ਬਾਬਾ ਬੰਦਾ ਸਿੰਘ ਬਹਾਦਰ ਤੇ ਸਾਥੀ ਸਿੰਘਾਂ ਦਾ ਸ਼ਹੀਦੀ ਸਾਕਾ

ਬਾਬਾ ਬੰਦਾ ਸਿੰਘ ਬਹਾਦਰ ਤੇ ਸਾਥੀ ਸਿੰਘਾਂ ਦਾ ਸ਼ਹੀਦੀ ਸਾਕਾ

ਦਸੰਬਰ, 1715 ਤੋਂ ਲੈ ਕੇ ਜੂਨ, 1716 ਈ. ਤੱਕ ਮੁਗਲ ਸਾਮਰਾਜ ਦਾ ਸਾਰਾ ਧਿਆਨ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀ ਸਿੰਘਾਂ ਨੂੰ ਤਸੀਹੇ ਦੇਣ ਵਿੱਚ ਅਤੇ ਮਾਰਨ ਵਿੱਚ ਹੀ ਲੱਗਿਆ ਰਿਹਾ।..

  ..ਪਰ ਮੁਗ਼ਲ ਸਾਮਰਾਜ ਨੂੰ ਕਾਮਯਾਬੀ ਇਥੇ ਵੀ ਨਹੀਂ ਮਿਲੀ। ਆਖਰ ਤਸੀਹੇ ਦੇ ਕੇ ਜਦੋਂ ਸਿੰਘਾਂ ਦੇ ਸਰੀਰਾਂ ਦੀਆਂ ਹੱਡੀਆਂ-ਪਸਲੀਆਂ ਤੋੜ ਦਿੱਤੀਆਂ ਜਾ ਚੁੱਕੀਆਂ ਸਨ ਤਾਂ ਕਿਤੇ ਜਾ ਕੇ ਮੁਗ਼ਲ ਅਧਿਕਾਰੀ ਤਸੀਹੇ ਦੇਣੋਂ ਹਟੇ। ਕਿਉਂਕਿ ਇਸ ਤੋਂ ਵੱਧ ਹੋਰ ਤਸੀਹੇ ਦਿੱਤੇ ਹੀ ਨਹੀਂ ਜਾ ਸਕਦੇ ਸਨ।

ਇਹ ਗੱਲਾਂ ਇਸੇ ਹੀ ਇੱਕ ਤੱਥ ਤੋਂ ਸਾਬਤ ਹੋ ਜਾਂਦੀਆਂ ਹਨ ਕਿ ਜਦੋਂ ਬੰਦਾ ਸਿੰਘ ਬਹਾਦਰ ਨੂੰ ਤਿਰਪੋਲੀਆ ਕਿਲ੍ਹੇ ’ਚੋਂ ਕੱਢ ਕੇ ਮਹਿਰੌਲੀ ਵਿੱਚ ਕੁਤਬਦੀਨ ਬਖ਼ਤਿਆਰ ਕਾਕੀ ਦੀ ਮਜ਼ਾਰ ਨੇੜੇ ਲਿਆਂਦਾ ਗਿਆ ਸੀ ਤਾਂ ਬੰਦਾ ਸਿੰਘ ਬਹਾਦਰ ਨੂੰ ਚੁੱਕ ਕੇ ਹਾਥੀ ਦੇ ਹੌਦੇ ਵਿੱਚ ਬਿਠਾਇਆ ਗਿਆ ਸੀ, ਚੁੱਕ ਕੇ ਹੀ ਉਸ ਨੂੰ ਹਾਥੀ ਦੇ ਹੌਦੇ ’ਚੋਂ ਉਤਾਰਿਆ ਗਿਆ ਸੀ ਅਤੇ ਚੁੱਕ ਕੇ ਹੀ ਉਸ ਨੂੰ ਮਜ਼ਾਰ ਦੇ ਆਲੇ-ਦੁਆਲੇ ਘੁਮਾਇਆ ਗਿਆ ਸੀ। ਇਹੀ ਹਾਲ ਬਾਕੀ ਦੇ ਸੀਨੀਅਰ ਸਿੰਘਾਂ ਦਾ ਸੀ। ਬੰਦਾ ਸਿੰਘ ਬਹਾਦਰ ਦੀ ਪਤਨੀ ਅਤੇ ਨੰਨ੍ਹਾ ਪੁੱਤਰ ਅਜੈ ਸਿੰਘ ਵੀ ਇਥੇ ਹੀ ਲਿਆਂਦੇ ਗਏ ਸਨ।

