'ਕਾਂਗਰਸ ਨਾ ਹੁੰਦੀ ਤਾਂ ਸਿੱਖਾਂ ਦੀ ਨਜਲਕੁਸ਼ੀ ਨਾ ਹੁੰਦੀ  *ਟੁਕੜੇ-ਟੁਕੜੇ ਗੈਂਗ ਦੀ ਲੀਡਰ ਬਣ ਗਈ ਕਾਂਗਰਸ : ਪੀਐਮ ਮੋਦੀ

'ਕਾਂਗਰਸ ਨਾ ਹੁੰਦੀ ਤਾਂ ਸਿੱਖਾਂ ਦੀ ਨਜਲਕੁਸ਼ੀ ਨਾ ਹੁੰਦੀ  *ਟੁਕੜੇ-ਟੁਕੜੇ ਗੈਂਗ ਦੀ ਲੀਡਰ ਬਣ ਗਈ ਕਾਂਗਰਸ : ਪੀਐਮ ਮੋਦੀ

* ਕਾਂਗਰਸ ਨੇ ਰਾਜਾਂ ਦੀ ਖੁਦਮੁਖਤਿਆਰੀ ਨੂੰ ਢਾਹ ਲਗਾਈ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਸੰਸਦ 'ਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਪ੍ਰਸਤਾਵ 'ਤੇ ਸੰਸਦ ਵਿਚ ਚਰਚਾ ਦਾ ਜਵਾਬ ਦਿੱਤਾ। ਇਸ ਦੌਰਾਨ ਕਾਂਗਰਸ ਪਾਰਟੀ ਉਨ੍ਹਾਂ ਦੇ ਨਿਸ਼ਾਨੇ 'ਤੇ ਰਹੀ। ਕਰੀਬ ਡੇਢ ਘੰਟੇ ਦੇ ਆਪਣੇ ਭਾਸ਼ਣ ਵਿਚ ਉਨ੍ਹਾਂ ਕਾਂਗਰਸ 'ਤੇ ਤਿੱਖਾ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਮਹਾਤਮਾ ਗਾਂਧੀ ਦਾ ਵਿਚਾਰ ਉਤਮ ਹੈ ਕਿ ਕਾਂਗਰਸ ਖਤਮ ਹੋ ਜਾਣੀ ਚਾਹੀਦੀ ਹੈ।ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜੇ ਕਾਂਗਰਸ ਨਾ ਹੁੰਦੀ ਪੰਜਾਬ ਸੰਤਾਪ ਨਾ ਹੁੰਦਾ ਤੇ ਸਿਖਾਂ ਦੀ ਨਸਲਕੁਸ਼ੀ ਨਾ ਹੁੰਦੀ , ਰਾਜਨੀਤੀ ਵਿਚ ਪਰਿਵਾਰ ਨਾ ਹੁੰਦਾ,ਐਂਮਰਜੈਂਸੀ ਵਿਚ ਲੋਕਾਂ ਦਾ ਘਾਣ ਨਾ ਹੁੰਦਾ। ਲੋਕ ਸਭਾ ਅਤੇ ਰਾਜ ਸਭਾ ਦੀ ਸਾਂਝੀ ਬੈਠਕ 'ਚ ਸ਼ਟਰਪਤੀ ਦੇ ਭਾਸ਼ਣ 'ਤੇ ਬਹਿਸ ਦਾ ਜਵਾਬ ਦੇ ਰਹੇ ਪੀਐੱਮ ਮੋਦੀ ਨੇ ਕਾਂਗਰਸ 'ਤੇ ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਪੰਜਾਬ ਵਿਚ ਕੋਰੋਨਾ ਵਾਇਰਸ  ਫੈਲਾਉਣ ਦਾ ਦੋਸ਼ ਵੀ ਲਗਾਇਆ। ਉਨ੍ਹਾਂ ਕਿਹਾ, ''ਕਾਂਗਰਸ ਦੀ ਨੀਤੀ 'ਪਾੜੋ ਤੇ ਰਾਜ ਕਰੋ' ਹੈ। ਅੱਜ ਕਾਂਗਰਸ ਟੁਕੜੇ-ਟੁਕੜੇ ਗੈਂਗ ਦੀ ਲੀਡਰ ਬਣ ਗਈ ਹੈ।"