ਲਹੌਰੀਏ ਤਾਂ ਦੁੱਧ ਤੋਂ ਬਗੈਰ ਨਹੀਂ ਸੌਂਦੇ..!

ਲਹੌਰੀਏ ਤਾਂ ਦੁੱਧ ਤੋਂ ਬਗੈਰ ਨਹੀਂ ਸੌਂਦੇ..!

ਸਾਲ 1955 ਵਿਚ ਮੈਂ ਪੰਜਵੀਂ ਜਮਾਤ ਵਿਚ ਪੜ੍ਹਦਾ ਸਾਂ। ਦਰਿਆਵਾਂ ਬਾਰੇ ਸੁਣਿਆ ਤਾਂ ਕਈ ਵਾਰ ਸੀ, ਦਰਿਆ ਦੇਖਣ ਦਾ ਸ਼ੌਕ ਵੀ ਸੀ, ਪਰ ਕਦੇ ਦੇਖਿਆ ਨਹੀਂ ਸੀ।

ਹਰੀਕੇ ਤੋਂ ਪਰਲੀ ਤਰਫ਼ ਮਖੂ ਦੇ ਨਜ਼ਦੀਕ ਮੇਰੀ ਮਾਸੀ ਦਾ ਪਿੰਡ ਸੀ ਜਿਹੜੇ ਪਾਕਿਸਤਾਨ ਬਣਨ ਤੋਂ ਬਾਅਦ ਲਾਹੌਰ ਜ਼ਿਲ੍ਹੇ ਤੋਂ ਉੱਥੇ ਆ ਕੇ ਰਹਿ ਰਹੇ ਸਨ। ਮਾਸੀ ਜੀ ਦੇ ਵੱਡੇ ਲੜਕੇ ਦਾ ਵਿਆਹ ਸੀ ਅਤੇ ਅਸੀਂ ਪਰਿਵਾਰ ਸਮੇਤ ਉੱਥੇ ਗਏ। ਰਸਤੇ ਵਿਚ ਹਰੀਕੇ ਪੱਤਣ ’ਤੇ ਇਕ ਨਹੀਂ ਸਗੋਂ ਦੋ ਦਰਿਆ ਇਕੱਠੇ ਹੁੰਦੇ ਅਤੇ ਉੱਥੋਂ ਉਦੋਂ ਬੇੜੀ ’ਤੇ ਪਾਰ ਜਾਂਦੇ ਸਨ। ਮੇਰੀ ਦਰਿਆ ਦੇਖਣ ਦੀ ਖ਼ੁਆਹਿਸ਼ ਤੋਂ ਵੀ ਉਪਰ ਬੇੜੀ ਦੀ ਸਵਾਰੀ ਦਾ ਵੱਡਾ ਸ਼ੌਕ ਵੀ ਪੂਰਾ ਹੋ ਗਿਆ।

ਵਿਆਹ ਵਾਲੇ ਘਰ ਗਹਿਮਾ-ਗਹਿਮੀ ਸੀ। ਔਰਤਾਂ ਸੁਹਾਗ, ਘੋੜੀਆਂ ਅਤੇ ਵਿਆਹ ਨਾਲ ਸਬੰਧਤ ਗੀਤ ਗਾ ਰਹੀਆਂ ਸਨ। ਮਰਦ ਘਰ ਦੀ ਕੱਢੀ ਹੋਈ ਦੇਸੀ ਸ਼ਰਾਬ ਪੀ ਰਹੇ ਸਨ। ਲੜਕੇ, ਲੜਕੀਆਂ ਆਪੋ ਆਪਣੀਆਂ ਖੇਡਾਂ ਵਿਚ ਮਸਤ ਸਨ। ਸਾਰੇ ਲੜਕੇ ਉਸ ਦਿਨ ਕਾਫ਼ੀ ਥੱਕੇ ਹੋਏ ਸਨ ਅਤੇ ਉਹ ਛੇਤੀ ਸੌਂ ਗਏ। ਕੋਈ ਅੱਧੀ ਰਾਤ ਹੋਵੇਗੀ ਜਦੋਂ ਮੇਰੀ ਮਾਸੀ ਨੇ ਮੈਨੂੰ ਜਗਾਇਆ। ਉਸ ਦੇ ਹੱਥ ਵਿਚ ਦੁੱਧ ਦਾ ਗਲਾਸ ਸੀ। ਉਨ੍ਹਾਂ ਮੈਨੂੰ ਉਠਾ ਕੇ ਬੜੇ ਪਿਆਰ ਨਾਲ ਮੇਰੇ ਸਿਰ ’ਤੇ ਹੱਥ ਫੇਰਿਆ ਤੇ ਕਹਿਣ ਲੱਗੀ, ‘‘ਪੁੱਤਰ ਦੁੱਧ ਪੀਣ ਤੋਂ ਬਗੈਰ ਹੀ ਸੌਂ ਚੱਲਿਐ ਸੈਂ। ਲਹੌਰੀਏ ਤਾਂ ਦੁੱਧ ਤੋਂ ਬਗੈਰ ਨਹੀਂ ਸੌਂਦੇ।’’ ਇੰਨੇ ਨੂੰ ਕਿਸੇ ਬਜ਼ੁਰਗ ਨੇ ਉੱਚੀ ਆਵਾਜ਼ ਵਿਚ ਕਿਹਾ, ‘‘ਦਲੀਪ ਕੌਰੇ ਹੁਣ ਤੁਸੀਂ ਲਹੌਰੀਏ ਨਹੀਂ, ਫਿਰੋਜ਼ਪੁਰੀਏ ਹੋ। ਆਪਣੀਆਂ ਆਦਤਾਂ ਬਦਲ ਲਉ।’’

