ਗੁਰਦੁਆਰਾ ਸਿੰਘ ਸਭਾ ਮਿਲਪੀਟਸ ਵਿਚ ਨਕੋਦਰ ਕਾਂਡ ਦੇ ਸ਼ਹੀਦਾਂ ਦੀ ਯਾਦ ਵਿਚ ਅਰਦਾਸ ਸਮਾਗਮ 17 ਫਰਵਰੀ ਨੂੰ
ਮਿਲਪੀਟਸ/ਬਲਵਿੰਦਰਪਾਲ ਸਿੰਘ ਖਾਲਸਾ :
ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਜਸਵੰਤ ਸਿੰਘ ਹੋਠੀ ਤੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਗੁਰਦੁਆਰਾ ਸਿੰਘ ਸਭਾ ਮਿਲਪੀਟਸ ਵਿਚ 17 ਫਰਵਰੀ, ਦਿਨ ਐਤਵਾਰ ਨੂੰ ਨਕੋਦਰ ਕਾਂਡ ਦੇ ਸ਼ਹੀਦਾਂ ਦੀ ਯਾਦ ਵਿਚ ਸਵੇਰੇ 10 ਵਜੇ ਵਿਸ਼ੇਸ਼ ਅਰਦਾਸ ਸਮਾਗਮ ਕਰਵਾਇਆ ਜਾਵੇਗਾ। ਯਾਦ ਰਹੇ ਕਿ ਸ਼ਹੀਦ ਭਾਈ ਰਵਿੰਦਰ ਸਿੰਘ ਜੀ ਲਿੱਤਰਾਂ, ਸ਼ਹੀਦ ਭਾਈ ਹਰਮਿੰਦਰ ਸਿੰਘ ਜੀ ਚਲੂਪੁਰ, ਸ਼ਹੀਦ ਭਾਈ ਝਿਲਮਣ ਸਿੰਘ ਗੋਰਸੀਆਂ ਤੇ ਸ਼ਹੀਦ ਭਾਈ ਬਲਧੀਰ ਸਿੰਘ ਰਾਮਗੜ੍ਹ ਨੂੰ ਪੰਜਾਬ ਦੀ ਅਕਾਲੀ-ਬਰਨਾਲਾ ਸਰਕਾਰ ਦੀ ਬੁੱਚੜ ਪੁਲੀਸ ਨੇ 4 ਫਰਵਰੀ, 1986 ਨੂੰ ਨਕੋਦਰ ਵਿਚ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ। ਇਹ ਚਾਰੇ ਸਿੰਘ ਬਾਕੀ ਸੰਗਤਾਂ ਨਾਲ ਸ਼ਿਵ ਸੈਨਾ ਦੁਆਰਾ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਪੰਜ ਬੀੜਾਂ ਦੀ ਕੀਤੀ ਗਈ ਬੇਅਦਬੀ ਤੋਂ ਬਾਅਦ ਸ਼ਾਂਤਮਈ ਢੰਗ ਨਾਲ ਬੀੜਾਂ ਦੀ ਬਚੀ ਹੋਈ ਸਮੱਗਰੀ ਨੂੰ ਗੋਇੰਦਵਾਲ ਵਿਖੇ ਜਲ ਪਰਵਾਹ ਕਰਨ ਵਾਸਤੇ ਹਾਸਲ ਕਰਨ ਲਈ ਮੁਜ਼ਾਹਰੇ ਦੇ ਰੂਪ ਵਿਚ ਜਾ ਰਹੇ ਸਨ ਕਿ ਪੁਲੀਸ ਨੇ ਬਿਨਾ ਕਿਸੇ ਭੜਕਾਹਟ ਦੇ ਅੰਨ੍ਹੇਵਾਹ ਗੋਲੀ ਚਲਾ ਕੇ ਚਾਰ ਸਿੰਘ ਸ਼ਹੀਦ ਕਰ ਦਿੱਤੇ ਸਨ। 33 ਸਾਲ ਬੀਤਣ ਤੋਂ ਬਾਅਦ ਵੀ ਉਸ ਗੋਲੀਕਾਂਡ ਦੀ ਜਾਂਚ ਰਿਪੋਰਟ ਲੋਕਾਂ ਦੀ ਜਾਣਕਾਰੀ ਲਈ ਜਾਰੀ ਨਹੀਂ ਕੀਤੀ ਗਈ ਜੋ ਜੱਜ ਗੁਰਨਾਮ ਸਿੰਘ ਨੇ ਤਿਆਰ ਕੀਤੀ ਸੀ।
ਸ਼ਹੀਦੀ ਸਮਾਗਮ ਸਮੇਂ ਗੁਰਦੁਆਰਾ ਸਾਹਿਬ ਵਿਚ ਉਨ੍ਹਾਂ ਚਾਰ ਸਿੰਘਾਂ ਦੀਆਂ ਤਸਵੀਰਾਂ ਵੀ ਸ਼ੁਸ਼ੋਭਤ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦੇ ਜਨਮ ਸਮਾਗਮ ਵੀ ਕਰਵਾਏ ਜਾਣਗੇ। ਕਥਾ-ਕੀਰਤਨ ਤੇ ਵਿਚਾਰ ਪ੍ਰਵਾਹ ਚੱਲਣਗੇ ਅਤੇ ਪੰਥਕ ਬੁਲਾਰੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰਨਗੇ।
Comments (0)