ਭਾਜਪਾ ਨੇਤਾਵਾਂ ਵਲੋਂ ਦਿੱਲੀ ਦੰਗੇ ਮਾਮਲੇ ਵਿਚ ਦਿਤੇ ਨਫ਼ਰਤ ਭਰੇ ਭਾਸ਼ਣ ਮਾਮਲੇ ਅੰਦਰ ਸੁਪਰੀਮ ਕੋਰਟ ਨੇ ਦਿੱਲੀ ਹਾਈ ਕੋਰਟ ਨੂੰ 3 ਮਹੀਨਿਆਂ ਵਿੱਚ ਫੈਸਲਾ ਲੈਣ ਦਾ ਦਿੱਤਾ ਨਿਰਦੇਸ਼

ਭਾਜਪਾ ਨੇਤਾਵਾਂ ਵਲੋਂ ਦਿੱਲੀ ਦੰਗੇ ਮਾਮਲੇ ਵਿਚ ਦਿਤੇ ਨਫ਼ਰਤ ਭਰੇ ਭਾਸ਼ਣ ਮਾਮਲੇ ਅੰਦਰ ਸੁਪਰੀਮ ਕੋਰਟ ਨੇ ਦਿੱਲੀ ਹਾਈ ਕੋਰਟ ਨੂੰ 3 ਮਹੀਨਿਆਂ ਵਿੱਚ ਫੈਸਲਾ ਲੈਣ ਦਾ ਦਿੱਤਾ ਨਿਰਦੇਸ਼

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਸੁਪਰੀਮ ਕੋਰਟ ਨੇ ਦਿੱਲੀ ਦੰਗਿਆਂ ਦੇ ਮਾਮਲੇ 'ਚ ਕਥਿਤ ਤੌਰ 'ਤੇ ਭੜਕਾਊ ਭਾਸ਼ਣ ਦੇਣ ਦੇ ਦੋਸ਼ 'ਚ ਭਾਜਪਾ ਨੇਤਾਵਾਂ ਵਿਰੁੱਧ ਐੱਫਆਈਆਰ ਦਰਜ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਦਿੱਲੀ ਹਾਈ ਕੋਰਟ ਨੂੰ ਤਿੰਨ ਮਹੀਨਿਆਂ ਦੇ ਅੰਦਰ ਫੈਸਲਾ ਲੈਣ ਲਈ ਕਿਹਾ ਹੈ। ਸੁਪਰੀਮ ਕੋਰਟ ਨੇ ਮਾਮਲੇ ਦਾ ਨਿਪਟਾਰਾ ਕਰਦੇ ਹੋਏ ਹਾਈ ਕੋਰਟ ਨੂੰ ਫੈਸਲਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਮਾਮਲੇ ਦੀ ਸੁਣਵਾਈ ਦੌਰਾਨ ਪਟੀਸ਼ਨਰ ਦੇ ਵਕੀਲ ਨੇ ਕਿਹਾ ਕਿ ਸਾਨੂੰ ਨਿਆਂ ਦੀ ਕੋਈ ਉਮੀਦ ਨਹੀਂ ਹੈ।2020 ਦੇ ਦਿੱਲੀ ਦੰਗਿਆਂ ਦੇ ਤਿੰਨ ਪੀੜਤਾਂ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ 'ਚ ਦੋਸ਼ ਲਾਇਆ ਗਿਆ ਹੈ ਕਿ ਦਿੱਲੀ ਹਾਈਕੋਰਟ ਨਫਰਤ ਭਰੇ ਭਾਸ਼ਣ ਮਾਮਲੇ 'ਚ ਉਸ ਦੀ ਪਟੀਸ਼ਨ 'ਤੇ ਸੁਣਵਾਈ ਨਹੀਂ ਕਰ ਰਹੀ ਹੈ। ਤਿੰਨ ਦੰਗਾ ਪੀੜਤਾਂ ਨੇ ਕਥਿਤ ਨਫਰਤ ਭਰੇ ਭਾਸ਼ਣ ਦੇ ਮਾਮਲੇ ਵਿੱਚ ਭਾਜਪਾ ਨੇਤਾਵਾਂ ਕਪਿਲ ਮਿਸ਼ਰਾ, ਅਨੁਰਾਗ ਠਾਕੁਰ, ਪ੍ਰਵੇਸ਼ ਵਰਮਾ, ਅਭੈ ਵਰਮਾ ਦੇ ਖਿਲਾਫ ਐਫਆਈਆਰ ਦਰਜ ਕਰਨ ਲਈ ਦਿੱਲੀ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ 'ਚ ਦਿੱਲੀ ਦੰਗਿਆਂ ਦੀ ਜਾਂਚ ਅਤੇ ਪੀੜਤਾਂ ਨੂੰ ਮੁਆਵਜ਼ਾ ਦੇਣ ਅਤੇ ਸੀਸੀਟੀਵੀ ਦੇ ਆਧਾਰ 'ਤੇ ਦੰਗਿਆਂ ਦੇ ਸਬੂਤਾਂ ਨੂੰ ਸੁਰੱਖਿਅਤ ਰੱਖਣ ਲਈ ਦਿੱਲੀ ਤੋਂ ਬਾਹਰਲੇ ਅਧਿਕਾਰੀਆਂ ਦੀ ਇੱਕ ਸੁਤੰਤਰ ਜਾਂਚ ਟੀਮ ਗਠਿਤ ਕਰਨ ਦੀ ਵੀ ਮੰਗ ਕੀਤੀ ਗਈ ਹੈ।

