ਲਖੀਮਪੁਰ ਮਾਮਲੇ ਅੰਦਰ ਯੂਪੀ ਪੁਲਿਸ ਨੇ ਦਾਇਰ ਕੀਤੀ ਦੂਜੀ ਚਾਰਜਸ਼ੀਟ, ਸੱਤ ਕਿਸਾਨਾਂ ਨੂੰ ਬਣਾਇਆ ਦੋਸ਼ੀ
ਅੰਮ੍ਰਿਤਸਰ ਟਾਈਮਜ਼
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਲਖੀਮਪੁਰ ਖੇੜੀ ਮਾਮਲੇ ' ਚ ਉੱਤਰ ਪ੍ਰਦੇਸ਼ ਪੁਲਿਸ ਨੇ ਦੂਜੀ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਚਾਰਜਸ਼ੀਟ 'ਚ 7 ਕਿਸਾਨਾਂ 'ਤੇ ਡਰਾਈਵਰ ਅਤੇ ਦੋ ਭਾਜਪਾ ਨੇਤਾਵਾਂ 'ਤੇ ਹੱਤਿਆ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਹ ਚਾਰਜਸ਼ੀਟ ਪਿਛਲੇ ਸਾਲ ਲਖੀਮਪੁਰ 'ਚ 3 ਅਕਤੂਬਰ ਦੀ ਘਟਨਾ ਦੇ ਸਬੰਧ 'ਚ ਦਾਇਰ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਨੇ ਕਥਿਤ ਤੌਰ 'ਤੇ ਆਪਣੀ ਐਸ ਯੂ ਵੀ ਗੱਡੀ ਨਾਲ ਚਾਰ ਕਿਸਾਨਾਂ ਅਤੇ ਇਕ ਪੱਤਰਕਾਰ ਨੂੰ ਕੁਚਲ ਦਿੱਤਾ ਸੀ, ਜਿਸ ਤੋਂ ਬਾਅਦ ਹਿੰਸਾ ਭੜਕ ਗਈ ਸੀ। ਇਸ ਤੋਂ ਬਾਅਦ ਦੋ ਭਾਜਪਾ ਵਰਕਰਾਂ ਸਮੇਤ ਤਿੰਨ ਲੋਕਾਂ ਦੀ ਕੁੱਟਮਾਰ ਕੀਤੀ ਗਈ। ਪੁਲੀਸ ਨੇ ਡਰਾਈਵਰ ਤੇ ਭਾਜਪਾ ਵਰਕਰਾਂ ਦੇ ਕਤਲ ਦੇ ਮਾਮਲੇ ਵਿੱਚ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਧਿਆਨ ਯੋਗ ਹੈ ਕਿ ਲਖੀਮਪੁਰ ਖੇੜੀ ਮਾਮਲੇ ਦੇ ਸਬੰਧ ਵਿੱਚ ਦਾਇਰ ਪਹਿਲੀ ਚਾਰਜਸ਼ੀਟ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਨੂੰ ਦੋਸ਼ੀ ਬਣਾਇਆ ਗਿਆ ਹੈ। ਯੂਪੀ ਪੁਲਿਸ ਨੇ ਘਟਨਾ ਦੇ ਅਗਲੇ ਦਿਨ ਆਸ਼ੀਸ਼ ਮਿਸ਼ਰਾ ਅਤੇ 12 ਹੋਰਾਂ ਨੂੰ ਕਤਲ ਦੇ ਦੋਸ਼ੀ ਵਜੋਂ ਨਾਮਜ਼ਦ ਕਰਕੇ ਐਫਆਈਆਰ ਦਰਜ ਕੀਤੀ ਸੀ, ਪਰ ਸੁਪਰੀਮ ਕੋਰਟ ਦੀ ਫਟਕਾਰ ਤੋਂ ਬਾਅਦ ਕੇਂਦਰੀ ਮੰਤਰੀ ਦੇ ਪੁੱਤਰ ਨੂੰ ਇੱਕ ਹਫ਼ਤੇ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਸੀ।ਇਸ ਮਹੀਨੇ ਦੇ ਸ਼ੁਰੂ ਵਿੱਚ, ਮਾਮਲੇ ਦੀ ਜਾਂਚ ਕਰ ਰਹੀ ਉੱਤਰ ਪ੍ਰਦੇਸ਼ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਇੱਕ ਸਥਾਨਕ ਅਦਾਲਤ ਵਿੱਚ ਪਹਿਲੀ 5,000 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਸੀ । ਕੇਂਦਰੀ ਮੰਤਰੀ ਅਜੈ ਮਿਸ਼ਰਾ ਦਾ ਜੇਲ੍ਹ ਵਿੱਚ ਬੰਦ ਪੁੱਤਰ ਆਸ਼ੀਸ਼ ਮਿਸ਼ਰਾ ਪਿਛਲੇ ਸਾਲ ਅਕਤੂਬਰ ਵਿੱਚ ਲਖੀਮਪੁਰ ਖੇੜੀ ਵਿੱਚ ਚਾਰ ਕਿਸਾਨਾਂ ਅਤੇ ਇੱਕ ਪੱਤਰਕਾਰ ਦੇ ਕਤਲ ਦਾ ਮੁੱਖ ਮੁਲਜ਼ਮ ਹੈ। ਇਸ ਘਟਨਾ ਵਿੱਚ ਕੁੱਲ ਅੱਠ ਲੋਕਾਂ ਦੀ ਮੌਤ ਹੋ ਗਈ ਸੀ।
Comments (0)