ਮਹਿਰੌਲੀ (ਦਿੱਲੀ) ਵਿੱਚ ਜਿਥੇ ਕੁਤਬਦੀਨ ਬਖ਼ਤਿਆਰੀ ਕਾਕੀ ਦੀ ਮਜ਼ਾਰ ਹੈ, ਉਸ ਤੋਂ ਕੁਝ ਵਿੱਥ ’ਤੇ ਇੱਕ ਬੜਾ ਉੱਚਾ ਦਰਸ਼ਨੀ ਦਰਵਾਜ਼ਾ ਸੀ। ਜਦੋਂ ਵੀ ਕੋਈ ਬਾਦਸ਼ਾਹ ਇਸ ਮਜ਼ਾਰ ’ਤੇ ਸਿਜਦਾ ਕਰਨ ਆਉਂਦਾ ਸੀ ਤਾਂ ਉਸ ਦਾ ਹਾਥੀ ਇਥੇ ਦਰਸ਼ਨੀ ਦਰਵਾਜ਼ੇ ਹੇਠ ਆ ਖੜੋਂਦਾ ਸੀ। ਇਥੋਂ ਬਾਦਸ਼ਾਹ ਉੱਤਰ ਕੇ ਅੱਗੇ ਮਜ਼ਾਰ ’ਤੇ ਮੱਥਾ ਟੇਕਣ ਜਾਂਦਾ ਸੀ। ਇਹ ਦਰਵਾਜ਼ਾ ਇੰਨਾ ਉੱਚਾ ਸੀ ਕਿ ਹਾਥੀ ਸਮੇਤ ਹੌਦੇ ਦੇ ਹੀ ਇਸ ਦੇ ਹੇਠਾਂ ਆ ਖੜੋਂਦਾ ਸੀ। ਇਹ ਦਰਵਾਜ਼ਾ ਹੁਣ ਵੀ ਬਿਨਾਂ ਛੱਤ ਤੋਂ ਖੜ੍ਹਾ ਹੈ।

ਬਾਬਾ ਬੰਦਾ ਸਿੰਘ ਬਹਾਦਰ ਨੂੰ ਬਾਕੀ ਕਾਫ਼ਲੇ ਦੇ ਨਾਲ ਇਥੇ ਲਿਆਂਦਾ ਗਿਆ। ਹਾਥੀ ਨੂੰ ਬਿਠਾ ਕੇ ਬੰਦਾ ਸਿੰਘ ਨੂੰ ਚੁੱਕ ਕੇ ਹੌਦੇ ਵਿੱਚੋਂ ਉਤਾਰਿਆ ਗਿਆ। ਉਸ ਦੇ ਹੱਥ ਵਿੱਚ ਇੱਕ ਸੋਟੀ ਫੜਾਈ ਗਈ। ਕੁਝ ਇੱਕ ਅਧਿਕਾਰੀਆਂ ਨੇ ਉਸ ਨੂੰ ਦੋਵੇਂ ਮੋਢਿਆਂ ਤੋ ਫੜਿਆ ਹੋਇਆ ਸੀ। ਪਹਿਲਾਂ ਉਸ ਦੇ ਕੁਝ ਗੇੜੇ ਬਖ਼ਤਿਆਰ ਕਾਕੀ ਦੀ ਮਜ਼ਾਰ ਦੇ ਦੁਆਲੇ ਕਢਾਏ ਗਏ, ਫਿਰ ਬਹਾਦਰ ਸ਼ਾਹ ਦੀ ਮਜ਼ਾਰ ਦੇ ਦੁਆਲੇ ਕੁਝ ਗੇੜੇ ਕਢਵਾਏ ਗਏ। ਉਸ ਦੇ ਸਾਹਮਣੇ ਉਸ ਦੇ ਪੁੱਤਰ ਅਤੇ ਪਤਨੀ ਨੂੰ ਬਿਠਾਇਆ ਗਿਆ। ਪਹਿਲਾਂ ਉਸ ਦੇ ਸੀਨੀਅਰ ਸਾਥੀਆਂ ਨੂੰ ਇੱਕ-ਇੱਕ ਕਰਕੇ ਦਰਵਾਜ਼ੇ ਨਾਲ ਪੁੱਠੇ ਲਮਕਾ-ਲਮਕਾ ਕੇ ਕੁੱਟਿਆ ਗਿਆ ਤੇ ਫਿਰ ਉਨ੍ਹਾਂ ਦੇ ਸਿਰ ਕਤਲ ਕੀਤੇ ਗਏ।

ਇਸ ਸਮੇਂ ਦਾ ਇਕ ਵਾਕਿਆ ਭਾਈ ਬਾਜ ਸਿੰਘ ਨਾਲ ਸਬੰਧਿਤ ਹੈ। ਕਿਹਾ ਜਾਂਦਾ ਹੈ ਕਿ ਜਦੋਂ ਇਸ ਦੀ ਵਾਰੀ ਆਈ ਤਾਂ ਇਸ ਨੂੰ ਇੱਕ ਮੁਗ਼ਲ ਅਧਿਕਾਰੀ ਨੇ ਮਿਹਣਾ ਮਾਰਿਆ, ‘‘ਤੈਨੂੰ ਤਾਂ ਬੜਾ ਬਲਵਾਨ ਸੁਣੀਂਦਾ ਸੀ। ਕੀ ਹੁਣ ਵੀ ਤੂੰ ਉਹ ਬਹਾਦਰੀ ਦਿਖਾ ਸਕਦਾ ਹੈ?’’ ਬਾਜ ਸਿੰਘ ਬੇੜੀਆਂ ਵਿੱਚ ਬੰਨ੍ਹਿਆ ਹੋਇਆ ਸੀ। ਉਸ ਨੇ ਕਿਹਾ, ‘‘ਜੇ ਬਹਾਦਰੀ ਦੇਖਣੀ ਹੈ ਤਾਂ ਇਨ੍ਹਾਂ ਬੇੜੀਆਂ ਨੂੰ ਖੋਹਲ ਕੇ ਦੇਖੋ।’’ ਉਸ ਮੁਗ਼ਲ ਅਧਿਕਾਰੀ ਨੇ ਬੇੜੀਆਂ ਖੋਲ੍ਹ ਦਿੱਤੀਆਂ। ਬੇੜੀਆਂ ਖੋਲ੍ਹਣ ਦੀ ਹੀ ਦੇਰ ਸੀ ਕਿ ਬਾਜ ਸਿੰਘ ਨੇ ਝਪਟ ਕੇ ਉਸੇ ਅਧਿਕਾਰੀ ਨੂੰ ਹੇਠਾਂ ਸੁੱਟ ਲਿਆ। ਬੜੀ ਮੁਸ਼ਕਲ ਨਾਲ ਬਾਜ ਸਿੰਘ ਨੂੰ ਕਾਬੂ ਕਰਕੇ ਉਸ ਨੂੰ ਕੁੱਟ-ਕੁੱਟ ਕੇ ਅੱਧ-ਮਰਿਆ ਕਰ ਦਿੱਤਾ ਗਿਆ। ਬਾਅਦ ਵਿੱਚ ਉਸ ਦਾ ਸਿਰ ਕਤਲ ਕਰਕੇ ਸ਼ਹੀਦ ਕਰ ਦਿੱਤਾ ਗਿਆ। ਇਉਂ ਇੱਕ-ਇੱਕ ਕਰਕੇ ਬੰਦਾ ਸਿੰਘ ਦੇ ਸਾਰੇ ਦੇ ਸਾਰੇ ਸਾਥੀ ਉਸ ਦੇ ਸਾਹਮਣੇ ਕੋਹ-ਕੋਹ ਕੇ ਮਾਰੇ ਗਏ। ਸ਼ਹੀਦ ਹੋਣ ਵਾਲੇ ਇਨ੍ਹਾਂ 17 ਸੀਨੀਅਰ ਸਾਥੀ ਸਿੰਘਾਂ ਦੇ ਪੂਰੇ ਨਾਂ ਨਹੀਂ ਮਿਲ ਸਕੇ। ਪਰ ਜਿਹੜੇ ਹੁਣ ਤੱਕ ਮਿਲੇ ਹਨ ਉਹ ਇਉਂ ਹਨ: ਭਾਈ ਬਾਜ ਸਿੰਘ, ਭਾਈ ਰਾਮ ਸਿੰਘ, ਭਾਈ ਆਲੀ ਸਿੰਘ, ਭਾਈ ਮਾਲੀ ਸਿੰਘ, ਭਾਈ ਫ਼ਤਹਿ ਸਿੰਘ, ਭਾਈ ਹਰਿਦਾਸ ਸਿੰਘ ਰਾਮਗੜ੍ਹੀਆ, ਭਾਈ ਧਰਮ ਸਿੰਘ, ਭਾਈ ਪਰਮ ਸਿੰਘ ਰਾਮਗੜ੍ਹੀਆ, ਭਾਈ ਗੁਰਦਾਸ ਸਿੰਘ ਬਹਿਲੋ ਕਾ, ਭਾਈ ਮੱਲ ਸਿੰਘ ਜਰਗ ਦਾ, ਭਾਈ ਜੰਗ ਸਿੰਘ ਬਨੂੜ ਦਾ, ਭਾਈ ਸੰਗਤ ਸਿੰਘ ਬੰਗੇਸਰੀ, ਭਾਈ ਚੂਹੜ ਸਿੰਘ ਵਣਜਾਰਾ ਆਦਿ।

