ਬਾਲੀਵੁੱਡ 'ਵਿਚ ਵਗ ਰਿਹਾ ਹੈ ਬਾਈਕਾਟ ਦਾ ਨਾਂਹਪਖੀ ਰੁਝਾਨ

ਬਾਲੀਵੁੱਡ 'ਵਿਚ ਵਗ ਰਿਹਾ ਹੈ ਬਾਈਕਾਟ ਦਾ ਨਾਂਹਪਖੀ ਰੁਝਾਨ

ਬਾਲੀਵੁੱਡ ਵਿਚ ਬਾਈਕਾਟ ਦੀ ਲਹਿਰ ਜ਼ੋਰਾਂ 'ਤੇ

ਅੱਜਕਲ੍ਹ ਬਾਲੀਵੁੱਡ ਵਿਚ ਬਾਈਕਾਟ ਦੀ ਲਹਿਰ ਜ਼ੋਰਾਂ 'ਤੇ ਚੱਲ ਰਹੀ ਹੈ। ਸੋਸ਼ਲ ਮੀਡੀਆ ਦੇ ਆਗਮਨ ਤੋਂ ਬਾਅਦ ਇਸ ਬਾਈਕਾਟ ਨਾਮੀ ਸ਼ਾਸਤਰ ਦੀ ਵਰਤੋਂ ਆਏ ਦਿਨ ਕੀਤੀ ਜਾਣ ਲੱਗੀ ਹੈ। ਕਿਸੇ ਫ਼ਿਲਮ ਵਿਚ ਜਾਂ ਇਸ ਦੇ ਪ੍ਰਚਾਰ ਵਿਚ ਕਿਤੇ ਕੁਝ ਇਤਰਾਜ਼ਯੋਗ ਨਜ਼ਰ ਆਇਆ ਤਾਂ ਜਨਤਾ ਵਲੋਂ ਝੱਟ ਇਹ ਸ਼ਸਤਰ ਚੁੱਕ ਲਿਆ ਜਾਂਦਾ ਹੈ। ਫ਼ਿਲਮ ਦੇ ਨਾਇਕ ਜਾਂ ਨਾਇਕਾ ਨੇ ਕੁਝ ਇਤਰਾਜ਼ਯੋਗ ਕਹਿ ਦਿੱਤਾ ਜਾਂ ਸੋਸ਼ਲ ਮੀਡੀਆ 'ਤੇ ਆਪਣੀ ਰਾਇ ਬੇਬਾਕ ਰੂਪ ਨਾਲ ਰੱਖੀ ਤਾਂ ਉਦੋਂ ਵੀ ਬਾਈਕਾਟ ਦਾ ਝੰਡਾ ਲਹਿਰਾ ਕੇ ਲੋਕ ਵਿਰੋਧ ਕਰਨਾ ਸ਼ੁਰੂ ਕਰ ਦਿੰਦੇ ਹਨ।

ਫ਼ਿਲਮ 'ਛਪਾਕ' ਨੂੰ ਪ੍ਰਮੋਟ ਕਰਨ ਦੀਪਿਕਾ ਪਾਦੂਕੋਨ ਜੇ.ਐਨ.ਯੂ ਕੀ ਪਹੁੰਚ ਗਈ ਕਿ ਫ਼ਿਲਮ ਦਾ ਵਿਰੋਧ ਸ਼ੁਰੂ ਹੋ ਗਿਆ ਸੀ ਅਤੇ ਇਸ ਦਾ ਅਸਰ 'ਛਪਾਕ' ਦੇ ਕਾਰੋਬਾਰ 'ਤੇ ਪਿਆ ਸੀ। 'ਪਦਮਾਵਤ', 'ਦੰਗਲ', 'ਲਿਪਸਿਟਕ ਅੰਡਰ ਮਾਈ ਬੁਰਕਾ' ਆਦਿ ਫ਼ਿਲਮਾਂ ਦਾ ਵੀ ਵਿਰੋਧ ਹੋਇਆ ਸੀ। 'ਸ਼ਮਸ਼ੇਰਾ' ਵਿਚ ਖ਼ਲਨਾਇਕ ਬਣੇ ਸੰਜੈ ਦੱਤ ਦੇ ਮੱਥੇ 'ਤੇ ਲਾਲ ਟਿੱਕਾ ਦੇਖ ਕੇ ਹਿੰਦੂਵਾਦੀ ਸੰਸਥਾਵਾਂ ਭੜਕ ਉੱਠੀਆਂ ਅਤੇ ਫ਼ਿਲਮ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਗਿਆ ਸੀ। ਬਾਈਕਾਟ ਦੇ ਇਸ ਐਲਾਨ ਦਾ ਵੱਡਾ ਖਾਮਿਆਜ਼ਾ 'ਲਾਲ ਸਿੰਘ ਚੱਢਾ' ਨੂੰ ਭੁਗਤਣਾ ਪਿਆ ਹੈ। ਲੋਕਾਂ ਨੂੰ ਸਿਨੇਮਾਘਰਾਂ ਵਿਚ ਨਾ ਆਉਂਦੇ ਦੇਖ ਕੇ 1300 ਤੋਂ ਜ਼ਿਆਦਾ ਸਿਨੇਮਾਘਰਾਂ ਵਿਚ ਇਹ ਫ਼ਿਲਮ ਅਗਲੇ ਹੀ ਦਿਨ ਉਤਾਰਨੀ ਪੈ ਗਈ। ਆਮਿਰ ਦੀ ਪਤਨੀ ਕਿਰਨ ਵਲੋਂ ਹਿੰਦੁਸਤਾਨ ਵਿਚ ਡਰ ਲਗਣ ਵਾਲਾ ਬਿਆਨ ਇਸ ਫ਼ਿਲਮ ਨੂੰ ਲੈ ਡੁੱਬਿਆ। ਨਾਲ ਹੀ ਆਮਿਰ ਦੀ ਫ਼ਿਲਮ 'ਪੀ ਕੇ' ਪ੍ਰਤੀ ਲੋਕਾਂ ਦਾ ਗੁੱਸਾ ਇਸ ਫ਼ਿਲਮ 'ਤੇ ਉਤਰਿਆ। ਪਾਕਿਸਤਾਨ ਦੇ ਦੋਸਤ ਰਾਸ਼ਟਰ ਤੁਰਕੀ ਦੀ ਆਮਿਰ ਵਲੋਂ ਲਈ ਗਈ ਮੁਲਾਕਾਤ ਵੀ ਫ਼ਿਲਮ ਨੂੰ ਭਾਰੀ ਪੈ ਗਈ। ਫ਼ਿਲਮ 'ਰਕਸ਼ਾਬੰਧਨ' ਦੀ ਲੇਖਿਕਾ ਕਨਿਕਾ ਢਿੱਲੋਂ ਨੇ ਸੋਸ਼ਲ ਮੀਡੀਆ 'ਤੇ ਕੁਝ ਗੱਲਾਂ ਕਹੀਆਂ ਸਨ। ਇਹ ਗੱਲਾਂ ਕਈਆਂ ਨੂੰ ਨਾਗਵਾਰਾ ਹੋ ਗੁਜ਼ਰੀਆਂ ਅਤੇ ਇਸ ਫ਼ਿਲਮ ਦੇ ਬਾਈਕਾਟ ਦਾ ਵੀ ਐਲਾਨ ਕਰ ਦਿੱਤਾ ਗਿਆ।