ਫੈਡਰਲ ਢਾਂਚੇ ਦੀ ਗਲ ਕਰਨ ਵਾਲੀ ਕਾਂਗਰਸ ਨੇ ਪ੍ਰਾਂਤਿਕ ਸਰਕਾਰਾਂ ਖਤਮ ਕਰਕੇ ਜਮਹੂਰੀਅਤ ਨੂੰ ਖਤਮ ਕੀਤਾ।ਉਹਨਾਂ ਕਿਹਾ ਕਿ ਰਾਜ ਦੀ ਤਰੱਕੀ ਹੋਵੇਗੀ ਦੇਸ ਦੀ ਤਰੱਕੀ ਹੋਵੇਗੀ।ਦੇਸ ਦਾ ਵਿਕਾਸ ਹੀ ਪ੍ਰਾਂਤਾਂ ਦਾ ਵਿਕਾਸ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਵਰਕਰਾਂ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਟਿਕਟਾਂ ਵੰਡੀਆਂ। ਉਨ੍ਹਾਂ ਕਿਹਾ, “ਕੋਵਿਡ-19 ਦੀ ਪਹਿਲੀ ਲਹਿਰ ਦੌਰਾਨ, ਜਦੋਂ ਲੋਕ ਲਾਕਡਾਊਨ ਦਾ ਪਾਲਣ ਕਰ ਰਹੇ ਸਨ, ਦਿਸ਼ਾ-ਨਿਰਦੇਸ਼ ਦੱਸ ਰਹੇ ਸਨ ਕਿ ਲੋਕ ਜਿੱਥੇ ਹਨ, ਉੱਥੇ ਹੀ ਰਹਿਣ, ਉਦੋਂ ਕਾਂਗਰਸ ਮੁੰਬਈ ਸਟੇਸ਼ਨ 'ਤੇ ਖੜ੍ਹੀ ਹੋ ਕੇ ਨਿਰਦੋਸ਼ ਲੋਕਾਂ ਨੂੰ ਡਰਾ ਰਹੀ ਸੀ। ਮੁੰਬਈ ਦੇ ਵਰਕਰਾਂ ਨੂੰ ਜਾਣ ਲਈ ਟਿਕਟਾਂ ਦਿੱਤੀਆਂ ਗਈਆਂ, ਲੋਕਾਂ ਨੂੰ ਜਾਣ ਲਈ ਪ੍ਰੇਰਿਤ ਕੀਤਾ ਗਿਆ।"ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕੋਵਿਡ ਮਹਾਮਾਰੀ 'ਤੇ ਗੰਦੀ ਰਾਜਨੀਤੀ ਕੀਤੀ ਅਤੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ "ਅਸੀਂ ਲੋਕਤੰਤਰ ਵਿੱਚ ਪੱਕਾ ਵਿਸ਼ਵਾਸ ਰੱਖਦੇ ਹਾਂ। ਅਤੇ ਅਸੀਂ ਇਹ ਵੀ ਮੰਨਦੇ ਹਾਂ ਕਿ ਆਲੋਚਨਾ ਲੋਕਤੰਤਰ ਦਾ ਜ਼ਰੂਰੀ ਹਿੱਸਾ ਹੈ, ਪਰ ਹਰ ਚੀਜ਼ ਦਾ ਅੰਨ੍ਹਾ ਵਿਰੋਧ ਕਦੇ ਵੀ ਅੱਗੇ ਵਧਣ ਦਾ ਰਸਤਾ ਨਹੀਂ ਹੈ।

'ਕਾਂਗਰਸ ਨੇ 100 ਸਾਲ ਸੱਤਾ ਵਿਚ ਨਾ ਆਉਣ ਦਾ ਮਨ ਬਣਾ ਲਿਆ ਹੈ'

ਪੀਐਮ ਮੋਦੀ ਨੇ ਸਰਕਾਰੀ ਯੋਜਨਾਵਾਂ 'ਤੇ ਸਵਾਲ ਚੁੱਕਣ ਲਈ ਕਾਂਗਰਸ ਦੀ ਵੀ ਆਲੋਚਨਾ ਕੀਤੀ ਅਤੇ ਕਿਹਾ ਕਿ ਪਾਰਟੀ ਅਗਲੇ 100 ਸਾਲਾਂ ਵਿੱਚ ਸੱਤਾ ਵਿੱਚ ਆਉਣ ਦੀ ਇੱਛਾ ਨਹੀਂ ਰੱਖਦੀ। ਉਨ੍ਹਾਂ ਕਿਹਾ, ''ਤੁਸੀਂ ਮੇਰਾ ਵਿਰੋਧ ਕਰ ਸਕਦੇ ਹੋ, ਪਰ ਤੁਸੀਂ (ਕਾਂਗਰਸ) ਫਿਟ ਇੰਡੀਆ ਮੂਵਮੈਂਠ ਅਤੇ ਹੋਰ ਯੋਜਨਾਵਾਂ ਦਾ ਵਿਰੋਧ ਕਿਉਂ ਕਰ ਰਹੇ ਹੋ? ਕੋਈ ਹੈਰਾਨੀ ਨਹੀਂ ਕਿ ਤੁਹਾਨੂੰ ਕਈ ਸਾਲ ਪਹਿਲਾਂ ਕਈ ਰਾਜਾਂ ਵਿੱਚ ਵੋਟ ਦਿੱਤੀ ਗਈ ਸੀ। ਮੈਨੂੰ ਲੱਗਦਾ ਹੈ ਕਿ ਤੁਸੀਂ ਅਗਲੇ 100 ਸਾਲਾਂ ਤੱਕ ਸੱਤਾ ਵਿੱਚ ਨਾ ਆਉਣ ਦਾ ਮਨ ਬਣਾ ਲਿਆ ਹੈ।"

ਮੋਦੀ ਨੇ ਕਿਹਾ ਕਿ ਕਾਂਗਰਸ ਨੂੰ ਸਵੈ-ਪੜਚੋਲ ਕਰਨੀ ਚਾਹੀਦੀ ਹੈ ਕਿ ਲੋਕਾਂ ਨੇ ਉਨ੍ਹਾਂ ਨੂੰ ਇੰਨੇ ਰਾਜਾਂ ਵਿੱਚ ਕਿਉਂ ਨਕਾਰ ਦਿੱਤਾ ਅਤੇ ਕਈ ਚੋਣ ਹਾਰਾਂ ਤੋਂ ਬਾਅਦ ਵੀ ਪਾਰਟੀ ਆਪਣਾ ‘ਹੰਕਾਰ’ ਨਹੀਂ ਛੱਡ ਰਹੀ ਹੈ। ਉਨ੍ਹਾਂ ਕਿਹਾ, ''ਨਾਗਾਲੈਂਡ ਦੇ ਲੋਕਾਂ ਨੇ ਆਖਰੀ ਵਾਰ 1998 ਵਿਚ ਕਾਂਗਰਸ ਨੂੰ ਵੋਟ ਦਿੱਤੇ. ਲਗਭਗ 24 ਸਾਲ ਹੋ ਗਏ ਹਨ। ਉੜੀਸਾ ਨੇ ਤੁਹਾਨੂੰ 1995 ਵਿੱਚ ਵੋਟ ਦਿੱਤੀ ਸੀ, 27 ਸਾਲ ਹੀ ਹੋਏ ਹਨ ਕਿ ਤੁਹਾਨੂੰ ਉੱਥੇ ਦਾਖਲਾ ਨਹੀਂ ਮਿਲਿਆ। ਤੁਸੀਂ 1994 ਵਿਚ ਪੂਰਨ ਬਹੁਮਤ ਨਾਲ ਗੋਆ ਜਿੱਤਿਆ, ਗੋਆ ਨੇ ਤੁਹਾਨੂੰ 28 ਸਾਲ ਸਵੀਕਾਰ ਨਹੀਂ ਕੀਤਾ। ਆਖ਼ਰੀ ਵਾਰ ਤ੍ਰਿਪੁਰਾ ਵਿੱਚ ਲੋਕਾਂ ਨੇ ਤੁਹਾਨੂੰ ਲਗਭਗ 34 ਸਾਲ ਪਹਿਲਾਂ 1988 ਵਿੱਚ ਵੋਟ ਦਿੱਤਾ ਸੀ।

