ਜਾਨਵਰ ਵੀ ਕੋਰੋਨਾ ਦਾ ਸ਼ਿਕਾਰ , 15 ਤੋਂ ਜ਼ਿਆਦਾ ਸ਼ੇਰਾਂ ਦੀ ਹੋ ਚੁੱਕੀ ਹੈ ਮੌਤ
ਅੰਮ੍ਰਿਤਸਰ ਟਾਈਮਜ਼
ਨਵੀਂ ਦਿੱਲੀ : ਪਿਛਲੇ ਢਾਈ ਸਾਲ ’ਵਿਚ ਵਿਸ਼ਵ ਪੱਧਰ ’ਤੇ ਮਨੁੱਖ ਜਾਤੀ ਨੂੰ ਪਰੇਸ਼ਾਨ ਕਰਨ ਵਾਲਾ ਕੋਰੋਨਾ ਵਾਇਰਸ ਹੁਣ ਜਾਨਵਰਾਂ ’ਵਿਚ ਪਹੁੰਚ ਗਿਆ ਹੈ। ਕੁੱਤਾ, ਬਿੱਲੀ, ਸ਼ੇਰ, ਤੇਂਦੂਆ ਅਤੇ ਹਿਰਨ ਸਮੇਤ ਕਈ ਹੋਰ ਪਸ਼ੂਆਂ ਵਿਚ ਇਸ ਦਾ ਅਸਰ ਹੋਇਆ ਹੈ। ਥੋਡ਼੍ਹੀ ਰਾਹਤ ਦੀ ਗੱਲ ਇਹ ਹੈ ਕਿ ਗਊਆਂ, ਮੱਝਾਂ, ਭੇਡਾਂ ਤੇ ਬੱਕਰੀਆਂ ਵਰਗੇ ਪਾਲਤੂ ਅਤੇ ਦੁਧਾਰੂ ਪਸ਼ੂਆਂ ਵਿਚ ਇਸ ਕੋਰੋਨਾ ਵਾਇਰਸ ਦਾ ਕੋਈ ਲੱਛਣ ਨਹੀਂ ਦੇਖਿਆ ਗਿਆ ਹੈ।
ਇੰਡੀਅਨ ਕੌਂਸਲ ਆਫ ਐਗਰੀਕਲਚਰਲ ਇੰਸਟੀਚਿਊਟ (ਆਈਸੀਏਆਰ) ਦੀ ਇਕ ਸਰਵੇਖਣ ਰਿਪੋਰਟ ਮੁਤਾਬਕ, ਦੇਸ਼ ਵਿਚ 18 ਤੋਂ 20 ਫ਼ੀਸਦੀ ਪਸ਼ੂਆਂ ਵਿਚ ਕੋਰੋਨਾ ਵਾਇਰਸ ਖ਼ਿਲਾਫ਼ ਐਂਟੀਬਾਡੀ ਪਾਈ ਗਈ ਹੈ। ਭਾਰਤ ਵਿਚ ਪਾਏ ਜਾਣ ਵਾਲੇ ਸ਼ੇਰਾਂ ਵਿਚ ਕੋਵਿਡ-19 ਦੇ ਡੈਲਟਾ ਵੇਰੀਐਂਟ ਦੇ ਇਨਫੈਕਸ਼ਨ ਦੀ ਪੁਸ਼ਟੀ ਹੋ ਚੁੱਕੀ ਹੈ। ਮੰਨਿਆ ਜਾ ਰਿਹਾ ਹੈ ਕਿ ਪਸ਼ੂਆਂ ਵਿਚ ਇਹ ਇਨਫੈਕਸ਼ਨ ਮਨੁੱਖਾਂ ਤੋਂ ਹੀ ਗਿਆ ਹੈ ਕਿਉਂਕਿ ਜਿੰਨੇ ਪਸ਼ੂਆਂ ਵਿਚ ਇਹ ਪਾਇਆ ਗਿਆ ਹੈ ਉਹ ਜਾਂ ਤਾਂ ਚਿਡ਼ੀਆਘਰ ’ਚ ਰਹਿੰਦੇ ਹਨ ਜਾਂ ਫਿਰ ਘਰਾਂ ਵਿਚ ਪਾਲਤੂ ਹਨ। ਹੁਣ ਤਕ 15 ਤੋਂ ਜ਼ਿਆਦਾ ਸ਼ੇਰਾਂ ਦੀ ਮੌਤ ਹੋ ਚੁੱਕੀ ਹੈ। ਪਸ਼ੂਆਂ ਵਿਚ ਫੈਲ ਰਹੀ ਇਸ ਮਹਾਮਾਰੀ ਦੀ ਜਾਂਚ ਅਤੇ ਰੋਕਥਾਮ ਲਈ ਵੈਕਸੀਨ ਤਿਆਰ ਹੋ ਚੁੱਕੀ ਹੈ।
