ਸਿੱਖ ਨਸਲਕੁਸ਼ੀ 1984 ਦੇ ਦੁਖਾਂਤ ਨੂੰ ਚੇਤੇ ਕਰਦਿਆਂ ਕੈਨੇਡਾ ਦੀ ਰਾਜਧਾਨੀ ਆਟਵਾ ਅਤੇ ਐਬਸਫੋਰਡ ਵਿੱਚ ਖੂਨਦਨ ਮੁਹਿੰਮ ਨੂੰ ਮਿਲਿਆ ਬੇਮਿਸਾਲ ਹੁੰਗਾਰਾ

ਸਿੱਖ ਨਸਲਕੁਸ਼ੀ 1984 ਦੇ ਦੁਖਾਂਤ ਨੂੰ ਚੇਤੇ ਕਰਦਿਆਂ ਕੈਨੇਡਾ ਦੀ ਰਾਜਧਾਨੀ ਆਟਵਾ ਅਤੇ ਐਬਸਫੋਰਡ ਵਿੱਚ ਖੂਨਦਨ ਮੁਹਿੰਮ ਨੂੰ ਮਿਲਿਆ ਬੇਮਿਸਾਲ ਹੁੰਗਾਰਾ
ਤਸਵੀਰਾਂ :ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਚ ਖੂਨਦਾਨ ਮੁਹਿੰਮ ਵਿੱਚ ਸ਼ਾਮਿਲ ਵਲੰਟੀਅਰ ਅਤੇ ਡੋਨਰ।

ਅੰਮ੍ਰਿਤਸਰ ਟਾਈਮਜ਼ ਬਿਊਰੋ

ਐਬਸਬੋਰਡ (ਡਾ. ਗੁਰਵਿੰਦਰ ਸਿੰਘ) : ਸਿੱਖ ਨਸਲਕੁਸ਼ੀ 1984 ਦੇ ਦੁਖਾਂਤ ਦੇ 39ਵੇਂ ਵਰੇ 'ਤੇ ਕੈਨੇਡਾ ਦੀ ਰਾਜਧਾਨੀ ਆਟਵਾ ਅਤੇ ਬ੍ਰਿਟਿਸ਼ ਕਲੰਬੀਆ ਦੇ ਸ਼ਹਿਰ ਐਬਸਫੋਰਡ ਸਮੇਤ, ਕੈਨੇਡਾ ਦੇ ਹੋਰਨਾਂ ਸ਼ਹਿਰਾਂ ਵਿੱਚ ਸਿੱਖ ਕੌਮ ਵੱਲੋਂ ਖੂਨਦਾਨ ਕੈਂਪ ਲਗਾਏ ਗਏ, ਜਿਨਾਂ ਨੂੰ ਭਰਪੂਰ ਹੁੰਗਾਰਾ ਮਿਲਿਆ। ਐਬਸਫੋਰਡ ਦੇ ਕਲੀਅਰਬਰੁਕ ਤੇ ਬਲੂਰਿਜ ਦੇ ਕੋਨੇ 'ਤੇ ਸਥਿਤ ਐਬਸਫੋਰਡ ਚਰਚ ਵਿਖੇ ਦੋਵੇਂ ਹੀ ਦਿਨ ਵੱਡੀ ਗਿਣਤੀ ਵਿੱਚ ਵਲੰਟੀਅਰ ਅਤੇ ਖੂਨਦਾਨ ਕਰਨ ਵਾਲੇ ਸ਼ਖਸੀਅਤਾਂ ਸ਼ਾਮਿਲ ਹੋਈਆਂ। ਬੇਮਿਸਾਲ ਹੁੰਗਾਰੇ ਦੇ ਰੂਪ ਵਿੱਚ ਸਿੱਖ ਨੌਜਵਾਨਾਂ ਅਤੇ ਬੱਚਿਆਂ ਨੇ ਭਰਪੂਰ ਸਹਿਯੋਗ ਦਿੱਤਾ ਅਤੇ ਖੂਨਦਾਨ ਦੇ ਮਕਸਦ ਬਾਰੇ ਮੀਡੀਆ ਨਾਲ ਗੱਲਬਾਤ ਕੀਤੀ।

