ਗੁਜਰਾਤ ਵਿੱਚ ਪਿਛਲੇ ਪੰਜ ਸਾਲਾਂ ਦੌਰਾਨ 40,000 ਤੋਂ ਵੱਧ ਔਰਤਾਂ ਹੋਈਆਂ ਲਾਪਤਾ

ਗੁਜਰਾਤ ਵਿੱਚ ਪਿਛਲੇ ਪੰਜ ਸਾਲਾਂ ਦੌਰਾਨ 40,000 ਤੋਂ ਵੱਧ ਔਰਤਾਂ ਹੋਈਆਂ ਲਾਪਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 8 ਮਈ (ਮਨਪ੍ਰੀਤ ਸਿੰਘ ਖਾਲਸਾ):-ਗੁਜਰਾਤ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਸਰਕਾਰੀ ਅੰਕੜਿਆਂ ਅਨੁਸਾਰ ਗੁਜਰਾਤ ਵਿੱਚ ਪਿਛਲੇ ਪੰਜ ਸਾਲਾਂ ਦੌਰਾਨ 40,000 ਤੋਂ ਵੱਧ ਔਰਤਾਂ ਲਾਪਤਾ ਹੋਈਆਂ ਹਨ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ.) ਦੇ ਅੰਕੜਿਆਂ ਮੁਤਾਬਕ 2016 'ਚ ਗੁਜਰਾਤ ਤੋਂ 7,105, 2017 'ਚ 7,712, 2018 'ਚ 9,246 ਅਤੇ 2019 'ਚ 9,268 ਔਰਤਾਂ ਲਾਪਤਾ ਹੋਈਆਂ। ਅਤੇ ਸਾਲ 2020 ਵਿੱਚ, 8,290 ਔਰਤਾਂ ਦੇ ਲਾਪਤਾ ਹੋਣ ਦੀ ਰਿਪੋਰਟ ਕੀਤੀ ਗਈ ਸੀ। ਇਸ ਤਰ੍ਹਾਂ ਪੰਜ ਸਾਲਾਂ ਵਿੱਚ ਇਨ੍ਹਾਂ ਦੀ ਕੁੱਲ ਗਿਣਤੀ 41,621 ਹੋ ਗਈ ਹੈ। ਹਾਲਾਂਕਿ ਇਨ੍ਹਾਂ ਵਿੱਚੋਂ ਕਿੰਨੀਆਂ ਔਰਤਾਂ ਬਰਾਮਦ ਹੋਈਆਂ ਹਨ, ਇਸ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ।

2021 ਵਿੱਚ ਗੁਜਰਾਤ ਵਿਧਾਨ ਸਭਾ ਵਿੱਚ ਰਾਜ ਦੀ ਭਾਜਪਾ ਸਰਕਾਰ ਦੁਆਰਾ ਦਿੱਤੇ ਗਏ ਇੱਕ ਬਿਆਨ ਦੇ ਅਨੁਸਾਰ, ਅਹਿਮਦਾਬਾਦ ਅਤੇ ਵਡੋਦਰਾ ਵਿੱਚ ਸਿਰਫ ਇੱਕ ਸਾਲ (2019-20) ਵਿੱਚ 4,722 ਔਰਤਾਂ ਲਾਪਤਾ ਹੋ ਗਈਆਂ ਸਨ। ਤੁਹਾਨੂੰ ਦੱਸ ਦੇਈਏ ਕਿ ਗੁਜਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਗ੍ਰਹਿ ਰਾਜ ਹੋਣ ਕਾਰਨ ਇਹ ਖਬਰ ਬਹੁਤ ਡਰਾਉਣੀ ਮੰਨੀ ਜਾ ਰਹੀ ਹੈ, ਜਿੱਥੇ ਭਾਜਪਾ ਪਿਛਲੇ 25 ਸਾਲਾਂ ਤੋਂ ਸੱਤਾ ਵਿੱਚ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਸਾਬਕਾ ਆਈਪੀਐਸ ਅਧਿਕਾਰੀ ਅਤੇ ਗੁਜਰਾਤ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਸੁਧੀਰ ਸਿਨਹਾ ਨੇ ਦੱਸਿਆ ਹੈ ਕਿ, "ਗੁੰਮਸ਼ੁਦਾ ਹੋਣ ਦੇ ਕੁਝ ਮਾਮਲਿਆਂ ਵਿੱਚ, ਮੈਂ ਦੇਖਿਆ ਹੈ ਕਿ ਕੁੜੀਆਂ ਅਤੇ ਔਰਤਾਂ ਨੂੰ ਕਈ ਵਾਰ ਗੁਜਰਾਤ ਤੋਂ ਇਲਾਵਾ ਹੋਰ ਰਾਜਾਂ ਵਿੱਚ ਲਿਜਾਇਆ ਜਾਂਦਾ ਹੈ ਅਤੇ ਵੇਸਵਾਗਮਨੀ ਲਈ ਮਜਬੂਰ ਕੀਤਾ ਗਿਆ।'

ਉਨ੍ਹਾਂ ਅੱਗੇ ਕਿਹਾ, 'ਪੁਲਿਸ ਸਿਸਟਮ ਦੀ ਸਮੱਸਿਆ ਇਹ ਹੈ ਕਿ ਇਹ ਗੁੰਮਸ਼ੁਦਾ ਮਾਮਲਿਆਂ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ। ਪਰ ਅਜਿਹੇ ਮਾਮਲੇ ਕਤਲ ਤੋਂ ਵੀ ਵੱਧ ਗੰਭੀਰ ਹਨ। ਅਜਿਹਾ ਇਸ ਲਈ ਕਿਉਂਕਿ ਜਦੋਂ ਕੋਈ ਬੱਚਾ ਲਾਪਤਾ ਹੋ ਜਾਂਦਾ ਹੈ ਤਾਂ ਮਾਪੇ ਆਪਣੇ ਬੱਚੇ ਦੀ ਸਾਲਾਂ ਬੱਧੀ ਉਡੀਕ ਕਰਦੇ ਹਨ ਅਤੇ ਗੁੰਮਸ਼ੁਦਗੀ ਦੇ ਕੇਸਾਂ ਦੀ ਜਾਂਚ ਕਤਲ ਕੇਸ ਵਾਂਗ ਹੀ ਸਖ਼ਤੀ ਨਾਲ ਹੋਣੀ ਚਾਹੀਦੀ ਹੈ। ਸਿਨਹਾ ਨੇ ਕਿਹਾ ਕਿ, 'ਲਾਪਤਾ ਲੋਕਾਂ ਦੇ ਮਾਮਲਿਆਂ ਨੂੰ ਪੁਲਿਸ ਅਕਸਰ ਨਜ਼ਰਅੰਦਾਜ਼ ਕਰ ਦਿੰਦੀ ਹੈ, ਕਿਉਂਕਿ ਉਨ੍ਹਾਂ ਦੀ ਜਾਂਚ ਬ੍ਰਿਟਿਸ਼ ਯੁੱਗ ਦੇ ਤਰੀਕੇ ਨਾਲ ਕੀਤੀ ਜਾਂਦੀ ਹੈ।'