ਚੀਨ ਨੇ ਪੈਂਗਾਂਗ ਝੀਲ ਨਾਲ ਲਗਦੇ ਇਲਾਕੇ ਵਿਚ ਉਸਾਰਿਆ ਹੈਲੀਪੈਡ

ਚੀਨ ਨੇ ਪੈਂਗਾਂਗ ਝੀਲ ਨਾਲ ਲਗਦੇ ਇਲਾਕੇ ਵਿਚ ਉਸਾਰਿਆ ਹੈਲੀਪੈਡ

*ਭਾਰਤ ਦਾ ਘੇਰਾ ਤੰਗ ਕਰਨ ਦਾ ਯਤਨ

 *ਅਮਰੀਕਾ ਦੇ ਰਿਹਾ ਏ ਚੀਨ ਨੂੰ ਚੁਣੌਤੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ- ਪੂਰਬੀ ਲੱਦਾਖ ਵਿਚ ਚੀਨ ਦੇ ਨਾਲ ਲੰਬੇ ਸਮੇਂ ਤੋਂ ਚਲ ਰਹੀ ਤਣਾਅ ਦਰਮਿਆਨ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਚੀਨ ਨੇ ਭਾਰਤ ਦੇ ਖ਼ਿਲਾਫ਼ ਇਕ ਵਾਰ ਫਿਰ ਚਾਲਾਕੀ ਦਿਖਾਉਂਦੇ ਹੋਏ ਪੈਂਗਾਂਗ ਝੀਲ ਨਾਲ ਲਗਦੇ ਇਲਾਕੇ ਵਿਚ ਹੈਲੀਪੈਡ ਦੀ ਉਸਾਰੀ ਕਰ ਲਈ ਹੈ। ਚੀਨ ਨੇ ਹੈਲੀਪੈਡ ਤੋਂ ਇਲਾਵਾ ਖੇਤਰ ਵਿਚ ਕੁਝ ਹੋਰ ਵੀ ਪੱਕੀਆਂ ਉਸਾਰੀਆਂ ਕੀਤੀਆਂ ਹਨ। ਚੀਨ ਵਲੋਂ ਕੀਤੀਆਂ ਗਈਆਂ ਉਸਾਰੀਆਂ ਦਾ ਖੁਲਾਸਾ ਸੈਟੇਲਾਈਟ ਰਾਹੀਂ ਖਿੱਚੀਆਂ ਗਈਆਂ ਤਸਵੀਰਾਂ ਨਾਲ ਹੋਇਆ ਹੈ। ਦਰਅਸਲ, ਜੈਕ ਡਿਟਚ ਨਾਂ ਦੇ ਇਕ ਰਿਪੋਰਟ ਨੇ ਇਸ ਤਸਵੀਰ ਨੂੰ ਪੋਸਟ ਕੀਤਾ ਹੈ। ਅਮਰੀਕਾ ਦੀ ਫਾਰਨ ਪਾਲਿਸੀ ਮੈਗਜ਼ੀਨ ਲਈ ਕੰਮ ਕਰਨ ਵਾਲੇ ਜੈਕ ਨੇ ਜਿਨ੍ਹਾਂ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ ਉਹ ਪੈਂਗਾਂਗ ਝੀਲ ਦੇ ਉੱਤਰੀ ਕਿਨਾਰੇ ਦੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਹੈਲੀਪੈਡ, ਚੀਨੀ ਬੋਟ ਅਤੇ ਸਥਾਈ ਬੰਗਰਾਂ ਨੂੰ ਸੌਖਿਆਂ ਹੀ ਦੇਖਿਆ ਜਾ ਸਕਦਾ ਹੈ।

