ਅਮਰਿੰਦਰ ਦੀਆਂ ਕਾਰਵਾਈਆਂ ਤੋਂ ਕਿਸਾਨ ਨਾਖੁਸ਼

ਅਮਰਿੰਦਰ ਦੀਆਂ ਕਾਰਵਾਈਆਂ ਤੋਂ ਕਿਸਾਨ ਨਾਖੁਸ਼

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ- ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕਰਕੇ ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ ਕਰਨ ਦੇ ਢੰਗ ਤਰੀਕੇ ’ਤੇ ਨਾਖੁਸ਼ੀ ਜ਼ਾਹਿਰ ਕੀਤੀ ਹੈ।  ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਉਨ੍ਹਾਂ ਲਈ ਸਾਰੀਆਂ ਰਾਜਸੀ ਪਾਰਟੀਆਂ ਇਕ ਬਰਾਬਰ ਹਨ। ਸੰਯੁਕਤ ਕਿਸਾਨ ਮੋਰਚੇ ਵੱਲੋਂ ਲੋਕਾਂ ਨੂੰ ਪਹਿਲੇ ਦਿਨ ਤੋਂ ਭਾਜਪਾ ਦਾ ਵਿਰੋਧ ਅਤੇ ਹੋਰਨਾਂ ਰਾਜਸੀ ਪਾਰਟੀਆਂ ਨੂੰ ਸਵਾਲ ਕਰਨ ਦੀ ਅਪੀਲ ਕੀਤੀ ਗਈ ਸੀ। ਉਨ੍ਹਾਂ ਕੈਪਟਨ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਪੰਜਾਬ ਦੀ ਧਰਤੀ ’ਤੇ ਅੰਦੋਲਨ ਚੱਲਦੇ ਨੂੰ ਇਕ ਸਾਲ ਹੋਣ ਵਾਲਾ ਹੈ, ਪਰ ਅੱਜ ਤੱਕ ਕੈਪਟਨ ਨੇ ਕਿਸਾਨਾਂ ਲਈ ਕੇਂਦਰ ਨਾਲ ਮੁਲਾਕਾਤ ਨਹੀਂ ਕੀਤੀ। ਅੱਜ ਉਹ ਬਿਨਾਂ ਕਿਸੇ ਅਹੁਦੇ ਤੋਂ ਮੁਲਾਕਾਤ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਹਨ। ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਦਿੱਲੀ ਦੀਆਂ ਬਰੂਹਾਂ ’ਤੇ ਚਲਦਿਆਂ 10 ਮਹੀਨੇ ਪੂਰੇ ਹੋ ਚੁੱਕੇ ਹਨ। ਅੱਜ ਜਦੋਂ ਕੇਂਦਰ ਸਰਕਾਰ ਕਿਸਾਨਾਂ ਦੇ ਏਕੇ ਅੱਗੇ ਬੇਵੱਸ ਹੋ ਚੁੱਕੀ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਸੰਘਰਸ਼ ਦਾ ਸਾਰਾ ਸਿਹਰਾ ਆਪਣੇ ਸਿਰ ਬੰਨ੍ਹਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ‘ਕੈਪਟਨ ਅਮਰਿੰਦਰ ਸਿੰਘ ਸਾਬਤ ਕੀ ਕਰਨਾ ਚਾਹੁੰਦੇ ਹਨ ਕਿ ਜਦੋਂ ਉਹ ਮੁੱਖ ਮੰਤਰੀ ਸੀ ਤਾਂ ਉਨ੍ਹਾਂ ਕੋਲ ਤਾਕਤ ਘੱਟ ਸੀ ਜਦੋਂ ਅੱਜ ਮੁੱਖ ਮੰਤਰੀ ਨਹੀਂ ਰਹੇ ਤਾਂ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਤਾਕਤ ਆ ਚੁੱਕੀ ਹੈ।’ ਉਨ੍ਹਾਂ ਕਿਹਾ ਕਿ ਦੇਸ਼ ਦੇ ਸਾਰੇ ਰਾਜਸੀ ਆਗੂ ਕੁਰਸੀ ਬਚਾਉਣ ਖਾਤਿਰ ਕਿਸਾਨ ਹਮਾਇਤੀ ਹੋਣ ਦਾ ਡਰਾਮਾ ਕਰ ਰਹੇ ਹਨ, ਜਿਸ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਭਾਜਪਾ ਕੈਪਟਨ ਅਮਰਿੰਦਰ ਸਿੰਘ ਦਾ ਮੋਢਾ ਵਰਤ ਕੇ ਪੰਜਾਬ ਵਿੱਚ ਕਾਬਜ਼ ਹੋਣਾ ਚਾਹੁੰਦੀ ਹੈ, ਜੋ ਕਦੇ ਵੀ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਸੰਘਰਸ਼ ਕਰਦੇ ਨੂੰ 10 ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਤੇ ਇਸ ਦੌਰਾਨ 700 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ। ਕੇਂਦਰ ਸਰਕਾਰ ਅਜੇ ਤੱਕ ਕਿਸਾਨਾਂ ਦੀਆਂ ਮੰਗਾਂ ਸੁਣਨ ਲਈ ਵੀ ਤਿਆਰ ਨਹੀਂ ਹੈ ਤਾਂ ਕੈਪਟਨ ਦੇ ਕਹੇ ’ਤੇ ਕਾਨੂੰਨ ਕਿਵੇਂ ਰੱਦ ਕਰ ਦੇਣਗੇ।