ਇਹ ਸਾਰਾ ਕੁਝ ਇਹਤਮਾਦ-ਉਦ-ਦੌਲਾ ਅਮੀਨ ਖਾਨ ਚੀਨ ਬਹਾਦਰ ਦੀ ਮੌਜੂਦਗੀ ਵਿੱਚ ਹੋ ਰਿਹਾ ਸੀ। ਬੰਦਾ ਸਿੰਘ ਮੁੱਢ ਤੋਂ ਲੈ ਕੇ ਅਖੀਰਲੇ-ਇਸ ਸਮੇਂ ਤੱਕ, ਇਸੇ ਅਧਿਕਾਰੀ ਦੀ ਹੀ ਸਪੁਰਦਗੀ ਵਿੱਚ ਸੀ। ਬੰਦਾ ਸਿੰਘ ਦੇ ਸਾਹਮਣੇ ਕਾਜ਼ੀ ਆਇਆ। ਉਸ ਨੇ ਸ਼ਰ੍ਹਾ ਦਾ ਹੁਕਮ ਦੱਸਦਿਆਂ ਕਿਹਾ, ‘‘ਇਸ ਦੋਜਖ਼ੀ ਨੇ ਮੁਸਲਮਾਨਾਂ ਦੇ ਹਜ਼ਾਰਾਂ ਬੱਚੇ ਮਾਰੇ ਹਨ ਇਸ ਲਈ ਇਸ ਦੇ ਬੱਚੇ ਨੂੰ ਇਸ ਦੀ ਗੋਦ ਵਿੱਚ ਬਿਠਾ ਕੇ ਜ਼ਿਬਾਹ ਕੀਤਾ ਜਾਵੇ। ਹਾਂ ਇਸ ਨੂੰ ਇਸ ਗੱਲ ਦੀ ਛੋਟ ਦਿੱਤੀ ਜਾ ਸਕਦੀ ਹੈ ਕਿ ਜੇ ਇਹ ਖ਼ੁਦ ਆਪਣੇ ਬੱਚੇ ਨੂੰ ਮਾਰਨਾ ਚਾਹੇ ਤਾਂ ਕਿਸੇ ਵੀ ਤਰੀਕੇ ਨਾਲ ਮਾਰ ਸਕਦਾ ਹੈ।’’ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥ ਵਿੱਚ ਛੁਰਾ ਫੜਾਇਆ ਗਿਆ। ਬੱਚਾ ਉਸ ਦੀ ਗੋਦ ਵਿੱਚ ਬਿਠਾਇਆ ਗਿਆ। ਇਹ ਹਕੂਮਤ ਦਾ ਅਖੀਰਲਾ ਵਾਰ ਸੀ। ਉਹ ਹਰ ਹਾਲਤ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਡੁਲਾਉਣਾ ਚਾਹੁੰਦੀ ਸੀ। ਮਾਸੂਮ ਬੱਚੇ ਨੂੰ ਮਾਰਨ ਦਾ ਕੋਈ ਮਤਲਬ ਹੀ ਨਹੀਂ ਸੀ ਬਣਦਾ। ਇਹ ਸਿਰਫ਼ ਬਾਬਾ ਬੰਦਾ ਸਿੰਘ ਬਹਾਦਰ ਤੋਂ ਈਨ ਮਨਵਾਉਣ ਖ਼ਾਤਰ ਹੀ ਕੀਤਾ ਗਿਆ ਸੀ। ਹੁਕਮ ਕੀਤਾ ਗਿਆ ਕਿ ਉਹ ਆਪਣੇ ਬੱਚੇ ਨੂੰ ਆਪ ਹੀ ਮਾਰੇ। ਬਾਬਾ ਬੰਦਾ ਸਿੰਘ ਬਹਾਦਰ ਨੇ ਜਵਾਬ ਦਿੱਤਾ, ‘‘ਜੇ ਬੱਚੇ ਨੂੰ ਮਾਰਨਾ ਹੀ ਹੈ ਤਾਂ ਤੁਸੀਂ ਖੁਦ ਹੀ ਮਾਰੋ ਤਾਂ ਕਿ ਸੰਸਾਰ ਨੂੰ ਪਤਾ ਲੱਗ ਸਕੇ ਕਿ ਇਸਲਾਮ ਬੱਚਿਆਂ ਨੂੰ ਵੀ ਕਤਲ ਦੀ ਸਜ਼ਾ ਦਿੰਦਾ ਹੈ।’’ ਫਲਸਰੂਪ ਬੱਚੇ ਨੂੰ ਜਲਾਦ ਨੇ ਹਲਾਲ ਕਰਕੇ ਕਤਲ ਕਰ ਦਿੱਤਾ। ਬੱਚੇ ਦਾ ਤੜਫਦਾ ਹੋਇਆ ਦਿਲ ਕੱਢਿਆ ਗਿਆ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਤੁੰਨਿਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਸ਼ਾਂਤ-ਚਿਤ ਗੁਰੂ ਦੀ ਬਾਣੀ ਦਾ ਪਾਠ ਕਰਦਾ ਹੋਇਆ ਸਭ ਸਹਿਣ ਕਰ ਰਿਹਾ ਸੀ।