ਅਗਲੇ ਦਿਨ ਜੰਝ ਫਿਰ ਦਰਿਆ ਲੰਘ ਕੇ ਸ਼ਾਮ ਨੂੰ ਵਲਟੋਹੇ ਪਿੰਡ ਵਿਚ ਗਈ। ਵਿਆਹ ਦੀ ਬੜੀ ਰੌਣਕ ਸੀ। ਰਾਤ ਨੂੰ ਮਰਦ ਫਿਰ ਪੀ ਰਹੇ ਸਨ ਅਤੇ ਇਹ ਪ੍ਰੋਗਰਾਮ ਦੇਰ ਰਾਤ ਤੱਕ ਚੱਲਦਾ ਰਿਹਾ। ਬਾਅਦ ਵਿਚ ਵੱਡੇ ਵਿਹੜੇ ਵਿਚ ਮੰਜੀਆਂ ’ਤੇ ਸੌਂ ਗਏ। ਦਿਨ ਭਾਵੇਂ ਹਾੜ੍ਹ ਦੇ ਸਨ, ਪਰ ਰਾਤ ਨੂੰ ਕੋਈ ਗਰਮੀ ਨਹੀਂ ਸੀ। ਫਿਰ ਕੱਲ੍ਹ ਵਾਂਗ ਹੀ ਰਾਤ ਨੂੰ ਇਕ ਆਦਮੀ ਦੇ ਹੱਥ ਵਿਚ ਜੱਗ ਸੀ, ਦੂਸਰੇ ਦੇ ਹੱਥ ਵਿਚ ਗਲਾਸ ਅਤੇ ਉਹ ਜਾਂਝੀਆਂ ਨੂੰ ਉਠਾ ਕੇ ਦੁੱਧ ਪਿਆ ਰਹੇ ਸਨ। ਨਾਲ ਹੀ ਫਿਰ ਉਹੋ ਲਫ਼ਜ਼ ਦੁਹਰਾ ਰਹੇ ਸਨ, ‘‘ਲਹੌਰੀਏ ਦੁੱਧ ਤੋਂ ਬਗੈਰ ਨਹੀਂ ਸੌਂਦੇ।’’ ਵਲਟੋਹਾ ਭਾਵੇਂ ਵੰਡ ਤੋਂ ਪਹਿਲਾਂ ਲਾਹੌਰ ਜ਼ਿਲ੍ਹੇ ਦਾ ਹਿੱਸਾ ਸੀ, ਪਰ ਹੁਣ ਅੰਮ੍ਰਤਿਸਰ ਦਾ ਬਣ ਗਿਆ ਸੀ।

ਕੁਝ ਸਮੇਂ ਬਾਅਦ ਇਹ ਗੱਲ ਮੈਨੂੰ ਬਿਲਕੁਲ ਭੁੱਲ ਗਈ। ਲਾਹੌਰ ਅਤੇ ਅੰਮ੍ਰਤਿਸਰ ਦੋਵੇਂ ਕੇਂਦਰੀ ਪੰਜਾਬ ਅਤੇ ਮਾਝਾ ਅਖਵਾਉਂਦੇ ਸਨ। 18ਵੀਂ ਸਦੀ ਦੇ ਸ਼ਹੀਦਾਂ ਵਿਚ ਅਤੇ ਦੇਸ਼ ਦੀ ਸੁਤੰਤਰਤਾ ਵਿਚ ਮਾਝੇ ਦੇ ਇਲਾਕੇ ਦਾ ਵੱਡਾ ਯੋਗਦਾਨ ਸੀ, ਪਰ ਨਾਲ ਹੀ ਮਾਝਾ ਆਪਣੇ ਅਮੀਰ ਸਭਿਆਚਾਰ ਤੇ ਖੁਸ਼ਹਾਲੀ ਅਤੇ ਵੱਖਰੇ ਸਭਿਆਚਾਰ ਲਈ ਵਿਲੱਖਣ ਜਗ੍ਹਾ ਰੱਖਦਾ ਸੀ।

ਸੁਰਿੰਦਰ ਕੌਰ ਪੰਜਾਬੀ ਦੀ ਉੱਘੀ ਗਾਇਕਾ ਮੇਰੀ ਵਾਕਿਫ਼ ਨਹੀਂ ਸੀ, ਪਰ ਸ਼ਾਇਦ 1999 ਵਿਚ ਜਦੋਂ ਮੈਂ ਖਾਲਸਾ ਕਾਲਜ ਅੰਮ੍ਰਤਿਸਰ ਦੇ ਕੈਂਪਸ ਵਿਚ ਰਹਿੰਦਾ ਹੁੰਦਾ ਸਾਂ, ਮੇਰੇ ਬਹੁਤ ਨਿੱਘੇ ਮਿੱਤਰ ਬਟਾਲੇ ਵਾਲੇ ਫੋਟੋਗ੍ਰਾਫਰ ਹਰਭਜਨ ਬਾਜਵਾ ਦਾ ਮੈਨੂੰ ਦੁਪਹਿਰ ਨੂੰ ਫੋਨ ਆਇਆ ਕਿ ਮੈਂ ਅਤੇ ਸੁਰਿੰਦਰ ਕੌਰ ਤੁਹਾਡੇ ਘਰ ਦੁਪਹਿਰ ਨੂੰ ਆਵਾਂਗੇ ਅਤੇ ਦੁਪਹਿਰ ਦਾ ਖਾਣਾ ਤੁਹਾਡੇ ਕੋਲ ਹੀ ਖਾਵਾਂਗੇ। ਮੈਨੂੰ ਇਸ ਗੱਲ ਦੀ ਬਹੁਤ ਖ਼ੁਸ਼ੀ ਸੀ ਕਿ ਸੁਰਿੰਦਰ ਕੌਰ ਨੂੰ ਮਿਲਣ ਦਾ ਮੌਕਾ ਮਿਲੇਗਾ ਜਿਸ ਦੇ ਗਾਣੇ ਮੈਂ ਬਚਪਨ ਤੋਂ ਹੀ ਸੁਣਦਾ ਰਿਹਾ ਸਾਂ ਅਤੇ ਦੁਨੀਆ ਭਰ ਦੇ ਪੰਜਾਬੀਆਂ ਵਿਚ ਉਸ ਗਾਇਕਾ ਦਾ ਵੱਡਾ ਸਤਿਕਾਰ ਸੀ। ਉਸ ਦਿਨ ਸ਼ਾਮ ਨੂੰ ਬਟਾਲੇ ਹਰਭਜਨ ਬਾਜਵਾ ਨੇ ਸੁਰਿੰਦਰ ਕੌਰ ਦਾ ਜਨਮ ਦਿਨ ਮਨਾਉਣ ਦਾ ਸਮਾਗਮ ਰੱਖਿਆ ਹੋਇਆ ਸੀ। ਸਾਨੂੰ ਵੀ ਸੱਦਿਆ ਗਿਆ ਸੀ। ਅਸੀਂ ਸ਼ਾਮ ਨੂੰ ਬਟਾਲੇ ਪਹੁੰਚ ਗਏ। ਰਸਮ ਅਨੁਸਾਰ ਸੁਰਿੰਦਰ ਕੌਰ ਲਈ ਕੇਕ ਕੱਟਿਆ ਗਿਆ ਅਤੇ ਕਾਦੀਆਂ ਰੋਡ ’ਤੇ ਸਮਾਗਮ ਵਾਲਾ ਉਹ ਹਾਲ ਖਚਾਖਚ ਭਰਿਆ ਹੋਇਆ ਸੀ। ਉਸ ਦਿਨ ਭਾਵੇਂ ਕਾਫ਼ੀ ਠੰਢ ਸੀ, ਪਰ ਜਦੋਂ ਸੁਰਿੰਦਰ ਕੌਰ ਨੇ ਗਾਉਣਾ ਸ਼ੁਰੂ ਕੀਤਾ ਤਾਂ ਲੋਕਾਂ ਦੀ ਭੀੜ ਘਟਣ ਦੀ ਬਜਾਏ ਵਧਦੀ ਗਈ ਅਤੇ ਉਹ ਸਮਾਗਮ ਅੱਧੀ ਰਾਤ ਤੋਂ ਬਾਅਦ ਤੱਕ ਵੀ ਚੱਲਦਾ ਰਿਹਾ। ਉਹ ਜਦੋਂ ਵੀ ਆਖ਼ਰੀ ਗੀਤ ਕਹਿੰਦੀ ਤਾਂ ਲੋਕ ਉਸ ਨੂੰ ਹੋਰ ਗਾਉਣ ਲਈ ਫਰਮਾਇਸ਼ ਕਰ ਦਿੰਦੇ।