ਕਿਸਾਨ ਆਗੂ ਟਿਕੈਤ ਨੇ ਕੈਪਟਨ-ਸ਼ਾਹ ਦੀ ਮਿਲਣੀ ਦੇ ਹਵਾਲੇ ਨਾਲ ਕਿਹਾ ਕਿ ਜੇਕਰ ਕੇਂਦਰ ਸਰਕਾਰ ਕੈਪਟਨ ਦੀ ਗੱਲ ਮੰਨਦੀ ਹੈ ਤਾਂ ਵਧੀਆ ਗੱਲ ਹੈ। ਉਨ੍ਹਾਂ ਕਿਹਾ ਕਿ ਤਿੰਨੋਂ ਖੇਤੀ ਕਾਨੂੰਨ ਰੱਦ ਕਰਕੇ ਫ਼ਸਲਾਂ ਦੀ ਐੱਮਐੱਸਪੀ ’ਤੇ ਖਰੀਦ ਦੀ ਕਾਨੂੰਨੀ ਗਰੰਟੀ ਵਾਲਾ ਕਾਨੂੰਨ ਬਣਾਇਆ ਜਾਵੇ। ਕਿਸਾਨਾਂ ਨੂੰ ਇਸ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ ਹੋਵੇਗਾ।

ਅੰਮ੍ਰਿਤਸਰ ਟਾਈਮਜ ਅਨੁਸਾਰ ਅਮਿਤ ਸ਼ਾਹ ਤੇ ਕੈਪਟਨ ਦੀ ਮਿਲਨੀ ਵਿਚ ਭਾਜਪਾ ਦੇ ਹਿਤ ਹਨ। ਇਹੀ ਕਾਰਣ ਹੈ ਕਿ ਉਨ੍ਹਾ ਦੀ ਕੇਂਦਰੀ ਗ੍ਰਹਿ ਮੰਤਰੀ ਨਾਲ ਮੀਟਿੰਗ ਵਿੱਚ ਉਨ੍ਹਾ ਨੇ ਕਿਸਾਨ ਅੰਦੋਲਨ ਦਾ ਮੁੱਦਾ ਉਠਾ ਕੇ ਕਿਹਾ ਹੈ ਕਿ ਕੇਂਦਰ ਸਰਕਾਰ ਤਿੰਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਕੇ ਤੇ ਘੱਟੋ-ਘੱਟ ਸਮੱਰਥਨ ਮੁਲ ਦੀ ਕਾਨੂੰਨੀ ਗਰੰਟੀ ਦੇ ਕੇ ਅੰਦੋਲਨ ਨੂੰ ਖ਼ਤਮ ਕਰਾਵੇ । ਸੱਚ ਇਹ ਹੈ ਕਿ ਕੈਪਟਨ ਦਾ ਪਰਵਾਰ ਲੰਮੇ ਸਮੇਂ ਤੋਂ ਸੀ ਬੀ ਆਈ ਤੇ ਈ ਡੀ ਵਰਗੀਆਂ ਏਜੰਸੀਆਂ ਦੀ ਰਾਡਾਰ 'ਤੇ ਹੈ । ਵਰਨਣਯੋਗ ਹੈ ਕਿ ਜਦੋਂ ਸਵਿਸ ਬੈਂਕਾਂ ਵਿੱਚ ਖਾਤਾਧਾਰੀ 627 ਵਿਅਕਤੀਆਂ ਦੀ ਲਿਸਟ ਸਾਹਮਣੇ ਆਈ ਸੀ ਤਾਂ ਉਸ ਵਿੱਚ ਕੈਪਟਨ ਦੀ ਪਤਨੀ ਪ੍ਰਨੀਤ ਕੌਰ ਦਾ ਵੀ ਨਾਂਅ ਸ਼ਾਮਲ ਸੀ । ਕੇਂਦਰ ਸਰਕਾਰ ਨੇ ਇਹ ਲਿਸਟ ਸੁਪਰੀਮ ਕੋਰਟ ਨੂੰ ਸੌਂਪੀ ਸੀ ।ਭਾਰਤ ਸਰਕਾਰ ਨੇ ਪ੍ਰਨੀਤ ਕੌਰ ਤੇ ਕੈਪਟਨ ਦੇ ਬੇਟੇ ਰਣਇੰਦਰ ਸਿੰਘ ਦੇ ਕਥਿਤ ਖਾਤਿਆਂ ਦੀ ਜਾਂਚ ਲਈ ਸਵਿਟਜ਼ਰਲੈਂਡ ਸਰਕਾਰ ਤੋਂ ਸਹਿਯੋਗ ਮੰਗਿਆ ਸੀ । ਇਸ ਸੰਬੰਧੀ ਸਵਿਟਜ਼ਰਲੈਂਡ ਸਰਕਾਰ ਨੇ ਮਈ 2015 ਵਿੱਚ ਖੁਲਾਸਾ ਕੀਤਾ ਸੀ ਕਿ ਭਾਰਤ ਸਰਕਾਰ ਨੇ ਮਾਂ-ਪੁੱਤਰ ਦੇ ਕਥਿਤ ਖਾਤਿਆਂ ਦੀ ਜਾਂਚ ਲਈ ਉਸ ਤੋਂ ਸਹਿਯੋਗ ਮੰਗਿਆ ਹੈ । ਸਵਿਟਜ਼ਰਲੈਂਡ ਦੇ ਨਿਯਮਾਂ ਮੁਤਾਬਕ ਟੈਕਸ ਚੋਰੀ ਨਾਲ ਜੁੜੇ ਮਾਮਲਿਆਂ ਵਿੱਚ ਸਹਿਯੋਗ ਦਾ ਮਤਲਬ ਖਾਤਿਆਂ ਦੀ ਜਾਣਕਾਰੀ ਸਾਂਝਾ ਕਰਨਾ ਹੁੰਦਾ ਹੈ । ਸਵਿਟਜ਼ਰਲੈਂਡ ਦੇ ਟੈਕਸ ਵਿਭਾਗ ਵੱਲੋਂ ਇਸ ਸੰਬੰਧੀ ਪ੍ਰਨੀਤ ਕੌਰ ਤੇ ਰਣਇੰਦਰ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਸੀ ।ਹਾਲਾਂਕਿ ਭਾਰਤੀ ਖਾਤਾਧਾਰੀਆਂ ਦੀ ਲਿਸਟ ਸਾਹਮਣੇ ਆਉਣ ਸਮੇਂ ਪ੍ਰਨੀਤ  ਨੇ ਆਪਣੇ ਤੇ ਆਪਣੇ ਬੇਟੇ ਦੇ ਕਿਸੇ ਬਦੇਸ਼ੀ ਬੈਂਕ ਵਿੱਚ ਖਾਤਾ ਹੋਣ ਤੋਂ ਇਨਕਾਰ ਕੀਤਾ ਸੀ ।

ਇੱਥੇ ਹੀ ਬੱਸ ਨਹੀਂ ਕੈਪਟਨ ਅਮਰਿੰਦਰ ਦੇ ਜਵਾਈ ਗੁਰਪਾਲ ਸਿੰਘ ਵੀ ਸੀ ਬੀ ਆਈ ਤੇ ਈ ਡੀ ਦੇ ਸ਼ਿਕੰਜੇ ਵਿੱਚ ਫਸੇ ਹੋਏ ਹਨ । ਸੀ ਬੀ ਆਈ ਨੇ 2018 ਵਿੱਚ ਗੁਰਪਾਲ ਸਿੰਘ ਸਮੇਤ ਕੁਝ ਹੋਰ ਵਿਅਕਤੀਆਂ ਵਿਰੁੱਧ ਬਹੁਕਰੋੜੀ ਬੈਂਕ ਘੁਟਾਲੇ ਬਾਰੇ ਸ਼ਿਕਾਇਤ ਦਰਜ ਕੀਤੀ ਸੀ ।ਗੁਰਪਾਲ ਸਿੰਘ ਦੀ ਯੂ ਪੀ ਦੇ ਹਾਪੁੜ ਨੇੜੇ 'ਸਿੰਭਾਵਲੀ ਸ਼ੂਗਰਜ਼ ਲਿਮਟਿਡ' ਨਾਂਅ ਦੀ ਖੰਡ ਮਿੱਲ ਹੈ |।ਖੰਡ ਮਿੱਲ ਨੇ ਓਰੀਐਂਟਲ ਬੈਂਕ ਆਫ਼ ਕਾਮਰਸ ਤੋਂ 148.59 ਕਰੋੜ ਦਾ ਕਰਜ਼ਾ ਲਿਆ, ਜੋ 5762 ਕਿਸਾਨਾਂ ਨੂੰ ਵੰਡਿਆ ਜਾਣਾ ਸੀ । ਰਿਜ਼ਰਵ ਬੈਂਕ ਦੇ ਹੁਕਮ ਉੱਤੇ ਸੀ ਬੀ ਆਈ ਨੇ ਖੰਡ ਮਿੱਲ ਦੇ ਵੱਖ-ਵੱਖ ਦਫ਼ਤਰਾਂ 'ਤੇ ਛਾਪੇ ਮਾਰ ਕੇ ਦਸਤਾਵੇਜਾਂ ਦੀ ਛਾਣਬੀਣ ਕੀਤੀ । ਇਸ ਪੜਤਾਲ ਤੋਂ ਪਤਾ ਲੱਗਾ ਕਿ 110 ਕਰੋੜ ਦਾ ਕਰਜ਼ਾ ਕਿਸਾਨਾਂ ਨੂੰ ਨਾ ਦੇ ਕੇ ਹੋਰ ਕੰਮਾਂ ਉੱਤੇ ਖਰਚ ਲਿਆ ਗਿਆ ।