ਆਈਸੀਏਆਰ ਦੇ ਰਾਸ਼ਟਰੀ ਅਸ਼ਵ ਖੋਜ ਕੇਂਦਰ ਦੇ ਵਿਗਿਆਨੀਆਂ ਨੇ ਪਸ਼ੂਆਂ ਵਿਚ ਕੋਰੋਨਾ ਦੀ ਜਾਂਚ ਲਈ ਕਿੱਟ ਅਤੇ ਵੈਕਸੀਨ ਤਿਆਰ ਕਰ ਲਈ ਹੈ। ਇਸ ਬਾਰੇ ਵਿਚ ਆਈਸੀਏਆਰ ਦੇ ਡਾਇਰੈਕਟਰ ਜਨਰਲ ਤ੍ਰਿਲੋਚਨ ਮਹਾਪਾਤਰ ਨੇ ਦੱਸਿਆ ਕਿ ਸ਼ੇਰਾਂ ਵਿਚ ਮਿਲਿਆ ਡੈਲਟਾ ਵੇਰੀਐਂਟ ਮਨੁੱਖ ’ਵਿਚ ਹੋਣ ਵਾਲੇ ਡੈਲਟਾ ਵੇਰੀਐਂਟ ਦੇ ਸਮਰੂਪ ਪਾਇਆ ਗਿਆ ਹੈ। ਪਸ਼ੂ ਤੋਂ ਪਸ਼ੂ ਵਿਚ ਅਤੇ ਇਸ ਦੇ ਨਾਲ ਮਨੁੱਖ ਵਿਚ ਇਸ ਦੇ ਇਨਫੈਕਸ਼ਨ ਨੂੰ ਰੋਕਣ ਲਈ ਏਂਕੋਵੈਕਸ ਵੈਕਸੀਨ ਵਿਕਸਤ ਕੀਤੀ ਗਈ ਹੈ।
ਡਿਪਟੀ ਡਾਇਰੈਕਟਰ ਜਨਰਲ (ਪਸ਼ੂ ਵਿਗਿਆਨ) ਡਾ. ਵੀਕੇ ਤ੍ਰਿਪਾਠੀ ਨੇ ਦੱਸਿਆ ਕਿ ਕੋਰੋਨਾ ਦੀ ਵਜ੍ਹਾ ਨਾਲ 15 ਤੋਂ ਜ਼ਿਆਦਾ ਸ਼ੇਰਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਭੋਪਾਲ ਸਥਿਤ ਲੈਬ ਵਿਚ ਸੈਂਪਲ ਟੈਸਟ ਤੋਂ ਬਾਅਦ ਇਸ ਦੀ ਪੁਸ਼ਟੀ ਹੋਈ ਹੈ। ਹਾਲਾਂਕਿ, ਉਨ੍ਹਾਂ ਇਹ ਭਰੋਸਾ ਵੀ ਪ੍ਰਗਟਾਇਆ ਕਿ ਅਸ਼ਵ ਖੋਜ ਕੇਂਦਰ ਵੱਲੋਂ ਵਿਕਸਤ ਵੈਕਸੀਨ ਇਸ ਦੇ ਪ੍ਰਸਾਰ ਨੂੰ ਰੋਕਣ ਵਿਚ ਸਮਰੱਥ ਹੈ ਅਤੇ ਸੁਰੱਖਿਅਤ ਵੀ। ਖੋਜ ਸੰਸਥਾ ਦੇ ਨੈਸ਼ਨਲ ਸੈਂਟਰ ਫਾਰ ਵੈਟਨਰੀ ਟਾਈਪ ਕਲਚਰ ਦੇ ਵਿਗਿਆਨੀਆਂ ਦੀ ਟੀਮ ਨੇ ਟੈਸਟ ਕਿੱਟ ਅਤੇ ਵੈਕਸੀਨ ਵਿਕਸਤ ਕੀਤੀ ਹੈ ਜਿਸ ਨੂੰ ਕੇਂਦਰੀ ਖੇਤੀਬਾਡ਼ੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਲਾਂਚ ਕੀਤਾ ਹੈ। ਵਿਗਿਆਨੀਆਂ ਦੀ ਟੀਮ ਦੇ ਮੁਖੀ ਡਾ. ਨਵੀਨ ਕੁਮਾਰ ਨੇ ਇਕ ਸਵਾਲ ਦੇ ਜਵਾਬ ਵਿਚ ਦੱਸਿਆ ਕਿ ਦੁਨੀਆ ਦੇ ਕੁਝ ਦੇਸ਼ਾਂ ਵਿਚ ਪਸ਼ੂਆਂ ਤੋਂ ਮਨੁੱਖ ਵਿਚ ਕੋਰੋਨਾ ਇਨਫੈਕਸ਼ਨ ਦੀਆਂ ਸੂਚਨਾਵਾਂ ਮਿਲੀਆਂ ਹਨ। ਭਾਰਤ ਵਿਚ ਇਸ ਦਿਸ਼ਾ ਵਿਚ ਲਗਾਤਾਰ ਪ੍ਰੀਖਣ ਜਾਰੀ ਹਨ। ਉਨ੍ਹਾਂ ਕਿਹਾ ਕਿ ਸ਼ੇਰ, ਤੇਂਦੂਏ, ਹਿਰਨ ਅਤੇ ਖਰਗੋਸ਼ ਵਿਚ ਇਸ ਦਾ ਇਨਫੈਕਸਨ ਥੋਡ਼੍ਹਾ ਗੰਭੀਰ ਹੁੰਦਾ ਹੈ, ਪਰ ਹੋਰਨਾਂ ਪਾਲਤੂ ਪਸ਼ੂਆਂ ਵਿਚ ਇਸ ਦਾ ਇਨਫੈਕਸ਼ਨ ਹਲਕਾ ਪਾਇਆ ਗਿਆ ਹੈ।
Comments (0)