ਕੁੜਤੇ ਪਜਾਮੇ ਦੀ ਸ਼ੌਕੀਨ ਨੌਜਵਾਨ ਪੀੜ੍ਹੀ

ਕੁੜਤੇ ਪਜਾਮੇ ਦੀ ਸ਼ੌਕੀਨ ਨੌਜਵਾਨ ਪੀੜ੍ਹੀ

ਪਹਿਰਾਵਾ

ਅੱਜਕੱਲ੍ਹ ਪੰਜਾਬ ਵਿਚ ਜਦੋਂ ਕਿਸੇ ਧਾਰਮਿਕ, ਸਮਾਜਿਕ ਜਾਂ ਰਾਜਨੀਤਕ ਸਮਾਗਮ ਵਿੱਚ ਜਾਣ ਦਾ ਮੌਕਾ ਮਿਲਦਾ ਹੈ ਤਾਂ ਦੇਖਣ ਵਿੱਚ ਆਉਂਦਾ ਹੈ ਕਿ ਬਹੁਤ ਸਾਰੇ ਬੱਚੇ ਜਾਂ ਨੌਜਵਾਨ ਚਿੱਟੇ-ਕੁੜਤੇ ਪਜਾਮਿਆਂ ਵਿੱਚ ਨਜ਼ਰ ਆਉਂਦੇ ਹਨ। ਛੋਟੇ ਬੱਚੇ ਨੂੰ ਜਦੋਂ ਚਿੱਟੇ ਕੁੜਤੇ ਪਜਾਮੇ ਅਤੇ ਸਿਰ ’ਤੇ ਸੋਹਣੀ ਦਸਤਾਰ ਅਤੇ ਪੈਰਾਂ ਵਿੱਚ ਦੇਸੀ ਜੁੱਤੀ ਪਾਈ ਦੇਖਦੇ ਹਾਂ ਤਾਂ ਪੰਜਾਬੀ ਪਹਿਰਾਵੇ ਦੀ ਪੂਰੀ ਠਾਠ ਨਜ਼ਰ ਆਉਂਦੀ ਹੈ। ਇਨ੍ਹਾਂ ਬੱਚਿਆਂ ਨੂੰ ਭਾਵੇਂ ਇਹ ਨਹੀਂ ਪਤਾ ਕਿ ਇਹ ਪਜਾਮੇ-ਕੁੜਤੇ ਸਾਡੇ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦੀ ਅਮੁੱਲ ਦੇਣ ਹਨ, ਉਹ ਤਾਂ ਕੇਵਲ ਇਹ ਕੱਪੜੇ ਪਾ ਕੇ ਆਪਣੇ ਆਪ ਨੂੰ ਨਿਵੇਕਲਾ ਦਿਖਣ ਦਾ ਮਾਣ ਮਹਿਸੂਸ ਕਰਦੇ ਹਨ।

ਜੇ ਅਸੀਂ 50-60 ਸਾਲ ਪਹਿਲਾਂ ਵਾਲੇ ਪੰਜਾਬ ’ਤੇ ਨਜ਼ਰ ਮਾਰੀਏ ਤਾਂ ਪੰਜਾਬ ਦੇ ਪਿੰਡਾਂ ਵਿੱਚ ਲੋਕ ਕੁੜਤਾ ਪਜਾਮਾ ਹੀ ਜ਼ਿਆਦਾ ਪਾਉਂਦੇ ਸਨ ਕੇਵਲ ਕੁਝ ਪੜ੍ਹੇ-ਲਿਖੇ ਲੋਕ ਹੀ ਕੋਟ-ਪੈਂਟ ਪਹਿਨਣ ਦੇ ਆਦੀ ਸਨ। ਪੰਜਾਬ ਦੇ ਪਿੰਡਾਂ ਦੇ ਮਰਦ ਤਾਂ ਦੇਸੀ ਪਜਾਮੇ ਕੁੜਤੇ ਦੇ ਕਾਇਲ ਸਨ। ਸਾਧਾਰਨ ਅਤੇ ਸਾਦਾ ਪਹਿਰਾਵਾ ਸਰੀਰ ਲਈ ਵੀ ਕਸ਼ਟਮਈ ਨਹੀਂ ਸੀ ਹੁੰਦਾ। ਦੂਜਾ ਇਹ ਪਹਿਰਾਵਾ ਸਸਤਾ ਅਤੇ ਲੋਕ ਪੱਖੀ ਹੁੰਦਾ ਸੀ। ਪੰਜਾਬ ਦੇ ਪਿੰਡਾਂ ਦੇ ਲੋਕ ਤਾਂ ਠੇਠ ਪੰਜਾਬੀ ਵਿੱਚ ਇਸ ਨੂੰ ਕੁੜਤਾ ਪਜਾਮਾ ਨਾ ਆਖ ਕੇ ਤੰਬੀ-ਝੱਗਾ ਕਿਹਾ ਕਰਦੇ ਸਨ। ਉਨ੍ਹਾਂ ਦਿਨਾਂ ਵਿੱਚ ਪਿੰਡਾਂ ਵਿੱਚ ਦਰਜ਼ੀ ਵੀ ਦੇਸੀ ਹੁੰਦੇ ਸਨ ਅਤੇ ਉਹ ਤੰਬੀ-ਝੱਗਾ ਬੜੀ ਛੇਤੀ ਸਿਲਾਈ ਕਰ ਦਿੰਦੇ ਸਨ।

ਵਿਆਹਾਂ ਸ਼ਾਦੀਆਂ ਜਾਂ ਮੇਲੇ ਦੇ ਸਮੇਂ ਪਿੰਡਾਂ ਵਿੱਚ ਨਵੇਂ-ਨਵੇਂ ਤੰਬੀ-ਝੱਗੇ ਸਿਲਾਉਣ ਦਾ ਰੁਝਾਨ ਸੀ। ਪੇਂਡੂ ਵਿਆਹਾਂ ਸਮੇਂ ਤਾਂ ਸਭ ਕੱਪੜੇ ਘਰ ’ਤੇ ਹੀ ਸਿਲਾਏ ਜਾਂਦੇ ਸਨ, ਜਿਸ ਨੂੰ ਪਰਿਵਾਰ ਇੱਕ ਵੱਡਾ ਕੰਮ ਸਮਝਦਾ ਸੀ ਕਿਉਂਕਿ ਸਾਰੇ ਪਰਿਵਾਰ ਨੇ ਹੀ ਨਵੇਂ ਕੱਪੜੇ ਬਣਵਾਉਣੇ ਹੁੰਦੇ ਸਨ। ਇਸ ਮੰਤਵ ਲਈ ਦਰਜ਼ੀ ਨੂੰ ਹਫ਼ਤਾ-ਹਫ਼ਤਾ ਭਰ ਘਰ ’ਤੇ ਹੀ ਬਿਠਾਇਆ ਜਾਂਦਾ ਸੀ। ਦਰਜ਼ੀ ਵੀ ਖੁਸ਼ੀ ਖੁਸ਼ੀ ਵਿਆਹ ਦੇ ਕੱਪੜੇ ਤਿਆਰ ਕਰਦਾ ਅਤੇ ਮਰਦਾਂ ਲਈ ਵਿਸ਼ੇਸ਼ ਪਜਾਮੇ ਕੁੜਤੇ ਬਣਾਉਂਦਾ।

ਇਸ ਤਰ੍ਹਾਂ ਨਵੇਂ ਪਜਾਮੇ-ਕੁੜਤੇ ਬਣਨ ਸਮੇਂ ਪਜਾਮੇ ਲਈ ਨਾਲੇ ਦੀ ਅਤਿਅੰਤ ਲੋੜ ਪੈਂਦੀ ਜਿਸ ਨੇ ਨਵੇਂ ਪੰਜਾਬੀ ਸੱਭਿਆਚਾਰ ਨੂੰ ਜਨਮ ਦਿੱਤਾ। ਪਿੰਡਾਂ ਦੀਆਂ ਔਰਤਾਂ ਜਾਂ ਮੁਟਿਆਰਾਂ ਤ੍ਰਿਝਣਾਂ ਵਿੱਚ ਨਵੇਂ ਨਵੇਂ ਰੰਗਦਾਰ ਨਾਲੇ ਬੁਣਨ ਦਾ ਕੰਮ ਕਰਦੀਆਂ ਅਤੇ ਕਈ ਤਾਂ ਨਾਲੇ ਬਣਾਉਣ ਵਿੱਚ ਸਾਰੇ ਪਿੰਡ ਵਿੱਚ ਮਸ਼ਹੂਰ ਹੋ ਜਾਂਦੀਆਂ। ਨਾਲੇ ਬੁਣਨਾ ਵੀ ਇੱਕ ਕਲਾ ਸੀ ਜਿਸ ਲਈ ਘਰਾਂ ਦੀਆਂ ਧੀਆਂ-ਭੈਣਾਂ ਨੂੰ ਖਾਸ ਮਿਹਨਤ ਕਰਨੀ ਪੈਂਦੀ ਸੀ ਅਤੇ ਨਵੇਂ-ਨਵੇਂ ਗੁਰ ਸਿੱਖਣੇ ਪੈਂਦੇ ਸਨ। ਇਹ ਨਾਲੇ ਖ਼ਾਸ ਕਿਸਮ ਦੇ ਅੱਡਿਆਂ ’ਤੇ ਬਣਾਏ ਜਾਂਦੇ ਸਨ ਅਤੇ ਮੁਟਿਆਰਾਂ ਆਪਣੇ ਵਿਆਹਾਂ ਦੇ ਦਾਜ ਲਈ ਵੱਡੀ ਗਿਣਤੀ ਵਿੱਚ ਨਾਲੇ ਤਿਆਰ ਕਰਦੀਆਂ ਜਿਨ੍ਹਾਂ ਦੀ ਪ੍ਰਦਰਸ਼ਨੀ ਬਰਾਤ ਵਾਲੇ ਦਿਨ, ਦਾਜ ਦੇ ਸਾਮਾਨ ਦੇ ਨਾਲ ਹੀ ਕੀਤੀ ਜਾਂਦੀ। ਇਸ ਤਰ੍ਹਾਂ ਪਜਾਮੇ ਅਤੇ ਨਾਲੇ ਦਾ ਮੇਲ ਪੱਕਾ ਹੀ ਬਣ ਗਿਆ। ਕਹਿਣ ਦਾ ਭਾਵ ਕਿ ਨਾਲੇ ਬਿਨਾਂ ਪਜਾਮਾ ਜਾਂ ਤੰਬੀ ਕਿਸੇ ਕੰਮ ਦੀ ਨਾ ਰਹਿੰਦੀ। ਜਿਉਂ ਜਿਉਂ ਸਿੱਖਿਆ ਦਾ ਪਸਾਰ ਵਧਦਾ ਗਿਆ, ਤੰਬੀ-ਝੱਗੇ ਨੇ ਵੀ ਆਪਣੇ ਨਾਂ ਬਦਲ ਕੇ ਪਜਾਮਾ ਕੁੜਤਾ ਕਰ ਲਏ। ਅਮੀਰ ਲੋਕ ਤਾਂ ਉਸ ਸਮੇਂ ਵੀ ਚਿੱਟੇ ਪਜਾਮੇ ਕੁੜਤੇ ਦੇ ਬਹੁਤ ਸ਼ੌਕੀਨ ਸਨ, ਪਰ ਅਜਿਹੇ ਲੋਕਾਂ ਦੀ ਗਿਣਤੀ ਬਹੁਤ ਘੱਟ ਸੀ ਕਿਉਂਕਿ ਅਜਿਹੇ ਚਿੱਟ ਕੱਪੜੀਏ ਮਰਦਾਂ ਨੂੰ ਦੇਖ ਕੇ ਪਿੰਡਾਂ ਦੇ ਬਜ਼ੁਰਗ ਆਮ ਹੀ ਕਹਿ ਬੈਠਦੇ ਸੀ ‘ਚਿੱਟੇ ਕੱਪੜੇ ਚਾਰੇ ਲੜ ਖਾਲੀ ਨਵਿਆਂ ਸ਼ੌਕੀਨਾਂ ਦੇ।’

ਬੜਾ ਲੰਬਾ ਸਮਾਂ ਪੰਜਾਬੀ ਸੱਭਿਆਚਾਰ ਨੇ ਇਨ੍ਹਾਂ ਪਜਾਮਿਆਂ-ਕੁੜਤਿਆਂ ਦਾ ਆਨੰਦ ਮਾਣਿਆ, ਪਰ ਪਿੰਡਾਂ ਵਿੱਚ ਪੜ੍ਹਾਈ ਦਾ ਪਸਾਰ ਵਧਣ ਨਾਲ ਨੌਜਵਾਨਾਂ ਜਾਂ ਸਕੂਲੀ ਵਿਦਿਆਰਥੀਆਂ ਖਾਸ ਕਰਕੇ ਕਾਲਜੀਏਟ ਮੁੰਡਿਆਂ ਨੂੰ ਸ਼ਰਟਾਂ ਅਤੇ ਪੈਂਟਾਂ ਨੇ ਘੇਰ ਲਿਆ। ਪੜ੍ਹੇ ਲਿਖੇ ਮੁੰਡਿਆਂ ਨੇ ਸਾਡੇ ਦੇਸੀ ਪਜਾਮਿਆਂ ਨੂੰ ਤਿਲਾਂਜਲੀ ਹੀ ਦੇ ਦਿੱਤੀ, ਭਾਵੇਂ ਉਹ ਅੰਗਰੇਜ਼ੀ ਪਹਿਰਾਵਾ ਪਹਿਨਣ ਸਮੇਂ ਔਖੇ ਵੀ ਰਹਿੰਦੇ ਸਨ, ਪਰ ਆਪਣੇ ਆਪ ਨੂੰ ਆਧੁਨਿਕ ਦੱਸਣ ਦੇ ਚੱਕਰ ਵਿੱਚ ਉਹ ਸਾਡੇ ਦੇਸੀ-ਤੰਬੀ-ਝੱਗਿਆਂ ਨੂੰ ਭੁੱਲ ਹੀ ਗਏ। ਪ੍ਰਾਇਮਰੀ ਸਕੂਲਾਂ ਵਿੱਚ ਵੀ ਸਰਕਾਰ ਨੇ ਨਵੀਂ ਪਿਰਤ ਪਾ ਦਿੱਤੀ ਕਿ ਬੱਚੇ ਖਾਕੀ ਨਿੱਕਰਾਂ ਜਾਂ ਖਾਕੀ ਪੈਂਟਾਂ ਪਾ ਕੇ ਸਕੂਲ ਆਉਣਗੇ। ਸਕੂਲੀ ਨਿਆਣੇ ਵਿਚਾਰੇ ਤੰਬੀ ਝੱਗੇ ਤੋਂ ਵਾਂਝੇ ਹੋ ਕੇ ਤੰਗ-ਤੰਗ ਨਿੱਕਰਾਂ ਜਾਂ ਪੈਂਟਾਂ ਨੂੰ ਉੱਪਰ-ਥੱਲੇ ਕਰਨ ਵਿੱਚ ਹੀ ਉਲਝੇ ਰਹਿੰਦੇ। ਇਹ ਸਮਾਂ ਵਿਦਿਆ ਦੇ ਵਿਕਾਸ ਦਾ ਸੀ, ਇਸ ਲਈ ਪੰਜਾਬੀ ਪਹਿਰਾਵਾਂ ਸਾਡੇ ਤੋਂ ਦੂਰ ਹੁੰਦਾ ਚਲਾ ਗਿਆ। ਕਿਹਾ ਜਾਂਦਾ ਹੈ ਕਿ ਅੰਗਰੇਜ਼ਾਂ ਵੱਲੋਂ ਲੰਬਾ ਸਮਾਂ ਸਾਨੂੰ ਗੁਲਾਮ ਰੱਖ ਕੇ, ਸਾਡੀ ਆਜ਼ਾਦੀ ਹੀ ਨਹੀਂ ਸੀ ਖੋਹੀ ਸਗੋਂ ਸਾਡੇ ਸੱਭਿਆਚਾਰ, ਬੋਲੀ, ਪਹਿਰਾਵੇ ਅਤੇ ਖਾਣ ਪੀਣ ਨੂੰ ਵੀ ਬਦਲ ਕੇ ਰੱਖ ਦਿੱਤਾ। ਕਹਿੰਦੇ ਹਨ ਕਿ ‘ਦੂਰ ਦੇ ਢੋਲ ਸੁਹਾਵਣੇ’ ਲੱਗਦੇ ਹਨ, ਇਸ ਲਈ ਪੰਜਾਬੀ ਲੋਕ ਵੀ ਅੰਗਰੇਜ਼ਾਂ ਦੀ ਨਕਲ ਵਿੱਚ ਲੱਗ ਗਏੇ। ਪੰਜਾਬੀ ਦੇਸੀ ਪਹਿਰਾਵਾ ਬਹੁਤ ਪਿੱਛੇ ਰਹਿ ਗਿਆ। ਅੰਗਰੇਜ਼ਾਂ ਦੇ ਸਮੇਂ ਭਾਵੇਂ ਗਾਂਧੀ ਜੀ ਨੇ ਅੰਗਰੇਜ਼ਾਂ ਦੀ ਵਿਰੋਧਤਾ ਕਰਨ ਸਮੇਂ ਵਿਦੇਸ਼ੀ ਵਸਤਾਂ ਅਤੇ ਅੰਗਰੇਜ਼ੀ ਪਹਿਰਾਵੇ ਦਾ ਵਿਰੋਧ ਕੀਤਾ ਅਤੇ ਅੰਦੋਲਨ ਕੀਤੇ, ਪਰ ਲੋਕਾਂ ਦਾ ਝੁਕਾਅ ਅੰਗਰੇਜ਼ੀ ਪਹਿਰਾਵੇ ਵੱਲ ਵਧਦਾ ਗਿਆ। ਇੱਕ ਸਮਾਂ ਅਜਿਹਾ ਵੀ ਆਇਆ ਕਿ ਸਾਡੇ ਆਜ਼ਾਦ ਦੇਸ਼ ਵਿੱਚ ਦਫ਼ਤਰਾਂ ਵਿੱਚ ਹਰ ਇੱਕ ਬਾਬੂ, ਸਕੂਲੀ ਅਤੇ ਕਾਲਜਾਂ ਦੇ ਮੁੰਡੇ ਕਦੇ ਵੀ ਪਜਾਮੇ ਕੁੜਤੇ ਵਿੱਚ ਨਜ਼ਰ ਨਾ ਆਉਂਦੇ। ਬੜੀ ਵੱਡੀ ਸੱਭਿਆਚਾਰਕ ਅਤੇ ਸਮਾਜਿਕ ਤਬਦੀਲੀ ਆ ਚੁੱਕੀ ਸੀ, ਪਰ ਸਾਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਪਹਿਰਾਵਾ ਹੀ ਕਿਸੇ ਕੌਮ ਦੀ ਅਸਲੀ ਪਛਾਣ ਹੁੰਦਾ ਹੈ। ਪੰਜਾਬੀ ਲੋਕ ਉਨ੍ਹਾਂ ਦੇ ਪਹਿਰਾਵੇ ਤੋਂ ਹੀ ਜਾਣੇ ਜਾਂਦੇ ਹਨ।

ਪੰਜਾਬੀ ਲੋਕਾਂ ਦੀ ਇਹ ਗ਼ਲਤੀ ਹੀ ਕਹੀ ਜਾ ਸਕਦੀ ਹੈ ਕਿ ਉਹ ਆਪਣੇ ਅਮੀਰ ਵਿਰਸੇ ਨੂੰ ਭੁੱਲ ਕੇ ਰੀਸੋ-ਰੀਸ ਅੰਗਰੇਜ਼ੀ ਪਹਿਰਾਵੇ ਦੇ ਮਗਰ ਪੈ ਗਏ ਭਾਵੇਂ ਉਹ ਜਾਣਦੇ ਸਨ ਕਿ ਪੰਜਾਬੀ ਪਹਿਰਾਵਾ ਸਾਧਾਰਨ, ਸਾਦਾ ਅਤੇ ਸਸਤਾ ਹੈ। ਇਸ ਰੀਸ ਨੇ ਸਾਰਾ ਪੰਜਾਬ ਹੀ ਮਗਰ ਲਗਾ ਲਿਆ ਅਤੇ ਖ਼ਾਸ ਕਰਕੇ ਨੌਜਵਾਨ ਮੁੰਡੇ ਤਾਂ ਅੰਗਰੇਜ਼ੀ ਡਰੈੱਸ ਵੱਲ ਪੂਰੇ ਹੀ ਖਿੱਚੇ ਗਏ। ਕਿਹਾ ਜਾਂਦਾ ਹੈ ਕਿ ਮੱਛੀ ਪੱਥਰ ਚੱਟ ਕੇ ਮੁੜਦੀ ਹੈ, ਇਹੀ ਹਾਲ ਹੋਇਆ ਸਾਡੇ ਪੰਜਾਬੀ ਪਹਿਰਾਵੇ ਦਾ। ਸਾਲਾਂ-ਬੱਧੀ ਅੰਗਰੇਜ਼ੀ ਪਹਿਰਾਵੇ ਨੂੰ ਪਹਿਨ ਕੇ ਜਦੋਂ ਸਕੂਨ ਨਾ ਮਿਲਿਆ ਤਾਂ ਹੁਣ ਨੌਜਵਾਨਾਂ ਨੇ ਮੁੜ ਪੰਜਾਬੀ ਪਹਿਰਾਵੇ ਨੂੰ ਪਸੰਦ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਹੀ ਤਾਂ ਅੱਜ ਦੇ ਨੇਤਾ ਵੀ ਚਿੱਟੇ ਪਜਾਮੇ-ਕੁੜਤੇ ਨੂੰ ਪਹਿਨ ਕੇ ਆਪਣੀ ਵੱਖਰੀ ਦਿੱਖ ਦਾ ਪ੍ਰਦਰਸ਼ਨ ਕਰਦੇ ਹਨ। ਉਹੀ ਸਾਲਾਂ ਪਹਿਲਾਂ ਪਹਿਨੇ ਗਏ ਕੁੜਤੇ ਪਜਾਮੇ ਪੰਜਾਬੀ ਨੌਜਵਾਨਾਂ ਦੀ ਪਹਿਲੀ ਪਸੰਦ ਬਣਨ ਲੱਗੇ ਹਨ। ਹੁਣ ਤਾਂ ਆਲਮ ਇਹ ਹੈ ਕਿ ਇਨ੍ਹਾਂ ਨੂੰ ਵੇਚਣ ਲਈ ਨਵੀਆਂ ਦੁਕਾਨਾਂ ਖੋਲ੍ਹੀਆਂ ਜਾ ਰਹੀਆਂ ਹਨ। ਰਾਜਨੀਤੀਵਾਨ ਤਾਂ ਪੰਜਾਬੀ ਕੁੜਤੇ-ਪਜਾਮੇ ’ਤੇ ਕੋਈ ਰੰਗਦਾਰ ਵਾਸਕਟ ਪਾ ਕੇ ਆਪਣੇ ਵੱਡੇ ਨੇਤਾ ਹੋਣ ਦੀ ਗਵਾਹੀ ਕਰਵਾ ਲੈਂਦੇ ਹਨ। ਗਲੀਆਂ ਬਾਜ਼ਾਰਾਂ ਵਿੱਚ ਵੀ ਨਵੀਂ ਪੀੜ੍ਹੀ ਦੇ ਨੌਜਵਾਨ ਹੁਣ ਚਿੱਟੇ ਪਜਾਮੇ-ਕੁੜਤੇ ਪਾ ਕੇ ਆਪਣੀ ਵੱਖਰੀ ਟੌਹਰ ਦਿਖਾਉਂਦੇ ਹਨ। ਕੁਦਰਤੀ ਗੱਲ ਹੈ ਕਿ ਪੁਰਖਿਆ ਵੱਲੋਂ ਅਪਣਾਇਆ ਗਿਆ ਆਪਣਾ ਵਿਰਸਾ ਮਨੋ ਖੁਸ਼ੀ ਤਾਂ ਜ਼ਰੂਰ ਪ੍ਰਦਾਨ ਕਰਦਾ ਹੀ ਹੈ। ਚਲੋ ਬਹਾਨਾ ਕੋਈ ਵੀ ਹੋਵੇ ਸਾਡੀ ਨੌਜਵਾਨ ਪੀੜ੍ਹੀ ਫੈਸ਼ਨ ਦੇ ਬਹਾਨੇ ਹੀ ਪੁਰਾਣੇ ਵਿਰਸੇ ਵੱਲ ਨੂੰ ਮੁੜਨ ਲੱਗੀ ਹੈ।

 

ਬਹਾਦਰ ਸਿੰਘ ਗੋਸਲ