ਇਸ ਤੋਂ ਵੱਡਾ ਵਾਰ ਬਾਬਾ ਬੰਦਾ ਸਿੰਘ ਬਹਾਦਰ ਉਪਰ ਹੋਰ ਕੋਈ ਨਹੀਂ ਹੋ ਸਕਦਾ ਸੀ ਪਰ ਉਹ ਇਸ ਵਾਰ ਨੂੰ ਵੀ ਝੱਲ ਗਿਆ। ਉਧਰ ਬਾਦਸ਼ਾਹ ਪਲ-ਪਲ ਦੀ ਖ਼ਬਰ ਰੱਖ ਰਿਹਾ ਸੀ। ਉਹ ਪੁੱਛ ਰਿਹਾ ਸੀ ਕਿ ਬਾਬਾ ਬੰਦਾ ਸਿੰਘ ਮੁਸਲਮਾਨ ਬਣਨਾ ਮੰਨਿਆ ਹੈ ਕਿ ਨਹੀਂ। ਉਸ ਨੂੰ ਦੱਸਿਆ ਗਿਆ ਕਿ ਬਾਬਾ ਬੰਦਾ ਸਿੰਘ ਤਾਂ ਆਪਣੇ ਪੁੱਤਰ ਦੇ ਮਾਰੇ ਜਾਣ ’ਤੇ ਵੀ ਉਸੇ ਤਰ੍ਹਾਂ ਅੜਿਆ ਬੈਠਾ ਹੈ। ਕਿਹਾ ਜਾਂਦਾ ਹੈ ਕਿ ਬਾਦਸ਼ਾਹ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਖੁਦ ਮਿਲਣ ਦੀ ਇੱਛਾ ਪ੍ਰਗਟ ਕੀਤੀ ਕਿਉਂਕਿ ਉਹ ਸਮਝਦਾ ਸੀ ਕਿ ਜਿਹੜਾ ਵਿਅਕਤੀ ਆਪਣੇ ਪੁੱਤਰ ਦੀ ਮੌਤ ਨੂੰ ਵੀ ਸਹਿਣ ਕਰ ਗਿਆ ਹੈ ਉਹ ਸੱਚਮੁੱਚ ਹੀ ਆਪਣੇ ਵਿਸ਼ਵਾਸ ਦਾ ਪੱਕਾ ਹੈ। ਬਾਦਸ਼ਾਹ ਨੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਗੱਲਾਂ ਕਰਨ ਦਾ ਮਨ ਬਣਾਇਆ। ਬਾਦਸ਼ਾਹ ਉੱਥੇ ਪਹੁੰਚਿਆ ਅਤੇ ਬੰਦਾ ਸਿੰਘ ਬਹਾਦਰ ਨੂੰ ਪੁੱਛਿਆ,‘‘ ‘ਆਖਰ ਤੂੰ ਚਾਹੁੰਦਾ ਕੀ ਹੈਂ? ਤੂੰ ਇਤਨਾ ਹੱਠ ਕਿਸ ਲਈ ਦਿਖਾ ਰਿਹਾ ਹੈਂ? ਕੀ ਤੈਨੂੰ ਨਹੀਂ ਪਤਾ ਕਿ ਤੇਰੇ ਪੁੱਤਰ ਨੂੰ ਮਾਰ ਦਿੱਤਾ ਗਿਆ ਹੈ? ਅਤੇ ਤੈਨੂੰ ਵੀ ਮਾਰ ਦਿੱਤਾ ਜਾਣਾ ਹੈ।’’ ਬਾਬਾ ਬੰਦਾ ਸਿੰਘ ਬਹਾਦਰ ਨੇ ਜਵਾਬ ਦਿੱਤਾ, ‘‘ਇਸ ਗੱਲ ਦਾ ਮੈਨੂੰ ਉਸ ਸਮੇਂ ਹੀ ਪਤਾ ਸੀ ਜਦੋਂ ਮੈਂ ਆਪਣੇ ਗੁਰੂ ਦਾ ਹੁਕਮ ਮੰਨ ਕੇ ਜ਼ੁਲਮ ਦੇ ਖ਼ਿਲਾਫ਼ ਲੜਨ ਲਈ ਤੁਰਿਆ ਸੀ। ਮੇਰਾ ਕੁਝ ਨਹੀਂ ਹੈ। ਸਭ ਕੁਝ ਮੇਰੇ ਗੁਰੂ ਦਾ ਹੈ। ਮੈਂ ਵੀ ਆਪਣੇ ਗੁਰੂ ਦੀ ਅਮਾਨਤ ਹਾਂ। ਜਦੋਂ ਤੱਕ ਮੇਰੇ ਵਿੱਚ ਤਾਕਤ ਸੀ ਮੈਂ ਲੜਦਾ ਰਿਹਾ ਹਾਂ। ਅੱਜ ਮੇਰੇ ’ਚ ਲੜਨ ਦੀ ਤਾਕਤ ਨਹੀਂ ਹੈ ਪਰ ਮੈਂ ਮਰ ਤਾਂ ਸਕਦਾ ਹਾਂ। ਤੁਸੀਂ ਮੇਰੇ ਵਿਸ਼ਵਾਸ ਨੂੰ ਨਹੀਂ ਤੋੜ ਸਕਦੇ।’’ ਬਾਦਸ਼ਾਹ ਇਹ ਸੁਣ ਕੇ ਨਿਰਉੱਤਰ ਹੋ ਗਿਆ ਸੀ।

ਮੁਹੰਮਦ ਅਮੀਨ ਖਾਨ ਲਗਾਤਾਰ ਬਾਬਾ ਬੰਦਾ ਸਿੰਘ ਬਹਾਦਰ ਦੇ ਨੇੜੇ ਰਿਹਾ ਸੀ। ਉਹ ਬੰਦਾ ਸਿੰਘ ਨਾਲ ਕੁਝ ਲੜਾਈਆਂ ਵੀ ਲੜ ਚੁੱਕਿਆ ਸੀ। ਉਹ ਵੀ ਇਸ ਸਥਿਤੀ ਤੋ ਡਾਵਾਂਡੋਲ ਹੋ ਗਿਆ ਸੀ। ਮਾਸੂਮ ਬੱਚੇ ਦੀ ਮੌਤ ਨੇ ਉਸ ਸਥਿਤੀ ਨੂੰ ਗੰਭੀਰਤਾ ਵਾਲੀ ਬਣਾ ਦਿੱਤਾ ਸੀ। ਉਥੇ ਖੜਾ ਹਰ ਅਧਿਕਾਰੀ ਚੁੱਪ ਸੀ ਅਤੇ ਗੰਭੀਰ ਸੀ। ਉਹ ਸਾਰੇ ਬਾਬਾ ਬੰਦਾ ਸਿੰਘ ਬਹਾਦਰ ਦੇ ਇਸ ਅੰਤਿਮ ਸਮੇਂ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਸੁਣ ਰਹੇ ਸਨ।