ਫਿਰ ਮੇਰੇ ਜ਼ਿੰਮੇ ਇਹ ਲੱਗਾ ਸੀ ਕਿ ਮੈਂ ਸੁਰਿੰਦਰ ਕੌਰ ਨੂੰ ਆਪਣੇ ਨਾਲ ਲਿਜਾ ਕੇ ਸਵੇਰੇ 5 ਵਜੇ ਸ਼ਤਾਬਦੀ ਗੱਡੀ ’ਤੇ ਚੜ੍ਹਾ ਦੇਵਾਂ। ਇਸ ਲਈ ਮੈਨੂੰ ਭਾਵੇਂ ਮਜਬੂਰੀਵੱਸ ਉੱਥੇ ਬੈਠਣਾ ਪਿਆ ਸੀ, ਪਰ ਇਹ ਵੀ ਸੱਚਾਈ ਹੈ ਕਿ ਸੰਗੀਤ ਨੇ ਬੰਨ੍ਹ ਕੇ ਰੱਖਿਆ ਹੋਇਆ ਸੀ। ਅਸੀਂ ਕੋਈ ਢਾਈ ਵਜੇ ਵਾਪਸ ਆਏ। ਹੁਣ ਸ਼ਤਾਬਦੀ ਗੱਡੀ ਵਾਲੇ ਸਮੇਂ ਵਿਚ ਥੋੜ੍ਹਾ ਹੀ ਵਕਤ ਰਹਿ ਗਿਆ ਸੀ, ਪਰ ਸੁਰਿੰਦਰ ਕੌਰ ਸੌਣਾ ਚਾਹੁੰਦੀ ਸੀ। ਮੈਂ ਉਨ੍ਹਾਂ ਨੂੰ ਉਨ੍ਹਾਂ ਦਾ ਕਮਰਾ ਦੱਸ ਕੇ ਜਦੋਂ ਮੁੜਨ ਲੱਗਾ ਤਾਂ ਉਨ੍ਹਾਂ ਆਵਾਜ਼ ਮਾਰੀ, ‘‘ਛੀਨਾ ਮੇਰਾ ਦੁੱਧ ਦਾ ਗਲਾਸ ਕਿੱਥੇ ਹੈ?’’ ‘‘ਤੁਸੀਂ ਦੁੱਧ ਪੀਣਾ ਹੈ?’’ ਪੁੱਛਿਆ ਤਾਂ ਉਸ ਦਾ ਜਵਾਬ ਸੀ, ‘‘ਮੈਂ ਲਹੌਰਨ ਹਾਂ, ਲਹੌਰ ਦੇ ਲੋਕ ਦੁੱਧ ਤੋਂ ਬਗੈਰ ਨਹੀਂ ਸੌਂਦੇ।’’ ਉਸ ਵਕਤ ਕੋਈ 50 ਸਾਲ ਬਾਅਦ ਮੇਰੀ ਮਾਸੀ ਦਾ ਪਿੰਡ ਅਤੇ ਮਾਸੀ ਦੇ ਮੁੰਡੇ ਦੀ ਜੰਝ ਵਾਲਾ ਸਾਰਾ ਦ੍ਰਿਸ਼ ਮੇਰੀਆਂ ਅੱਖਾਂ ਅੱਗੇ ਆ ਗਿਆ।

 

ਡਾ. ਸ.ਸ. ਛੀਨਾ