ਸੱਜਣ ਕੁਮਾਰ ਨੂੰ ਅਦਾਲਤ ਵਲੋਂ ਵੱਡੀ ਰਾਹਤ, ਸੀਐਫਐਸਐਲ ਰਿਪੋਰਟ ਨੂੰ ਵਰਤ ਸਕਦਾ ਹੈ ਆਪਣੇ ਬਚਾਅ ਲਈ 

ਸੱਜਣ ਕੁਮਾਰ ਨੂੰ ਅਦਾਲਤ ਵਲੋਂ ਵੱਡੀ ਰਾਹਤ, ਸੀਐਫਐਸਐਲ ਰਿਪੋਰਟ ਨੂੰ ਵਰਤ ਸਕਦਾ ਹੈ ਆਪਣੇ ਬਚਾਅ ਲਈ 

 ਸਿੱਖ ਪੰਥ ਨੂੰ ਦੇਸ਼ ਅੰਦਰ ਲਗਾਤਾਰ ਬੇਗ਼ਾਨੇਪਨ ਦਾ ਕਰਵਾਇਆ ਜਾ ਰਿਹਾ ਹੈ ਅਹਿਸਾਸ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 25 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):-ਸਿੱਖ ਪੰਥ ਨੂੰ ਦੇਸ਼ ਅੰਦਰ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਬੇਗ਼ਾਨੇਪਨ ਦਾ ਕਰਵਾਇਆ ਜਾ ਰਿਹਾ ਹੈ । ਪਹਿਲਾਂ ਰਾਮ ਰਹੀਮ ਜੋ ਕਿ ਸਿੱਖ ਪੰਥ ਲਈ ਵੱਡਾ ਗੁਨਾਹਗਾਰ ਹੈ, ਆਸ਼ਿਸ਼ ਮਿਸ਼ਰਾ ਜੋ ਕਿ ਕਿਸਾਨਾਂ ਤੇ ਗੱਡੀ ਚੜਾਉਣ ਦਾ ਦੋਸ਼ੀ ਹੈ ਤੇ ਹੁਣ ਸੱਜਣ ਕੁਮਾਰ ਜੋ ਕਿ ਦਿੱਲੀ ਵਿਚ ਨਵਬੰਰ 1984 ਦੇ ਸਿੱਖ ਕਤਲੇਆਮ ਦਾ ਮੁੱਖ ਦੋਸ਼ੀ ਹੈ ਨੂੰ ਵੱਖ ਵੱਖ ਅਦਾਲਤਾਂ ਵਲੋਂ ਵੱਡੀ ਰਾਹਤ ਦੇ ਕੇ ਬਹੁ ਗਿਣਤੀ ਲਈ ਵੱਖਰਾ ਤੇ ਘੱਟ ਗਿਣਤੀ ਲਈ ਵੱਖਰਾ ਕਾਨੂੰਨ ਹੈ, ਦਾ ਬਾਰ ਬਾਰ ਅਹਿਸਾਸ ਕਰਵਾਇਆ ਜਾ ਰਿਹਾ ਹੈ। ਇਸੇ ਕਾਨੂੰਨ ਤਹਿਤ ਗੰਭੀਰ ਦੋਸ਼ੀ ਤਾਂ ਰਿਹਾਅ ਕਰ ਦਿੱਤੇ ਜਾਂਦੇ ਹਨ ਪਰ ਸਰਕਾਰ ਵਲੋਂ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲਾ ਕਰਣ ਵਿਰੁੱਧ ਆਪਣਾ ਰੋਸ਼ ਜ਼ਾਹਿਰ ਕਰਦੇ ਕੀਤੀਆਂ ਕਰਵਾਈਆਂ ਵਿਚ ਗ੍ਰਿਫਤਾਰ ਹੋਏ ਸਿੱਖਾਂ ਨੂੰ ਉਨ੍ਹਾਂ ਦੀ ਇਸੇ ਕਾਨੂੰਨ ਤਹਿਤ ਬਣਦੀ ਸਜ਼ਾ ਤੋਂ ਵੀਂ ਵੱਧ ਸਜ਼ਾ ਭੁਗਤਣ ਉਪਰੰਤ ਰਿਹਾਅ ਕਰਣਾ ਤਾਂ ਦੂਰ ਜਮਾਨਤਾਂ, ਪੈਰੋਲਾਂ ਤਕ ਨਹੀਂ ਦਿੱਤੀ ਜਾ ਰਹੀਆਂ ਹਨ ।

ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਨੇ 1984 ਦੇ ਸਿੱਖ ਕਤਲੇਆਮ ਨਾਲ ਜੁੜੇ ਇੱਕ ਮਾਮਲੇ ਵਿੱਚ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ ਸਾਬਕਾ ਕਾਂਗਰਸੀ ਆਗੂ ਨੂੰ ਉਸ ਵਿਰੁੱਧ ਚੱਲ ਰਹੇ ਰਾਜ ਬਨਾਮ ਸੱਜਣ ਕੁਮਾਰ ਕੇਸ ਵਿੱਚ ਆਪਣੇ ਬਚਾਅ ਵਿੱਚ ਪੋਲੀਗ੍ਰਾਫ਼ ਟੈਸਟ ਦੀ ਵਰਤੋਂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਵਿੱਚ ਬੀਤੇ ਇਕ ਦਿਨ ਪਹਿਲਾਂ ਹੋਈ ਸੁਣਵਾਈ ਦੌਰਾਨ ਵਿਸ਼ੇਸ਼ ਜੱਜ ਐਮ ਕੇ ਨਾਗਪਾਲ ਨੇ ਕਿਹਾ ਕਿ ਇਸਤਗਾਸਾ ਪੱਖ ਸੱਜਣ ਕੁਮਾਰ ਦੇ ਪੋਲੀਗ੍ਰਾਫ ਟੈਸਟ ਦੀ ਰਿਪੋਰਟ ਨੂੰ ਸਬੂਤ ਵਜੋਂ ਨਹੀਂ ਵਰਤ ਸਕਦਾ ਹੈ ਪਰ ਦੋਸ਼ੀ ਨਿਸ਼ਚਿਤ ਤੌਰ 'ਤੇ ਉਹੀ ਰਿਪੋਰਟ ਆਪਣੇ ਬਚਾਅ ਵਿਚ ਵਰਤ ਸਕਦਾ ਹੈ। ਦੱਸਣਯੋਗ ਹੈ ਕਿ 1984 ਦੇ ਸਿੱਖ ਕਤਲੇਆਮ'ਚ ਸੱਜਣ ਕੁਮਾਰ 'ਤੇ ਹਿੰਸਾ ਕਰ ਰਹੀ ਭੀੜ ਦੀ ਅਗਵਾਈ ਕਰਨ ਦਾ ਦੋਸ਼ ਹੈ। ਇਸ ਹਿੰਸਾ ਵਿਚ ਕਈ ਸਿੱਖ ਪਰਿਵਾਰਾਂ ਨੂੰ ਉਜਾੜ ਦਿੱਤਾ ਗਿਆ ਸੀ । ਸਾਲ 2018 ਵਿੱਚ ਦਿੱਲੀ ਹਾਈ ਕੋਰਟ ਨੇ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਤੇ ਇਸ ਮਾਮਲੇ ਵਿੱਚ ਕਈ ਹੋਰ ਕਾਂਗਰਸੀ ਆਗੂ ਵੀ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। 

ਸਿੱਖ ਕਤਲੇਆਮ ਨਾਲ ਸਬੰਧਤ ਇੱਕ ਕੇਸ ਵਿੱਚ, ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਨੇ ਉਨ੍ਹਾਂ ਸਾਰੇ ਦਸਤਾਵੇਜ਼ਾਂ ਲਈ ਅਦਾਲਤ ਦਾ ਰੁਖ ਕੀਤਾ ਸੀ, ਜਿਨ੍ਹਾਂ ਉੱਤੇ ਇਸਤਗਾਸਾ ਪੱਖ ਨੇ ਭਰੋਸਾ ਕੀਤਾ, ਜਿਸ ਵਿੱਚ ਵਾਧੂ ਗਵਾਹਾਂ ਦੇ ਬਿਆਨ ਅਤੇ ਕੇਂਦਰੀ ਫੋਰੈਂਸਿਕ ਸਾਇੰਸ ਲੈਬਾਰਟਰੀ (ਸੀਐਫਐਸਐਲ) ਦੁਆਰਾ ਕਰਵਾਏ ਗਏ ਪੋਲੀਗ੍ਰਾਫ ਟੈਸਟ ਸ਼ਾਮਲ ਹਨ।  

 1984 ਦੇ ਸਿੱਖ ਕਤਲੇਆਮ ਦੌਰਾਨ ਇੱਕ ਸਿੱਖ ਪਿਓ-ਪੁੱਤ ਦੀ ਜੋੜੀ ਜਸਵੰਤ ਸਿੰਘ ਅਤੇ ਤਰੁਣ ਦੀਪ ਸਿੰਘ ਨੂੰ ਭੀੜ ਨੇ ਕਤਲ ਕਰ ਦਿੱਤਾ ਸੀ। ਕਾਂਗਰਸੀ ਆਗੂ ਸੱਜਣ ਕੁਮਾਰ ਇਸ ਭੀੜ ਦੀ ਅਗਵਾਈ ਕਰਣ ਦੇ ਦੋਸ਼ੀ ਹਨ । ਉਸ ਨੇ ਕਥਿਤ ਤੌਰ 'ਤੇ ਭੜਕੀ ਹੋਈ ਤੇ ਹਿੰਸਾ ਫੈਲਾ ਰਹੀ ਭੀੜ ਨੂੰ ਉਨ੍ਹਾਂ ਦੋਵਾਂ ਪੀੜਤਾਂ ਨੂੰ ਸਾੜਨ ਲਈ ਉਕਸਾਇਆ ਸੀ ।