ਤੁਹਾਡੇ ਦੱਸ ਦਈਏ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਭਾਰਤ ਦੇ ਖ਼ਿਲਾਫ਼ ਚੀਨ ਨੇ ਇਸ ਤਰ੍ਹਾਂ ਦੀ ਕੋਈ ਘਟਨਾ ਕੀਤੀ ਹੋਵੇ। ਇਸ ਤੋਂ ਪਹਿਲਾਂ ਨਵੰਬਰ ਵਿਚ ਵੀ ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਦੀ ਰਿਪੋਰਟ ਵਿਚ ਇਹ ਕਿਹਾ ਗਿਆ ਸੀ ਕਿ ਚੀਨ ਨੇ ਅਰੁਣਾਚਲ ਪ੍ਰਦੇਸ਼ ਵਿਚ ਇਕ ਪੂਰਾ ਪਿੰਡ ਵਸਾ ਲਿਆ ਹੈ। ਰਿਪੋਰਟ ਵਿਚ ਇਥੋਂ ਤੱਕ ਦਾਅਵਾ ਕੀਤਾ ਗਿਆ ਸੀ ਕਿ ਚੀਨ ਨੇ ਇਹ ਪਿੰਡ ਹੁਣ ਨਹੀਂ, ਸਗੋਂ ਕਈ ਸਾਲ ਪਹਿਲਾਂ ਵਸਾ ਲਿਆ ਸੀ। ਇਸ ਨਾਲ ਹੀ ਫੌਜ ਨਾਲ ਜੁੜੇ ਸੂਤਰਾਂ ਵਿਚ ਵੀ ਇਹ ਖ਼ੁਲਾਸਾ ਹੋਇਆ ਸੀ ਕਿ ਚੀਨ ਨੇ ਪੂਰਬੀ ਲੱਦਾਖ ਵਿਚ ਐੱਲ. ਏ. ਸੀ. ਦੇ ਨੇੜੇ ਮਿਜ਼ਾਇਲ ਅਤੇ ਰਾਕੇਟ ਰੈਜੀਮੈਂਟ ਨੂੰ ਤਾਇਨਾਤ ਕੀਤਾ ਹੈ। ਸੂਤਰਾਂ ਤੋਂ ਜਾਣਕਾਰੀ ਮਿਲੀ ਸੀ ਚੀਨ ਆਪਣੀ ਕਨੈਕਟੀਵਿਟੀ ਸਟ੍ਰਾਂਗ ਕਰਨ ਲਈ ਅਕਸਾਈ ਚੀਨ ਇਲਾਕੇ ਵਿਚ ਇਕ ਹਾਈਵੇ ਦੀ ਉਸਾਰੀ ਕਰ ਰਿਹਾ ਹੈ।

ਚੀਨ ਨੂੰ ਪਛਮੀ ਦੇਸਾਂ ਵਲੋਂ ਚੁਣੌਤੀ  ਤੇ ਓਲੰਪਿਕ ਖੇਡਾਂ

ਦੁਨੀਆ ਭਰ ਵਿਚ ਇਨ੍ਹੀਂ ਦਿਨੀਂ ਠੰਡੀ ਜੰਗ ਵਾਲੀਆਂ ਭਾਵਨਾਵਾਂ ਦਾ ਵੇਗ ਤੇਜ਼ੀ ਨਾਲ ਵਧ ਰਿਹਾ ਹੈ। ਇਸ ਦਾ ਹੀ ਨਤੀਜਾ ਹੈ ਕਿ ਇਹ ਸਾਲ ਅਮਰੀਕਾ ਅਤੇ ਚੀਨ ਵਿਚਾਲੇ ਤਕਰਾਰ ਵਧਣ ਦੇ ਰੂਪ ਵਿਚ ਵੀ ਚੇਤੇ ਕੀਤਾ ਜਾਵੇਗਾ। ਇਸ ਦਾ ਪਰਛਾਵਾਂ ਫਰਵਰੀ ਵਿਚ ਚੀਨ ਵਿਚ ਹੋਣ ਵਾਲੀਆਂ ਵਿੰਟਰ ਓਲੰਪਿਕ ਖੇਡਾਂ ’ਤੇ ਵੀ ਪੈਂਦਾ ਨਜ਼ਰ ਆ ਰਿਹਾ ਹੈ।