ਦਿੱਲੀ ਤੋਂ ਨਿਕਲਣ ਵਾਲੇ ਫ਼ਤਿਹ ਮਾਰਚ ਦੀਆਂ ਤਿਆਰੀਆਂ ਸੰਬੰਧੀ ਹੋਈ ਅਹਿਮ ਮੀਟਿੰਗ

ਦਿੱਲੀ ਤੋਂ ਨਿਕਲਣ ਵਾਲੇ ਫ਼ਤਿਹ ਮਾਰਚ ਦੀਆਂ ਤਿਆਰੀਆਂ ਸੰਬੰਧੀ ਹੋਈ ਅਹਿਮ ਮੀਟਿੰਗ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ, 6 ਮਾਰਚ (ਮਨਪ੍ਰੀਤ ਸਿੰਘ ਖਾਲਸਾ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਨਾਲ ਮਿਲ ਕੇ ਸ. ਜੱਸਾ ਸਿੰਘ ਰਾਮਗੜ੍ਹੀਆ ਦੇ 300ਵੇਂ ਜਨਮਦਿਵਸ ਨੂੰ ਸਮਰਪਿਤ ਹੋ ਕੇ ਦਿੱਲੀ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਤਕ ਫ਼ਤਿਹ ਮਾਰਚ ਕੱਢਣ ਦਾ ਫ਼ੈਸਲਾ ਲਿਆ ਗਿਆ ਹੈ ਜਿਸ ਦੇ ਚਲਦੇ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਹੇਠ ਮੀਟਿੰਗ ਪਲੇਠੀ ਗਈ ਸੀ ਅਤੇ ਮਨਜੀਤ ਸਿੰਘ ਨੂੰ ਪ੍ਰੋਗਰਾਮਾਂ ਦੀ ਰੂਪਰੇਖਾ ਤਿਆਰ ਕਰਨ ਵਾਲੀ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਸੀ। 

ਅੱਜ ਮਨਜੀਤ ਸਿੰਘ ਜੀ.ਕੇ ਆਪਣਾ ਕਾਰਜਭਾਰ ਸੰਭਾਲਦਿਆਂ ਗੁਰਦੁਆਰਾ ਰਕਾਬ ਗੰਜ ਸਾਹਿਬ ਸਥਿਤ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿਖੇ ਪ੍ਰੋਗਰਾਮਾਂ ਦੀ ਰੂਪਰੇਖਾ ਤਿਆਰ ਕਰਨ ਸੰਬੰਧੀ ਮੀਟਿੰਗ ਦੀ ਅਗਵਾਈ ਕੀਤੀ ਜਿਸ ਵਿਚ ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਸੁਖਵਿੰਦਰ ਸਿੰਘ ਬੱਬਰ, ਜਤਿੰਦਰ ਸਿੰਘ ਸੋਨੂੰ, ਭੁਪਿੰਦਰ ਸਿੰਘ ਪੀ.ਆਰ.ਓ. ਅਤੇ ਹੋਰ ਪਤਵੰਤੇ ਹਾਜ਼ਰ ਸਨ।

ਸ. ਮਨਜੀਤ ਸਿੰਘ ਜੀ.ਕੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 20 ਮਾਰਚ ਤੋਂ ਜਰਨੈਲੀ ਫਤਹਿ ਮਾਰਚ ਕੱਢਿਆ ਜਾਵੇਗਾ, ਜੋ ਕਿ ਦਿੱਲੀ, ਹਰਿਆਣਾ, ਪੰਜਾਬ ਦੇ ਹਲਕਿਆਂ ਵਿਚੋਂ ਹੁੰਦਾ ਹੋਇਆ ਆਨੰਦਪੁਰ ਸਾਹਿਬ ਤੇ 4 ਅਪ੍ਰੈਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਪਤ ਹੋਵੇਗਾ। 

