੍ਹਾਂ ਦੇਸ਼ਾਂ ਦੀਆਂ ਫਲਾਈਟਸ ਕਦੋਂ ਤਕ ਸ਼ੁਰੂ ਹੋਣਗੀਆਂ ਇਸ ਬਾਰੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ।