ਮੋਦੀ-ਟਰੂਡੋ ਮੁਲਾਕਾਤ

ਮੋਦੀ-ਟਰੂਡੋ ਮੁਲਾਕਾਤ

ਭਾਰਤ ਤੇ ਕੈਨੇਡਾ ਦੇ ਪ੍ਰਧਾਨ ਮੰਤਰੀਆਂ ਨਰਿੰਦਰ ਮੋਦੀ

ਭਾਰਤ ਤੇ ਕੈਨੇਡਾ ਦੇ ਪ੍ਰਧਾਨ ਮੰਤਰੀਆਂ ਨਰਿੰਦਰ ਮੋਦੀ ਅਤੇ ਜਸਟਿਨ ਟਰੂਡੋ ਵਿਚਾਲੇ ਜੀ-7 ਸਿਖ਼ਰ ਸੰਮੇਲਨ ਦੌਰਾਨ ਜਰਮਨੀ ’ਵਿਚ ਕੁਝ ਦਿਨ ਪਹਿਲਾਂ ਮੁਲਾਕਾਤ ਹੋਈ। ਦੋਵੇਂ ਆਗੂ ਲਗਪਗ ਸਾਢੇ 4 ਸਾਲਾਂ ਬਾਅਦ ਮਿਲੇ ਤੇ ਕਈ ਦੁਵੱਲੇ ਮਾਮਲਿਆਂ ’ਤੇ ਗੱਲਬਾਤ ਹੋਈ। ਫਰਵਰੀ 2018 ’ਵਿਚ ਜਦੋਂ ਟਰੂਡੋ ਭਾਰਤ ਆਏ ਸਨ ਤਾਂ ਕੁਝ ਕਾਰਨਾਂ ਕਰਕੇ ਮੋਦੀ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦਾ ਜ਼ੋਰ-ਸ਼ੋਰ ਨਾਲ ਸੁਆਗਤ ਨਹੀਂ ਕੀਤਾ ਸੀ ਕਿਉਂਕਿ ਤਦ ਭਾਰਤ ਤੇ ਕੈਨੇਡਾ ਵਿਚਾਲੇ ਸਬੰਧਾਂ ’ਵਿਚ ਕੁਝ ਖਟਾਸ ਆਈ ਹੋਈ ਸੀ। ਇਸੇ ਲਈ ਮੋਦੀ ਤੇ ਟਰੂਡੋ ਦੀ ਮੌਜੂਦਾ ਮੁਲਾਕਾਤ ਨੂੰ ਕਈ ਪੱਖਾਂ ਤੋਂ ਅਹਿਮ ਮੰਨਿਆ ਜਾ ਰਿਹਾ ਹੈ। ਇਕ ਤਾਂ ਕੈਨੇਡਾ ’ਵਿਚ ਪਰਵਾਸੀ ਪੰਜਾਬੀ ਵੱਡੀ ਗਿਣਤੀ ਵਿਚ ਵੱਸਦੇ ਹਨ, ਇਸੇ ਲਈ ਇਸ ਮੀਟਿੰਗ ਤੋਂ ਉਹੀ ਸਭ ਤੋਂ ਵੱਧ ਖ਼ੁਸ਼ ਹਨ।

 

ਦੂਜਾ, ਭਾਰਤ ਤੇ ਕੈਨੇਡਾ ਵਿਚਾਲੇ ‘ਮੁਕਤ ਵਪਾਰ ਸਮਝੌਤਾ’ ਕਰਨ ਲਈ ਉੱਚ-ਪੱਧਰੀ ਗੱਲਬਾਤ ਬੀਤੇ ਅਪ੍ਰੈਲ-ਮਈ ਮਹੀਨੇ ਤੋਂ ਹੀ ਸ਼ੁਰੂ ਹੋ ਚੁੱਕੀ ਹੈ। ਆਸ ਕੀਤੀ ਜਾ ਰਹੀ ਹੈ ਕਿ ਇਹ ਸਮਝੌਤਾ 2024 ਤਕ ਲਾਗੂ ਹੋ ਜਾਵੇਗਾ। ਇਸ ਸਬੰਧੀ ਅਗਲੇ ਗੇੜ ਦੀ ਗੱਲਬਾਤ ਸਤੰਬਰ ਮਹੀਨੇ ’ਵਿਚ ਹੋਣੀ ਤੈਅ ਹੈ। ਇਸੇ ਲਈ ਹੁਣ ਦੋਵੇਂ ਦੇਸ਼ਾਂ ਦੇ ਰਹਿਨੁਮਾਵਾਂ ਨੇ ਦੁਵੱਲੇ ਵਪਾਰਕ ਸਬੰਧ ਹੋਰ ਮਜ਼ਬੂਤ ਹੋਣ ਦਾ ਸੁਆਗਤ ਕੀਤਾ। ਦੋਵੇਂ ਨੇਤਾਵਾਂ ਨੇ ਜਲਵਾਯੂ ਤਬਦੀਲੀ ਤੇ ਵਾਤਾਵਰਨ ਦੇ ਮਾਮਲੇ ਉੱਤੇ ਸਹਿਯੋਗ ਦੇਣ ਦੀ ਗੱਲ ਕੀਤੀ। ਹਿੰਦ-ਪ੍ਰਸ਼ਾਂਤ ਖੇਤਰ ਨੂੰ ਆਜ਼ਾਦ, ਖੁੱਲ੍ਹਾ ਤੇ ਆਲਮੀ ਮਾਮਲਿਆਂ ’ਵਿਚ ਸ਼ਮੂਲੀਅਤ ਭਰਪੂਰ ਬਣਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਕੋਵਿਡ -19 ਦੇ ਨਾਲ-ਨਾਲ ਯੂਕਰੇਨ ਦੇ ਜੰਗੀ ਸੰਕਟ ਬਾਰੇ ਵੀ ਚਰਚਾ ਹੋਈ। ਮੋਦੀ ਤੇ ਟਰੂਡੋ ਨੇ ਦੋਵੇਂ ਦੇਸ਼ਾਂ ਦੀ ਜਨਤਾ ਵਿਚਾਲੇ ਨਿੱਤ ਪੀਡੇ ਹੁੰਦੇ ਜਾ ਰਹੇ ਸਬੰਧਾਂ ਉੱਤੇ ਤਸੱਲੀ ਪ੍ਰਗਟਾਈ। ਜਿੰਨਾ ਮਾਣ-ਤਾਣ ਭਾਰਤੀਆਂ ਖ਼ਾਸ ਕਰਕੇ ਪੰਜਾਬੀਆਂ ਨੂੰ ਕੈਨੇਡਾ ’ਵਿਚ ਮਿਲਦਾ ਹੈ, ਅਜਿਹੀ ਸਥਿਤੀ ਹੋਰ ਕਿਸੇ ਦੇਸ਼ ’ਵਿਚ ਨਹੀਂ ਹੈ। ਦੁਨੀਆ ਦਾ ਹੋਰ ਕੋਈ ਦੇਸ਼ ਨਹੀਂ, ਜਿੱਥੇ ਕੈਨੇਡਾ ਵਾਂਗ ਇੰਨੀ ਵੱਡੀ ਗਿਣਤੀ ਵਿਚ ਪੰਜਾਬੀਆਂ ਨੂੰ ਕੇਂਦਰੀ ਕੈਬਨਿਟ ਮੰਤਰੀ ਬਣਾਇਆ ਗਿਆ ਹੋਵੇ। ਇਸ ਤੋਂ ਇਲਾਵਾ ਹੁਣ ਪੰਜਾਬੀ ਵਿਦਿਆਰਥੀ ਵੀ ਉੱਚ ਸਿੱਖਿਆ ਹਾਸਲ ਕਰਨ ਲਈ ਸਭ ਤੋਂ ਵੱਧ ਕੈਨੇਡਾ ਨੂੰ ਹੀ ਪਸੰਦ ਕਰਨ ਲੱਗ ਪਏ ਹਨ। ਪੰਜਾਬੀ ਪਹਿਲੀ ਵਾਰ 1897 ਦੌਰਾਨ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ’ਚ ਪੁੱਜੇ ਸਨ। ਸਖ਼ਤ ਮਿਹਨਤੀ, ਸਿਰੜੀ, ਦ੍ਰਿੜ੍ਹ ਇਰਾਦਿਆਂ ਨਾਲ ਭਰਪੂਰ, ਇਮਾਨਦਾਰੀ ਤੇ ਲਗਨ ਨਾਲ ਉਨ੍ਹਾਂ ਛੇਤੀ ਹੀ ਇਸ ਪੱਛਮੀ ਮੁਲਕ ’ਚ ਆਪਣੀ ਥਾਂ ਸਦਾ ਲਈ ਮਜ਼ਬੂਤ ਕਰ ਲਈ ਸੀ। ਉਸੇ ਸਵਾ ਸਦੀ ਦੇ ਭਰੋਸੇ ਸਦਕਾ ਪੰਜਾਬੀਆਂ ਦੀ ਹੁਣ ਕੈਨੇਡਾ ’ਚ ਪੂਰੀ ਇੱਜ਼ਤ ਹੈ। 19ਵੀਂ ਸਦੀ ਦੇ ਆਰੰਭਲੇ ਸਾਲਾਂ ਦੌਰਾਨ ਹਜ਼ਾਰਾਂ ਕਿਲੋਮੀਟਰ ਦੀ ਦੂਰੀ ਤਕ ਰੇਲ ਪਟੜੀਆਂ ਵਿਛਾਉਣ ਤੇ ਉੱਚੀਆਂ-ਉੱਚੀਆਂ ਇਮਾਰਤਾਂ ਤੇ ਹੋਰ ਬੁਨਿਆਦੀ ਢਾਂਚੇ ਦੀ ਉਸਾਰੀ ਕਰਨ ’ਵਿਚ ਪੰਜਾਬੀਆਂ ਦਾ ਇਸ ਦੇਸ਼ ’ਵਿਚ ਵਡਮੁੱਲਾ ਯੋਗਦਾਨ ਹੈ।