ਸੰਗਤਾਂ ਨੂੰ ਇਸ ਫ਼ਤਿਹ ਮਾਰਚ ਸਬੰਧੀ ਜਾਣੂ ਕਰਵਾਉਣ ਲਈ ਦਿੱਲੀ ਦੇ ਵੱਖ-ਵੱਖ ਹਿੱਸਿਆਂ ਵਿੱਚ ਪ੍ਰੋਗਰਾਮ ਉਲੀਕੇ ਜਾਣਗੇ। ਜਰਨੈਲੀ ਫਤਹਿ ਮਾਰਚ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਤੋਂ ਇਲਾਵਾ ਜੱਸਾ ਸਿੰਘ ਰਾਮਗੜ੍ਹੀਆ ਵੱਲੋਂ ਮੁਗ਼ਲ ਹਕੂਮਤ ਦਾ ਖਾਤਮਾ ਕਰ ਤਖ਼ਤ ਤਾਜ਼ ਜੋ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਰੱਖਿਆ ਗਿਆ ਹੈ ਉਸ ਦੇ ਦਰਸ਼ਨ ਵੀ ਸੰਗਤਾਂ ਕਰ ਸਕਣਗੀਆਂ। ਇਸ ਤੋਂ ਇਲਾਵਾ ਸਿੱਖ ਇਤਿਹਾਸ, ਗੁਰੂ ਸਾਹਿਬਾਨ ਦੇ ਸਮੇਂ ਦੇ ਸ਼ਸਤਰ ਵੀ ਫ਼ਤਿਹ ਮਾਰਚ ਦਾ ਹਿੱਸਾ ਹੋਣਗੇ। ਗਤਕਾਂ ਪਾਰਟੀਆਂ ਵੱਲੋਂ ਗਤਕੇ ਦੇ ਜ਼ੌਹਰ ਵੀ ਵਿਖਾਏ ਜਾਣਗੇ, ਜਿਸ ਲਈ ਨਿਹੰਗ ਜਥਿਆਂ ਅਤੇ ਗਤਕਾ ਪਾਰਟੀਆਂ ਨਾਲ ਰਾਬਤਾ ਕਾਇਮ ਕੀਤਾ ਜਾਵੇਗਾ।

ਉਨ੍ਹਾਂ ਅੱਗੇ ਕਿਹਾ ਕਿ ਇਹ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਅਤੇ ਇਸ ਦਾ ਇੱਕੋ ਇੱਕ ਮਕਸਦ ਸਾਡੀ ਨੌਜਵਾਨ ਪੀੜ੍ਹੀ ਨੂੰ ਦੱਸਣਾ ਹੈ ਕਿ ਸ. ਜੱਸਾ ਸਿੰਘ ਰਾਮਗੜ੍ਹੀਆ ਕੌਣ ਸਨ ਅਤੇ ਉਨ੍ਹਾਂ ਨੇ ਮੁਗ਼ਲ ਰਾਜ ਦਾ ਅੰਤ ਕਿਵੇਂ ਕੀਤਾ ਅਤੇ ਦਿੱਲੀ ਨੂੰ ਆਜ਼ਾਦ ਕਰਵਾਇਆ। ਦਿੱਲੀ ਦੇ ਲਾਲ ਕਿਲੇ ’ਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਇਆ ਗਿਆ। ਤੀਹ ਹਜ਼ਾਰ ਘੋੜੇ ਦਿੱਲੀ ਦੇ ਉਸ ਸਥਾਨ ’ਤੇ ਸਿੱਖ ਸਿਪਾਹੀਆਂ ਵੱਲੋਂ ਲਿਆ ਕੇ ਬੰਨ੍ਹੇ ਗਏ ਸਨ ਜਿੱਥੇ ਅੱਜ ਤੀਸ ਹਜ਼ਾਰੀ ਕੋਰਟ ਸਥਿਤ ਹੈ। ਸਿੱਖ ਫੌਜ ਮੋਰੀ ਗੇਟ ਤੋਂ ਨਿਸ਼ਾਨ ਬਣਾ ਕੇ ਦੱਲੀ ਵਿੱਚ ਦਾਖਲ ਹੋਈ ਸੀ ਅਤੇ ਮਿਠਾਈ ਪੁੱਲ ’ਤੇ ਜਿੱਤ ਦੇ ਜਸ਼ਨ ਦੇ ਬਦਲੇ ਮਿਠਾਈਆਂ ਵੰਡੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਇਨ੍ਹਾਂ ਸਾਰੀਆਂ ਗੱਲਾਂ ਤੋਂ ਪੂਰੀ ਤਰ੍ਹਾਂ ਅਣਜਾਣ ਹੈ, ਇਸ ਲਈ ਉਨ੍ਹਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ।