ਆਤਮਾ ਮਰ ਜਾਵੇ,ਸਰੀਰ ਹਰਕਤ ਕਰਦਾ ਰਹੇ ਇਹ ਗ਼ੁਲਾਮੀ ਹੀ ਹੁੰਦੀ ਹੈ-ਪੰਜੋਲੀ !
ਕੌਮ ਦੀਆਂ ਧੀਆਂ ਪੁਲੀਸ ਹਿਰਾਸਤ ਵਿਚ ਹੋਣ ,ਕੌਮ ਦਾ ਤਖ਼ਤ ( ਸ੍ਰੀ ਅਕਾਲ ਤਖ਼ਤ ਸਾਹਿਬ ) ਖਾਮੋਸ਼ ਰਹੇ,ਮਤਲਬ ਅਸੀਂ ਗ਼ੁਲਾਮੀ ਮੰਨ ਲਈ ਹੈ।
ਮੈਨੂੰ ਅੱਜ ਉਹ ਘਟਨਾ ਯਾਦ ਆ ਰਹੀ ਹੈ ਕਿ ਜਦੋ ਸੱਭ ਤੋ ਜਾਲਮ ਪੁਲੀਸ ਆਫਿਸਰ ਗੋਬਿੰਦ ਰਾਮ ਐਸ ਐਸ ਪੀ ਬਟਾਲਾ ਨੇ ਮੈਨੂੰ , ਮੇਰੀ ਧਰਮ ਪਤਨੀ ਦੇਵਿੰਦਰ ਕੌਰ ,ਮੇਰੀ ਭਰਜਾਈ ਨਛੱਤਰ ਕੌਰ , ਮੇਰੀ ਭੈਣ ਸਰਬਜੀਤ ਕੌਰ ,ਪ੍ਰਸਿੱਧ ਲੇਖਕ ਗੁਰਿੰਦਰਪਾਲ ਸਿੰਘ ਧਨੌਲਾ ਅਤੇ ਮੇਰੇ ਪਿੰਡ ਦੇ ਨੌਜੂਆਨ ਜਗਦੀਪ ਨੁੰ ਗੁਰਦੂਆਰਾ ਜੋਤੀ ਸਰੂਪ ਤੋ ਗਿ੍ਰਫਤਾਰ ਕਰਕੇ ਬਟਾਲੇ ਦੇ ਬੀਕੋ ਇਨਟੈਰੋਗੇਸਨ ਸੈਟਰ ਵਿੱਚ ਤਸੱਦਦ ਢਹਾਇਆ ਸੀ l ਉਹ ਸੱਭ ਕੁੱਝ ਜਦੋ ਅੱਜ ਯਾਦ ਆ ਰਿਹਾ ਹੈ ਕਿ ਕਿਵੇ ਖਾੜਕੂਵਾਦ ਦੇ ਸ਼ਿਖਰ ਮੌਕੇ ਜਾਲਿਮ ਗੋਬਿੰਦ ਰਾਮ ਨੇ ਬੱਬਰ ਖਾਲਸਾ ਦੇ ਆਗੂਆਂ ਸਮੇਤ ਹੋਰ ਬਹੁਤ ਸਾਰੇ ਸਿੰਘਾਂ ਦੀਆਂ ਧੀਆਂ,ਭੈਣਾਂ,ਮਾਵਾਂ ਅਤੇ ਸਿੰਘਣੀਆਂ ਨੂੰ ਹਿਰਾਸਤ ਵਿਚ ਲੈਕੇ ਤਸ਼ੱਦਦ ਕੀਤਾ ਤਾਂ ਉਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਪ੍ਰੋਫ਼ੈਸਰ ਦਰਸ਼ਨ ਸਿੰਘ ਜੀ ਨੇ ਬਟਾਲੇ ਥਾਣੇ ਦੇ ਘਿਰਾਓ ਦਾ ਐਲਾਨ ਕਰ ਦਿਤਾ।