ਸੁਪਰੀਮ ਕੋਰਟ ਨੇ ਦੰਗਾ ਪੀੜਤਾਂ ਦੀ ਪਟੀਸ਼ਨ 'ਤੇ ਕਿਹਾ ਕਿ ਫਿਲਹਾਲ ਉਹ ਹਾਈ ਕੋਰਟ ਨੂੰ ਛੇਤੀ ਸੁਣਵਾਈ ਲਈ ਕਹਿ ਸਕਦੀ ਹੈ। ਮਾਮਲੇ ਦੀ ਸੁਣਵਾਈ ਦੌਰਾਨ ਪਟੀਸ਼ਨਕਰਤਾ ਦੇ ਵਕੀਲ ਨੇ ਕਿਹਾ ਕਿ ਮਾਰਚ 2020 'ਚ ਹਾਈਕੋਰਟ ਨੂੰ ਇਸ ਮਾਮਲੇ ਦਾ ਜਲਦ ਤੋਂ ਜਲਦ ਨਿਪਟਾਰਾ ਕਰਨ ਲਈ ਕਿਹਾ ਗਿਆ ਸੀ, ਜਿਸ ਤੋਂ ਬਾਅਦ ਹਾਈਕੋਰਟ ਨੇ ਹੁਕਮ ਦਿੱਤਾ ਕਿ ਜਾਮੀਆ ਯੂਨੀਵਰਸਿਟੀ 'ਚ ਹੋਈ ਹਿੰਸਾ ਦੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਸਾਡੀ ਪਟੀਸ਼ਨ 'ਤੇ ਸੁਣਵਾਈ ਹੋਵੇਗੀ ਪਰ ਇਸ ਤੋਂ ਬਾਅਦ ਵੀ ਸਾਡੀ ਪਟੀਸ਼ਨ 'ਤੇ ਇਕ ਦਿਨ ਵੀ ਸੁਣਵਾਈ ਨਹੀਂ ਹੋਈ।ਦੱਸ ਦਈਏ ਕਿ ਸੀਏਏ ਦੇ ਵਿਰੋਧ 'ਚ ਉੱਤਰ ਪੂਰਬੀ ਦਿੱਲੀ 'ਚ ਦੰਗਾ ਪ੍ਰਦਰਸ਼ਨ ਦੌਰਾਨ ਦੰਗਾ ਭੜਕ ਗਿਆ ਸੀ। ਇਹ ਦੰਗੇ 23 ਫਰਵਰੀ ਤੋਂ 26 ਫਰਵਰੀ ਦਰਮਿਆਨ ਹੋਏ ਸਨ ਤੇ ਇਸ ਵਿੱਚ 53 ਲੋਕਾਂ ਦੀ ਜਾਨ ਗਈ ਸੀ ।