ਹਾਲ ਹੀ ਵਿਚ ਬਾਇਡਨ ਪ੍ਰਸ਼ਾਸਨ ਨੇ ਐਲਾਨ ਕੀਤਾ ਹੈ ਕਿ ਚੀਨ ਦੇ ਮਨੁੱਖੀ ਹੱਕਾਂ ਦੇ ਬੇਹੱਦ ਖ਼ਰਾਬ ਰਿਕਾਰਡ ਨੂੰ ਦੇਖਦੇ ਹੋਏ ਅਮਰੀਕਾ ਉੱਥੇ ਆਪਣੇ ਡਿਪਲੋਮੈਟ ਨਹੀਂ ਭੇਜੇਗਾ। ਹਾਲਾਂਕਿ ਅਮਰੀਕਾ ਦਾ ਇਰਾਦਾ ਖੇਡਾਂ ਦੇ ਬਾਈਕਾਟ ਦਾ ਨਹੀਂ ਹੈ ਕਿਉਂਕਿ ਇਸ ਨਾਲ ਉਨ੍ਹਾਂ ਖਿਡਾਰੀਆਂ ਨੂੰ ਨਿਰਾਸ਼ਾ ਹੋਵੇਗੀ ਜੋ ਅਰਸੇ ਤੋਂ ਤਿਆਰੀਆਂ ਵਿਚ ਰੁੱਝੇ ਹੋਏ ਹਨ।

ਫਿਰ ਵੀ ਅਮਰੀਕਾ ਨੇ ਇਹ ਸੁਨੇਹਾ ਤਾਂ ਦੇ ਹੀ ਦਿੱਤਾ ਹੈ ਕਿ ਸ਼ਿਨਜਿਆਂਗ ਵਿਚ ਮਨੁੱਖੀ ਹੱਕਾਂ ਦੀ ਘੋਰ ਉਲੰਘਣਾ ਨੂੰ ਦੇਖਦੇ ਹੋਏ ਸਭ ਕੁਝ ਆਮ ਵਾਂਗ ਨਹੀਂ ਚੱਲ ਸਕਦਾ। ਇਹ 1979 ਵਿਚ ਸੋਵੀਅਤ ਸੰਘ ਦੁਆਰਾ ਅਫ਼ਗਾਨਿਸਤਾਨ ਵਿਚ ਦਾਖ਼ਲ ਹੋਣ ਦੇ ਵਿਰੋਧ ਵਿਚ ਮਾਸਕੋ (1980) ਓਲੰਪਿਕ ਖੇਡਾਂ ਦੇ ਅਮਰੀਕੀ ਬਾਈਕਾਟ ਵਰਗਾ ਨਹੀਂ ਹੈ, ਫਿਰ ਵੀ ਬਾਇਡਨ ਪ੍ਰਸ਼ਾਸਨ ਦੁਆਰਾ ਸਰਦ ਰੁੱਤ ਦੀਆਂ ਓਲੰਪਿਕ ਖੇਡਾਂ ਦਾ ਕੂਟਨੀਤਕ ਬਾਈਕਾਟ ਅਮਰੀਕਾ-ਚੀਨ ਵਿਚਾਲੇ ਪਹਿਲਾਂ ਤੋਂ ਹੀ ਵਧ ਰਹੇ ਮਤਭੇਦਾਂ ਦੇ ਪਾੜੇ ਨੂੰ ਹੋਰ ਵਧਾਉਣ ਦਾ ਕੰਮ ਕਰੇਗਾ। ਸ਼ਿਨਜਿਆਂਗ ਤੋਂ ਲੈ ਕੇ ਹਾਂਗਕਾਂਗ ਅਤੇ ਦੱਖਣੀ ਚੀਨ ਸਾਗਰ ਤੋਂ ਲੈ ਕੇ ਹਿਮਾਲਿਅਨ ਸਰਹੱਦਾਂ ਤਕ ਚੀਨ ਆਪਣੇ ਘੇਰੇ ਵਿਚ ਉਨ੍ਹਾਂ ਤੌਰ-ਤਰੀਕਿਆਂ ਨਾਲ ਪੱਛਮੀ ਅਤੇ ਹੋਰ ਦੇਸ਼ਾਂ ਨੂੰ ਚੁਣੌਤੀ ਦੇ ਰਿਹਾ ਹੈ ਜਿਸ ਨੇ ਗੰਭੀਰ ਟਕਰਾਅ ਉਪਜਾ ਦਿੱਤੇ ਹਨ। ਅੱਜ ਵਾਸ਼ਿੰਗਟਨ ਨੂੰ ਚੀਨ ਇਕ ਰਣਨੀਤਕ ਮੁਕਾਬਲੇਬਾਜ਼ ਦਿਸ ਰਿਹਾ ਹੈ। ਅਜਿਹੀ ਮੁਕਾਬਲੇਬਾਜ਼ੀ ਜਿਸ ਦੇ ਨਾਲ ਤਾਲ ਮਿਲਾਉਣ ਦੀਆਂ ਸੰਭਾਵਨਾਵਾਂ ਦਿਨ-ਬਦਿਨ ਕਮਜ਼ੋਰ ਪੈਂਦੀਆਂ ਦਿਸ ਰਹੀਆਂ ਹਨ। ਭੂ-ਰਾਜਨੀਤਕ ਮੁਕਾਬਲੇਬਾਜ਼ੀ ਵਿਚ ਸਭ ਤੋਂ ਨਵਾਂ ਮੋਰਚਾ ਖੇਡਾਂ ਦਾ ਜੁੜ ਗਿਆ ਹੈ। ਚੀਨੀ ਟੈਨਿਸ ਖਿਡਾਰਨ ਪੇਂਗ ਸ਼ੁਈ ਨੇ ਕੁਝ ਸਮਾਂ ਪਹਿਲਾਂ ਚੀਨੀ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ’ਤੇ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਸੀ। ਇਸ ਤੋਂ ਬਾਅਦ ਉਹ ਗਾਇਬ ਹੋ ਗਈ। ਇਸ ਮਾਮਲੇ ਨੇ ਪੂਰੀ ਦੁਨੀਆ ਨੂੰ ਚਿੰਤਾ ਵਿਚ ਪਾ ਦਿੱਤਾ।ਇਸ ਦਾ ਹੀ ਨਤੀਜਾ ਸੀ ਕਿ ਚੀਨ ਵਰਗੇ ਵੱਡੇ ਬਾਜ਼ਾਰ ਦੀ ਪਰਵਾਹ ਨਾ ਕਰਦੇ ਹੋਏ ਵਿਸ਼ਵ ਮਹਿਲਾ ਟੈਨਿਸ ਸੰਘ ਅਰਥਾਤ ਡਬਲਯੂਟੀਏ ਨੇ ਬਹੁਤ ਹੀ ਦਲੇਰਾਨਾ ਫ਼ੈਸਲਾ ਲੈਂਦੇ ਹੋਏ ਪੇਂਗ ਸ਼ੁਈ ਦੇ ਮਸਲੇ ’ਤੇ ਚੀਨ ਵਿਚ ਪ੍ਰਸਤਾਵਿਤ ਸਾਰੇ ਟੂਰਨਾਮੈਂਟ ਰੱਦ ਕਰ ਦਿੱਤੇ। ਹਾਲਾਂਕਿ ਬਾਅਦ ਵਿਚ ਪੇਂਗ ਸ਼ੁਈ ਇਸ ਤੋਂ ਇਨਕਾਰੀ ਹੋ ਗਈ ਕਿ ਉਸ ਨੇ ਕਿਸੇ ’ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਸਨ। ਫਿਰ ਵੀ ਉਨ੍ਹਾਂ ਨੂੰ ਲੈ ਕੇ ਡਬਲਯੂਟੀਏ ਨੇ ਜੋ ਕਦਮ ਚੁੱਕਿਆ, ਉਸ ਦੀ ਕੌਮਾਂਤਰੀ ਓਲੰਪਿਕ ਸੰਘ (ਆਈਓਸੀ) ਦੇ ਰੁਖ਼ ਨਾਲ ਤੁਲਨਾ ਕਰੀਏ ਤਾਂ ਨਿਰਾਸ਼ਾ ਹੁੰਦੀ ਹੈ।ਆਈਓਸੀ ਚੀਨ ਨਾਲ ਅਸਹਿਜ ਮੁੱਦਿਆਂ ਨੂੰ ਚੁੱਕਣ ਤੋਂ ਝਿਜਕਦਾ ਹੈ ਜੋ ਦਰਸਾਉਂਦਾ ਹੈ ਕਿ ਰਾਜਨੀਤਕ ਮੁੱਦਿਆਂ ’ਤੇ ਉਹ ‘ਬੇਪਰਵਾਹ’ ਰਵੱਈਆ ਅਪਣਾਉਂਦਾ ਹੈ। ਹਾਲੀਆ ਅਮਰੀਕੀ ਪਹਿਲ ਦੀ ਨਿੰਦਾ ਕਰਦੇ ਹੋਏ ਚੀਨ ਨੇ ਉਸ ’ਤੇ ‘ਖੇਡ ਵਿਚ ਰਾਜਨੀਤਕ ਨਿਰਪੱਖਤਾ’ ਦੀ ਉਲੰਘਣਾ ਦਾ ਦੋਸ਼ ਲਾ ਕੇ ਇਸ ਦੇ ਵਿਰੋਧ ਵਿਚ ਕਦਮ ਚੁੱਕਣ ਦੀ ਧਮਕੀ ਦਿੱਤੀ।ਓਥੇ ਹੀ ਬਿ੍ਰਟੇਨ, ਕੈਨੇਡਾ ਅਤੇ ਆਸਟ੍ਰੇਲੀਆ ਵਰਗੇ ਦੇਸ਼ ਵੀ ਵਿੰਟਰ ਓਲੰਪਿਕ ਦੇ ਕੂਟਨੀਤਕ ਬਾਈਕਾਟ ਦੀ ਅਮਰੀਕੀ ਮੁਹਿੰਮ ਵਿਚ ਸ਼ਾਮਲ ਹੋ ਗਏ ਹਨ ਤਾਂ ਚੀਨ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਤਕੜਾ ਸਮਰਥਨ ਮਿਲਿਆ ਹੈ। ਪੁਤਿਨ ਨਾ ਸਿਰਫ਼ ਖੇਡਾਂ ਦੇ ਉਦਘਾਟਨੀ ਸਮਾਰੋਹ ਵਿਚ ਸ਼ਿਰਕਤ ਕਰਨਗੇ ਸਗੋਂ ਇਸ ਦੌਰਾਨ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਉਨ੍ਹਾਂ ਦੀ ਬੈਠਕ ਵੀ ਹੋਣੀ ਹੈ। ਪੁਤਿਨ ਦੇ ਇਸ ਦਾਅ ਤੋਂ ਬਾਅਦ ਸ਼ੀ ਜਿਨਪਿੰਗ ਨੇ ਵੀ ਨਾਟੋ ਤੋਂ ਸੁਰੱਖਿਆ ਦੀ ਲਿਖਤੀ ਗਾਰੰਟੀ ਸਬੰਧੀ ਰੂਸ ਦੀ ਮੰਗ ਦਾ ਸਮਰਥਨ ਕੀਤਾ ਹੈ ਕਿ ਨਾਟੋ ਪੂਰਬ ਵੱਲ ਆਪਣਾ ਵਿਸਥਾਰ ਨਾ ਕਰੇ ਅਤੇ ਯੂਕ੍ਰੇਨ ਵਿਚ ਹਥਿਆਰਾਂ ਦੇ ਜਮਾਵੜੇ ਤੋਂ ਬਚੇ। ਦਰਅਸਲ, ਰੂਸ ਨੂੰ ਇਸ ਤੋਂ ਆਪਣੇ ਲਈ ਖ਼ਤਰੇ ਦਾ ਖ਼ਦਸ਼ਾ ਹੈ।ਇਹ ਦੇਖਣਾ ਦਿਲਚਸਪ ਹੈ ਕਿ ਇਟਲੀ ਅਤੇ ਫਰਾਂਸ ਵਰਗੇ ਦੇਸ਼ ਇਸ ਬਾਈਕਾਟ ਦੇ ਚਾਹਵਾਨ ਨਹੀਂ। ਫਰਾਂਸੀਸੀ ਰਾਸ਼ਟਰਪਤੀ ਮੈਕਰੋਂ ਨੇ ਇਸ ਨੂੰ ‘ਪ੍ਰਤੀਕਾਤਮਕ ਅਤੇ ਬੇਮਤਲਬ’ ਦੱਸਿਆ ਹੈ। ਯੂਰਪੀ ਸੰਘ ਨੇ ਹਮੇਸ਼ਾ ਦੀ ਤਰ੍ਹਾਂ ਚੀਨ ਨੂੰ ਸਿੱਧੇ-ਸਿੱਧੇ ਲੰਮੇ ਹੱਥੀਂ ਲੈਣ ਤੋਂ ਝਿਜਕ ਦਿਖਾਈ।ਜਦਕਿ ਜੁਲਾਈ ਵਿਚ ਹੀ ਯੂਰਪੀ ਸੰਸਦ ਨੇ ਸੰਘ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਸੀ ਕਿ ਜਦ ਤਕ ਚੀਨੀ ਸਰਕਾਰ ਹਾਂਗਕਾਂਗ, ਸ਼ਿਨਜਿਆਂਗ ਉਈਗਰ ਖੇਤਰ, ਤਿੱਬਤ, ਇਨਰ ਮੰਗੋਲੀਆ ਅਤੇ ਚੀਨ ਦੇ ਹੋਰ ਹਿੱਸਿਆਂ ਵਿਚ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਆਪਣਾ ਵਤੀਰਾ ਨਹੀਂ ਸੁਧਾਰਦੀ, ਉਦੋਂ ਤਕ ਉਹ ਬੀਜਿੰਗ ਵਿੰਟਰ ਓਲੰਪਿਕ ਵਿਚ ਸ਼ਿਰਕਤ ਕਰਨ ਲਈ ਸਰਕਾਰੀ ਨੁਮਾਇੰਦਿਆਂ ਅਤੇ ਡਿਪਲੋਮੈਟਾਂ ਨੂੰ ਮਿਲੇ ਸੱਦਿਆਂ ਨੂੰ ਸਵੀਕਾਰ ਨਾ ਕਰਨ। ਬੇਸ਼ੱਕ ਅਮਰੀਕਾ ਦਾ ਕਦਮ ਖ਼ਾਲਸ ਤੌਰ ’ਤੇ ਪ੍ਰਤੀਕਾਤਮਕ ਹੈ। ਇਸ ਨਾਲ ਖੇਡਾਂ ਦੀ ਚਮਕ ਫਿੱਕੀ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਦੁਨੀਆ ਦੇ ਜ਼ਿਆਦਾਤਰ ਹਿੱਸਿਆਂ ਵਿਚ ਇਸ ਨਾਲ ਕੋਈ ਫ਼ਰਕ ਨਹੀਂ ਪੈਣ ਵਾਲਾ। ਇਸ ਦੀ ਉਮੀਦ ਵੀ ਘੱਟ ਹੀ ਹੈ ਕਿ ਖੇਡਾਂ ਵਿਚ ਕੁਝ ਡਿਪਲੋਮੈਟਾਂ ਦੀ ਗ਼ੈਰ-ਮੌਜੂਦਗੀ ਕਾਰਨ ਚੀਨ ਆਪਣੀਆਂ ਨੀਤੀਆਂ ਅਤੇ ਵਿਵਹਾਰ ਵਿਚ ਕੁਝ ਤਬਦੀਲੀ ਲਿਆਵੇਗਾ।