ਕਰਨਾਟਕ 'ਚ 10ਵੀਂ ਦੇ ਸਿਲੇਬਸ ਵਿਚੋਂ ਸ਼ਹੀਦ ਭਗਤ ਸਿੰਘ ਨੂੰ ਹਟਾ ਕੇ ਸੰਘ ਸੰਸਥਾਪਕ ਹੇਡਗੇਵਾਰ ਨੂੰ ਕੀਤਾ ਸ਼ਾਮਿਲ

ਕਰਨਾਟਕ 'ਚ 10ਵੀਂ ਦੇ ਸਿਲੇਬਸ ਵਿਚੋਂ ਸ਼ਹੀਦ ਭਗਤ ਸਿੰਘ ਨੂੰ ਹਟਾ ਕੇ ਸੰਘ ਸੰਸਥਾਪਕ ਹੇਡਗੇਵਾਰ ਨੂੰ ਕੀਤਾ ਸ਼ਾਮਿਲ

ਆਮ ਆਦਮੀ ਪਾਰਟੀ ਪੰਜਾਬ ਨੇ ਕਰਨਾਟਕ ਦੀ ਭਾਜਪਾ ਸਰਕਾਰ ਉਪਰ ਲਗਾਏ ਦੋਸ਼     

      ਸ਼ਹੀਦ ਭਗਤ ਸਿੰਘ ਦਾ ਅਧਿਆਏ ਨਹੀਂ ਹਟਾਇਆ-ਕਰਨਾਟਕ   

ਅੰਮ੍ਰਿਤਸਰ ਟਾਈਮਜ਼

 ਚੰਡੀਗੜ੍ਹ-ਆਮ ਆਦਮੀ ਪਾਰਟੀ ਪੰਜਾਬ ਨੇ ਕਰਨਾਟਕ ਦੀ ਭਾਜਪਾ ਸਰਕਾਰ ਵਲੋਂ ਦਸਵੀਂ ਜਮਾਤ ਦੇ ਸਿਲੇਬਸ ਵਿਚੋਂ ਭਗਤ ਸਿੰਘ ਨੂੰ ਹਟਾ ਕੇ ਆਰ.ਐਸ.ਐਸ. ਸੰਸਥਾਪਕ ਕੇ.ਐਸ. ਹੇਡਗੇਵਾਰ ਨੂੰ ਸ਼ਾਮਿਲ ਕਰਨ ਦੀ ਨਿੰਦਾ ਕਰਦਿਆਂ ਇਸ ਦਾ ਵਿਰੋਧ ਕੀਤਾ ਹੈ । ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਲਿਖਿਆ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਪ੍ਰਤੀ ਭਾਜਪਾ ਦੀ ਨਫ਼ਰਤ ਸਭ ਦੇ ਸਾਹਮਣੇ ਆ ਗਈ ਹੈ ।ਛੋਟੀ ਉਮਰ ਵਿਚ ਦੇਸ਼ ਲਈ ਆਪਣੀ ਜਾਨ ਦੇ ਕੇ ਇਨਕਲਾਬ ਦੀ ਲੋਅ ਜਗਾਉਣ ਵਾਲੇ ਸਰਦਾਰ ਭਗਤ ਸਿੰਘ ਨੂੰ ਪੜ੍ਹ ਕੇ ਅੱਜ ਵੀ ਨੌਜਵਾਨਾਂ ਵਿਚ ਦੇਸ਼ ਭਗਤੀ ਦੀ ਲਹਿਰ ਦੌੜ ਜਾਂਦੀ ਹੈ ।

'ਆਪ' ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਭਾਜਪਾ ਦੀ ਕਰਨਾਟਕ ਸਰਕਾਰ ਨੇ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਸ਼ਹੀਦ ਭਗਤ ਸਿੰਘ ਦਾ ਪਾਠ (ਚੈਪਟਰ) ਹਟਾ ਕੇ ਹੇਡਗੇਵਾਰ ਦਾ ਪਾਠ ਦਸਵੀਂ ਜਮਾਤ ਦੇ ਸਿਲੇਬਸ ਵਿਚ ਸ਼ਾਮਿਲ ਕੀਤਾ ਹੈ । ਪਾਰਟੀ ਮੁੱਖ ਦਫ਼ਤਰ ਵਿਚ ਮੀਡੀਆ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਦੀ ਦੋਹਰੀ ਰਾਜਨੀਤੀ ਦਾ ਸੱਚ ਲੋਕਾਂ ਸਾਹਮਣੇ ਆ ਗਿਆ ਹੈ ।

ਦੂਸਰੇ ਪਾਸੇ ਕਰਨਾਟਕ ਦੇ ਸਿੱਖਿਆ ਮੰਤਰਾਲੇ ਨੇ  ਸਪੱਸ਼ਟ ਕੀਤਾ ਹੈ ਕਿ 10ਵੀਂ ਜਮਾਤ ਦੀਆਂ ਕੰਨੜ ਪਾਠ-ਪੁਸਤਕਾਂ ਵਿਚੋਂ ਸ਼ਹੀਦ ਭਗਤ ਸਿੰਘ ਬਾਰੇ ਕੋਈ ਅਧਿਆਏ ਨਹੀਂ ਹਟਾਇਆ ਗਿਆ ਹੈ । ਇਸ ਸੰਬੰਧੀ ਮੰਤਰੀ ਬੀ. ਸੀ. ਨਾਗੇਸ਼ ਨੇ ਕਿਹਾ ਕਿ ਮੀਡੀਆ ਵਿਚ ਆ ਰਹੀਆਂ ਰਿਪੋਰਟਾਂ ਪੂਰੀ ਤਰ੍ਹਾਂ ਝੂਠੀਆਂ ਹਨ, ਅਸੀਂ ਅਜਿਹਾ ਕੁਝ ਨਹੀਂ ਕੀਤਾ ਹੈ ।ਉਨ੍ਹਾਂ ਕਿਹਾ ਕਿ ਅਸੀਂ ਤਾਂ ਸਿਰਫ਼ ਹੇਡਗੇਵਾਰ ਦੇ ਭਾਸ਼ਣ ਨੂੰ ਸ਼ਾਮਿਲ ਕੀਤਾ ਹੈ ।