ਵਿਦੇਸ਼ਾਂ ਵਿਚ ਸਰਗਰਮ ਪੰਥਕ ਜਥੇਬੰਦੀਆਂ ਦਾ ਤੀਜੇ ਘੱਲੂਘਾਰੇ ਦੀ ਵਰ੍ਹੇਗੰਢ (4 ਜੂਨ) ‘ਤੇ ਸਾਂਝਾ ਬਿਆਨ

ਵਿਦੇਸ਼ਾਂ ਵਿਚ ਸਰਗਰਮ ਪੰਥਕ ਜਥੇਬੰਦੀਆਂ ਦਾ ਤੀਜੇ ਘੱਲੂਘਾਰੇ ਦੀ ਵਰ੍ਹੇਗੰਢ (4 ਜੂਨ) ‘ਤੇ ਸਾਂਝਾ ਬਿਆਨ

ਭਾਈ ਦਲਜੀਤ ਸਿੰਘ ਤੇ ਹੋਰਨਾਂ ਪੰਥ ਸੇਵਕ ਸਖਸ਼ੀਅਤਾਂ ਦੇ ਉੱਦਮਾਂ ਦੀ ਪੂਰਨ ਹਿਮਾਇਤ ਕੀਤੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਓਂਟਾਰੀਓ/ਲੰਡਨ/ਨਿਊਯਾਰਕ (4 ਜੂਨ 2023): ਵਿਦੇਸ਼ਾਂ ਵਿਚ ਸਰਗਰਮ ਪੰਥਕ ਜਥੇਬੰਦੀਆਂ ਜਿਹਨਾ ਵਿਚ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ, ਜਰਮਨੀ; ਸਿੱਖ ਕੌਂਸਲ ਆਫ ਬੈਲਜੀਅਮ; ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ; ਸਿੱਖ ਫੈਡਰੇਸ਼ਨ, ਅਮਰੀਕਾ; ਸਿੱਖ ਫੈਡਰੇਸ਼ਨ, ਇਟਲੀ; ਸਿੱਖ ਫੈਡਰੇਸ਼ਨ, ਸਪੇਨ; ਸਿੱਖ ਫੈਡਰੇਸ਼ਨ, ਸਵਿੱਟਜ਼ਰਲੈਂਡ; ਸਿੱਖ ਫੈਡਰੇਸ਼ਨ, ਜਰਮਨੀ; ਸਿੱਖ ਫੈਡਰੇਸ਼ਨ, ਫਰਾਂਸ; ਸਿੱਖ ਫੈਡਰੇਸ਼ਨ, ਯੂ.ਕੇ.; ਸਿੱਖ ਯੂਥ ਆਫ ਅਮਰੀਕਾ; ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ (ਸਰੀ), ਕਨੇਡਾ ਅਤੇ ਨੈਸ਼ਨਲ ਸਿੱਖ ਫੈਡਰੇਸ਼ਨ, ਗ੍ਰੀਸ ਸ਼ਾਮਿਲ ਹਨ ਨੇ ਅੱਜ ਦੇ ਦਿਨ ਇਕ ਸਾਂਝਾ ਬਿਆਨ ਜਾਰੀ ਕੀਤਾ ਹੈ।

ਇਸ ਬਿਆਨ ਵਿਚ ਕਿਹਾ ਗਿਆ ਹੈ ਕਿ:- ੧੬੯੯ ਤੋਂ ਲੈ ਕੇ ਹੁਣ ਤੱਕ ਖਾਲਸਾ ਜੀ ਦਾ ਸੰਘਰਸ਼ ਹਮੇਸ਼ਾਂ ਪਾਤਸ਼ਾਹੀ ਦਾਅਵੇ ਨੂੰ ਮੁੱਖ ਰੱਖਦਿਆਂ ਹੋਇਆਂ ਗਰੀਬ ਦੀ ਰੱਖਿਆ ਅਤੇ ਜਰਵਾਣੇ ਦੀ ਭੱਖਿਆ ਕਰਨ ਲਈ ਸਾਂਝੀਵਾਲਤਾ ਵਾਲਾ ਨਿਆਂਕਾਰੀ ਸਮਾਜ ਅਤੇ ਰਾਜ ਸਥਾਪਤ ਕਰਨ ਦਾ ਰਿਹਾ ਹੈ। ਇਸੇ ਵਿਰਾਸਤ ਨੂੰ ਅੱਗੇ ਤੋਰਦਿਆਂ ੪ ਜੂਨ, ੧੯੮੪ ਤੋਂ ਖਾਲਿਸਤਾਨ ਦੀ ਸਥਾਪਤੀ ਲਈ ਅਰੰਭਿਆ ਸੰਘਰਸ਼ ਗੁਰੂ ਸਾਹਿਬ ਵੱਲੋਂ ਸਰਬੱਤ ਦੇ ਭਲੇ ਵਾਲਾ ਸੁਤੰਤਰ ਹਲੇਮੀ ਰਾਜ ਸਥਾਪਤ ਕਰਨ ਲਈ ਜੱਦੋ-ਜਹਿਦ ਦਾ ਹੀ ਮੌਜੂਦਾ ਰੂਪ ਹੈ।  

ਇਹ ਸੰਘਰਸ਼ ਜਾਲਮ ਇੰਡੀਅਨ ਸਟੇਟ, ਪੂੰਜੀਵਾਦੀ ਆਰਥਕ ਲੁੱਟ ਅਤੇ ਬਿੱਪਰ ਦੇ ਗਲਬੇ ਦੇ ਖਾਤਮੇ ਨਾਲ ਉੱਪ-ਮਹਾਂਦੀਪ ਦੇ ਦੱਬੇ ਕੁਚਲਿਆਂ ਦੀ ਮੁਕਤੀ ਲਈ ਵੀ ਵਚਨਬੱਧਤਾ ਨਾਲ ਲੜਿਆ ਗਿਆ। ਸਾਡੇ ਸ਼ਹੀਦਾਂ, ਜੁਝਾਰੂਆਂ ਅਤੇ ਜਲਾਵਤਨੀ ਯੋਧਿਆਂ ਨੇ ਖਾਲਸਾ ਜੀ ਦੀ ਅਕਾਲੀ ਪ੍ਰਭੂਸੱਤਾ ਨੂੰ ਕਾਇਮ ਰੱਖਦਿਆਂ ਹੋਇਆਂ ਸ਼ਾਨਾਮੱਤਾ ਇਤਿਹਾਸ ਸਿਰਜਿਆ। ਇਸ ਸੰਘਰਸ਼ ਦਾ ਸਪੱਸ਼ਟ ਨਿਸ਼ਾਨਾ ਅਜ਼ਾਦ ਦੇਸ਼, ਖਾਲਿਸਤਾਨ, ਬਨਾਉਣਾ ਹੈ ਜੋ ਗੁਰਮਤਿ ਦੇ ਆਸ਼ੇ “ਸਰਬੱਤ ਦਾ ਭਲਾ” ਅਤੇ “ਹਲੇਮੀ ਰਾਜ” ਉੱਤੇ ਅਧਾਰਿਤ ਹੈ। ਇਸ ਸੰਘਰਸ਼ ਦੇ ਪਹਿਲੇ ਪੜਾਅ ਵਜੋਂ ਲੜੀ ਗਈ ਹਥਿਆਰਬੰਦ ਜੰਗ ਵਿੱਚ ਸ਼ਹੀਦ ਹੋਏ, ਲੰਬੀਆਂ ਜੇਲ੍ਹਾਂ ਅਤੇ ਜਲਾਵਤਨੀ ਕੱਟ ਰਹੇ ਬਜੁਰਗਾਂ ਦੇ ਕਿਰਦਾਰ ਇਸੇ ਸੰਘਰਸ਼ ਦੀ ਅਗਲੀ ਪੀੜੀ ਲਈ ਮਿਸਾਲ ਅਤੇ ਚਾਨਣ ਮੁਨਾਰੇ ਹਨ।

ਮੌਜੂਦਾ ਹਲਾਤ: ਖਤਰੇ ਅਤੇ ਸੰਭਾਵਨਾਵਾਂ

ਪੰਜਾਬ, ਦੱਖਣੀ ਏਸ਼ਿਆ ਅਤੇ ਆਲਮੀ ਭੂ-ਸਿਆਸਤ ਵਿੱਚ ਉਥਲ-ਪੁਥਲ ਦੇ ਚਲਦਿਆਂ ਪੰਥ ਅਤੇ ਪੰਜਾਬ ਲਈ ਬਹੁਤ ਸਾਰੇ ਨਵੇਂ ਖਤਰੇ ਅਤੇ ਸੰਭਾਵਨਾਵਾਂ ਪੈਦਾ ਹੋ ਰਹੀਆਂ ਹਨ। 

ਇਨ੍ਹਾਂ ਬਦਲੇ ਹੋਏ ਹਲਾਤਾਂ ਅਤੇ ਸਿੱਖ ਨੌਜਵਾਨਾਂ ਵਿੱਚ ਵੱਧ ਰਹੀ ਚੇਤਨਾ ਤੋਂ ਭੈਅ ਭੀਤ ਹੋ ਕੇ ਇੰਡੀਅਨ ਸਥਾਪਤੀ ਅਤੇ ਖੂਫੀਆ ਅਜੰਸੀਆਂ ਨਸਲਘਾਤੀ ਦਮਨ ਕਰਨ ਦੀਆਂ ਵਿਓਂਤਾਂ ਬੁਣ ਰਹੇ ਹਨ ਜਿਸ ਦਾ ਨਮੂੰਨਾ ੧੮ ਮਾਰਚ ਤੋਂ ਬਾਅਦ ਦੀਆਂ ਕਾਰਵਾਈਆਂ ਵਿੱਚ ਦੇਖਣ ਨੂੰ ਮਿਲਿਆ ਹੈ। ਜਿੱਥੇ ਨੌਜਵਾਨਾਂ ਦੀ ਨਜਾਇਜ਼ ਫੜੋ-ਫੜੀ ਚੱਲ ਰਹੀ ਹੈ ਉੱਥੇ ਹੀ ਪੰਜਾਬ ਦੇ ਲੋਕਾਂ ਨੂੰ ਮੁੜ ਖੌਫਜ਼ਦਾ ਕਰਨ ਲਈ ਨਿਵੇਕਲੇ ਕਿਸਮ ਦੇ ਮਨੋਵਗਿਆਨਕ ਹਮਲੇ ਵੀ ਕੀਤੇ ਜਾ ਰਹੇ ਹਨ। ਇਸ ਮਨਸੂਬੇ ਦੇ ਤਹਿਤ ਬਿਜਲ ਸੱਥ ਅਤੇ ਹੋਰ ਸਾਧਨਾਂ ਰਾਹੀਂ ਆਪਸੀ ਬੇਇਤਫਾਕੀ ਅਤੇ ਵਿਵਾਦ ਵਧਾਉਂਦੇ ਹੋਏ ਖਾਲਿਸਤਾਨ ਦੀ ਲਹਿਰ ਨੂੰ ਬਦਨਾਮ ਕਰਨ ਹਿੱਤ ਪੰਥਕ ਸਖਸ਼ੀਅਤਾਂ ਅਤੇ ਜੁਝਾਰੂਆਂ ਦੀ ਮਿੱਥ ਕੇ ਕਿਰਦਾਰਕੁਸ਼ੀ ਵੀ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਨਾਲ ਸਿੱਖਾਂ ਨੂੰ ਵਹਿਸ਼ੀ ਹਿੰਸਾ ਦੇ ਸ਼ਿਕਾਰ ਹੋਣ ਅਤੇ ਇਨ੍ਹਾਂ ਹਮਲਿਆਂ ਨੂੰ ਰੋਕਣ ਦੇ ਅਸਮਰੱਥ ਬਨਾਉਣ ਲਈ ਸਿੱਖ ਸੰਘਰਸ਼ ਦੀਆਂ ਨੀਹਾਂ ਨੂੰ ਜੜ੍ਹੋਂ ਉਖੇੜਨ ਅਤੇ ਅੰਦਰੂਨੀ ਕਲੇਸ਼ ਨੂੰ ਵਧਾਉਣ ਲਈ ਸਮੁੱਚਾ ਸਟੇਟ ਤੰਤਰ ਸਿਰ ਤੋੜ ਯਤਨ ਕਰ ਰਹੀ ਹੈ।

ਜ਼ਾਹਰ ਹੈ ਕਿ ਅਸਥਿਰਤਾ ਅਤੇ ਤਣਾਅ ਵਾਲੇ ਮਹੌਲ ਦੇ ਚਲਦਿਆਂ ਕਿਸੇ ਵੀ ਸੰਘਰਸ਼ ਨੂੰ ਸਫਲਤਾ ਨਾਲ ਚਲਾਉਣ ਅਤੇ ਕਿਸੇ ਮੁਕਾਮ ਤੱਕ ਪਹੁੰਚਾਉਣ ਦੀ ਪਹਿਲੀ ਸ਼ਰਤ ਭਰੋਸੇਯੋਗ ਅਤੇ ਪਾਏਦਾਰ ਅਗਵਾਈ ਕਰਨ ਯੋਗ ਢਾਂਚੇ ਹਨ ਜੋ ਲੜ ਰਹੀ ਧਿਰ ਵਿੱਚਕਾਰ ਸਾਂਝੀ ਰਾਏ ਅਤੇ ਰਣਨੀਤੀ ਨੂੰ ਉਸਾਰ ਕੇ ਦੁਸ਼ਮਣ ਦੇ ਵਾਰਾਂ ਨੂੰ ਰੋਕਦੇ ਹੋਏ ਆਪਣੇ ਮਿੱਥੇ ਟੀਚਿਆਂ ਨੂੰ ਹਾਸਲ ਕਰਨ ਦੇ ਸਮਰੱਥ ਵੀ ਹੋਣ। ਇਸ ਤਰ੍ਹਾਂ ਦੀ ਅਗਵਾਈ ਸਿਰਜਣ ਵੇਲੇ ਸਖਸ਼ੀਅਤਾਂ ਦੀ ਯੋਗਤਾ ਦੇ ਨਾਲ ਨਾਲ ਸਾਰਥਕ ਅਤੇ ਮਜ਼ਬੂਤ ਢਾਂਚਿਆਂ (ਜਥੇਬੰਦਕ ਸਫਬੰਦੀ) ਅਤੇ ਫੈਸਲੇ ਲੈਣ ਦੀ ਵਿਧੀ ਦੀ ਵੱਡੀ ਅਹਿਮੀਅਤ ਹੈ।

ਅਜਿਹੀ ਸਾਂਝੀ ਅਗਵਾਈ ਸਿਰਜ ਕੇ ਹੀ ਮੌਜੂਦਾ ਦੌਰ ਦੇ ਖਤਰਿਆਂ ਤੋਂ ਬਚਾਅ ਅਤੇ ਸੰਭਾਵਨਾਵਾਂ ਦਾ ਫਾਇਦਾ ਲੈਣ ਦੇ ਕਾਬਲ ਹੋਵਾਂਗੇ ਤਾਂ ਕਿ ਪੰਥ ਵੱਲੋਂ ਮਿੱਥੇ ਟੀਚੇ, ਖਾਲਿਸਤਾਨ, ਦੀ ਪ੍ਰਾਪਤੀ ਵੱਲ ਵੱਧ ਸਕੀਏ।

ਸਿੱਖ ਸੰਘਰਸ਼ ਦੇ ਅਗਲੇ ਪੜਾਅ ਦੀ ਤਿਆਰੀ ਅਤੇ ਮਜ਼ਬੂਤ ਸਫਬੰਦੀ

ਇਸ ਤਰ੍ਹਾਂ ਚੱਲ ਰਹੇ ਸੰਘਰਸ਼ ਦੇ ਅਗਲੇ ਪੜਾਅ ਦਾ ਆਗਾਜ਼ ਮੌਜੂਦਾ ਦੌਰ ਵਿੱਚ ਹੋ ਰਿਹਾ ਹੈ। ਸਫਲਤਾ ਵੱਲ ਵੱਧਣ ਅਤੇ ਸਰਕਾਰੀ ਮਨਸ਼ਿਆਂ ਨੂੰ ਠੁੱਸ ਕਰਨ ਦੇ ਲਈ ਸਿੱਖ ਪਰੰਪਰਾਵਾਂ ਦੀ ਰੌਸ਼ਨੀ ਵਿੱਚ ਗੁਰੂ ਗ੍ਰੰਥ-ਗੁਰੂ ਪੰਥ ਨੂੰ ਪ੍ਰਣਾਏ ਧਿਰਾਂ, ਜਥਿਆਂ ਅਤੇ ਸੇਵਾਦਾਰਾਂ ਵਿੱਚ ਆਪਸੀ ਸਾਂਝ ਵਧਾਉਣਾ ਸਮੇਂ ਦੀ ਮੁੱਖ ਲੋੜ ਹੈ।

ਇਸ ਤਹਿਤ ਅਸੀਂ ਗੁਰੂ ਸਾਹਿਬ ਵੱਲੋਂ ਵਰਸੋਈ ਪੰਜਾਬ ਦੀ ਧਰਤੀ ਉੱਤੇ ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ ਚੌੜਾ, ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਲਾਲ ਸਿੰਘ ਅਕਾਲਗੜ੍ਹ ਵਰਗੇ ਜਾਂਬਾਜ਼ ਜੁਝਾਰੂ ਸਖਸ਼ੀਅਤਾਂ ਅਤੇ ਹੋਰ ੳੱਘੇ ਪੰਥ ਸੇਵਕਾਂ ਦੇ ਜਥੇ ਵੱਲੋਂ ਖਾਲਸਾਈ ਪਰੰਪਰਾਵਾਂ ਅਨੁਸਾਰ ਪੰਥ ਨੂੰ ਸੂਤਰਧਾਰ ਕਰਨ ਅਤੇ ਸਾਂਝੀ ਅਗਵਾਈ ਸਿਰਜਣ ਦੀ ਕਵਾਇਦ ਦਾ ਜ਼ੋਰਦਾਰ ਸਮਰਥਨ ਕਰਦੇ ਹਾਂ। ਜਿਸ ਪ੍ਰਕਾਰ ਇਹ ਨਿਸ਼ਕਾਮ ਸਖਸ਼ੀਅਤਾਂ ਖਾਲਿਸਤਾਨ ਦੀ ਲਹਿਰ ਨੂੰ ਮੁੜ੍ਹ ਪੱਕੇ ਪੈਰੀਂ ਕਰਨ ਲਈ ਯਤਨਸ਼ੀਲ ਹਨ ਅਸੀਂ ਉਸ ਨਾਲ ਪੂਰਨ ਸਹਿਮਤੀ ਰੱਖਦੇ ਹਾਂ ਅਤੇ ਸਹਿਯੋਗ ਲਈ ਵਚਨਬੱਧ ਹਾਂ।

ਸਿੱਖ ਸੰਘਰਸ਼ ਦੇ ਅਗਲੇ ਪੜਾਅ ਦੀ ਤਿਆਰੀ ਕਰਦਿਆਂ ਖੁਦਮੁਖਤਿਆਰ ਮੁਕਾਮੀ ਜਥਿਆਂ ਨੂੰ ਸੂਤਰਬੱਧ ਕਰਨ ਲਈ ਇੱਕ ਮਜ਼ਬੂਤ ਅਤੇ ਸਾਂਝੇ ਧੁਰੇ ਦੀ ਅਤਿਅੰਤ ਲੋੜ ਹੈ। ਪੰਥਕ ਜੁਗਤ ਅਨੁਸਾਰ ਨਿਸ਼ਕਾਮ ਤੌਰ ‘ਤੇ ਵਿਚਰਨ ਵਾਲੀ ਸਾਂਝੀ ਅਗਵਾਈ ਸਿਰਜਣ ਦੀ ਪਹਿਲਕਦਮੀ ਨਾਲ ਹੀ ਅਸੀਂ ਹੋਣ ਵਾਲੀ ਵੱਡੀ ਜੰਗ ਲੜਨ ਦੇ ਸਮਰੱਥ ਹੋਵਾਂਗੇ।