ਹਾਲਾਂਕਿ ਅਮਰੀਕਾ ਵਿਚ ਇਸ ਮਸਲੇ ’ਤੇ ਦੁਰਲਭ ਸਰਬ-ਪਾਰਟੀ ਸਮਰਥਨ ਦੇਖਣ ਨੂੰ ਮਿਲਿਆ ਹੈ। ਇਸ ਤੋਂ ਵੀ ਵਧ ਕੇ ਇਹ ਕਿ ਕੁਝ ਸੰਸਦ ਮੈਂਬਰਾਂ ਨੂੰ ਇਹ ਨਾਕਾਫ਼ੀ ਲੱਗਦਾ ਹੈ। ਉਨ੍ਹਾਂ ਮੁਤਾਬਕ ਜੋਅ ਬਾਇਡਨ ਪ੍ਰਸ਼ਾਸਨ ਨੂੰ ਇਨ੍ਹਾਂ ਖੇਡਾਂ ਦਾ ਮੁਕੰਮਲ ਬਾਈਕਾਟ ਕਰਨਾ ਚਾਹੀਦਾ ਸੀ। ਜੋ ਵੀ ਹੋਵੇ, ਆਗਾਮੀ ਵਿੰਟਰ ਓਲੰਪਿਕ ਖੇਡਾਂ ਹਾਲੀਆ ਦੌਰ ਦੇ ਇਤਿਹਾਸ ਦੇ ਸਭ ਤੋਂ ਤਲਖ਼ ਖੇਡ ਆਯੋਜਨਾਂ ’ਚੋਂ ਇਕ ਬਣਦੀਆਂ ਦਿਸ ਰਹੀਆਂ ਹਨ ਅਤੇ 1936 ਦੇ ਬਰਲਿਨ ਓਲੰਪਿਕ ਦਾ ਪ੍ਰੇਤ ਸਾਇਆ ਇਸ ਵਿਚਾਰ ਨੂੰ ਨਿਰੰਤਰ ਆਕਾਰ ਦਿੰਦਾ ਹੈ। ਇਹ ਸਹੀ ਹੈ ਕਿ ਸ਼ੀ ਜਿਨਪਿੰਗ ਦੀਆਂ ਅੱਤਵਾਦੀ ਨੀਤੀਆਂ ਕਾਰਨ ਸੰਸਾਰ ਦੇ ਸਾਹਮਣੇ ਜੋ ਚੁਣੌਤੀਆਂ ਉਤਪੰਨ ਹੋ ਗਈਆਂ ਹਨ, ਉਹ ਅਜੇ ਉਸ ਤਰ੍ਹਾਂ ਦੀਆਂ ਨਹੀਂ ਹਨ ਜਿਸ ਤਰ੍ਹਾਂ ਦੀਆਂ ਹਿਟਲਰ ਦੇ ਵੇਲੇ ਸਨ ਪਰ ਸ਼ੀ ਜਿਨਪਿੰਗ ਦੀ ਤਿਕੜਮਾਂ ਵਿਰੁੱਧ ਆਵਾਜ਼ ਬੁਲੰਦ ਨਾ ਹੋਣ ਦੇ ਖ਼ਤਰੇ ਦਿਨ-ਬਦਿਨ ਪ੍ਰਤੱਖ ਹੁੰਦੇ ਜਾ ਰਹੇ ਹਨ। ਇਹੀ ਕਾਰਨ ਹੈ ਕਿ ਵਿੰਟਰ ਓਲੰਪਿਕ ਖੇਡਾਂ ਦੀ ਅਜਿਹੀ ਬਾਈਕਾਟ ਮੁਹਿੰਮ ਨੇ ਨਾਗਰਿਕ ਸਮਾਜਾਂ ਅਤੇ ਦੇਸ਼ਾਂ ਵਿਚਾਲੇ ਇਕ ਸਮਾਨ ਰੂਪ ਨਾਲ ਪ੍ਰਭਾਵ ਛੱਡਿਆ ਹੈ। ਚੀਨ ਖ਼ੁਦ ਆਪਣੇ ਸਿਆਸੀ ਏਜੰਡੇ ਲਈ ਖੇਡਾਂ ਦਾ ਇਸਤੇਮਾਲ ਕਰਨ ਵਿਚ ਅੱਗੇ ਰਿਹਾ ਹੈ। ਫਿਰ ਚਾਹੇ ਉਸ ਦੁਆਰਾ 1956 ਵਿਚ ਮੈਲਬੌਰਨ ਓਲੰਪਿਕ ਖੇਡਾਂ ਦਾ ਬਾਈਕਾਟ ਕਰਨਾ ਹੋਵੇ ਜਾਂ ਫਿਰ ਆਲੋਚਕਾਂ ਨੂੰ ਸ਼ਾਂਤ ਕਰਨ ਲਈ ਆਪਣੇ ਵੱਡੇ ਬਾਜ਼ਾਰ ਦਾ ਡਰ ਦਿਖਾ ਕੇ ਨਿੱਜੀ ਖੇਤਰ ’ਤੇ ਦਬਾਅ ਪਾਉਣਾ ਹੋਵੇ।