ਕੈਪਟਨ ਦੇ ਭਾਜਪਾ ਪਖੀ ਬਿਆਨਾਂ ਨਾਲ ਪੰਜਾਬ ਵਿਚ ਭਖੀ ਸਿਆਸਤ
*ਸਾਂਝ ਪਾਉਣ ਤੋਂ ਪਹਿਲਾਂ ਭਾਜਪਾ ਕਰਵਾਏਗੀ ਸਰਵੇ
*ਢੀਂਡਸਾ ਨੇ ਕਿਹਾ ਕਿ ਕੈਪਟਨ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਨਹੀਂ ਉਤਰੇ
*ਭਾਜਪਾ ਨੇ ‘ਨਵਾਂ ਪੰਜਾਬ-ਭਾਜਪਾ ਦੇ ਨਾਲ’ ਮੁਹਿੰਮ ਦਾ ਕੀਤਾ ਐਲਾਨ
ਅੰਮ੍ਰਿਤਸਰ ਟਾਈਮਜ਼
ਚੰਡੀਗੜ੍ਹ : ਬੇਸ਼ੱਕ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਨਾਲ ਸੀਟਾਂ ਦੀ ਵੰਡ ਕਰਨ ਦਾ ਬਿਆਨ ਦੇ ਕੇ ਸਿਆਸੀ ਭੂਚਾਲ ਲਿਆ ਦਿੱਤਾ ਹੈ ਪਰ ਕੈਪਟਨ ਨਾਲ ਸਾਂਝ ਪਾਉਣ ਨੂੰ ਲੈ ਕੇ ਭਾਜਪਾ ਆਗੂ ਜੱਕੋਤੱਕੀ ਵਿਚ ਹਨ। ਕੋਈ ਵੀ ਆਗੂ ਇਸ ਮੁੱਦੇ ’ਤੇ ਖੁੱਲ੍ਹ ਕੇ ਗੱਲ ਕਰਨ ਨੂੰ ਤਿਆਰ ਨਹੀਂ ਹੈ।ਕੇਂਦਰੀ ਜਲ ਮੰਤਰੀ ਤੇ ਪੰਜਾਬ ਭਾਜਪਾ ਦੇ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨੇ ਕੈਪਟਨ ਨਾਲ ਸੀਟਾਂ ਦੀ ਵੰਡ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਇਸ ਦਾ ਜਵਾਬ ਕੈਪਟਨ ਅਮਰਿੰਦਰ ਸਿੰਘ ਦੇ ਸਕਦੇ ਹਨ ਪਰ ਨਾਲ ਹੀ ਉਨ੍ਹਾਂ ਕਿਹਾ ਕਿ ਗੱਠਜੋੜ ਜਾਂ ਸੀਟਾਂ ਦੀ ਵੰਡ ਦਾ ਫੈਸਲਾ ਪਾਰਟੀ ਹਾਈਕਮਾਂਡ ਨੇ ਕਰਨਾ ਹੈ।ਸੂਤਰ ਦੱਸਦੇ ਹਨ ਕਿ ਭਾਜਪਾ ਆਗੂ ਕੈਪਟਨ ਨਾਲ ਸਾਂਝ ਪਾਉਣ ਦੇ ਮੁੱਦੇ ’ਤੇ ਜੱਕੋਤੱਕੀ ਵਿਚ ਹਨ। ਇਸ ਮੁੱਦੇ ’ਤੇ ਭਾਜਪਾ ਵੱਲੋਂ ਸਰਵੇ ਕਰਵਾਇਆ ਜਾਵੇਗਾ ਅਤੇ ਪਾਰਟੀ ਵਰਕਰਾਂ ਦੀ ਰਾਏ ਪੁੱਛੀ ਜਾਵੇਗੀ ਕਿ ਕੈਪਟਨ ਨਾਲ ਚੋਣ ਸਮਝੌਤਾ ਕਰਨ ਨਾਲ ਪਾਰਟੀ ਨੂੰ ਫਾਇਦਾ ਹੋਵੇਗਾ ਜਾਂ ਨਹੀਂ। ਪਾਰਟੀ ਆਗੂਆਂ ਨੂੰ ਡਰ ਹੈ ਕਿ ਭਾਜਪਾ ਚੋਣਾਂ ਵਿਚ ਭ੍ਰਿਸ਼ਟਾਚਾਰ, ਨਸ਼ੇ, ਮਾਫ਼ੀਆ ਰਾਜ ਨੂੰ ਮੁੱਦਾ ਬਣਾਉਣਾ ਚਾਹੁੰਦੀ ਹੈ ਪਰ ਕੈਪਟਨ ਨੇ ਸਾਢੇ ਚਾਰ ਸਾਲਾਂ ਵਿਚ ਇਨ੍ਹਾਂ ਮੁੱਦਿਆਂ ’ਤੇ ਕੋਈ ਖਾਸ ਕੰਮ ਨਹੀਂ ਕੀਤਾ। ਇਹ ਨਾ ਹੋਵੇ ਕਿ ਕਿਤੇ ਭਾਜਪਾ ਨੂੰ ਫ਼ਾਇਦਾ ਹੋਣ ਦੀ ਬਜਾਏ ਉਲਟਾ ਨੁਕਸਾਨ ਹੋ ਜਾਵੇ। ਭਾਜਪਾ ਦੇ ਸੀਨੀਅਰ ਆਗੂ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਇਸ ਮੁੱਦੇ ’ਤੇ ਸਰਵੇ ਕਰਵਾਏਗੀ, ਇਸ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ।ਯਾਦ ਰਹੇ ਕਿ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਤੇ ਰਾਜ ਸਭਾ ਮੈਂਬਰ ਪਹਿਲਾਂ ਹੀ ਕੈਪਟਨ ਨਾਲ ਫਿਲਹਾਲ ਕਿਸੇ ਤਰ੍ਹਾਂ ਦਾ ਚੋਣ ਸਮਝੌਤਾ ਜਾਂ ਸੀਟਾਂ ਦੀ ਵੰਡ ਕਰਨ ਦੇ ਫੈਸਲੇ ਨੂੰ ਨਕਾਰ ਚੁੱਕੇ ਹਨ। ਢੀਂਡਸਾ ਨੇ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਕੈਪਟਨ ਆਪਣੇ ਕਾਰਜਕਾਲ ਦੌਰਾਨ ਬੇਅਦਬੀ, ਬਰਗਾੜੀ ਕਾਂਡ ਤੇ ਮਾਫ਼ੀਆ ਰਾਜ ਦੇ ਮੁੱਦੇ ’ਤੇ ਅਸਫ਼ਲ ਰਹੇ ਹਨ ਅਤੇ ਕਾਂਗਰਸ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁੱਦੇ ਤੋਂ ਲਾਂਭੇ ਕੀਤਾ ਹੈ। ਢੀਂਡਸਾ ਨੇ ਕਿਹਾ ਕਿ ਕੈਪਟਨ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਨਹੀਂ ਉਤਰ ਸਕੇ।
ਸ਼ਾਹ ਨੂੰ ਨਹੀਂ ਮਿਲ ਸਕੇ ਕੈਪਟਨ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹੋਣ ਵਾਲੀ ਤਜਵੀਜ਼ਤ ਮੀਟਿੰਗ ਮੁਲਤਵੀ ਹੋ ਗਈ ਹੈ। ਸਾਬਕਾ ਮੁੱਖ ਮੰਤਰੀ ਨੇੜਲੇ ਸੂਤਰ ਨੇ ਕਿਹਾ ਕਿ ਮੀਟਿੰਗ ਨੂੰ ਅੱਗੇ ਪਾਉਣਾ ਪਿਆ ਕਿਉਂਕਿ ਕੇਂਦਰੀ ਗ੍ਰਹਿ ਮੰਤਰੀ ਨੂੰ ਇਕ ਜ਼ਰੂਰੀ ਰੁਝੇਵੇਂ ਲਈ ਗੁਜਰਾਤ ਜਾਣਾ ਪੈ ਗਿਆ। ਸੂਤਰ ਨੇ ਕਿਹਾ ਕਿ ਦੋਵਾਂ ਆਗੂਆਂ ਦੀ ਮਿਲਣੀ ਦੌਰਾਨ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦੇ ਸੰਭਾਵੀ ਹੱਲ ਤਲਾਸ਼ਣ ਨੂੰ ਲੈ ਕੇ ਵਿਚਾਰ ਚਰਚਾ ਹੋਣੀ ਸੀ। ਸਾਬਕਾ ਮੁੱਖ ਮੰਤਰੀ ਨੇ ਲੰਘੇ ਦਿਨ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ ਸੀ ਕਿ ਉਹ ਕੁਝ ਖੇਤੀ ਮਾਹਿਰਾਂ ਨੂੰ ਨਾਲ ਲੈ ਕੇ ਵੀਰਵਾਰ ਨੂੰ ਦਿੱਲੀ ਵਿੱਚ ਅਮਿਤ ਸ਼ਾਹ ਨੂੰ ਮਿਲਣਗੇ। ਉਂਜ ਉਹ ਸ਼ਾਹ ਨੂੰ ਪਹਿਲਾਂ ਤਿੰਨ ਵਾਰ ਮਿਲ ਚੁੱਕੇ ਹਨ। -
ਭਾਜਪਾ ਵੱਲੋਂ ‘ਨਵਾਂ ਪੰਜਾਬ-ਭਾਜਪਾ ਦੇ ਨਾਲ’ ਮੁਹਿੰਮ ਦਾ ਆਗਾਜ਼
ਭਾਜਪਾ ਦੇ ਪੰਜਾਬ ਮਾਮਲਿਆਂ ਅਤੇ ਚੋਣ ਇੰਚਾਰਜ ਤੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਐਲਾਨ ਕੀਤਾ ਹੈ ਕਿ ਸੂਬੇ ਵਿੱਚ ਆਗਾਮੀ ਚੋਣਾਂ ਦੌਰਾਨ ਪਾਰਟੀ ਵਰਕਰ ‘ਨਵਾਂ ਪੰਜਾਬ-ਭਾਜਪਾ ਦੇ ਨਾਲ’ ਦੇ ਨਾਅਰੇ ਨਾਲ ਲੋਕਾਂ ਤੱਕ ਪਹੁੰਚ ਕਰਨਗੇ। ਉਨ੍ਹਾਂ ਕਿਹਾ ਕਿ ਭਾਜਪਾ ਮਾਫੀਆ ਰਾਜ ਅਤੇ ਭ੍ਰਿਸ਼ਟਾਚਾਰ ਤੋਂ ਮੁਕਤ ਪੰਜਾਬ ਨੂੰ ਖੁਸ਼ਹਾਲ ਬਣਾਉਣ ਦੇ ਸੰਕਲਪ ਨਾਲ ਚੋਣਾਂ ਵਿੱਚ ਉਤਰੇਗੀ। ਇਸ ਮੌਕੇ ਹਰਦੀਪ ਪੁਰੀ, ਮੀਨਾਕਸ਼ੀ ਲੇਖੀ ਤਰੁਣ ਚੁੱਘ, ਦੁਸ਼ਿਅੰਤ ਗੌਤਮ, ਵਿਨੋਦ ਚਾਵੜਾ, ਡਾ. ਨਰਿੰਦਰ ਸਿੰਘ, ਦਿਨੇਸ਼ ਕੁਮਾਰ, ਜੀਵਨ ਗੁਪਤਾ, ਡਾ. ਸੁਭਾਸ਼ ਸ਼ਰਮਾ, ਰਾਜੇਸ਼ ਬਾਘਾ, ਦਿਆਲ ਸਿੰਘ ਸੋਢੀ ਆਦਿ ਹਾਜ਼ਰ ਸਨ।ਅੱਜ ਇੱਥੇ ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਤੋਂ ਨਿਰਾਸ਼ ਪੰਜਾਬ ਦੇ ਲੋਕ ਭਾਜਪਾ ਵੱਲ ਆਸ ਨਾਲ ਵੇਖ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਹਕੂਮਤ ਨੇ ਬੁਨਿਆਦੀ ਢਾਂਚੇ ਦੇ ਵੱਡੇ ਪ੍ਰਾਜੈਕਟ ਪੰਜਾਬ ਨੂੰ ਦਿੱਤੇ ਹਨ ਅਤੇ ਭਾਜਪਾ ਸੂਬੇ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਚੋਣ ਲੜਨ ਲਈ ਪੂਰੀ ਤਰ੍ਹਾਂ ਤਿਆਰ ਹੈ। ਕੇਂਦਰ ਸਰਕਾਰ ਅਤੇ ਭਾਜਪਾ ਖੇਤੀ ਕਾਨੂੰਨਾਂ ਦੇ ਮੁੱਦੇ ਪ੍ਰਤੀ ਪੂਰੀ ਤਰ੍ਹਾਂ ਸੰਵੇਦਨਸ਼ੀਲ ਤੇ ਇਸ ਹੱਲ ਕਰਨ ਲਈ ਨਾਲ ਯਤਨਸ਼ੀਲ ਹਨ।ਬੀਐੱਸਐੱਫ ਦੇ ਅਧਿਕਾਰ ’ਚ ਵਾਧੇ ਦੇ ਮੁੱਦੇ ’ਤੇ ਸ਼ੇਖਾਵਤ ਨੇ ਕਿਹਾ ਕਿ ਪੰਜਾਬ ’ਚ ਕਾਂਗਰਸ ਸਰਕਾਰ ਅਤੇ ਹੋਰ ਵਿਰੋਧੀ ਪਾਰਟੀਆਂ ਵੱਲੋਂ ਇਸ ਮੁੱਦੇ ’ਤੇ ਸਿਆਸਤ ਕੀਤੀ ਜਾ ਰਹੀ ਹੈ, ਜੋ ਕਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਕੌਮੀ ਸੁਰੱਖਿਆ ਨਾਲ ਜੁੜੇ ਮੁੱਦਿਆਂ ’ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਪਰ ਪੰਜਾਬ ਦੇ ਅਸਲ ਮੁੱਦਿਆਂ ਜਿਵੇਂ ਕਿ ਡਰੱਗਜ਼, ਮਾਫੀਆ ਰਾਜ, ਬੇਅਦਬੀ ਦਾ ਇਨਸਾਫ਼, ਭਿਸ਼ਟਾਚਾਰ, ਬੇਰੁਜ਼ਗਾਰੀ ਅਤੇ ਲੋਕ ਹਿੱਤਾਂ ਦੇ ਹੋਰ ਕਈ ਅਹਿਮ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਖੇਤੀ ਕਾਨੂੰਨਾਂ ਅਤੇ ਬੀਐੱਸਐੱਫ ਵਰਗੇ ਮੁੱਦਿਆਂ ’ਤੇ ਗੁੰਮਰਾਹ ਕੀਤਾ ਜਾ ਰਿਹਾ ਹੈ।
ਭਾਜਪਾ ਦਫਤਰ ’ਚ ਸੁਖਮਨੀ ਸਾਹਿਬ ਦੇ ਪਾਠ ਕਰਾਏ
ਭਾਜਪਾ ਦੇ ਸੂਬਾਈ ਦਫਤਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400ਵੇਂ ਪ੍ਰਕਾਸ਼ ਪੁਰਬ ਦੇ ਸਬੰਧ ’ਚ ਸੂਬਾ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਵਿੱਚ ਸੁਖਮਨੀ ਸਾਹਿਬ ਦਾ ਪਾਠ ਅਤੇ ਸ਼ਬਦ ਕੀਰਤਨ ਕਰਵਾਇਆ। ਸਮਾਗਮ ਵਿਚ ਕਈ ਕੇਂਦਰੀ ਅਤੇ ਸੂਬਾਈ ਆਗੂ ਸ਼ਾਮਲ ਹੋਏ। ਪਾਰਟੀ ਆਗੂਆਂ ਅਤੇ ਵਰਕਰਾਂ ਨੇ ਸੂਬੇ ਵਿੱਚ ਸਦਭਾਵਨਾ, ਸ਼ਾਂਤੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ।
Comments (0)