ਮਾਮਲਾ ਫਰਜ਼ੀ ਪੁਲਿਸ ਮੁਕਾਬਲੇ 'ਚ ਮਾਰੇ ਗਏ 2 ਸਿੱਖਾਂ ਦਾ

ਦੋਸ਼ੀਆਂ ਨੂੰ 19 ਮਈ ਤੱਕ 4 ਲੱਖ ਜੁਰਮਾਨੇ ਦੀ ਰਕਮ ਜਮ੍ਹਾਂ ਕਰਵਾਉਣ ਨੂੰ ਕਿਹਾ
ਐੱਸ.ਏ.ਐੱਸ. ਨਗਰ -ਫਰਵਰੀ 1993 'ਚ ਝੂਠੇ ਪੁਲਿਸ ਮੁਕਾਬਲੇ ਦੌਰਾਨ ਕੁਲਦੀਪ ਸਿੰਘ ਤੇ ਗੁਰਮੇਲ ਸਿੰਘ ਦੀ ਹੋਈ ਮੌਤ ਦੇ ਮਾਮਲੇ 'ਚ ਸੀਬੀਆਈ. ਅਦਾਲਤ ਵਲੋਂ ਪੁਲਿਸ ਅਧਿਕਾਰੀ ਹਰਜਿੰਦਰਪਾਲ ਸਿੰਘ ਨੂੰ ਉਮਰ ਕੈਦ ਅਤੇ ਤਤਕਾਲੀ ਡੀਐੱਸਪੀ ਅਵਤਾਰ ਸਿੰਘ ਤੇ ਸਬ ਇੰਸਪੈਕਟਰ ਬਚਨ ਦਾਸ ਨੂੰ ਗਲਤ ਰਿਕਾਰਡ ਤਿਆਰ ਕਰਨ ਦੇ ਦੋਸ਼ 'ਚ ਸੁਣਾਈ 2-2 ਸਾਲ ਦੀ ਕੈਦ ਤੇ 5 ਲੱਖ 5 ਹਜ਼ਾਰ ਰੁਪਏ ਲਗਾਏ ਜੁਰਮਾਨੇ ਸਬੰਧੀ ਸੀਬੀਆਈ ਅਦਾਲਤ ਦੇ ਵਿਸ਼ੇਸ਼ ਜੱਜ ਹਰਿੰਦਰ ਕੌਰ ਸਿੱਧੂ ਵਲੋਂ ਦੋਸ਼ੀਆਂ ਨੂੰ 19 ਮਈ ਤੱਕ 4 ਲੱਖ ਰੁਪਏ ਜੁਰਮਾਨੇ ਦੀ ਰਕਮ ਅਦਾਲਤ 'ਚ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਹਨ । ਅਦਾਲਤ ਦਾ ਕਹਿਣਾ ਹੈ ਕਿ ਉਕਤ ਰਕਮ 'ਚੋਂ ਕੁਲਦੀਪ ਸਿੰਘ ਦੀ ਵਿਧਵਾ ਕੁਲਵੀਰ ਕੌਰ ਨੂੰ 2 ਲੱਖ ਰੁਪਏ ਤੇ ਗੁਰਮੇਲ ਸਿੰਘ ਦੀ ਵਿਧਵਾ ਨੂੰ 2 ਲੱਖ ਰੁਪਏ ਮੁਆਵਜ਼ੇ ਵਜੋਂ ਦਿੱਤੇ ਜਾਣਗੇ । ਇਸ ਮਾਮਲੇ 'ਚ ਦੋਸ਼ੀਆਂ ਨੂੰ 27 ਫਰਵਰੀ 2019 ਨੂੰ ਸਜ਼ਾ ਅਤੇ ਜੁਰਮਾਨੇ ਕੀਤੇ ਜਾਣ ਤੋਂ ਬਾਅਦ ਦੋਸ਼ੀ ਪੁਲਿਸ ਅਫਸਰਾਂ ਵਲੋਂ ਹਾਈਕੋਰਟ 'ਚ ਅਪੀਲ ਦਾਇਰ ਕਰਕੇ ਜੁਰਮਾਨੇ 'ਤੇ ਸਟੇਅ ਲਗਾਉਣ ਦੀ ਗੁਹਾਰ ਲਗਾਈ ਸੀ । ਹਾਈਕੋਰਟ ਵਲੋਂ ਉਕਤ ਅਪੀਲ 'ਤੇ ਸੁਣਵਾਈ ਕਰਦਿਆਂ ਸਿਰਫ 1 ਲੱਖ 5 ਹਜ਼ਾਰ ਰੁਪਏ 'ਤੇ ਸਟੇਅ ਕੀਤਾ ਸੀ । ਹਾਈਕੋਰਟ ਦੇ ਫੈਸਲੇ ਤੋਂ ਬਾਅਦ ਮਿ੍ਤਕਾਂ ਦੇ ਵਾਰਸਾਂ ਵਲੋਂ ਮੁੜ ਮੁਹਾਲੀ ਵਿਚਲੀ ਸੀਬੀਆਈ. ਅਦਾਲਤ 'ਚ ਮੁਆਵਜ਼ਾ ਦੇਣ ਸਬੰਧੀ ਦਰਖਾਸਤ ਦਾਇਰ ਕੀਤੀ ਤੇ ਅਦਾਲਤ ਵਲੋਂ ਉਕਤ ਦਰਖਾਸਤ ਦਾ ਨਿਬੇੜਾ ਕਰਦਿਆਂ ਦੋਸ਼ੀਆਂ ਨੂੰ 19 ਮਈ ਤੱਕ 4 ਲੱਖ ਜੁਰਮਾਨੇ ਦੀ ਰਕਮ ਅਦਾਲਤ 'ਚ ਜਮਾਂ ਕਰਵਾਉਣ ਦੇ ਹੁਕਮ ਦਿੱਤੇ ਹਨ । ਇਸ ਮਾਮਲੇ 'ਚ ਤਿੰਨ ਹੋਰ ਮੁਲਜ਼ਮਾਂ ਉਸ ਸਮੇਂ ਦੇ ਡੀ. ਐਸ. ਪੀ. ਜਸਪਾਲ ਸਿੰਘ, ਸਿਪਾਹੀ ਹਰਜੀ ਰਾਮ ਅਤੇ ਕਰਨੈਲ ਸਿੰਘ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਸੀ ।
Comments (0)