ਜੇ ਕਾਜ਼ੀ, ਬਾਦਸ਼ਾਹ ਅਤੇ ਅਮੀਨ ਖਾਨ ਨੂੰ ਨਾ ਟੋਕਦਾ ਤਾਂ ਸ਼ਾਇਦ ਹੋਰ ਵੀ ਗੰਭੀਰ ਗੱਲਾਂ ਹੁੰਦੀਆਂ। ਕਾਜ਼ੀ ਨੇ ਗੱਲਾਂ ਨੂੰ ਕੱਟਦਿਆਂ ਕਿਹਾ, ‘‘ਕਾਫ਼ਰ ਨਾਲ ਬਹਿਸ ਵਿੱਚ ਪੈਣ ਦਾ ਕੋਈ ਫਾਇਦਾ ਨਹੀਂ ਹੈ ਇਸ ਨੂੰ ਮਾਰ ਦਿਓ।’’ਬਾਬਾ ਬੰਦਾ ਸਿੰਘ ਬਹਾਦਰ ਨੇ ਕਾਜ਼ੀ ਨੂੰ ਕਾਫੀ ਕੁਝ ਬੁਰਾ-ਭਲਾ ਬੋਲਿਆ ਸੀ। ਇਸ ’ਤੇ ਕਾਜ਼ੀ ਨੇ ਕਿਹਾ ਕਿ ਇਸ ਕਾਫਰ ਦੀ ਜ਼ਬਾਨ ਬਹੁਤ ਚਲਦੀ ਹੈ। ਇਸ ਕਰਕੇ ਇਸ ਦੀ ਜੀਭ ਕੱਟ ਦਿੱਤੀ ਜਾਵੇ। ਜੀਭ ਕੱਟ ਦਿੱਤੀ ਗਈ। ਜਿਹੜਾ ਗੁੱਸਾ ਪਹਿਲਾਂ ਸ਼ਬਦਾਂ ਰਾਹੀਂ ਨਿਕਲਦਾ ਸੀ ਉਹ ਗੁੱਸਾ ਹੁਣ ਅੱਖਾਂ ਰਾਹੀਂ ਨਿਕਲਣਾ ਸ਼ੁਰੂ ਹੋ ਗਿਆ। ਜ਼ੁਬਾਨ ਬੰਦ ਹੋਣ ’ਤੇ ਬਾਬਾ ਬੰਦਾ ਸਿੰਘ ਦਾ ਖ਼ੂਨ ਅੱਖਾਂ ਵਿੱਚ ਉੱਤਰ ਆਇਆ ਸੀ। ਬੰਦਾ ਸਿੰਘ ਬਹਾਦਰ ਨੇ ਜਦੋਂ ਖੂਨ ਭਰੀਆਂ ਅੱਖਾਂ ਨਾਲ ਕਾਜ਼ੀ ਵੱਲ ਤੱਕਿਆ ਤਾਂ ਕਾਜ਼ੀ ਉਸ ਨਾਲ ਆਪਣੀਆਂ ਨਜ਼ਰਾਂ ਨਾ ਮਿਲਾ ਸਕਿਆ। ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਇਸ ਤਰ੍ਹਾਂ ਖੂਨ ਭਰੀਆਂ ਅੱਖਾਂ ਨਾਲ ਕਾਜ਼ੀ ਵੱਲ ਤੱਕਣ ਦਾ ਭਾਵ ਸੀ ਕਿ ਤੂੰ ਮੇਰੀ ਜ਼ੁਬਾਨ ਕੱਟ ਕੇ ਵੀ ਮੈਨੂੰ ਮੇਰੇ ਸਿਦਕ ਤੋਂ ਡੁਲਾ ਨਹੀਂ ਸਕਦਾ। ਕਾਜ਼ੀ ਬੰਦਾ ਸਿੰਘ ਬਹਾਦਰ ਵੱਲ ਹੋਰ ਨਹੀਂ ਦੇਖ ਸਕਿਆ। ਉਸ ਨੇ ਬਿਨਾਂ ਉਸ ਵੱਲ ਦੇਖਿਆਂ ਹੀ ਕਹਿ ਦਿੱਤਾ ਕਿ ਇਸ ਕਾਫਰ ਦੀਆਂ ਅੱਖਾਂ ਕੱਢ ਦਿੱਤੀਆਂ ਜਾਣ। ਫਿਰ ਹੱਥ ਪੈਰ ਵੀ ਕੱਟ ਦਿੱਤੇ ਗਏ। ਹੁਣ ਪਿੱਛੇ ਬਚਿਆ ਵੀ ਕੀ ਸੀ? ਇਤਨਾ ਵੱਢਣ-ਟੁੱਕਣ ਨਾਲ ਤਾਂ ਵਿਅਕਤੀ ਦੇ ਵੈਸੇ ਹੀ ਖ਼ੂਨ ਵਗ ਕੇ ਪਰਾਣ ਨਿਕਲ ਜਾਂਦੇ ਹਨ। ਇਸ ਤਰ੍ਹਾਂ ਇੱਕ ਸੂਰਮਾ (ਬੰਦਾ ਸਿੰਘ ਬਹਾਦਰ) ਆਪਣੀ ਜਾਨ ਵਾਰ ਗਿਆ ਸੀ। ਦੂਸਰਾ ਸੂਰਮਾ (ਅਮੀਨ ਖ਼ਾਨ) ਉਸ ਵੱਲ ਦੇਖਦਾ ਹੀ ਰਿਹਾ ਸੀ। ਕਾਜ਼ੀ ਹੈਰਾਨ-ਪ੍ਰੇਸ਼ਾਨ ਸੀ। ਬਾਦਸ਼ਾਹ ਵੀ ਚੁੱਪ ਚਾਪ ਚਲਾ ਗਿਆ ਸੀ। ਅਮੀਨ ਖਾਨ ਚੀਨ ਬਹਾਦਰ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਕੱਟੇ ਹੋਏ ਅੰਗਾਂ ਨੂੰ ਇਕੱਠਿਆਂ ਕਰਕੇ ਇੱਕ ਸੰਦੂਕ ਵਿੱਚ ਬੰਦ ਕਰਵਾ ਦਿੱਤਾ। ਪਤਾ ਨਹੀਂ ਇਹ ਉਸ ਦੀ ਚੁੱਪ-ਚਾਪ ਦਿੱਤੀ ਗਈ ਸ਼ਰਧਾਂਜਲੀ ਸੀ ਜਾਂ ਪਛਤਾਵਾ। ਮੁਹੰਮਦ ਅਮੀਨ ਖ਼ਾਨ ਚੀਨ ਬਹਾਦਰ ਉਥੇ ਹੀ ਬੈਠਾ ਰਿਹਾ ਸੀ।