ਹੁਣ ਇਹ ਸਪਸ਼ਟ ਹੈ ਕਿ ਸ਼ੀ ਜਿਨਪਿੰਗ ਦੀ ਹਮਲਾਵਰ ਵਿਦੇਸ਼ ਨੀਤੀ ਅਤੇ ਚੀਨੀ ਕਮਿਊਨਿਸਟ ਪਾਰਟੀ ਦੇ ਕਰੂਰ ਨਿਰੰਕੁਸ਼ ਏਜੰਡੇ ਨੂੰ ਚੁਣੌਤੀ ਮਿਲਣੀ ਤੈਅ ਹੈ। ਭਾਵੇਂ ਇਹ ਸਪਸ਼ਟ ਨਹੀਂ ਕਿ ਇਸ ਵਿਚ ਓਲੰਪਿਕ ਦਾ ਬਾਈਕਾਟ ਕਿੰਨਾ ਮਦਦਗਾਰ ਸਿੱਧ ਹੋ ਸਕੇਗਾ। ਕੌਮਾਂਤਰੀ ਪੱਧਰ ’ਤੇ ਕਿਉਂਕਿ ਸ਼ੀ ਜਿਨਪਿੰਗ ਦੀ ਸਵੀਕਾਰਤਾ ਲਗਾਤਾਰ ਘਟ ਰਹੀ ਹੈ ਤਾਂ ਉਨ੍ਹਾਂ ਕੋਲ ਇਸ ਦੀ ਕਾਟ ਦਾ ਇਹੀ ਤਰੀਕਾ ਹੈ ਕਿ ਉਹ ਘਰੇਲੂ ਪੱਧਰ ’ਤੇ ਆਪਣੀ ਸਾਖ਼ ਵਧਾਉਣ। ਇਸ ਵਿਚ ਉਹ ਬਾਹਰਲੀ ਦੁਨੀਆ ਵਿਰੁੱਧ ਹੋਰ ਸਖ਼ਤ ਰਵੱਈਆ ਅਪਣਾਉਣਗੇ। ਹੁਣ ਇਸ ਵਿਚ ਸ਼ੱਕ ਨਹੀਂ ਕਿ ਮਹਾਸ਼ਕਤੀਆਂ ਵਿਚਾਲੇ ਤਲਖ਼ ਮੁਕਾਬਲੇਬਾਜ਼ੀ ਦੇ ਦੌਰ ਵਿਚ ਖੇਡਾਂ ਇਕ ਵਾਰ ਫਿਰ ਜੰਗ ਦੇ ਮੈਦਾਨ ਦੇ ਤੌਰ ’ਤੇ ਉੱਭਰ ਰਹੀਆਂ ਹਨ ਜਿੱਥੇ ਦੁਸ਼ਮਣੀ ਹੋਰ ਠੋਸ ਆਕਾਰ ਲਵੇਗੀ। ਵੈਸੇ ਤਾਂ ਖੇਡਾਂ ਨੂੰ ਮਿਲਵਰਤਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਪਰ ਜਦ ਇਨ੍ਹਾਂ ਦਾ ਇਸਤੇਮਾਲ ਸਿਆਸੀ ਏਜੰਡੇ ਤਹਿਤ ਹੋਣ ਲੱਗੇ ਤਾਂ ਖੇਡਾਂ ਦਾ ਵੱਕਾਰ ਯਕੀਨਨ ਘਟੇਗਾ। ਖੇਡ ਭਾਵਨਾ ਨੂੰ ਢਾਅ ਨਾ ਲਾਉਂਦੇ ਹੋਏ ਖੇਡਾਂ ਦਾ ਇਸਤੇਮਾਲ ਸਿਆਸੀ ਤੇ ਰਣਨੀਤਕ ਹਿੱਤਾਂ ਦੀ ਪੂਰਤੀ ਲਈ ਹਰਗਿਜ਼ ਨਹੀਂ ਕਰਨਾ ਚਾਹੀਦਾ। ਸਭ ਮੁਲਕਾਂ ਨੂੰ ਆਪਣੀਆਂ ਖਹਿਬਾਜ਼ੀਆਂ ਖੇਡ ਦੇ ਮੈਦਾਨ ਤੋਂ ਬਾਹਰ ਕੱਢਣ ਨੂੰ ਪਹਿਲ ਦੇਣੀ ਚਾਹੀਦੀ ਹੈ। ਉਹ ਖੇਡ ਦੇ ਮੈਦਾਨ ਨੂੰ ਜੰਗ ਦਾ ਮੈਦਾਨ ਹਰਗਿਜ਼ ਨਾ ਬਣਾਉਣ।