ਪੀਐਮ ਮੋਦੀ ਨੇ ਅੱਗੇ ਕਿਹਾ, “ਯੂਪੀ, ਗੁਜਰਾਤ, ਬਿਹਾਰ ਨੇ ਆਖਰੀ ਵਾਰ 37 ਸਾਲ ਪਹਿਲਾਂ 1985 ਵਿੱਚ ਕਾਂਗਰਸ ਨੂੰ ਵੋਟ ਦਿੱਤੀ ਸੀ। ਪੱਛਮੀ ਬੰਗਾਲ ਦੇ ਲੋਕਾਂ ਨੇ ਤੁਹਾਨੂੰ ਲਗਭਗ 50 ਸਾਲ ਪਹਿਲਾਂ 1972 ਵਿੱਚ ਆਖਰੀ ਵਾਰ ਪਸੰਦ ਕੀਤਾ ਸੀ। ਤੁਸੀਂ ਤੇਲੰਗਾਨਾ ਬਣਾਉਣ ਦਾ ਸਿਹਰਾ ਆਪਣੇ ਸਿਰ ਲੈਂਦੇ ਹੋ, ਪਰ ਉੱਥੇ ਵੀ ਲੋਕਾਂ ਨੇ ਤੁਹਾਨੂੰ ਸਵੀਕਾਰ ਨਹੀਂ ਕੀਤਾ।ਕਾਂਗਰਸ ਖਿਲਾਫ ਬੋਲਦਿਆਂ ਮੋਦੀ ਨੇ ਕਿਹਾ ਕਿ ਸਵਾਲ ਸਿਰਫ਼ ਚੋਣਾਂ ਦਾ ਨਹੀਂ, ਇਰਾਦਿਆਂ ਦਾ ਹੈ। ਦੇਸ਼ ਦੇ ਲੋਕ 50 ਸਾਲ ਸੱਤਾ 'ਚ ਰਹਿਣ ਦੇ ਬਾਵਜੂਦ ਉਨ੍ਹਾਂ ਨੂੰ ਵਾਰ-ਵਾਰ ਕਿਉਂ ਨਕਾਰ ਰਹੇ ਹਨ? ਜਿੱਥੇ ਵੀ ਲੋਕਾਂ ਨੇ ਸਹੀ ਰਸਤਾ ਲਿਆ ਹੈ, ਉਹ ਤੁਹਾਨੂੰ ਦੁਬਾਰਾ ਦਾਖਲ ਨਹੀਂ ਹੋਣ ਦੇਣਗੇ।"

ਆਪਣੇ ਭਾਸ਼ਣ ਦੌਰਾਨ ਮੋਦੀ ਨੇ ਕਿਹਾ ਕਿ ਇੱਕ ਨਵੀਂ ਵਿਸ਼ਵ ਵਿਵਸਥਾ ਹੈ ਅਤੇ ਅਜਿਹੀ ਸਥਿਤੀ ਵਿੱਚ ਭਾਰਤ ਨੂੰ ਆਪਣੇ ਆਪ ਨੂੰ ਘੱਟ ਨਹੀਂ ਸਮਝਣਾ ਚਾਹੀਦਾ… ਕੋਵਿਡ ਤੋਂ ਬਾਅਦ ਦੀ ਦੁਨੀਆ ਵਿੱਚ ਵਿਸ਼ਵ ਪੱਧਰ 'ਤੇ ਲੀਡਰਸ਼ਿਪ ਦੀ ਭੂਮਿਕਾ ਨਿਭਾ ਸਕਦਾ ਹੈ। ਉਸਨੇ ਕਿਹਾ, “ਅਸੀਂ ਇੱਕ ਨਵੇਂ ਵਿਸ਼ਵ ਵਿਵਸਥਾ ਵਿੱਚ ਜੀ ਰਹੇ ਹਾਂ। ਮਹਾਂਮਾਰੀ ਤੋਂ ਬਾਅਦ ਇੱਕ ਨਵਾਂ ਮੋੜ ਆਇਆ ਹੈ। ਸਾਨੂੰ ਨੇਤਾਵਾਂ ਵਜੋਂ ਪਛਾਣਿਆ ਜਾ ਰਿਹਾ ਹੈ। ਭਾਰਤ ਨੂੰ ਗਲੋਬਲ ਲੀਡਰਸ਼ਿਪ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਅਤੇ ਲੀਡਰਸ਼ਿਪ ਦੀ ਭੂਮਿਕਾ ਨਿਭਾਉਣ ਵਿੱਚ ਆਪਣੇ ਆਪ ਨੂੰ ਘੱਟ ਨਹੀਂ ਸਮਝਣਾ ਚਾਹੀਦਾ।