ਸਾਹਿਬਜ਼ਾਦਿਆਂ ਨੂੰ "ਬਾਲ" ਦੱਸ ਕੇ "ਵੀਰ ਬਾਲ ਦਿਵਸ" ਮਨਾਉਣ ਵਾਲੇ ਗੰਗੂ ਤੇ ਵਜੀਦ ਖਾਨ ਵਾਂਗ ਸਾਡੇ ਦੁਸ਼ਮਣ: ਜਸਮੀਤ ਪੀਤਮਪੁਰਾ

ਸਾਹਿਬਜ਼ਾਦਿਆਂ ਨੂੰ

ਸ੍ਰੀ ਅਕਾਲ ਤਖਤ ਦਾ ਆਦੇਸ਼ ਹੈ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ "ਸਾਹਿਬਜ਼ਾਦੇ ਸ਼ਹਾਦਤ ਦਿਵਸ" ਦੇ ਰੂਪ ਵਿਚ ਮਨਾਇਆ ਜਾਏ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 24 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਸਾਹਿਬਜ਼ਾਦਿਆਂ ਨੂੰ "ਬਾਲ" ਦੱਸ ਕੇ "ਵੀਰ ਬਾਲ ਦਿਵਸ" ਮਨਾਉਣ ਦੇ ਐਲਾਨ ਕਰਨ ਵਾਲੇ ਗੰਗੂ ਤੇ ਵਜੀਦ ਖਾਨ ਵਾਂਗ ਸਾਡੇ ਦੁਸ਼ਮਣ ਹਨ, ਗਨੀ ਖਾਂ ਤੇ ਨੱਬੀ ਖਾਂ ਵਾਂਗ ਮਿੱਤਰ ਨਹੀਂ ਹਨ। ਇਨ੍ਹਾਂ ਵਰਗਿਆਂ ਤੋਂ ਖਾਲਸਾ ਪੰਥ ਸੁਚੇਤ ਰਹੇ, ਕਿਉਂਕਿ ਸਾਹਿਬਜ਼ਾਦੇ ਸਾਡੇ ਬਾਬੇ ਹਨ ਬਾਲ ਨਹੀਂ ਇਹਨਾਂ ਦੀ ਡੂੰਘੀ ਸਾਜਿਸ਼ ਸਮਝੋ ਸਿੰਘੋ। ਇਹ ਕਹਿਣਾ ਹੈ ਯੂਥ ਆਗੂ ਜਸਮੀਤ ਸਿੰਘ ਪੀਤਮਪੁਰਾ ਦਾ । ਉਨ੍ਹਾਂ ਕਿਹਾ ਜਦੋ ਸ੍ਰੀ ਅਕਾਲਤਖਤ ਸਾਹਿਬ ਜੀ ਤੋਂ ਆਦੇਸ਼ ਜਾਰੀ ਕੀਤਾ ਗਿਆ ਹੈ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ "ਸਾਹਿਬਜ਼ਾਦੇ ਸ਼ਹਾਦਤ ਦਿਵਸ" ਦੇ ਰੂਪ ਵਿਚ ਮਨਾਇਆ ਜਾਏ, ਦੇ ਬਾਵਜੂਦ ਦਿੱਲੀ ਕਮੇਟੀ ਵੀਰ ਬਾਲ ਦਿਵਸ ਦੇ ਰੂਪ ਵਿਚ ਮਣਾਉਣ ਨੂੰ ਕਿਉਂ ਬਜਿਦ ਹੈ । ਉਨ੍ਹਾਂ ਕਿਹਾ ਕਿ ਗੰਗੂ ਚੰਦੂ ਦੇ ਵਾਰਿਸ ਪਹਿਲਾਂ ਹੀ ਸਿੱਖ ਇਤਿਹਾਸ ਨੂੰ ਮਲੀਆਮੇਟ ਕਰਣ ਦਾ ਹਰ ਹੀਲਾ ਵਰਤ ਰਿਹਾ ਹੈ ਤੇ ਕਮੇਟੀ ਉੱਤੇ ਕਾਬਿਜ ਉਨ੍ਹਾਂ ਦੀ ਹਾਂ ਵਿਚ ਹਾਂ ਮਿਲਾ ਕੇ ਕੌਮ ਨਾਲ ਵੱਡਾ ਧ੍ਰੋਹ ਕਮਾ ਰਹੇ ਹਨ ਜਿਸ ਨੂੰ ਪੰਥ ਕਦੇ ਵੀਂ ਸਵੀਕਾਰ ਨਹੀਂ ਕਰੇਗਾ । ਉਨ੍ਹਾਂ ਕਿਹਾ ਕਿ ਕਮੇਟੀ ਵਾਲਿਆਂ ਨੂੰ ਸਰਕਾਰ ਦੀ ਹਾਂ ਵਿਚ ਹਾਂ ਮਿਲਾਉਣ ਨਾਲੋਂ ਪੰਥ ਦਾ ਪਹਿਰੇਦਾਰ ਬਣਨਾ ਚਾਹੀਦਾ ਹੈ ਜਿਸ ਲਈ ਸੰਗਤਾਂ ਨੇ ਤੁਹਾਨੂੰ ਜਿੰਮੇਵਾਰੀ ਸੌਪੀ ਸੀ । ਉਨ੍ਹਾਂ ਕਿਹਾ ਕਿ ਇਹ ਲੋਕ ਇਕ ਸਿੱਖ ਆਗੂ ਦੇ ਕਹਿਣ ਤੇ, ਜੋ ਕਿ ਹਮੇਸ਼ਾ ਸਰਕਾਰੀ ਬੋਲੀ ਬੋਲ ਕੇ ਕੌਮ ਦਾ ਨੁਕਸਾਨ ਕਰਦਾ ਆ ਰਿਹਾ ਹੈ, ਨੂੰ ਖੁਸ਼ ਕਰਣ ਤੇ ਲੱਗੇ ਹੋਏ ਹਨ । ਅੰਤ ਵਿਚ ਉਨ੍ਹਾਂ ਕਮੇਟੀ ਆਗੂਆਂ ਨੂੰ ਚੇਤਾਵਨੀ ਦੇਦਿਆਂ ਕਿਹਾ ਕਿ ਤੁਸੀਂ ਅਕਾਲ ਤਖਤ ਸਾਹਿਬ ਵਲੋਂ ਜਾਰੀ ਕੀਤੇ ਆਦੇਸ਼ ਦੀ ਉਲੰਘਣਾ ਕਰਣ ਦੇ ਵੀਂ ਦੋਸ਼ੀ ਬਣ ਰਹੇ ਹੋ ਜਿਸ ਨਾਲ ਤੁਹਾਡਾ ਨਾਮ ਇਤਿਹਾਸ ਵਿਚ ਕਾਲੇ ਅੱਖਰਾਂ ਨਾਲ ਦਰਜ਼ ਹੋਏਗਾ ।