ਸਿੱਖ ਕੌਮ ਵੱਲੋਂ ਚਲਾਈ ਜਾ ਰਹੀ ਖੂਨ ਦਾਨ ਮੁਹਿੰਮ ਮੌਕੇ ਬੁਲਾਰਿਆਂ ਨੇ ਕਿਹਾ ਕਿ ਜਿੱਥੇ ਸਿੱਖ ਨਸਲਕੁਸ਼ੀ ਨਾ ਭੁੱਲਣ ਯੋਗ ਅਤੇ ਨਾ ਮਾਫ ਕਰਨਯੋਗ ਦੁਖਾਂਤ ਹੈ, ਉਥੇ ਖੂਨ ਦੇ ਕੇ, ਸਿੱਖ ਕੌਮ ਜਾਨਾਂ ਬਚਾਉਣ ਲਈ ਅਹਿਦ ਕਰਦੀ ਹੈ। ਹੁਣ ਤੱਕ 1 ਲੱਖ 76 ਜਾਨਾਂ ਬਚਾਈਆਂ ਜਾ ਚੁੱਕੀਆਂ ਹਨ। ਆਉਂਦੇ ਦਿਨਾਂ ਵਿੱਚ ਨਵੰਬਰ ਮਹੀਨੇ ਦੌਰਾਨ 10 ਅਤੇ 11 ਤਾਰੀਖ ਨੂੰ ਸਰੀ ਵਿੱਚ, 15 ਨਵੰਬਰ ਨੂੰ ਵਿਕਟੋਰੀਆ ਵਿਖੇ, 18 ਨਵੰਬਰ ਨੂੰ ਵੈਨਕੂਵਰ ਵਿਖੇ ਅਤੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਖੇ ਇਹ ਕੈਂਪ, ਪੂਰਾ ਮਹੀਨਾ ਲਗਾਏ ਜਾਣਗੇ। ਐਬਸਫੋਰਡ ਕੈਂਪ ਮੌਕੇ 'ਤੇ ਗੁਰਦੁਆਰਾ ਸਾਹਿਬ ਕਲਗੀਧਰ ਦਰਬਾਰਾ ਐਬਸਫੋਰਡ ਦੇ ਸਾਬਕਾ ਮੁੱਖ ਸੇਵਾਦਾਰ ਭਾਈ ਗੁਰਨੀਕ ਸਿੰਘ ਬਰਾੜ ਨੇ ਕਿਹਾ ਕਿ ਉਹਨਾਂ ਆਪਣੀ ਜ਼ਿੰਦਗੀ ਵਿੱਚ ਸਿੱਖਾਂ ਵੱਲੋਂ ਕੀਤੇ ਜਾ ਰਹੇ ਹਰੇਕ ਖੂਨਦਾਨ ਨੂੰ ਅੱਖੀ ਦੇਖਿਆ ਅਤੇ ਨਾਲ ਖੁਦ ਸੇਵਾ ਨਿਭਾਈ ਹੈ। ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਅਜਿਹੇ ਖੂਨਦਾਨ ਕੈਂਪਾਂ ਰਾਹੀਂ ਸਿੱਖ ਕੌਮ 'ਤੇ ਹੋਏ ਜ਼ੁਲਮ ਨੂੰ ਚੇਤੇ ਕੀਤਾ ਜਾਵੇ ਅਤੇ ਸੰਸਾਰ ਨੂੰ ਦੱਸਿਆ ਜਾਵੇ ਕਿ ਕਿਸ ਤਰੀਕੇ ਨਾਲ ਸਿੱਖਾਂ ਦੀ ਨਸਲਕੁਸ਼ੀ ਹੋਈ। ਇਸ ਕੈਂਪ ਮੌਕੇ ਭਰਭੂਰ ਹੁੰਗਾਰਾ ਵੇਖਦਿਆਂ ਹੋਇਆਂ ਕਨੇਡੀਅਨ ਬਲੱਡ ਸਰਵਿਸਜ਼ ਨੇ ਸਿੱਖ ਕੌਮ ਦੀ ਪੁਰਜ਼ੋਰ ਪ੍ਰਸ਼ੰਸਾ ਕੀਤੀ।