ਇਸ ਮਿੱਲ ਦੇ ਡਿਪਟੀ ਮੈਨੇਜਿੰਗ ਡਾਇਰੈਕਟਰ ਕੈਪਟਨ ਦੇ ਜਵਾਈ ਗੁਰਪਾਲ ਸਿੰਘ ਹਨ । ਇਸ ਧੋਖਾਦੇਹੀ ਦੇ ਮਾਮਲੇ ਵਿੱਚ ਈ ਡੀ ਨੇ ਖੰਡ ਮਿੱਲ ਦੀ ਜ਼ਮੀਨ, ਇਮਾਰਤਾਂ ਤੇ ਮਸ਼ੀਨਰੀ ਦੀ ਕੁਰਕੀ ਦਾ ਆਦੇਸ਼ ਜਾਰੀ ਕਰ ਦਿੱਤਾ ਸੀ ।ਪਿਛਲੇ ਸਾਲ ਅਕਤੂਬਰ ਵਿੱਚ ਈ ਡੀ ਨੇ ਕੈਪਟਨ ਦੇ ਸਪੁੱਤਰ ਰਣਇੰਦਰ ਸਿੰਘ ਤੋਂ ਫੇਮਾ ਕਾਨੂੰਨ ਦੀ ਉਲੰਘਣਾ ਦੇ ਦੋਸ਼ ਵਿੱਚ ਪੁੱਛਗਿੱਛ ਕੀਤੀ ਸੀ | ਇਹ ਦੋਸ਼ ਲਾਇਆ ਗਿਆ ਸੀ ਕਿ ਰਣਇੰਦਰ ਸਿੰਘ ਨੇ ਆਪਣੀਆਂ ਬਦੇਸ਼ੀ ਜਾਇਦਾਦਾਂ ਬਾਰੇ ਆਮਦਨ ਕਰ ਵਿਭਾਗ ਨੂੰ ਗਲਤ ਜਾਣਕਾਰੀਆਂ ਦਿੱਤੀਆਂ ਹਨ ।ਇਸ ਸੰਬੰਧ ਵਿੱਚ ਆਮਦਨ ਕਰ ਵਿਭਾਗ ਨੇ ਜੋ ਕੇਸ ਦਰਜ ਕੀਤਾ ਸੀ, ਉਸੇ ਨੂੰ ਅਧਾਰ ਬਣਾ ਈ ਡੀ ਵੱਲੋਂ ਪੁੱਛਗਿੱਛ ਕੀਤੀ ਗਈ ਸੀ ।ਇਨ੍ਹਾਂ ਹਾਲਤਾਂ ਕਰਕੇ ਹੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੇ ਅਹੁਦੇ ਉੱਤੇ ਹੁੰਦਿਆਂ ਉਹੀ ਬੋਲੀ ਬੋਲਦੇ ਰਹੇ, ਜਿਹੜੀ ਕੇਂਦਰੀ ਹਾਕਮਾਂ ਨੂੰ ਸੂਤ ਬੈਠਦੀ ਸੀ ।ਬਾਦਲਾਂ ਪ੍ਰਤੀ ਉਸ ਦੀ ਨਰਮ ਪਹੁੰਚ ਉਸ ਦੀ ਹਮਦਰਦੀ ਨਹੀਂ ਉਸ ਉੱਤੇ ਕੇਂਦਰ ਵੱਲੋਂ ਕੱਸੇ ਗਏ ਸ਼ਿਕੰਜੇ ਕਾਰਨ ਸੀ ।ਭਾਜਪਾ ਚਾਹੁੰਦੀ ਸੀ ਕਿ ਕੈਪਟਨ ਸਮੁੱਚੀ ਸਰਕਾਰ ਦਾ ਦਲਬਦਲ ਕਰਾ ਕੇ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਾ ਦੇਵੇ, ਪਰ ਇਹ ਸੰਭਵ ਨਹੀਂ ਸੀ ।ਇਸ ਦਾ ਮੁੱਖ ਕਾਰਣ ਕਿਸਾਨ ਅੰਦੋਲਨ ਸੀ, ਜਿਸ ਨੇ ਭਾਜਪਾ ਨੂੰ ਕੱਖੋਂ ਹੌਲੇ ਕੀਤਾ ਹੋਇਆ ਸੀ ।