ਮਾਮਲਾ ਰਾਸ਼ਟਰੀ ਸਿੱਖ ਸੰਗਤ ਦੇ ਕਾਰਕੁੰਨ ਰੁਲਦਾ ਸਿੰਘ ਦੇ ਕਤਲ ਕੇਸ ਦਾ 

ਮਾਮਲਾ ਰਾਸ਼ਟਰੀ ਸਿੱਖ ਸੰਗਤ ਦੇ ਕਾਰਕੁੰਨ ਰੁਲਦਾ ਸਿੰਘ ਦੇ ਕਤਲ ਕੇਸ ਦਾ 

3 ਸਿੱਖਾਂ ਦੀ ਭਾਰਤ ਹਵਾਲਗੀ ਕੇਸ ਲੰਡਨ ਦੀ ਵੈਸਟਮਿਨਸਟਰ ਅਦਾਲਤ ਵਲੋਂ  ਖ਼ਾਰਜ

ਅੰਮ੍ਰਿਤਸਰ ਟਾਈਮਜ਼

ਲੰਡਨ- ਲੰਡਨ ਦੀ ਵੈਸਟਮਿਨਸਟਰ ਅਦਾਲਤ ਨੇ ਅੱਜ 3 ਸਿੱਖਾਂ ਦੀ ਭਾਰਤ ਹਵਾਲਗੀ ਦਾ ਕੇਸ ਪਹਿਲੇ ਦਿਨ ਹੀ ਖ਼ਾਰਜ ਕਰ ਦਿੱਤਾ ਹੈ ,ਕਿਉਂਕਿ ਵਿਰੋਧੀ ਧਿਰ ਇਨ੍ਹਾਂ ਤਿੰਨਾਂ ਸਿਖ ਨੌਜਵਾਨਾਂ ਖ਼ਿਲਾਫ਼ ਕੋਈ ਵੀ ਸਬੂਤ ਪੇਸ਼ ਨਹੀਂ ਕਰ ਸਕੀ । ਇਹ ਕੇਸ ਰਾਸ਼ਟਰੀ ਸਿੱਖ ਸੰਗਤ ਦੇ ਕਾਰਕੁੰਨ ਰੁਲਦਾ ਸਿੰਘ ਦੇ ਕਤਲ ਮਾਮਲੇ ਬਾਰੇ ਸੀ । ਭਾਵੇਂ ਉਕਤ ਨੌਜਵਾਨਾਂ ਖ਼ਿਲਾਫ਼ ਪਹਿਲਾਂ ਵੀ ਜਾਂਚ ਹੋ ਚੁੱਕੀ ਹੈ ਤੇ ਉਸ ਸਮੇਂ ਇੰਗਲੈਂਡ ਪੁਲਿਸ ਦੇ ਹੱਥ ਕੁਝ ਨਹੀਂ ਲੱਗਿਆ ਸੀ । ਲੇਕਨ ਸਾਬਕਾ ਵਿਦੇਸ਼ ਮੰਤਰੀ ਡੌਮਿਨਿਕ ਰਾਬ ਦੀ ਦਸੰਬਰ 2020 ਦੀ ਭਾਰਤ ਫੇਰੀ ਤੋਂ ਤੁਰੰਤ ਬਾਅਦ ਹੀ ਵੈਸਟਮਾਈਡਲੈਂਡਜ਼ ਵਿਚ ਉਕਤ ਸਿੱਖਾਂ ਦੇ ਘਰਾਂ 'ਤੇ ਪੁਲਿਸ ਵਲੋਂ ਤੜਕਸਾਰ ਛਾਪੇਮਾਰੀ ਕਰਕੇ ਗ੍ਰਹਿ ਵਿਭਾਗ ਦੇ ਆਦੇਸ਼ 'ਤੇ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਤੇ ਦੱਸਿਆ ਗਿਆ ਕਿ ਉਨ੍ਹਾਂ ਨੂੰ ਭਾਰਤ ਹਵਾਲਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਉਪਰੰਤ ਤਿੰਨਾਂ ਨੂੰ ਵੈਸਟਮਿੰਸਟਰ ਮੈਜਿਸਟ੍ਰੇਟ ਅਦਾਲਤ ਵਿਚ ਪੇਸ਼ ਕਰਕੇ ਭਾਰਤ ਦੁਆਰਾ ਲਗਾਏ ਦੋਸ਼ਾਂ ਬਾਰੇ ਦੱਸਿਆ ਗਿਆ ਅਤੇ ਦੋਸ਼ਾਂ ਦੀ ਗੰਭੀਰਤਾ ਦੇ ਬਾਵਜੂਦ ਤਿੰਨਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ ।ਭਾਰਤੀ ਅਧਿਕਾਰੀਆਂ ਦਾ ਦਾਅਵਾ ਹੈ ਉਕਤ ਤਿੰਨੇ ਸਿੱਖ ਬਾਰਾਂ ਸਾਲ ਪਹਿਲਾਂ 2009 'ਚ ਆਰ ਐਸ ਐਸ ਦੇ ਇਕ ਮੈਂਬਰ 'ਤੇ ਹੋਏ ਹਮਲੇ ਵਿਚ ਲੋੜੀਂਦੇ ਹਨ। ਸਿੱਖ ਫੈਡਰੇਸ਼ਨ ਯੂ.ਕੇ. ਦੇ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ ਨੇ ਕਿਹਾ ਕਿ ਭਾਰਤ 'ਚ ਇਨ੍ਹਾਂ ਨੌਜਵਾਨਾਂ ਦੀ ਜਾਨ ਨੂੰ ਖਤਰਾ ਸੀ ਅਤੇ ਉੱਥੇ ਫਾਂਸੀ ਦੀ ਸਜ਼ਾ ਵੀ ਵਿਵਸਥਾ ਦੇ ਨਾਲ ਨਾਲ ਨਿਆਂ ਪ੍ਰਣਾਲੀ 'ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ । ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਸ: ਗੁਰਮੇਲ ਸਿੰਘ ਮੱਲੀ, ਰਾਜਮਨਵਿੰਦਰ ਸਿੰਘ, ਦਿਆ ਸਿੰਘ ਅਤੇ ਹਰਜੀਤ ਸਿੰਘ ਸਰਪੰਚ ਨੇ ਕਿਹਾ ਕਿ ਅਦਾਲਤ ਨੇ ਸਿੱਖ ਨੌਜਵਾਨਾਂ ਨਾਲ ਇਨਸਾਫ ਕੀਤਾ ਹੈ । ਭਾਈ ਲਵਸਿੰਦਰ ਸਿੰਘ ਡੱਲੇਵਾਲ ਨੇ ਇਸ ਨੂੰ ਸਮੁੱਚੇ ਸਿੱਖ ਭਾਈਚਾਰੇ ਦੀ ਜਿੱਤ ਕਿਹਾ ਹੈ । ਜ਼ਿਕਰਯੋਗ ਹੈ ਕਿ ਯੂ ਕੇ ਅਤੇ ਭਾਰਤ ਦਰਮਿਆਨ ਹਵਾਲਗੀ ਸੰਧੀ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਇਕ ਆਨਲਾਇਨ ਸੰਸਦੀ ਪਟੀਸ਼ਨ ਵੀ ਦਾਇਰ ਕੀਤੀ ਹੋਈ ਹੈ ਇਸ 'ਤੇ ਹੁਣ ਤੱਕ 12100 ਤੋਂ ਵੱਧ ਲੋਕਾਂ ਨੇ ਦਸਤਖ਼ਤ ਕੀਤੇ ਹਨ ।