ਇਸ ਸਾਰੇ ਸਾਕੇ ਦੌਰਾਨ ਬਾਬਾ ਬੰਦਾ ਸਿੰਘ ਬਹਾਦਰ ਦੀ ਰਾਜਕੁਮਾਰੀ ਪਤਨੀ ਬੇਹੋਸ਼ ਹੋ ਗਈ। ਬਾਦਸ਼ਾਹ ਨੇ ਹੁਕਮ ਦਿੱਤਾ ਕਿ ਇਸ ਨੂੰ ਚੁੱਕ ਕੇ ਬਾਦਸ਼ਾਹ ਦੀ ਮਾਂ, ਜਿਸ ਨੂੰ ਦੱਖਣੀ ਬੇਗ਼ਮ ਕਿਹਾ ਜਾਂਦਾ ਸੀ, ਦੇ ਮਹਿਲ ਵਿੱਚ ਪਹੁੰਚਾ ਦਿੱਤਾ ਜਾਵੇ। ਪਿੱਛੋਂ ਪਤਾ ਲੱਗਿਆ ਸੀ ਕਿ ਰਾਜਕੁਮਾਰੀ ਪਤਨੀ ਨੇ ਇੱਕ ਦਿਨ ਅੱਖ ਬਚਾ ਕੇ ਰਾਜਮਾਤਾ ਦੇ ਮਹਿਲ ਵਾਲੇ ਖੂਹ ਵਿੱਚ ਛਾਲ ਮਾਰ ਕੇ ਆਤਮ-ਹੱਤਿਆ ਕਰ ਲਈ ਸੀ। ਕਿਹਾ ਜਾਂਦਾ ਹੈ ਕਿ ਉਸ ਦਿਨ ਤੋਂ ਦੱਖਣੀ ਬੇਗ਼ਮ ਉਸ ਮਹਿਲ ਵਿੱਚ ਨਹੀਂ ਰਹੀ।

ਕਿਤਨੀ ਵਿਸ਼ੇਸ਼ਤਾ ਤੇ ਮਹੱਤਤਾ ਭਰੀ ਇਹ ਸ਼ਹਾਦਤ ਹੈ। ਜਿਤਨੇ ਵੀ ਸਿੰਘ ਬੰਦਾ ਸਿੰਘ ਬਹਾਦਰ ਨਾਲ ਫੜੇ ਗਏ ਸਨ, ਉਨ੍ਹਾਂ ਵਿੱਚੋਂ ਕਿਸੇ ਇੱਕ ਨੇ ਵੀ, ਨਾ ਹੀ ਆਪਣੇ ਧਰਮ ਵੱਲੋਂ ਮੂੰਹ ਮੋੜਿਆ ਅਤੇ ਨਾ ਹੀ ਆਪਣੇ ਆਗੂ ਵੱਲੋਂ। ਸਭ ਤੋਂ ਮਹੱਤਵਪੂਰਨ ਗੱਲ ਇਹ ਸੀ ਕਿ ਇਹ ਸਾਰੇ ਹੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਪਹਿਲਾਂ ਸ਼ਹੀਦ ਹੋ ਗਏ ਸਨ। ਬੰਦਾ ਸਿੰਘ ਬਹਾਦਰ ਇਨ੍ਹਾਂ ਦੀ ਸ਼ਹੀਦੀ ਦੇਖਦਾ ਰਿਹਾ ਸੀ ਤੇ ਅਖੀਰ ਨੂੰ ਆਪਣੀ ਸ਼ਹੀਦੀ ਦੇ ਗਿਆ ਸੀ। ਇਹ ਇਤਿਹਾਸ ਦਾ ਇਕ ਬੇਮਿਸਾਲ ਸਾਕਾ ਸੀ।

ਡਾ. ਸੁਖਦਿਆਲ ਸਿੰਘ ਹਿਸਟੋਰੀਅਨ

*ਸਾਬਕਾ ਪ੍ਰੋਫੈਸਰ ਅਤੇ ਮੁਖੀ, ਪੰਜਾਬ ਇਤਿਹਾਸ

ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸੰਪਰਕ: 98158-80539