ਰਿਤਿਕ ਰੌਸ਼ਨ ਨੇ 'ਲਾਲ ਸਿੰਘ ਚੱਢਾ' ਦੀ ਤਾਰੀਫ਼ ਕੀਤੀ ਤੇ ਉਸ ਦੀ ਅਗਲੀ ਫ਼ਿਲਮ 'ਵਿਕਰਮ ਵੇਧਾ' ਦੇ ਬਾਈਕਾਟ ਦੀਆਂ ਗੱਲਾਂ ਸ਼ੁਰੂ ਹੋ ਗਈਆਂ। ਕਰਨ ਜੌਹਰ ਦੀ ਫ਼ਿਲਮ 'ਬ੍ਰਹਮਾਸਤਰ' ਦਾ ਬਾਈਕਾਟ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਵਿਚ ਰਣਬੀਰ ਕਪੂਰ ਅਤੇ ਆਲੀਆ ਭੱਟ ਹੈ ਅਤੇ ਕਈਆਂ ਨੂੰ ਇਹ ਫ਼ਿਲਮ ਨੈਪੋਟਿਜ਼ਮ ਨੂੰ ਪ੍ਰਮੋਟ ਕਰਦੀ ਦਿਸ ਰਹੀ ਹੈ। ਫ਼ਿਲਮ ਦੇ ਪ੍ਰੋਮੋ ਵਿਚ ਰਣਬੀਰ ਨੂੰ ਮੰਦਰ ਵਿਚ ਜੁੱਤੀਆਂ ਪਾਈ ਦਿਖਾਇਆ ਗਿਆ ਹੈ। ਇਸ ਵਜ੍ਹਾ ਕਰਕੇ ਵੀ ਫ਼ਿਲਮ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਸ਼ਾਹਰੁਖ ਦੀਆਂ ਦੋ ਫ਼ਿਲਮਾਂ 'ਪਠਾਨ' ਅਤੇ 'ਡੰਕੀ' ਬਾਈਕਾਟ ਦੇ ਨਿਸ਼ਾਨੇ 'ਤੇ ਹਨ। 'ਡੰਕੀ' ਦਸੰਬਰ 2023 ਵਿਚ ਪ੍ਰਦਰਸ਼ਿਤ ਹੋਵੇਗੀ ਪਰ ਫ਼ਿਲਮ ਦਾ ਵਿਰੋਧ ਇਹ ਕਹਿ ਕੇ ਹੁਣੇ ਤੋਂ ਕੀਤਾ ਜਾਣ ਲੱਗਿਆ ਹੈ ਕਿ ਇਸ ਦੇ ਨਿਰਦੇਸ਼ਕ ਰਾਜ ਕੁਮਾਰ ਹੀਰਾਨੀ ਹਨ ਜਿਨ੍ਹਾਂ ਨੇ 'ਪੀ ਕੇ' ਨਿਰਦੇਸ਼ਿਤ ਕੀਤੀ ਸੀ।

ਹੁਣ ਦੇਖਣਾ ਇਹ ਹੈ ਕਿ ਬਾਈਕਾਟ ਦੇ ਇਸ ਹਥਿਆਰ ਦੀ ਧਾਰ ਕਦੋਂ ਤੱਕ ਆਪਣਾ ਅਸਰ ਦਿਖਾਉਂਦੀ ਰਹੇਗੀ ਅਤੇ ਬਾਲੀਵੁੱਡ ਨੂੰ ਨੁਕਸਾਨ ਪਹੁੰਚਾਉਂਦੀ ਰਹੇਗੀ।