ਕੀ ਪ੍ਰਵਾਸੀਆਂ ਦੀ ਘਰ ਵਾਪਸੀ ਬਾਰੇ ਸੋਚੇਗੀ ਪੰਜਾਬ ਦੀ ਆਪ ਸਰਕਾਰ

ਕੀ ਪ੍ਰਵਾਸੀਆਂ ਦੀ ਘਰ ਵਾਪਸੀ ਬਾਰੇ ਸੋਚੇਗੀ ਪੰਜਾਬ ਦੀ ਆਪ ਸਰਕਾਰ

ਪ੍ਰਵਾਸੀ ਪੰਜਾਬੀ ਪੰਜਾਬ ਆਉਣਾ ਲੋਚਦੇ ਹਨ

ਆਜ਼ਾਦੀ ਤੋਂ ਬਾਅਦ ਪੈਦਾ ਹੋਏ ਪੰਜਾਬ ਦੇ ਮਸਲੇ ਏਨੇ ਪੇਚੀਦਾ ਬਣ ਗਏ ਹਨ, ਕਿ ਉਨ੍ਹਾਂ ਦੇ ਹੱਲ ਹੋਣ ਦਾ ਕੋਈ ਲੜ ਸਿਰਾ ਵਿਖਾਈ ਨਹੀਂ ਦੇ ਰਿਹਾ। ਇਕ ਪਾਸੇ ਪੰਜਾਬ ਵਰਗਾ ਵਿਸ਼ਾਲ ਸੂਬਾ ਸੁੰਗੜ ਕੇ ਛੋਟਾ ਹੋ ਗਿਆ, ਦੂਜੇ ਪਾਸੇ ਛੋਟੇ ਸੂਬੇ ਨੂੰ ਵੀ ਉਹ ਹੱਕ ਨਹੀਂ ਮਿਲ ਰਹੇ ਜਿਸ ਦਾ ਉਹ ਹੱਕਦਾਰ ਹੈ। ਭਾਵੇਂ ਚੰਡੀਗੜ੍ਹ, ਪਾਣੀਆਂ, ਭਾਖੜਾ ਡੈਮ ਵਰਗੇ ਕਈ ਮਸਲੇ ਕੇਂਦਰ ਨਾਲ ਸੰਬੰਧਿਤ ਹਨ, ਪਰ ਪੰਜਾਬ ਦੀਆਂ ਸਰਕਾਰਾਂ ਦਾ ਕਿਰਦਾਰ ਵੀ ਇਨ੍ਹਾਂ ਮਸਲਿਆਂ ਨੂੰ ਲੈ ਕੇ ਹਮੇਸ਼ਾ ਸਵਾਲਾਂ ਦੇ ਘੇਰੇ ਵਿਚ ਰਿਹਾ ਹੈ। ਦੂਜੇ ਪਾਸੇ ਆਮ ਲੋਕਾਂ ਵਿਚ ਪੈਦਾ ਹੋਈ ਬੇਚੈਨੀ, ਬੇਰੁਜ਼ਗਾਰੀ, ਖੇਤੀਬਾੜੀ ਆਧਾਰਿਤ ਸੂਬੇ ਵਿਚ ਵਧ ਰਹੇ ਪਰਿਵਾਰ ਤੇ ਘਟ ਰਹੀਆਂ ਜ਼ਮੀਨਾਂ ਨੇ ਪੰਜਾਬ ਨੂੰ ਪ੍ਰਵਾਸ ਵੱਲ ਧੱਕ ਦਿੱਤਾ ਹੈ। ਵਿਦੇਸ਼ਾਂ ਵਿਚੋਂ ਹੋਰਨਾਂ ਸੂਬਿਆਂ ਦੇ ਲੋਕ ਬੜੇ ਮਾਣ ਨਾਲ ਆਪੋ-ਆਪਣੇ ਸੂਬਿਆਂ ਨਾਲ ਲੈਣ-ਦੇਣ ਕਰਦੇ ਹਨ, ਜਾਇਦਾਦਾਂ ਖ਼ਰੀਦਦੇ ਹਨ, ਕਾਰੋਬਾਰਾਂ ਵਿਚ ਹਿੱਸੇਦਾਰੀ ਸੰਬੰਧੀ ਦਿਲਚਸਪੀ ਰੱਖਦੇ ਹਨ। ਪਰ ਪੰਜਾਬੀ ਆਪਣੇ ਸੂਬੇ ਵਿਚ ਨਿਵੇਸ਼ ਕਰਨ ਸੰਬੰਧੀ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਜਿਹੜੇ ਪੰਜਾਬੀ ਆਪਣੀ ਜ਼ਮੀਨ ਵੇਚਣ ਨੂੰ ਪਾਪ ਸਮਝਿਆ ਕਰਦੇ ਸਨ, ਪਰ ਵਿਦੇਸ਼ਾਂ ਵਿਚ ਰਹਿ ਰਹੇ ਬਹੁਤੇ ਪੰਜਾਬੀ ਹੁਣ ਮੌਕਾ ਵੇਖਦਿਆਂ ਹੀ ਆਪਣੇ ਘਰ-ਬਾਰ, ਜ਼ਮੀਨਾਂ-ਜਾਇਦਾਦਾਂ ਵੇਚ ਰਹੇ ਹਨ। ਇਸ ਦਾ ਮੁੱਖ ਕਾਰਨ ਸਰਕਾਰਾਂ ਦੀ ਬੇਰੁਖ਼ੀ, ਲੋੜ ਪੈਣ 'ਤੇ ਅਦਾਲਤੀ ਝਗੜਿਆਂ ਦਾ ਲੰਮੇ ਸਮੇਂ ਤੱਕ ਨਿਪਟਾਰਾ ਨਾ ਹੋਣਾ, ਪ੍ਰਸ਼ਾਸਨ ਵਲੋਂ ਢੁਕਵਾਂ ਸਹਿਯੋਗ ਨਾ ਮਿਲਣਾ ਅਤੇ ਰਿਸ਼ਤਿਆਂ ਵਿਚ ਪਈਆਂ ਤਰੇੜਾਂ ਸਮੇਤ ਬਹੁਤ ਸਾਰੇ ਕਾਰਨ ਹਨ।

ਮੋਹ ਨਾਲ ਭਿੱਜੇ ਪ੍ਰਵਾਸੀ ਭਾਵੇਂ ਪੰਜਾਬ ਤੋਂ ਦੂਰ ਖ਼ੁਦ ਨੂੰ ਬੇਚੈਨ ਮਹਿਸੂਸ ਕਰਦੇ ਹਨ, ਉਹ ਆਪਣੇ ਵਿਰਸੇ ਅਤੇ ਧਰਤੀ ਨਾਲ ਜੁੜੇ ਰਹਿਣਾ ਚਾਹੁੰਦੇ ਹਨ। ਪਰ ਉਨ੍ਹਾਂ ਅੰਦਰ ਉਹ ਭਰੋਸਾ ਕਾਇਮ ਨਹੀਂ ਰਿਹਾ, ਜੋ ਕਦੇ ਪਿੰਡੋਂ ਵਿਦੇਸ਼ ਤੁਰਨ ਵੇਲੇ ਉਨ੍ਹਾਂ ਕੋਲ ਹੁੰਦਾ ਸੀ। ਪੰਜਾਬ ਸਰਕਾਰ ਵਲੋਂ ਬੀਤੇ ਸਮੇਂ ਵਿਚ ਨੌਜਵਾਨਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਲਈ ਵਿਸ਼ੇਸ਼ ਪ੍ਰੋਗਰਾਮ ਵੀ ਉਲੀਕੇ ਗਏ ਸਨ, ਪਰ ਨੌਜਵਾਨ ਬੱਚਿਆਂ ਨੂੰ ਹੋਰਨਾਂ ਮੁਲਕਾਂ ਵਿਚ ਹੱਸ ਕੇ ਭੇਜਣ ਵਾਲੇ ਮਾਪੇ ਬੱਚਿਆਂ ਨੂੰ ਸੈਰ-ਸਪਾਟੇ ਲਈ ਇਕੱਲੇ ਪੰਜਾਬ ਭੇਜਣ ਤੋਂ ਵੀ ਹਿਚਕਚਾਉਂਦੇ ਹਨ। ਵਿਦੇਸ਼ਾਂ ਵਿਚ ਬਹੁਤ ਸਾਰੇ ਬਜ਼ੁਰਗ ਅਜਿਹੇ ਹਨ, ਜਿਹੜੇ ਬਿਰਧ ਆਸ਼ਰਮਾਂ ਵਿਚ ਰਹਿ ਰਹੇ ਹਨ, ਜਿੱਥੇ ਉਨ੍ਹਾਂ ਨੂੰ ਬੋਲੀ ਕਾਰਨ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ, ਪਰ ਅਜਿਹੇ ਬਜ਼ੁਰਗਾਂ ਨੂੰ ਪੰਜਾਬ ਨਾਲ ਜੋੜਨ ਲਈ ਵੀ ਵਿਸ਼ੇਸ਼ ਉਪਰਾਲਿਆਂ ਦੀ ਲੋੜ ਹੈ। ਪ੍ਰਵਾਸੀਆਂ ਦੇ ਮਸਲਿਆਂ ਦੇ ਹੱਲ ਲਈ ਕਿਸੇ ਅਜਿਹੀ ਸ਼ਖ਼ਸੀਅਤ ਨੂੰ ਜ਼ਿੰਮੇਵਾਰੀ ਸੌਂਪਣੀ ਚਾਹੀਦੀ ਹੈ ਜੋ ਪ੍ਰਵਾਸੀਆਂ ਦੇ ਮਸਲਿਆਂ ਨੂੰ ਚੰਗੀ ਤਰ੍ਹਾਂ ਸਮਝਦਾ ਹੋਵੇ ਅਤੇ ਉਨ੍ਹਾਂ ਨੂੰ ਹੱਲ ਕਰਵਾਉਣ ਦੀ ਚਾਹਤ ਰੱਖਦਾ ਹੋਵੇ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕੁਝ ਅਸਰ-ਰਸੂਖ ਵਾਲੇ ਸਰਮਾਏਦਾਰ ਪ੍ਰਵਾਸੀ ਵਿਦੇਸ਼ੀ ਦੌਰਿਆਂ 'ਤੇ ਆਏ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੀ ਸੇਵਾ-ਸੰਭਾਲ ਕਰਦੇ ਹਨ। ਉਨ੍ਹਾਂ ਦੇ ਮਾਮਲੇ ਵੀ ਜਲਦੀ ਹੱਲ ਹੋ ਜਾਂਦੇ ਹਨ। ਪਰ ਜਾਇਦਾਦਾਂ ਨਾਲ ਸੰਬੰਧਿਤ ਮਾਮਲਿਆਂ ਦੀ ਵੱਡੀ ਗਿਣਤੀ ਹੈ, ਜਿਨ੍ਹਾਂ ਦੇ ਹੱਲ ਲਈ ਜਿੱਥੇ ਢੁਕਵੇਂ ਯਤਨਾਂ ਦੀ ਲੋੜ ਹੈ, ਉੱਥੇ ਹੀ ਲੋਕਾਂ ਨੂੰ ਗ਼ਲਤ ਕੰਮ ਕਰਨ ਲਈ ਪ੍ਰੇਰਿਤ ਹੋਣ ਤੋਂ ਰੋਕਣ ਦੀ ਵੀ ਲੋੜ ਹੈ। ਪ੍ਰਾਪਰਟੀ ਦਾ ਗੋਰਖ ਧੰਦਾ ਕਰਨ ਵਾਲਿਆਂ ਦੇ ਜਾਲ ਵਿਚ ਫਸ ਕੇ ਗ਼ੈਰ-ਕਾਨੂੰਨੀ ਕੰਮ ਕਰਨ ਵਾਲਿਆਂ ਤੋਂ ਪ੍ਰਵਾਸੀਆਂ ਨੂੰ ਬਚਾਉਣ ਦੇ ਵੀ ਲੋੜੀਂਦੇ ਕਦਮ ਚੁੱਕਣ ਦੀ ਲੋੜ ਹੈ। ਪ੍ਰਵਾਸੀ ਪੰਜਾਬੀ ਪੰਜਾਬ ਆਉਣਾ ਲੋਚਦੇ ਹਨ, ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲਾ ਹਰ ਕੋਈ ਦੇਸ਼ ਵਿਰੋਧੀ ਨਹੀਂ, ਇਸ ਧਾਰਨਾ ਨੂੰ ਵੀ ਸੰਜੀਦਗੀ ਨਾਲ ਵਿਚਾਰਨ ਦੀ ਲੋੜ ਹੈ। ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਨੂੰ ਜੇ ਹੱਸ ਕੇ ਗਲ ਲਾ ਲਿਆ ਜਾਵੇ ਤਾਂ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋ ਸਕਦੇ, ਬਸ ਉਨ੍ਹਾਂ ਦੀ ਜਾਨ-ਮਾਲ ਦੀ ਰਾਖੀ ਨੂੰ ਯਕੀਨੀ ਬਣਾਉਣ ਦੀ ਲੋੜ ਹੈ। ਪ੍ਰਵਾਸੀਆਂ ਨੂੰ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ ਸਮਝਣ ਦੀ ਥਾਂ ਉਨ੍ਹਾਂ ਨੂੰ ਪਿਆਰ ਅਤੇ ਸਤਿਕਾਰ ਨਾਲ ਨਿਵੇਸ਼ ਲਈ ਪ੍ਰੇਰਿਤ ਕਰੋ, ਤਾਂ ਕਿ ਉਨ੍ਹਾਂ ਦੀ ਘਰ ਵਾਪਸੀ ਹੋ ਸਕੇ।

 

   ਮਨਪ੍ਰੀਤ ਸਿੰਘ ਬਧਨੀਕਲਾਂ