ਜਦ ਇਹੋ ਜਿਹੇ ਮਹੌਲ ਵਿਚ ਜਥੇਦਾਰ ਕੋਈ ਸੱਦਾ ਦੇਵੇ ਤਾਂ ਕੌਮ ਸਮਰਥਨ ਦੇਣ ਵਾਲੀਆਂ ਹੱਦਾਂ ਤੋੜ ਦਿੰਦੀ ਹੈ।( 2 ਸਤੰਬਰ 1989 ਨੂੰ ਜਦ ਸੰਗਤਾਂ ਦਾ ਸਮੁੰਦਰ ਬਟਾਲੇ ਪਹੁੰਚਿਆ ਤਾਂ ਜਥੇਦਾਰ ਪ੍ਰੋ ਦਰਸ਼ਨ ਸਿੰਘ ਰਾਗੀ ਦੀ ਗਰਜਵੀਂ ਆਵਾਜ਼ ਨੇ ਸਿਖ ਕੌਮ ਦੇ ਰੋਹ ਦੀ ਅਸਲ ਤਸਵੀਰ ਬਿਆਨ ਕੀਤੀ ਜਿਸ ਮੂੰਹਰੇ ਦਿੱਲੀ ਦਾ ਤਖਤ ਝੁਕ ਗਿਆ । ਬੀਬੀਆਂ ਆਜ਼ਾਦ ਹੋਈਆਂ।
ਜੇ ਹੁਣ ਵੀ ਜਥੇਦਾਰ ਕੋਈ ਪ੍ਰੋਗਰਾਮ ਦੇਣ ਤਾਂ ਕੌਮ ਨੇ ਡਟਵਾਂ ਸਮਰਥਨ ਦੇਣਾ ਸੀ ਪਰ ਅਫਸੋਸ ਕਿ ਕੌਮ ਦੀ ਜਵਾਨੀ ਤਸ਼ੱਦਦ ਦਾ ਸ਼ਿਕਾਰ ਹੋ ਰਹੀ ਹੈ ਅਤੇ ਜਥੇਦਾਰ ਸਾਹਿਬ ਇਸ ਪਾਸੇ ਧਿਆਂਨ ਹੀ ਨਹੀ ਦੇ ਰਹੇ।ਇਹ ਗੱਲ ਕਿਸੇ ਤੋਂ ਲੁਕੀ ਛਿਪੀ ਨਹੀ ਕਿ ਭਾਈ ਅੰਮ੍ਰਿਤਪਾਲ ਸਿੰਘ ਖਿਲਾਫ ਕਿਵੇਂ ਸ.ਬਿਕਰਮਜੀਤ ਸਿੰਘ ਮਜੀਠੀਆ ਬੇਲੋੜੀ ਬਿਆਨਬਾਜ਼ੀ ਕਰਦੇ ਰਹੇ। ਸ.ਸੁਖਬੀਰ ਸਿੰਘ ਬਾਦਲ,ਬੀਬੀ ਹਰਿਸਿਮਰਤ ਕੌਰ ਬਾਦਲ ਸਮੇਤ ਹੋਰ ਬਹੁਤ ਸਾਰੇ ਅਕਾਲੀਆ ਅਤੇ ਕਾਂਗਰਸੀਆਂ ਆਗੂਆਂ ਨੇ ਕੋਈ ਕਸਰ ਨਹੀ ਛੱਡੀ। ਆਮ ਸੰਗਤ ਵਿਚ ਇਹੀ ਪ੍ਰਭਾਵ ਗਿਆਂ ਕਿ ਅਕਾਲੀ ਆਗੂਆਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਦੇ ਰਾਹ ਤੋਂ ਮੋੜਕੇ ਬਾਣੀ ਤੇ ਬਾਣੇ ਨਾਲ ਜੋੜਨਾ ਹਜਮ ਨਹੀ ਹੋਇਆ! 18 ਮਾਰਚ ਤੋਂ ਬਾਅਦ ਅਕਾਲੀ ਆਗੂਆਂ ਨੇ ਬੇਸ਼ੱਕ ਬਿਆਨ ਬਦਲ ਲਏ ਜਦ ਜਥੇਦਾਰ ਅਕਾਲ ਤਖਤ ਸਾਹਿਬ ਨੇ ਸਿਖ ਜਵਾਨੀ ਉਤੇ ਤਸ਼ੱਦਦ ਖਿਲਾਫ ਠੋਕਵਾਂ ਸਟੈਂਡ ਨਹੀ ਲਿਆ ਤਾਂ ਲੋਕਾਂ ਦੀ ਸ਼ੱਕ ਫੇਰ ਬਾਦਲ ਪਰਿਵਾਰ ਵੱਲ ਹੀ ਗਈ ਹੈ।
ਅਜਾਦ ਭਾਰਤ ਦੀ ਧਰਤੀ ਉਤੇ ਸਿਖ ਕੌਮ ਨਾਲ ਧੱਕੇਸ਼ਾਹੀ ਹੁੰਦੀ ਹੋਵੇ ਸਮਝ ਪੈਂਦੀ ਹੈ । ਪ੍ਰੰਤੂ ਪੰਜਾਬ ਦੀ ਸਰਜ਼ਮੀਨ ਉਤੇ ਹਰ ਰੋਜ਼ ਹੀ ਸਿਖ ਕੌਮ ਦੇ ਬੱਚਿਆਂ ਉਤੇ ਤਸ਼ੱਦਦ ਹੁੰਦਾ ਹੋਵੇ , ਇੰਟੈਰੋਗੇਸ਼ਨ ਸੈਟਰਾਂ ਵਿੱਚ ਰੱਖ ਕੇ ਸਿਖ ਨੌਜਵਾਨਾਂ ਉਤੇ ਜਬਰ ਢਾਹਿਆ ਜਾ ਰਿਹਾ ਹੋਵੇ । ਉਹਨਾਂ ਨੂੰ ਨੈਸ਼ਨਲ ਸਕਿਉਰਿਟੀ ਐਕਟ ਤਹਿਤ ਨਜ਼ਰਬੰਦ ਕੀਤਾ ਜਾ ਰਿਹਾ ਹੋਵੇ ।ਸਿਖ ਨੌਜਵਾਨਾਂ ਨਾਲ ਖਤਰਨਾਕ ਅਪਰਾਧੀਆਂ ਵਾਂਗੂੰ ਸਲੂਕ ਕੀਤਾ ਜਾ ਰਿਹਾ ਹੈ । ਉਨ੍ਹਾਂ ਨੁੰ ਐਨ ਐਸ ਏ ਲਾਕੇ , ਪੰਜਾਬ ਤੋਂ ਬਹੁਤ ਦੂਰ ਅਸਾਮ ਦੀ ਡਿਬਰੂਗੜ ਜੇਲ ਵਿੱਚ ਬੰਦ ਕੀਤਾ ਜਾ ਰਿਹਾ ਹੈ । ਸਰਕਾਰਾਂ ਨਸ਼ਾ ਨਹੀ ਬੰਦ ਕਰ ਸਕੀਆਂ , ਪਰ ਭਾਈ ਅਮ੍ਰਿਤਪਾਲ ਸਿੰਘ ਨੇ ਨਸ਼ਾ ਪੀਣ ਵਾਲੇ ਨੌਜਵਾਨਾ ਨੂੰ ਨਸ਼ੇ ਤੋ ਹਟਾਕੇ ਅਮ੍ਰਿਤ ਛਕਾਕੇ ਗੁਰੂ ਦੇ ਲੜ ਲਾ ਦਿੱਤਾ । ਉਸਨੇ ਖਾਲਸਾ ਜੀ ਕੇ ਬੋਲ ਬਾਲੇ , ਪੰਥ ਕੀ ਜੀਤ ਅਤੇ ਸਰਬੱਤ ਦੇ ਭਲੇ ਦੇ ਨਾਲ ਨਾਲ ਖਾਲਸਾ ਪੰਥ ਦੀ ਅੱਡਰੀ ਅਜ਼ਾਦ ਅਤੇ ਨਿਆਰੀ ਹਸਤੀ ਲਈ ਖਾਲਸਾ ਵਹੀਰ ਚਲਾਈ ਜਿਸ ਨਾਲ ਗੁਰੂ ਦੇ ਪੁੱਤਰ, ਧੀਆਂ ਦਾ ਪੰਥਕ ਜਜ਼ਬਾ ਹੋਰ ਪ੍ਰਬਲ ਹੋਇਆ । ਸਿਖ ਨੌਜਵਾਨਾਂ ਦੇ ਮਨ ਮੰਦਰ ਅੰਦਰ ਖੁਸ਼ੀ ਦੀਆਂ ਲਹਿਰਾਂ ਉਠਣ ਲੱਗੀਆਂ । ਸਰਕਾਰਾਂ ਦੇ ਤਖ਼ਤ ਕੰਬੇ,ਉਹ ਹਰਕਤ ਵਿੱਚ ਆਈ , ਖਾਲਸਾ ਵਹੀਰ ਨੁੰ ਕਿਵੇਂ ਘੇਰਨਾ ਹੈ ਸਕੀਮਾਂ ਬਣੀਆ ।ਅਖਿਰ ਸਾਜ਼ਿਸ਼ਾਂ ਸਿਰੇ ਚੜ੍ਹੀਆ ।ਖਾਲਸਾ ਵਹੀਰ ਨੁੰ ਘੇਰ ਲਿਆ ਗਿਆ , ਪ੍ਰਬਲ ਹੋ ਰਿਹਾ ਖਾਲਸਾਈ ਜਜ਼ਬਾ ਜਜ਼ੀਰਾਂ ਵਿਚ ਜਕੜ ਦਿਤਾ ਗਿਆ ।ਭਾਰਤ ਤੇ ਪੰਜਾਬ ਦੀ ਸਰਕਾਰ ਉਤੇ ਤਾਂ ਰੋਸ ਹੈ ਪਰ ਨਾਲ ਹੀ ਦੁਖ ਹੈ ਕਿ ਖਾਲਸਾ ਕੌਮ ਦਾ ਤਖ਼ਤ ਕਿਉਂ ਨਹੀ ਪੁੱਛ ਰਿਹਾ ਕਿ ਭਾਈ ਅਮ੍ਰਿਤਪਾਲ ਸਿੰਘ ਦਾ ਕਸੂਰ ਕੀ ਹੈ , ਉਸ ਵੱਲੋਂ ਚਲਾਈ ਗਈ ਖਾਲਸਾਈ ਵਹੀਰ ਨਾਲ ਦੇਸ਼ ਦਾ ਕਿਹੜਾ ਹਿੱਸਾ ਟੁੱਟ ਗਿਆ ।ਭਾਈ ਅਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਵਿਰੂਧ ਨੈਸ਼ਨਲ ਸਕਿਉਰਿਟੀ ਐਕਟ ਕਿਉਂ ਲਾਇਆ ਗਿਆ ।ਉਸ ਦੇ ਕਸੂਰ ਅਨੁਸਾਰ , ਉਸ ਖ਼ਿਲਾਫ਼ ਪਰਚਾ ਦਰਜ ਕਰਨ ਦੀ ਬਜਾਏ , ਐਨ ਐਸ ਏ ਕਿਉਂ ਲਾਇਆ ਗਿਆ ।
ਅੱਜ ਭਾਈ ਅਮ੍ਰਿਤਪਾਲ ਸਿੰਘ ਸਮੇਤ ਬਹੁਤ ਸਾਰੇ ਸਿਖ ਨੌਜਵਾਨਾਂ ਦੇ ਪੁੱਤਰ ਧੀਆ ਨੁੰ ਥਾਣਿਆਂ ਵਿੱਚ ਬੁਲਾਕੇ ਕਿਉਂ ਅਪਮਾਨਤ ਕੀਤਾ ਜਾ ਰਿਹਾ ।ਭਾਈ ਅਮ੍ਰਿਤਪਾਲ ਸਿੰਘ ਦੀ ਸਿੰਘਣੀ ਅਪਣੇ ਪੇਕੇ ਘਰ ਇੰਗਲੈਂਡ ਕਿਉਂ ਨਹੀ ਜਾ ਸਕਦੀ । ਉਸ ਦਾ ਕੀ ਕਸੂਰ ਹੈ ?ਸਰਕਾਰ ਕਿਉਂ ਨਹੀ ਦੱਸਦੀ , ਉਸ ਦਾ ਕੀ ਕਸੂਰ ਹੈ ਕੌਮ ਦਾ ਤਖ਼ਤ ਕਿਉਂ ਨਹੀ ਪੁੱਛਦਾ । ਇਹ ਤਖ਼ਤ ਹੈ , ਗੁਰਦੂਆਰਾ ਨਹੀ ਇਸ ਨੇ ਮਜ਼ਲੂਮ ਦੀ ਰੱਖਿਆ ਕਰਨੀ ਹੈ ਪਰ ਬਦਕਿਸਮਤੀ ਹੈ ਕਿ ਇਹ ਤਖ਼ਤ , ਤਖ਼ਤ ਦੇ ਵਾਰਸਾ ਦੀਆਂ ਧੀਆਂ ਭੈਣਾਂ ਦੀ ਪੱਤ ਬਚਾਊਣ ਲਈ ਕਿਉਂ ਨਹੀ ਬੋਲ ਰਿਹਾ । ਇਸ ਤਖ਼ਤ ਤੋ ਇਹ ਅਵਾਜ ਕਿਉਂ ਨਹੀ ਗੂੰਜਦੀ ਕਿ , “ਅਨੰਦਪੁਰ ਜਾਗਦਾ ਦਿੱਲੀਏ , ਅਨੰਦਪੁਰ ਜਾਗਦੇ ਰਹਿਣਾ ॥ ਤੈਨੂੰ ਲਲਕਾਰਦਾ ਦਿੱਲੀਏ ,ਏਹਨੇ ਲਲਕਾਰਦੇ ਰਹਿਣਾ ॥” ਖਾਲਸਾ ਜੀ !ਉਠੋ ਜਾਗੋ , ਬੰਦਿਆਂ ਦੀ ਸੋਚ ਵਾਲੀਆ ਪਾਰਟੀਆਂ ਦੇ ਪਿੱਛੇ ਲੱਗਣ ਦੀ ਬਜਾਏ , ਗੁਰੂ ਗ੍ਰੰਥ ਅਤੇ ਗੁਰ ਪੰਥ ਦੀ ਸੋਚ ਵਾਲੀ ਨਿਰੋਲ ਖਾਲਸਾ ਪੰਜਾਬੀ ਪਾਰਟੀ ਬਣਾਓ ਅਤੇ ਜਬਰ ਜ਼ੁਲਮ ,ਅੱਤਿਆਚਾਰ ਨੁੰ ਠੱਲ਼ ਪਾਊਣ ਲੱਦੇ ਨਾਲ ਨਾਲ ਅਜਾਦ ਪੰਜਾਬ ਦੀ ਸਰਕਾਰ ਬਣਾਓ ਜੋ ਹਲੇਮੀ ਰਾਜ ਦਾ ਰੂਪ ਹੋਵੇ ।
ਸਿੱਖ ਇੰਨਕਲਾਬੀ ਜ਼ਿੰਦਾਬਾਦ...
ਕਰਨੈਲ ਸਿੰਘ ਪੰਜੋਲੀ
ਮੈਂਬਰ ਸਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ
ਸ੍ਰੀ ਅੰਮ੍ਰਿਤਸਰ ਸਾਹਿਬ
Comments (0)