ਰਾਹੁਲ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਚੰਨੀ ਚੰਡੀਗੜ੍ਹ ਪਹੁੰਚੇ

 ਰਾਹੁਲ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਚੰਨੀ ਚੰਡੀਗੜ੍ਹ ਪਹੁੰਚੇ

ਨਵੇਂ ਮੰਤਰੀ ਮੰਡਲ 'ਚ ਇਹ ਹੋਣਗੇ ਨਵੇਂ ਚਿਹਰੇ

 

ਨਵੀਂ ਦਿੱਲੀ :  ਰਾਹੁਲ ਗਾਂਧੀ ਦੀ ਮੁੱਖ ਮੰਤਰੀ ਚਰਨਜੀਤ ਸਿੰਘੀ ਚੰਨੀ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨਾਲ ਹੋਈ ਮੀਟਿੰਗ ਵਿੱਚ ਰਾਜ ਦੇ ਨਵੇਂ ਮੰਤਰੀ ਮੰਡਲ ਦਾ ਫੈਸਲਾ ਕੀਤਾ ਗਿਆ ਹੈ।ਇਸ ਮੀਟਿੰਗ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕੇਸੀ ਵੇਣੂਗੋਪਾਲ, ਹਰੀਸ਼ ਰਾਵਤ ਅਤੇ ਹੋਰ ਆਗੂ ਹਾਜ਼ਰ ਸਨ। ਇਸ ਮੀਟਿੰਗ ਵਿੱਚ ਪੰਜਾਬ ਦੇ ਨਵੇਂ ਮੰਤਰੀਆਂ ਦੇ ਨਾਂ ਲਗਭਗ ਤੈਅ ਹੋ ਚੁੱਕੇ ਹਨ। ਕੈਬਨਿਟ ਮੰਤਰੀਆਂ ਦੀ ਲਿਸਟ ਨੂੰ ਲੈ ਕੇ ਪਾਰਟੀ ਹਾਈਕਮਾਨ ਨੇ ਆਖ਼ਰੀ ਫ਼ੈਸਲਾ ਲੈ ਲਿਆ ਹੈ, ਹੁਣ ਸਿਰਫ਼ ਹੋਰ ਪੱਖਾਂ ’ਤੇ ਵਿਚਾਰ ਕੀਤਾ ਜਾਣਾ ਬਾਕੀ ਹੈ, ਜਿਸ ਤੋਂ ਬਾਅਦ ਮੰਤਰੀਆਂ ਦੀ ਲਿਸਟ ਜਾਰੀ ਕਰ ਦਿੱਤੀ ਜਾਵੇਗੀ। ਉੱਥੇ, ਪਾਰਟੀ ਸਾਬਕਾ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਨਵੀਂ ਭੂਮਿਕਾ ਵਿਚ ਲਿਆਉਣਾ ਚਾਹੁੰਦੀ ਹੈ।

ਪਾਰਟੀ ਦੇ ਸੂਤਰ ਦੱਸਦੇ ਹਨ ਕਿ ਭਾਵੇਂ ਹੀ ਚੰਨੀ ਨੂੰ ਇਕਲਿਆਂ ਦਿੱਲੀ ਬੁਲਾਇਆ ਗਿਆ ਹੋਵੇ ਪਰ ਪਾਰਟੀ ਨੇ ਕੈਬਨਿਟ ਵਿਚ ਕੌਣ-ਕੌਣ ਚਿਹਰੇ ਹੋ ਸਕਦੇ ਹਨ, ਨੂੰ ਲੈ ਕੇ ਸਿੱਧੂ ਨਾਲ ਚਰਚਾ ਕਰ ਲਈ ਹੈ। ਪਾਰਟੀ ਸੂਤਰ ਦੱਸਦੇ ਹਨ ਕਿ ਨਵੀਂ ਕੈਬਨਿਟ ਵਿਚ ਪੁਰਾਣੇ ਅਤੇ ਨਵੇਂ ਚਿਹਰਿਆਂ ਦਾ ਸੁਮੇਲ ਹੋਣ ਵਾਲਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ਵਿਚ ਸ਼ਾਮਲ ਰਹੇ ਭਾਰਤ ਭੂਸ਼ਣ ਆਸ਼ੂ, ਵਿਜੈ ਇੰਦਰ ਸਿੰਗਲਾ, ਮਨਪ੍ਰੀਤ ਸਿੰਘ ਬਾਦਲ, ਰਜ਼ੀਆ ਸੁਲਤਾਨਾ, ਅਰੁਣਾ ਚੌਧਰੀ ਵਰਗੇ ਨਾਂ ਤਾਂ ਨਵੀਂ ਕੈਬਨਿਟ ਵਿਚ ਵੀ ਹੋਣਗੇ ਹੀ ਪਰ ਕੈਪਟਨ ਦੇ ਸਭ ਤੋਂ ਕਰੀਬੀ ਮੰਤਰੀ ਰਹੇ ਰਾਣਾ ਗੁਰਮੀਤ ਸਿੰਘ ਸੋਢੀ, ਸਾਧੂ ਸਿੰਘ ਧਰਮਸੋਤ, ਗੁਰਪ੍ਰੀਤ ਸਿੰਘ ਕਾਂਗੜ ਵਰਗੇ ਚਿਹਰਿਆਂ ਨੂੰ ਕੈਬਨਿਟ ਵਿਚ ਸਥਾਨ ਮਿਲਣ ਦੀ ਸੰਭਾਵਨਾ ਘੱਟ ਹੀ ਹੈ। ਉੱਥੇ, ਬਲਬੀਰ ਸਿੱਧੂ ਦਾ ਪੱਤਾ ਵੀ ਕੱਟ ਸਕਦਾ ਹੈ। ਪਾਰਟੀ ਇਸ ਲਈ ਵੀ ਕੈਪਟਨ ਸਰਕਾਰ ਦੇ ਕੁਝ ਇਕ ਕੈਬਨਿਟ ਮੰਤਰੀਆਂ ਨੂੰ ਨਵੀਂ ਕੈਬਨਿਟ ਵਿਚ ਸ਼ਾਮਲ ਕਰਨਾ ਚਾਹੁੰਦੀ ਹੈ, ਤਾਂ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹਮਲਾ ਕਰਨ ਲਈ ਓਪਨ ਫੀਲਡ ਨਾ ਮਿਲ ਜਾਵੇ। ਕੈਪਟਨ ਪਹਿਲਾਂ ਤੋਂ ਹੀ ਕਾਫੀ ਹਮਲਾਵਰ ਹਨ। ਅਜਿਹੇ ਵਿਚ ਜੇਕਰ ਪੂਰੀ ਕੈਬਨਿਟ ਨੂੰ ਬਦਲਿਆ ਜਾਂਦਾ ਹੈ ਤਾਂ ਇਹ ਹਮਲੇ ਹੋਰ ਤੇਜ਼ ਹੋ ਸਕਦੇ ਹਨ। ਇਸ ਲਈ ਪਾਰਟੀ ਨੇ ਨਵੇਂ ਅਤੇ ਪੁਰਾਣੇ ਚਿਹਰਿਆਂ ਦਾ ਸੁਮੇਲ ਕਰਨ ਦਾ ਫ਼ੈਸਲਾ ਕੀਤਾ ਹੈ।